ਪੰਜਾਬ ਦੇ ਕਿਸਾਨ ਵਾਕਈ ਬਹੁਤ ਭੈੜੇ ਨੇ, ਇਹ ਪਤੰਗਾਂ ਨਾਲ ਹੀ ਡਰੋਨਾਂ ਦੀ ਬੇਸਤੀ ਕਰੀ ਜਾਂਦੇ ਨੇ।
ਸ਼ੰਭੂ ਬਾਰਡਰ ‘ਤੇ ਉੱਡਦੇ ਪਤੰਗ ਅਸਲ ਵਿਚ ਪੰਜਾਬ ਦੇ ਜਜ਼ਬੇ ਦੀ ਉਡਾਰੀ ਨੇ।
ਡਰੋਨ ਤੇ ਪਤੰਗ ਦਾ ਵੈਸੇ ਕੀ ਮੁਕਾਬਲਾ ?
ਪਰ ਇਹ ਓਹੀ ਮੁਕਾਬਲਾ ਹੈ, ਜੋ ਤੂਫ਼ਾਨ ਤੇ ਦੀਵੇ ਦਾ ਹੁੰਦਾ ਹੈ।
ਜਦੋਂ ਮੁਲਕ ‘ਚ ਬਹੁਤਿਆਂ ਨੇ ਤਾਨਾਸ਼ਾਹੀ ਅੱਗੇ ਗੋਡੇ ਟੇਕ ਦਿੱਤੇ ਨੇ, ਹੌਂਸਲੇ ਪਸਤ ਨੇ, ਤਾਂ ਇਹ ਪਤੰਗ ਦੱਸਦੇ ਨੇ ਕਿ ਅਸੀਂ ਹਾਲੇ ਹੈਗੇ ਆਂ ਤੇ ਧੌਣ ਵੀ ਨੀਵੀਂ ਨਹੀਂ ਕੀਤੀ।
ਪੰਜਾਬ ‘ਚ ਜਜ਼ਬੇ ਦੀ ਕੋਈ ਕਮੀ ਨਹੀਂ, ਇਮਾਨਦਾਰ ਤੇ ਸਿਆਣੀ ਨੀਤੀ – ਰਾਜਨੀਤੀ ਦੀ ਹੈ।
#Unpopular_Opinions
60 ਘੰਟੇ ਹੋ ਚੁੱਕੇ ਨੇ ਜਦੋਂ ਹਰਿਆਣਾ ਪੁਲਿਸ ਵੱਲੋਂ ਪੰਜਾਬ ਦੇ ਖੇਤਰ ਤੇ ਅੱਥਰੂ ਗੈਸ ਦੇ ਗੋਲੇ ਸੁੱਟਣੇ ਸ਼ੁਰੂ ਕੀਤੇ ਗਏ ਤੇ ਬਾਅਦ ਵਿੱਚ ਪੈਲਟ ਗੰਨਜ਼ ਦੀ ਵਰਤੋ ਵੀ ਕੀਤੀ ਗਈ।
ਹਾਲੇ ਤੱਕ ਭਗਵੰਤ ਮਾਨ ਨੇ ਮੂੰਹ ਨਹੀਂ ਖੋਲਿਆ, ਨਾ ਹੀ ਇਸ ਮੁੱਦੇ ‘ਤੇ ਕੋਈ ਐਕਸ਼ਨ ਲਿਆ।
ਇਹ ਪਹਿਲੀ ਵਾਰੀ ਹੋਇਆ ਹੈ ਕਿ ਕੇਂਦਰ ਸਰਕਾਰ ਨੇ ਦਿੱਲੀ ਤੋਂ ਬਾਹਰ ਕਿਸੇ ਸੂਬੇ ਵਿਚ ਇੰਟਰਨੈਟ ਬੰਦ ਕਰਾਉਣ ਲਈ ਇਕ ਅੰਗਰੇਜ਼ ਰਾਜ ਵੇਲੇ ਦੇ ਕਨੂੰਨ ਅਧੀਨ ਆਪਣੀਆਂ ਤਾਕਤਾਂ ਵਰਤੀਂਆਂ ਹਨ।
