ਯੂਕੇ ਦੇ ਪੰਜਾਬੀ ਮੂਲ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਦੀ ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਈ ਬੈਠਕ ਉੱਪਰ ਸਵਾਲ ਚੁੱਕੇ ਜਾ ਰਹੇ ਹਨ।

ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਭਾਰਤੀ ਫ਼ੌਜ ਦੇ ਸਾਬਕਾ ਮੁਖੀ ਜਨਰਲ ਜੇਜੇ ਸਿੰਘ ਨੇ ਆਖਿਆ ਹੈ ਕਿ ਆਮ ਆਦਮੀ ਪਾਰਟੀ ਇਸ ਬੈਠਕ ਉੱਪਰ ਸਪੱਸ਼ਟੀਕਰਨ ਦੇਵੇ। ਤਨਮਨਜੀਤ ਸਿੰਘ ਢੇਸੀ ਇਸ ਵੇਲੇ ਭਾਰਤ ਆਏ ਹੋਏ ਹਨ।

ਆਮ ਆਦਮੀ ਪਾਰਟੀ ਵੱਲੋਂ ਵੀ ਤਨਮਨਜੀਤ ਸਿੰਘ ਦੀਆਂ ਸੀਨੀਅਰ ਭਾਜਪਾ ਆਗੂਆਂ ਨਾਲ ਤਸਵੀਰਾਂ ਜਾਰੀ ਕਰਕੇ ਭਾਜਪਾ ’ਤੇ ਸਵਾਲ ਚੁੱਕੇ ਗਏ ਹਨ।

ਯੂਕੇ ਦੇ ਸਲੋਹ ਤੋਂ ਲੇਬਰ ਪਾਰਟੀ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਯੂਕੇ ਦੀ ਸੰਸਦ ਵਿੱਚ ਮਨੁੱਖੀ ਅਧਿਕਾਰਾਂ, ਕਸ਼ਮੀਰ ਦਾ ਮੁੱਦਾ, ਕਿਸਾਨ ਅੰਦੋਲਨ ਅਤੇ 1984 ਨਾਲ ਸਬੰਧਿਤ ਮੁੱਦੇ ਚੁੱਕਦੇ ਰਹੇ ਹਨ।

ਭਾਜਪਾ ਆਗੂ ਅਤੇ ਸਾਬਕਾ ਫ਼ੌਜ ਮੁਖੀ ਜਨਰਲ ਜੇਜੇ ਸਿੰਘ ਨੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਤਨਮਨਜੀਤ ਸਿੰਘ ਢੇਸੀ ਦੀ ਬੈਠਕ ਉੱਤੇ ਸਵਾਲ ਚੁੱਕੇ ਹਨ।

ਜਨਰਲ ( ਰਿਟਾਇਰਡ) ਜੇਜੇ ਸਿੰਘ ਨੇ ਕਿਹਾ, “ਪਾਰਟੀ ਇਹ ਸਪਸ਼ਟ ਕਰੇ ਕਿ ਕੀ ਇਸ ਬੈਠਕ ਦੌਰਾਨ ਕਸ਼ਮੀਰ ਦੇ ਮੁੱਦੇ ਉਪਰ ਵੀ ਕੋਈ ਚਰਚਾ ਹੋਈ ਹੈ ਅਤੇ ਜੇਕਰ ਹੋਈ ਹੈ ਤਾਂ ਯੂਕੇ ਦੇ ਸਾਂਸਦ ਦਾ ਉਸ ਬਾਰੇ ਕੀ ਵਿਚਾਰ ਸਨ।”


ਉਨ੍ਹਾਂ ਨੇ ਆਖਿਆ ਕਿ ਇਹ ਮੰਦਭਾਗਾ ਹੈ ਕਿ ਜਿਸ ਵਿਅਕਤੀ ਦੇ ਭਾਰਤ ਵਿਰੋਧੀ ਵਿਚਾਰ ਹਨ,ਪਾਰਟੀ ਉਨ੍ਹਾਂ ਨਾਲ ਬੈਠਕ ਕੀਤੀ ਜਾ ਰਹੀ ਹੈ।

