ਮਲੋਟ ਵਿੱਚ ਕੈਬਨਿਟ ਮੰਤਰੀ ਬਲਜੀਤ ਕੌਰ ਦੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਕਰਨ ਵਾਲੇ ਪਾਰਟੀ ਵਰਕਰਾਂ ਨੂੰ ‘ਆਪ’ ਨੇ ਕੀਤਾ ਸਸਪੈਂਡ

ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਦੇ ਮਹੀਨੇ ਬਾਅਦ ਹੀ ਪਾਰਟੀ ਵਰਕਰਾਂ ਨੇ ਅੱਖੋਂ ਪਰੋਖੇ ਕਰਨ ਦੇ ਦੋਸ਼ ਲਗਾਉਂਦੇ ਹੋਏ ਆਪਣੇ ਮੰਤਰੀਆਂ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਹਲਕਾ ਮਲੋਟ ਤੋਂ ਵਿਧਾਇਕ ਅਤੇ ਪੰਜਾਬ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੇ ਘਰ ਅੱਗੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਧਰਨਾ ਲਗਾ ਕੇ ਰੋਸ ਪ੍ਰਗਟਾਇਆ।

ਕੈਬਨਿਟ ਮੰਤਰੀ ਬਲਜੀਤ ਕੌਰ ਦੇ ਘਰ ਦੇ ਬਾਹਰ ਧਰਨਾ ਲਗਾਇਆ ਹੋਇਆ ਹੈ, ਜਿਸ ਪਿੱਛੋਂ ਪਾਰਟੀ ਨੇ ਮੰਤਰੀ ਦੀ ਕੋਠੀ ਦੇ ਬਾਹਰ ਰੋਸ ਪ੍ਰਦਰਸ਼ਨ ਕਰਨ ਵਾਲੇ ਤਿੰਨ ਆਗੂਆਂ ਨੂੰ ਪਾਰਟੀ ਵਿਚੋਂ ਸਸਪੈਂਡ ਕਰ ਦਿੱਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਇਨ੍ਹਾਂ ਲੋਕਾਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪਾਰਟੀ ਵਿਚੋਂ ਕੱਢਿਆ ਗਿਆ ਹੈ।ਦੱਸ ਦਈਏ ਕਿ ਕੱਲ੍ਹ ਵੱਡੀ ਗਿਣਤੀ ਆਪ ਵਰਕਰਾਂ ਤੇ ਆਗੂਆਂ ਨੇ ਦੋਸ਼ ਲਾਇਆ ਸੀ ਕਿ ਆਮ ਆਦਮੀ ਪਾਰਟੀ ਵੀ ਰਵਾਇਤੀ ਪਾਰਟੀਆਂ ਵਾਂਗ ਕੰਮ ਕਰਨ ਲੱਗੀ ਹੈ। ਉਨ੍ਹਾਂ ਕਿਹਾ ਕਿ ਵਰਕਰਾਂ ਨੇ ਪਾਰਟੀ ਲਈ ਆਪਣੇ ਕਾਰੋਬਾਰ ਦਾਅ ’ਤੇ ਲਗਾ ਦਿੱਤੇ ਅਤੇ ਹੁਣ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ।ਪਾਰਟੀ ਦੇ ਆਗੂ ਸਾਹਿਲ ਮੌਂਗਾ, ਬਲਾਕ ਪ੍ਰਧਾਨ ਰਾਜੀਵ ਉੱਪਲ, ਵਪਾਰ ਮੰਡਲ ਦੇ ਪ੍ਰਧਾਨ ਚਰਨਜੀਤ ਖੁਰਾਣਾ ਆਦਿ ਨੇ ਦੋਸ਼ ਲਾਇਆ ਸੀ ਕਿ ਜਿੰਨੇ ਵੀ ਰਵਾਇਤੀ ਪਾਰਟੀਆਂ ਦੇ ਜੁਗਾੜ ਕਰਨ ਵਾਲੇ ਆਗੂ ਸਨ, ਉਹ ਆਮ ਆਦਮੀ ਦੀ ਸਰਕਾਰ ਵਿੱਚ ਵੀ ਅੱਗੇ ਹਨ।

ਹਾਲਾਂਕਿ ਕੈਬਨਿਟ ਮੰਤਰੀ ਬਲਜੀਤ ਕੌਰ ਨੇ ਮੌਕੇ ’ਤੇ ਪਹੁੰਚੇ ਕੇ ਧਰਨਾ ਲਗਾ ਕੇ ਬੈਠੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਅੰਦਰ ਆ ਜਾਣ ਤੇ ਗੱਲਬਾਤ ਕਰਨ ਪਰ ਧਰਨਾਕਾਰੀ ਇਸ ਗੱਲ ’ਤੇ ਅੜ ਗਏ ਕੇ ਉਹ ਜੋ ਵੀ ਗੱਲ ਕਰਨਗੇ ਲੋਕਾਂ ਦੇ ਸਾਹਮਣੇ ਹੀ ਕਰਨਗੇ।

ਇਸ ਧਰਨੇ ਵਿਚ ਬਲਾਕ ਮਲੋਟ ਦੇ ਪ੍ਰਧਾਨ ਅਤੇ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਯੂਥ ਦੇ ਜਰਨਲ ਸਕੱਤਰ ਮੌਜੂਦ ਸਨ। ਇਨ੍ਹਾਂ ਦਾ ਦੋਸ਼ ਹੈ ਕਿ ਉਨ੍ਹਾਂ ਨੇ ਪਾਰਟੀ ਲਈ ਜੀ-ਜਾਨ ਲਗਾ ਕੇ ਸੇਵਾ ਕੀਤੀ ਪਰ ਹੁਣ ਮੰਤਰੀ ਡਾਕਟਰ ਬਲਜੀਤ ਕੌਰ ਵਲੋਂ ਉਨ੍ਹਾਂ ਨੂੰ ਪਿੱਛੇ ਕਰ ਕੇ ਦੂਸਰੀਆਂ ਪਾਰਟੀਆਂ ਦੇ ਆਗੂਆਂ ਨੂੰ ਨਾਲ ਲੈ ਕੇ ਚੱਲ ਰਹੇ ਹਨ।ਉਨ੍ਹਾਂ ਇਹ ਦੋਸ਼ ਵੀ ਲਾਇਆ ਕਿ ਇਕ ਪਾਸੇ ਪੰਜਾਬ ਦੀ ਸਰਕਾਰ ਸੂਬੇ ਨੂੰ ਨਸ਼ਾਮੁਕਤ ਅਤੇ ਭ੍ਰਿਸਟਾਚਾਰ ਮੁਕਤ ਕਰਨ ਦਾ ਦਾਅਵਾ ਕਰ ਰਹੇ ਹਨ, ਜਦੋਂ ਅਸੀਂ ਬੜੀ ਵਾਰ ਮੰਤਰੀ ਜੀ ਦੇ ਧਿਆਨ ਵਿਚ ਲਿਆ ਚੁੱਕੇ ਹਾਂ ਕਿ ਪਰ ਕੋਈ ਕਾਰਵਾਈ ਨਹੀਂ ਹੁੰਦੀ। ਇਸ ਲਈ ਸਾਨੂੰ ਮਜਬੂਰਨ ਮੰਤਰੀ ਦੇ ਘਰ ਅੱਗੇ ਧਰਨਾ ਦੇਣਾ ਪਿਆ।