ਪਟਿਆਲਾ, ਮੋਹਾਲੀ, ਬਠਿੰਡਾ, ਮੁਕਤਸਰ, ਮਾਨਸਾ, ਸੰਗਰੂਰ ਤੇ ਫਤਹਿਗੜ੍ਹ ਸਾਹਿਬ ਦੇ 20 ਥਾਣਿਆਂ ਵਿਚ ਕੇਂਦਰ ਨੇ ਇੰਟਰਨੈਟ ਬੰਦ ਕਰਾਇਆ।
ਸੰਘ – ਭਾਜਪਾ- ਹਿੰਦੂਤਵੀ ਸੋਚ ਤੇ ਕੰਮਕਾਰ ਦਾ ਤਰੀਕਾ ਪੂਰੀ ਤਰ੍ਹਾਂ ਬਸਤੀਵਾਦੀ ਹੈ। ਪੰਜਾਬ ਨੂੰ ਤਾਂ ਵੈਸੇ ਹੀ ਬਸਤੀ ਵਾਂਗ ਵਰਤਿਆ ਜਾ ਰਿਹਾ ਹੈ। ਕਸ਼ਮੀਰ ਤੋਂ ਬਾਅਦ ਪੈੱਲਟ ਗੰਨਜ਼ ਦੀ ਵਰਤੋਂ ਪੰਜਾਬ ਦੇ ਕਿਸਾਨਾਂ ‘ਤੇ ਹੋ ਰਹੀ ਹੈ।
ਪੰਜਾਬ ਸਰਕਾਰ ਨੇ ਇਸ ਬਾਰੇ ਲੋਕਾਂ ਨੂੰ ਕਿਉਂ ਨਹੀਂ ਦੱਸਿਆ ?
#Unpopular_Opinions
ਜਬਰ ਦੀ ਤਿਆਰੀ ਇਸ ਵਾਰ ਪਹਿਲਾਂ ਨਾਲੋਂ ਵੱਡੀ ਨਜ਼ਰ ਆ ਰਹੀ ਹੈ। ਜੋ ਪਿਛਲੇ ਮੋਰਚੇ ਵੇਲੇ 26 ਜਨਵਰੀ 2021 ਤੋਂ ਬਾਅਦ ਇਕ ਰਾਤ ਨੂੰ ਗਾਜ਼ੀਪੁਰ ਬਾਰਡਰ ‘ਤੇ ਕਰਨ ਦੀ ਤਿਆਰੀ ਸੀ ਤੇ ਜਿਸ ਤੋਂ ਰਕੇਸ਼ ਟਿਕੈਤ ਦੇ ਹੰਝੂਆਂ ਨੇ ਬਚਾਅ ਲਿਆ ਸੀ, ਉਹ ਇਸ ਵਾਰ ਕਰਨ ਦੀ ਤਿਆਰੀ ਜਾਪਦੀ ਹੈ।
ਸ਼ਾਇਦ ਸਿੱਖਾਂ ‘ਤੇ ਤਸ਼ੱਦਦ ਨੂੰ ਇਸ ਵਾਰੀ ਵੋਟਾਂ ਵਿਚ ਵਰਤਣ ਦਾ ਇਰਾਦਾ ਹੈ। ਦਿੱਲੀ ਵਿਚ ਕੀਤੀ ਜਾ ਰਹੀ ਬੇਹੱਦ ਸਖਤੀ ਇਹੋ ਜਿਹੇ ਬਿਰਤਾਂਤ ਵੱਲ ਇਸ਼ਾਰਾ ਕਰਦੀ ਹੈ।