ਤਨਮਨਜੀਤ ਸਿੰਘ ਢੇਸੀ ਵੱਲੋਂ ਭਾਰਤ ਸਰਕਾਰ ਦੇ ਜੰਮੂ ਅਤੇ ਕਸ਼ਮੀਰ ਵਿੱਚੋਂ ਧਾਰਾ 370 ਹਟਾਉਣ ਦੇ ਫ਼ੈਸਲੇ ਦਾ ਖੁੱਲ੍ਹ ਕੇ ਵਿਰੋਧ ਕੀਤਾ ਗਿਆ ਸੀ।

2019 ਵਿੱਚ ਉਸ ਸਮੇਂ ਯੂਕੇ ਦੀ ਲੇਬਰ ਪਾਰਟੀ ਦੇ ਮੁਖੀ ਜੇਰਮੀ ਕੌਰਬਿਨ ਵੱਲੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਟਵੀਟ ਕਰਦੇ ਹੋਏ ਆਖਿਆ ਗਿਆ ਸੀ ਕਿ ਕਸ਼ਮੀਰ ਵਿੱਚ ਮਨੁੱਖੀ ਅਧਿਕਾਰਾਂ ਦਾ ਘਾਣ ਠੀਕ ਨਹੀਂ ਹੈ।

ਤਨਮਨਜੀਤ ਸਿੰਘ ਢੇਸੀ ਵੱਲੋਂ ਆਖਿਆ ਗਿਆ, “ਅਸੀਂ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਮੁੱਦੇ ’ਤੇ ਚੁੱਪ ਨਹੀਂ ਰਹਿ ਸਕਦੇ ਅਤੇ ਸਾਨੂੰ ਕਸ਼ਮੀਰ ਦੇ ਲੋਕਾਂ ਦਾ ਸਾਥ ਦੇਣਾ ਚਾਹੀਦਾ ਹੈ।”

ਜਨਰਲ ਜੇਜੇ ਸਿੰਘ ਨੇ ਕਿਹਾ, “ਕਸ਼ਮੀਰ ਵਿੱਚ ਭਾਰਤ ਸਰਕਾਰ ਅਤੇ ਭਾਰਤ ਦੀ ਫ਼ੌਜ ਵੱਲੋਂ ਮਨੁੱਖੀ ਅਧਿਕਾਰਾਂ ਦਾ ਘਾਣ ਨਹੀਂ ਹੋਇਆ ਹੈ। ਮੈਂ ਫ਼ੌਜ ਦਾ ਹਿੱਸਾ ਰਿਹਾ ਹਾਂ ਅਤੇ ਉੱਥੇ ਭਾਰਤੀ ਫ਼ੌਜ ਵੱਲੋਂ ਖ਼ਤਰਨਾਕ ਹਥਿਆਰਾਂ ਦਾ ਇਸਤੇਮਾਲ ਨਹੀਂ ਕੀਤਾ ਜਾਂਦਾ।”

ਉਨ੍ਹਾਂ ਆਖਿਆ ਕਿ ਕਸ਼ਮੀਰ ਭਾਰਤ ਦਾ ਅੰਦਰੂਨੀ ਮੁੱਦਾ ਹੈ। ਉਨ੍ਹਾਂ ਮੁਤਾਬਕ ਯੂਕੇ ਦੇ ਵੀ ਕਈ ਅੰਦਰੂਨੀ ਵਿਵਾਦ ਹਨ ਪਰ ਭਾਰਤ ਵੱਲੋਂ ਉਨ੍ਹਾਂ ਉਪਰ ਕਦੇ ਟਿੱਪਣੀ ਨਹੀਂ ਕੀਤੀ ਗਈ।

