ਅਮਰੀਕਾ-ਕੈਨੇਡਾ ਦੇ ਅਮੀਰ ਲੋਕਾਂ ਵੱਲੋਂ ਆਪਣੇ ਬੱਚਿਆਂ ਨੂੰ ਹੇਰਾ-ਫੇਰੀ ਕਰਕੇ ਵਧੀਆ ਕਾਲਜਾਂ-ਯੂਨੀਵਰਸਿਟੀਆਂ ‘ਚ ਦਾਖਲਾ ਦਿਵਾਉਣ ਵਾਲਿਆਂ ‘ਚ ਕਈ ਵੱਡੀਆਂ ਸ਼ਖਸੀਅਤਾਂ ਸਮੇਤ ਵੈਨਕੂਵਰ ਦੇ ਨਾਮੀ ਅਮੀਰ ਡੇਵਿਡ ਸਿੱਧੂ ਦਾ ਨਾਮ ਵੀ ਆਇਆ ਸੀ। ਇਸ ਬਦਲੇ 2020 ‘ਚ ਉਸਨੂੰ ਅਮਰੀਕਾ ਵਿਖੇ ਤਿੰਨ ਮਹੀਨੇ ਜੇਲ੍ਹ ਵੀ ਕੱਟਣੀ ਪਈ ਸੀ।

ਹੁਣ ਇੱਕ ਵਾਰ ਫਿਰ ਡੇਵਿਡ ਸਿੱਧੂ ਦਾ ਨਾਮ ਨਿਵੇਸ਼ਕਾਂ ਨਾਲ ਧੋਖਾ ਕਰਨ ਦੇ ਮਾਮਲੇ ‘ਚ ਆਇਆ ਹੈ। ਸਿੱਧੂ ‘ਤੇ ਅਮਰੀਕਾ ‘ਚ ਦੋਸ਼ ਲੱਗੇ ਹਨ ਕਿ ਉਸਨੇ ਕੁਝ ਸਾਥੀਆਂ ਨਾਲ ਮਿਲ ਕੇ ਆਮ ਨਿਵੇਸ਼ਕਾਂ ਤੋਂ 145 ਮਿਲੀਅਨ ਭੋਟੇ ਹਨ।

ਜਿਸ ਬੰਦੇ ਨੂੰ ਬਾਹਰਲੇ ਭਾਈਚਾਰਿਆਂ ਵਾਲੇ ਭਾਈਚਾਰੇ ਦਾ ਪਤਵੰਤਾ ਸਮਝਦੇ ਹੋਣ ਤੇ ਉਹ ਵਾਰ ਵਾਰ ਅਜਿਹੇ ਦੋਸ਼ਾਂ ‘ਚ ਘਿਰੇ ਤਾਂ ਨਮੋਸ਼ੀ ਹੁੰਦੀ ਹੈ। ਉਸਤੋਂ ਵੀ ਵੱਡੀ ਨਮੋਸ਼ੀ ਉਦੋਂ ਹੁੰਦੀ ਹੈ, ਜਦੋਂ ਹੋਰ ਪਤਵੰਤੇ ਉਸ ਗਲਤ ਬੰਦੇ ਨੂੰ ਸਹੀ ਹੋਣ ਦੇ ਚਰਿੱਤਰ ਸਰਟੀਫਿਕੇਟ ਦੇਣ।

ਦਾਖਲਿਆਂ ਵਾਲੇ ਫਰਾਡ ‘ਚ ਫਸਣ ਤੋੰ ਬਾਅਦ ਬਚਾਅ ਹਿਤ, ਭਾਈਚਾਰੇ ਦੇ ਮਾਣ ਸਾਬਕਾ ਜਸਟਿਸ ਅਤੇ ਬੀਸੀ ਦੇ ਸਾਬਕਾ ਅਟਾਰਨੀ ਜਨਰਲ ਵਾਲੀ ਉੱਪਲ਼ ਨੇ ਡੇਵਿਡ ਸਿੱਧੂ ਬਾਰੇ ਚਿੱਠੀ ਲਿਖਦਿਆਂ ਉਸਦੇ ਮਾਣ-ਤਾਣ ਦੇ ਸੋਹਲੇ ਗਾਏ ਸਨ। ਸਿੱਧੂ ਦੇ ਚੰਗੇ ਚਰਿੱਤਰ ਦਾ ਗੁਣਗਾਨ ਕਰਨ ਵਾਲਿਆਂ ‘ਚ ਸਾਬਕਾ ਕੇਂਦਰੀ ਮੰਤਰੀ ਹਰਬ ਧਾਲੀਵਾਲ ਤੇ ਸਾਬਕਾ ਪੁਲਿਸ ਅਧਿਕਾਰੀ/ਸਾਬਕਾ ਵਿਧਾਇਕ ਅਮਰੀਕ ਵਿਰਕ ਵੀ ਸ਼ਾਮਲ ਹਨ। …….ਬੇਹੱਦ ਸ਼ਰਮਨਾਕ।

ਪੈਸੇ ਬਿਨਾ ਸਰਦਾ ਨਹੀਂ ਪਰ ਸਿਰਫ ਪੈਸਾ ਹੀ ਸਭ ਕੁਝ ਨਹੀਂ। ਅਫ਼ਸੋਸ! ਬਾਹਰਲੇ ਮੁਲਕਾਂ ‘ਚ ਸਾਡੇ ਬਹੁਤੇ ਲੋਕਾਂ ਨੇ ਪੈਸੇ ਨੂੰ ਪਿਓ ਬਣਾ ਲਿਆ ਹੈ ਤੇ ਵੱਡੀਆਂ ਭੇਡਾਂ ਵੱਲ ਦੇਖ ਦੇਖ ਲੇਲੇ ਵੀ ਪੈਸਾ ਹੀ ਪੈਸਾ ਗਾਈ ਜਾਂਦੇ ਹਨ। ਇਹ ਸਾਡੇ ਭਾਈਚਾਰੇ ਦੇ ਬੌਧਿਕ ਦੀਵਾਲਏਪਣ ਦੇ ਲੱਛਣ ਹਨ। ਅਸੀਂ ਧਰਮ, ਸਮਾਜਿਕ ਅਨੁਸ਼ਾਸਨ, ਨੈਤਿਕਤਾ ਛਿੱਕੇ ਟੰਗ ਕੇ ਸਿਰਫ ਪੈਸੇ ਤੇ ਸ਼ੋਹਰਤ ਦੀ ਭੁੱਖ ‘ਚ ਅੰਨ੍ਹੇ ਹੋਏ ਫਿਰ ਰਹੇ ਹਾਂ।
ਗੁਰੂ ਨਾਨਕ ਪਾਤਸ਼ਾਹ ਨੇ ਫ਼ਰਮਾਇਆ ਹੈਃ


ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ ॥
It was not gathered without sin, and it does not go along with the dead.

ਪਰ ਸਾਨੂੰ ਇਹ ਉਪਦੇਸ਼ ਹਮੇਸ਼ਾ ਭੁੱਲਿਆ ਰਹਿੰਦਾ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