ਇਸ ਵੇਲੇ ਸਾਰੇ ਪੰਜਾਬ ਨੂੰ ਇਕੱਠੇ ਹੋਣ ਦੀ ਲੋੜ ਹੈ। ਆਪਣੇ ਵਖਰੇਵੇਂ ਪਾਸੇ ਰੱਖੋ, ਉਹ ਬਾਅਦ ‘ਚ ਵੇਖੇ ਜਾਣਗੇ।
ਆਪਸੀ ਵਿਰੋਧ ਵੱਡੇ ਨਾ ਕਰੋ, ਵੱਡੇ ਵਿਰੋਧੀ ਤੇ ਉਸਦੇ ਜਬਰ ਤਿਆਰੀ ਵੱਲ ਵੇਖੋ, ਖਾਸਕਰ ਜਦੋਂ ਪੰਜਾਬ ਸਰਕਾਰ ਦਾ ਕਿਰਦਾਰ ਤੇ ਰੋਲ ਕਾਫੀ ਸ਼ੱਕੀ ਕਿਸਮ ਦਾ ਜਾਪ ਰਿਹਾ ਹੈ।
ਪੰਜਾਬ ਵਿਚ ਕਿਸੇ ਵੀ ਕਿਸਾਨ ਧਿਰ ਦੀ ਜਿਹੜੀ ਆਵਾਜ਼ ਵੀ ਕਿਸਾਨਾਂ ਦੇ ਹੱਕ ‘ਚ ਉਠਦੀ ਹੈ, ਉਹ ਤਾਕਤ ਵਧਾਉਂਦੀ ਹੀ ਹੈ। ਆਪਸੀ ਵੰਡ ਵਾਲੀਆਂ ਗੱਲਾਂ ਨੂੰ ਕਿਰਪਾ ਕਰਕੇ ਤੂਲ ਨਾ ਦਿਓ। ਪਹਿਲਾਂ ਹੀ ਕਿਸਾਨ ਪੱਖੀ ਅਵਾਜ਼ਾਂ ਨੂੰ ਦਬਾਉਣ ਦੇ ਯਤਨ ਬਹੁਤ ਤੇਜ਼ ਹੋ ਚੁੱਕੇ ਨੇ।
#Unpopular_Opinions
#Unpopular_Ideas
ਕਿਸਾਨ ਅੰਦਲੋਨ ਨੂੰ ਬਦਨਾਮ ਕਰਨ ਲਈ ਅੰਬੇਦਕਰੀਆਂ ਦੇ ਭੇਸ ਵਿਚ ਵਿਚਰਨ ਵਾਲੇ ਕਈ ਹਿੰਦੂਤਵ ਤੇ ਕਾਰਪੋਰੇਟ ਦੇ ਹੱਥਠੋਕੇ ਸਰਗਰਮ ਹੋ ਗਏ ਨੇ। ਕਿਸਾਨਾਂ ਦੀ ਲੜਾਈ ਸਰਕਾਰ ਨਾਲ ਹੈ ਤੇ ਇਹ ਦਲਾਲ ਕਿਸਾਨਾਂ ਖਿਲਾਫ ਨਫਰਤ ਫੈਲਾ ਰਹੇ ਨੇ ਜਾਂ ਇਸਨੂੰ ਕਿਸਾਨ ਬਨਾਮ ਦਲਿਤ ਬਣਾ ਰਹੇ ਨੇ।
ਕਈ ਵਾਰ ਅਡਾਨੀ ਦੇ ਹੱਕ ‘ਚ ਖੁੱਲ੍ਹ ਕੇ ਲਿਖਣ ਵਾਲਾ ਦਲੀਪ ਮੰਡਲ ਖੁੱਲ ਕੇ ਕਿਸਾਨਾਂ ਦੇ ਖਿਲਾਫ ਨਿੱਤਰ ਆਇਆ ਆਇਆ ਹੈ।