ਆਮ ਆਦਮੀ ਪਾਰਟੀ ਵੱਲੋਂ ਵੀ ਤਨਮਨਜੀਤ ਸਿੰਘ ਢੇਸੀ ਦੇ ਮੁੱਦੇ ‘ਤੇ ਭਾਜਪਾ ‘ਤੇ ਪਲਟਵਾਰ ਕੀਤਾ ਗਿਆ ਹੈ।

ਆਮ ਆਦਮੀ ਪਾਰਟੀ ਵੱਲੋਂ ਕੁਝ ਪੁਰਾਣੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਗਈਆਂ ਹਨ ਜਿਸ ਵਿੱਚ ਤਨਮਨਜੀਤ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨਾਲ ਨਜ਼ਰ ਆ ਰਹੇ ਹਨ।

ਇਨ੍ਹਾਂ ਪੁਰਾਣੀਆਂ ਤਸਵੀਰਾਂ ਵਿਚ ਉਨ੍ਹਾਂ ਦੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ, ਪੰਜਾਬ ਭਾਜਪਾ ਦੇ ਸਾਬਕਾ ਮੁਖੀ ਵਿਜੇ ਸਾਂਪਲਾ ਨਾਲ ਅਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਸੋਮ ਪ੍ਰਕਾਸ਼ ਨਾਲ ਤਸਵੀਰਾਂ ਹਨ।ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਆਖਿਆ,”ਭਾਜਪਾ ਨੂੰ ਤਨਮਨਜੀਤ ਸਿੰਘ ਢੇਸੀ ਨਾਲ ਨਹੀਂ ਸਗੋਂ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਜਿੱਤ ਨਾਲ ਪ੍ਰੇਸ਼ਾਨੀ ਹੈ। ਜੇਕਰ ਤਨਮਨਜੀਤ ਸਿੰਘ ਢੇਸੀ ਦੇਸ਼ ਵਿਰੋਧੀ ਗੱਲਾਂ ਕਰਦੇ ਹਨ ਤਾਂ ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਵੀਜ਼ਾ ਹੀ ਕਿਉਂ ਦਿੱਤਾ ਗਿਆ।”2019 ਵਿੱਚ ਹਰਦੀਪ ਸਿੰਘ ਪੁਰੀ ਅਤੇ ਤਨਮਨਜੀਤ ਸਿੰਘ ਢੇਸੀ ਦੀ ਬੈਠਕ ਉੱਪਰ ਵੀ ਸਵਾਲ ਉੱਠੇ ਸਨ।

ਜਿਸ ਤੋਂ ਬਾਅਦ ਹਰਦੀਪ ਸਿੰਘ ਪੁਰੀ ਨੇ ਆਖਿਆ ਸੀ ਕਿ ਜੇਕਰ ਉਨ੍ਹਾਂ ਨੂੰ ਕਸ਼ਮੀਰ ਅਤੇ ਧਾਰਾ 370 ਬਾਰੇ ਤਨਮਨਜੀਤ ਸਿੰਘ ਢੇਸੀ ਦੇ ਵਿਚਾਰ ਪਤਾ ਹੁੰਦੇ ਇਹ ਤਾਂ ਉਨ੍ਹਾਂ ਨੇ ਇਹ ਬੈਠਕ ਕਰਨੀ ਹੀ ਨਹੀਂ ਸੀ।

ਤਨਮਨਜੀਤ ਸਿੰਘ ਢੇਸੀ ਨੇ ਆਖਿਆ ਸੀ ਕਿ ਸਹੀ ਤਰੀਕੇ ਨਾਲ ਲੋਕਾਂ ਦੀ ਆਵਾਜ਼ ਬਣਨਾ ਉਨ੍ਹਾਂ ਦਾ ਫ਼ਰਜ਼ ਹੈ।