ਫਰਜ਼ੀ ਅੰਬੇਦਕਰੀਆਂ ਵੱਲੋਂ ਪਿਛਲੇ ਮੋਰਚੇ ਵੇਲੇ ਸਿੰਘੂ ਬਾਰਡਰ ‘ਤੇ ਕਤਲ ਕੀਤੇ ਗਏ ਮਜ੍ਹਬੀ ਸਿੱਖ ਲਖਬੀਰ ਸਿੰਘ ਦੇ ਕਤਲ ਨੂੰ ਇੱਕ ਵਾਰੀ ਦੁਬਾਰਾ ਫਿਰ ਜਾਤੀਵਾਦੀ ਰੰਗਤ ਦਿਤੀ ਜਾ ਰਹੀ ਹੈ ਜਦਕਿ ਉਸਨੂੰ ਕਤਲ ਕਰਨ ਵਾਲੇ ਨਿਹੰਗ ਵੀ ਮਜ੍ਹਬੀ ਸਿੰਘ ਸਨ। ਹਾਲੇ ਤੱਕ ਪੰਜਾਬ ਪੁਲਿਸ ਇਹ ਨਹੀਂ ਦੱਸ ਸਕੀ ਕਿ ਲਖਬੀਰ ਸਿੰਘ ਸਿੰਘੂ ਬਾਰਡਰ ‘ਤੇ ਪਹੁੰਚਿਆ ਕਿਵੇਂ ਸੀ ਜਾਂ ਕਿਸਨੇ ਪਹੁੰਚਾਇਆ ਸੀ। ਉਸਦਾ ਕਤਲ ਬੇਹੱਦ ਸ਼ੱਕੀ ਹਾਲਾਤ ‘ਚ ਹੋਇਆ ਪਰ ਇਸ ਦਾ ਕਾਰਣ ਜਾਤ ਬਿਲਕੁਲ ਨਹੀਂ ਸੀ ਤੇ ਦੋਹਾਂ ਪਾਸਿਆਂ ਦਾ ਜਾਤੀ ਪਿਛੋਕੜ ਇੱਕੋ ਸੀ।
ਇਕ ਪਾਸੇ ਗੋਦੀ ਮੀਡੀਆ ਤੇ ਹਿੰਦੂਤਵੀ ਟਵਿਟਰ ਹੈਂਡਲ ਸਿੱਖ ਕਿਸਾਨਾਂ ਖਿਲਾਫ ਨਫਰਤ ਦੀ ਅੱਗ ਵਰਾ ਰਹੇ ਨੇ, ਉਨ੍ਹਾਂ ਖਿਲਾਫ ਸਟੇਟ ਦੀ ਹਿੰਸਾ ਦਾ ਮਾਹੌਲ ਬਣਾ ਰਹੇ ਨੇ ਤੇ ਕਈ ਨਫਰਤੀ 1984 ਦੁਹਰਾਉਣ ਦੀਆਂ ਗੱਲਾਂ ਕਰ ਰਹੇ ਨੇ, ਦੂਜੇ ਪਾਸੇ ਇਹੋ ਜਿਹੀ ਅਖੌਤੀ ਅੰਬੇਦਕਰੀ ਇਸ ਅੱਗ ਵਿਚ ਤੇਲ ਪਾ ਰਹੇ ਨੇ। ਹਿੰਦੂਤਵੀ ਵੀ ਜੱਟ ਸਿੱਖਾਂ ਖਿਲਾਫ ਨਫਰਤ ਫੈਲਾ ਰਹੇ ਨੇ ਤੇ ਇਹ ਵੀ। ਇਹੀ ਕੰਮ ਗੁਰਿੰਦਰ ਸੰਘ-ਦਾ-ਬੇਟਾ ਕਰ ਰਿਹਾ ਸੀ।
ਜਦਕਿ ਸਾਰੀਆਂ ਨੂੰ ਸਮਝ ਲੱਗ ਰਹੀ ਹੈ ਕਿ ਇਸ ਵੇਲੇ ਮੁਲਕ ਸਿਆਸੀ ਤੌਰ ‘ਤੇ ਇਕ ਪਾਰਟੀ, ਇਕ ਵਿਚਾਰਧਾਰਾ, ਇਕ ਸਭਿਆਚਾਰ ਵਾਲੇ ਪਾਸੇ ਲਿਜਾਇਆ ਜਾ ਰਿਹਾ ਹੈ, ਉਸ ਵਿਚ ਅਖੀਰ ਮਨੂਵਾਦ ਦਾ ਗਲਬਾ ਪੱਕਾ ਹੋਏਗਾ ਪਰ ਇਹੋ ਜਿਹੇ ਫਰਜ਼ੀ ਅੰਬੇਦਕਰੀ ਮਨੂਵਾਦ ਨਾਲ ਲੜਨ ਦਾ ਦਾਅਵਾ ਕਰਦਿਆਂ-ਕਰਦਿਆਂ ਅਸਲ ‘ਚ ਮਨੂਵਾਦ ਨੂੰ ਹੀ ਪੱਕਾ ਕਰਦੇ ਨੇ ਤੇ ਦਲਿਤਾਂ ਨੂੰ ਇਸ ਦੇ ਜੂਲੇ ਹੇਠਾਂ ਰੱਖਣ ਵਿਚ ਸਹਾਇਕ ਬਣ ਰਹੇ ਹਨ।
ਲਿਤਾੜੇ ਹੋਇਆਂ ਨੂੰ ਉੱਤੇ ਚੁੱਕਣ ਵਾਲਾ, ਹਰ ਜਾਤ ਦੇ ਬੰਦਿਆਂ ‘ਚ ਬਰਾਬਰੀ ਦਾ ਅਹਿਸਾਸ ਭਰਨ ਵਾਲਾ, ਜਾਤੀਵਾਦੀ ਵਿਤਕਰੇ ਨੂੰ ਤੋੜਨ ਵਾਲਾ ਸਿੱਖ ਫਲਸਫਾ ਤੇ ਉਸਦੇ ਧਾਰਨੀ ਸਿੱਖ ਇਨ੍ਹਾਂ ਨੂੰ ਦੁਸ਼ਮਨ ਲਗਦੇ ਨੇ।
ਦਲਿਤ ਵੀਰਾਂ ਨੂੰ ਹਿੰਦੂਤਵੀਆਂ ਤੇ ਕਾਰਪੋਰੇਟ ਦੇ ਇਹੋ ਜਿਹੇ ਹੱਥਠੋਕਿਆਂ ਤੋਂ ਸੁਚੇਤ ਰਹਿਣ ਦੀ ਲੋੜ ਹੈ।
#Unpopular_Opinions
#Unpopular_Ideas
ਕਿਸਾਨ ਪੱਖੀ ਟਵਿੱਟਰ ਹੈਂਡਲ ਬੜੀ ਤੇਜ਼ੀ ਨਾਲ ਬਲਾਕ ਕੀਤੇ ਜਾ ਰਹੇ ਹਨ। ਚਲੋ ਇਹ ਤਾਂ ਕੇਂਦਰ ਸਰਕਾਰ ਕਰਵਾ ਰਹੀ ਹੋਵੇਗੀ ਪਰ ਪੰਜਾਬ ਸਰਕਾਰ ਸਿੱਖਾਂ ਅਤੇ ਕਿਸਾਨਾਂ ਖਿਲਾਫ ਜ਼ਹਿਰੀ ਪ੍ਰਚਾਰ ਕਰ ਰਹੇ ਹੈਂਡਲ ਕਿਉਂ ਨਹੀਂ ਬਲਾਕ ਕਰਵਾ ਰਹੀ ਜਦਕਿ ਸਿੱਖ ਕਾਰਕੁਨਾਂ ਦੇ ਟਵਿੱਟਰ ਹੈਂਡਲ ਜਾਂ ਫੇਸਬੁੱਕ ਖਾਤੇ ਇਹ ਫਟਾਫਟ ਬੰਦ ਕਰਾਉਂਦੀ ਹੈ ?