ਉਨ੍ਹਾਂ ਕਿਹਾ, “ਭਾਵੇਂ ਬਰਤਾਨੀਆ ਦੀ ਪਾਰਲੀਮੈਂਟ ਦੀ ਗੱਲ ਹੋਵੇ ਜਾਂ ਭਾਰਤ ਦੀ, ਮੈਂ ਹਮੇਸ਼ਾਂ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾ ਰਹਾਂਗਾ। ਕਈਆਂ ਨੂੰ ਇਹ ਗੱਲਾਂ ਠੀਕ ਨਹੀਂ ਲੱਗਦੀਆਂ ਅਤੇ ਉਹ ਮੇਰੇ ‘ਤੇ ਬੇਬੁਨਿਆਦ ਇਲਜ਼ਾਮ ਲਗਾਉਂਦੇ ਰਹਿੰਦੇ ਹਨ।”

“ਇੱਥੇ ਕਈ ਕੱਟੜਪੰਥੀ ਮੈਨੂੰ ਭਾਰਤ ਵਿਰੋਧੀ ਅਤੇ ਪਾਕਿਸਤਾਨ ਪੱਖੀ ਆਖਦੇ ਹਨ। ਕਈ ਮੈਨੂੰ ਪਾਕਿਸਤਾਨ ਵਿਰੋਧੀ ਅਤੇ ਭਾਰਤ ਪੱਖੀ ਆਖਦੇ ਹਨ। ਮੈਂ ਇਸ ਬਾਰੇ ਕੁਝ ਨਹੀਂ ਕਰ ਸਕਦਾ। ਮੈਂ ਨੇਕ ਨੀਅਤ ਨਾਲ ਲੋਕਾਂ ਜੇ ਸੇਵਾ ਕਰਦਾ ਰਿਹਾ ਹਾਂ ਅਤੇ ਕਰਦਾ ਰਹਾਂਗਾ।”

ਤਨਮਨਜੀਤ ਸਿੰਘ ਢੇਸੀ ਨੇ 15 ਅਪ੍ਰੈਲ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਉਨ੍ਹਾਂ ਦੀ ਚੰਡੀਗੜ ਨਿਵਾਸ ਵਿਖੇ ਇੱਕ ਬੈਠਕ ਕੀਤੀ ਸੀ।

ਇਸ ਬੈਠਕ ਤੋਂ ਬਾਅਦ ਤਨਮਨਜੀਤ ਸਿੰਘ ਢੇਸੀ ਦੇ ਦਫ਼ਤਰ ਵੱਲੋਂ ਜਾਰੀ ਕੀਤੇ ਬਿਆਨ ਵਿੱਚ ਆਖਿਆ ਗਿਆ ਸੀ ਕਿ ਇਸ ਬੈਠਕ ਵਿੱਚ ਅੰਮ੍ਰਿਤਸਰ ਅਤੇ ਚੰਡੀਗੜ ਤੋਂ ਲੰਡਨ, ਬਰਮਿੰਘਮ ਅਤੇ ਹੋਰ ਸ਼ਹਿਰਾਂ ਨੂੰ ਸਿੱਧੀਆਂ ਉਡਾਣਾਂ ਬਾਰੇ ਬੈਠਕ ਵਿੱਚ ਚਰਚਾ ਕੀਤੀ ਗਈ।

ਇਸ ਤੋਂ ਇਲਾਵਾ ਕਾਲੀ ਸੂਚੀ ਵਿੱਚ ਪੰਜਾਬੀਆਂ ਦੇ ਨਾਮ ਬਾਰੇ, ਐਨਆਰਆਈ ਵਸਨੀਕਾਂ ਦੇ ਜ਼ਮੀਨੀ ਵਿਵਾਦਾਂ, ਸੈਰ ਸਪਾਟੇ ਅਤੇ ਹੋਰ ਕਈ ਮੁੱਦਿਆਂ ਉਪਰ ਚਰਚਾ ਕੀਤੀ ਗਈ। ਪੰਜਾਬ ਦੇ ਮੁੱਖ ਮੰਤਰੀ ਵੱਲੋਂ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ ਗਿਆ।