#Unpopular_Opinions
ਹਰਿਆਣਾ ਪੁਲਿਸ ਵੱਲੋਂ ਪੰਜਾਬ ਦੇ ਖੇਤਰ ‘ਚ ਖੜੇ ਕਿਸਾਨਾਂ ‘ਤੇ ਡਰੋਨਾਂ ਨਾਲ ਹੰਝੂ ਗੈਸ ਦੇ ਗੋਲੇ ਸੁੱਟਣੇ ਤੇ ਪੰਜਾਬ ਦੇ ਮੁਖ ਮੰਤਰੀ ਦੇ ਇਸ ਸਾਰੇ ਮਾਮਲੇ ਤੇ ਚੁੱਪ ਰਹਿਣ ਤੋਂ “ਆਪ” ਸਰਕਾਰ ਅਤੇ ਕੇਂਦਰ ਸਰਕਾਰ ਵਿਚਲੀ ਗੰਢ-ਤੁੱਪ ਨੰਗੀ ਹੋ ਗਈ ਹੈ।
ਬਿਕਰਮ ਸਿੰਘ ਮਜੀਠੀਏ ਮੁਤਾਬਕ ਇਹ ਸਾਰਾ ਕੁਝ ਪਟਿਆਲੇ ਦੇ ਐੱਸ ਐੱਸ ਪੀ ਦੀ ਹਾਜ਼ਰੀ ਵਿਚ ਹੋਇਆ। ਕੀ ਇਸ ਬਾਰੇ ਪੰਜਾਬ ਪੁਲਿਸ ਨੂੰ ਕੇਸ ਨਹੀਂ ਦਰਜ ਕਰਨਾ ਚਾਹੀਦਾ ?
ਜੇ ਇਸ ਮਸਲੇ ਤੇ ਭਗਵੰਤ ਮਾਨ, “ਆਪ” ਨੂੰ ਜਾਂ ਪੰਜਾਬ ਦੇ ਡੀ ਜੀ ਪੀ ਨੂੰ ਇਹ ਲਗਦਾ ਹੈ ਕਿ ਇਹ “ਨਾਰਮਲ” ਗੱਲ ਹੈ ਤੇ ਇਸ ਵਿਚ ਕੁਝ ਵੀ ਗੈਰ ਕਨੂੰਨੀ ਨਹੀਂ ਤਾਂ ਉਹ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਦੱਸਣ।
ਪਹਿਲੇ ਕਿਸਾਨ ਅੰਦਲੋਨ ਵੇਲੇ ਤਾਂ ਕਿਸੇ ਹਰਿਆਣੇ ਵਾਲੇ ਦੀ ਜੁਅਰਤ ਨਹੀਂ ਪਈ, ਪੰਜਾਬ ਦੇ ਖੇਤਰ ‘ਚ ਕੁਝ ਕਰਨ ਦੀ। ਕੈਪਟਨ ਅਮਰਿੰਦਰ ਸਿੰਘ ਵਿਚ ਬਥੇਰੀਆਂ ਕਮੀਆਂ ਸਨ, ਉਹ ਅੰਦਰੋਂ ਮੋਦੀ ਹੁਰਾਂ ਮੁਤਾਬਕ ਵੀ ਚਲਦਾ ਸੀ ਪਰ ਉਸਨੇ ਇਹੋ ਜਿਹਾ ਕੁਝ ਨਹੀਂ ਸੀ ਹੋਣ ਦਿੱਤਾ ਸਗੋਂ ਹਰਿਆਣੇ ਦੇ ਮੁਖ ਮੰਤਰੀ ਨੂੰ ਵਾਹਵਾ ਭੰਡਿਆ ਸੀ।
#Unpopular_Opinions