Breaking News

‘ਆਪ’ ਨੇ ਹਰਿਆਣਾ ’ਚ ਡੇਰਾ ਮੁਖੀ ਨਾਲ ਵੋਟਾਂ ਦਾ ਸੌਦਾ ਕੀਤਾ: ਬੀਬੀ ਜਗੀਰ ਕੌਰ

ਜਲੰਧਰ, 22 ਜੁਲਾਈ

ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਧੜੇ ਨੇ ਬੇਅਦਬੀ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ’ਤੇ ਤਿੱਖਾ ਹਮਲਾ ਕੀਤਾ ਹੈ। ਬਾਗੀਆਂ ਦੀ ਮੋਹਰੀ ਆਗੂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਪੰਜਾਬ ਦੀ ਮੁੱਖ ਮੰਤਰੀ ਭਗਵੰਤ ਮਾਨ ਨੇ ਬੇਅਦਬੀ ਮਾਮਲੇ ਦੇ ਮੁਲਜ਼ਮ ਡੇਰਾ ਸਿਰਸਾ ਦੇ ਮੁਖੀ ਨਾਲ ‘ਵੋਟਾਂ ਦਾ ਸੌਦਾ’ ਕਰ ਲਿਆ ਹੈ। ਇਸੇ ਕਰਕੇ ਬੇਅਦਬੀ ਮਾਮਲੇ ’ਚ ਪੰਜਾਬ ਸਰਕਾਰ ਨੇ ਉਸੇ ਤਰ੍ਹਾਂ ਚੁੱਪ ਧਾਰ ਲਈ ਹੈ ਜਿਵੇਂ ਅਕਤੂਬਰ 2015 ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਚੁੱਪ ਵੱਟੀ ਸੀ।

ਅੱਜ ਇੱਥੇ ਪ੍ਰੈੱਸ ਕਾਨਫਰੰਸ ’ਚ ਬੀਬੀ ਜਗੀਰ ਕੌਰ ਤੇ ਬਾਗੀ ਧੜੇ ਦੇ ਕਨਵੀਨਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਬੇਅਦਬੀ ਮਾਮਲਿਆਂ ’ਚ ਸਿੱਖ ਸੰਗਤ ਨੂੰ ਇਨਸਾਫ਼ ਨਾ ਦੇਣ ਦੇ ਮਾਮਲੇ ’ਚ ਲੋਕ ਆਮ ਆਦਮੀ ਪਾਰਟੀ ਨੂੰ ਵੀ ਉਸ ਦੇ ਸਜ਼ਾ ਦੇਣਗੇ ਜਿਸ ਤਰ੍ਹਾਂ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੂੰ ਸਜ਼ਾ ਦਿੱਤੀ ਸੀ।

ਬੀਬੀ ਜਗੀਰ ਕੌਰ ਨੇ ਦਾਅਵਾ ਕੀਤਾ ਕਿ ਹਰਿਆਣਾ ਦੀਆਂ 90 ਸੀਟਾਂ ’ਤੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਅਤੇ ਸੂਬੇ ਵਿੱਚ ਕਈ ਥਾਵਾਂ ’ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਕਾਰਨ ਮੁੱਖ ਮੰਤਰੀ ਨੇ ਡੇਰਾ ਮੁਖੀ ਪ੍ਰਤੀ ਨਰਮ ਰਵੱਈਆ ਅਪਣਾਇਆ ਹੈ, ਕਿਉਂਕਿ ਹਰਿਆਣਾ ਤੋਂ ਇਲਾਵਾ ਪੰਜਾਬ ਦੇ ਮਾਲਵਾ ਖੇਤਰ ’ਚ ਵੀ ਡੇਰਾ ਸਿਰਸਾ ਦੇ ਵੱਡੀ ਗਿਣਤੀ ਪੈਰੋਕਾਰ ਰਹਿੰਦੇ ਹਨ।

ਉਨ੍ਹਾਂ ਕਿਹਾ ਕਿ ਅਜਿਹੇ ਵਿੱਚ ਸਿਆਸੀ ਲਾਹਾ ਲੈਣ ਲਈ ਸੰਗਤਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਜਦੋਂਕਿ ਸਾਬਕਾ ਆਈਜੀ ਰਣਵੀਰ ਸਿੰਘ ਖਟੜਾ ’ਤੇ ਆਧਾਰਿਤ ਸਿਟ ਨੇ ਜਾਂਚ ’ਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਅਤੇ ਹਨੀਪ੍ਰੀਤ ਦੀ ਕਥਿਤ ਸ਼ਮੂਲੀਅਤ ਦਾ ਸਪੱਸ਼ਟ ਖੁਲਾਸਾ ਕੀਤਾ ਹੈ। ਇਸ ਦੇ ਬਾਵਜੂਦ ਕੇਸ ਨੂੰ ਅੱਗੇ ਲਿਜਾਣ ਲਈ ਗ੍ਰਹਿ ਮੰਤਰਾਲੇ ਕੋਲ ਭੇਜ ਦਿੱਤਾ ਗਿਆ।

ਬੀਬੀ ਜਗੀਰ ਕੌਰ ਨੇ ਕਿਹਾ ਕਿ ‘ਆਪ’ ਬੇਅਦਬੀ ਦੇ ਮਾਮਲੇ ਹੱਲ ਕਰਵਾਉਣ ਦਾ ਵਾਅਦਾ ਕਰਕੇ ਆਏ ਸਨ ਪਰ ਸੱਤਾ ਹਾਸਲ ਕਰਨ ਤੋਂ ਬਾਅਦ ਹੁਣ ਉਹ ਵੀ ਸ਼੍ਰੋਮਣੀ ਅਕਾਲੀ ਦਲ ਵਾਲੇ ਰਾਹ ਪੈ ਗਈ ਹੈ।

ਸਰਕਾਰ ਨੇ ਪੰਜਾਬ ਦੇ ਅਸਲ ਮੁੱਦਿਆਂ ਨੂੰ ਵਿਸਾਰਿਆ: ਵਡਾਲਾ
ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ‘ਆਪ’ ਨੇ ਪੰਜਾਬ ਦੇ ਅਸਲ ਮੁੱਦਿਆਂ ਨੂੰ ਵਿਸਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਖਤਮ ਕਰਨ ਦਾ ਦਾਅਵਾ ਕਰਨ ਵਾਲੀ ‘ਆਪ’ ਸਰਕਾਰ ਨਾ ਤਾਂ ਅਪਰਾਧ ’ਤੇ ਕਾਬੂ ਪਾ ਸਕੀ ਹੈ ਅਤੇ ਨਾ ਹੀ ਨਸ਼ਿਆਂ ਨੂੰ ਠੱਲ੍ਹ ਪਾ ਸਕੀ ਹੈ।

ਵੇਰਕਾ ਮਿਲਕ ਪਲਾਂਟਾਂ ਨੂੰ ਤਬਾਹ ਕਰਕੇ ਸੂਬੇ ਦੀ ਸਹਿਕਾਰਤਾ ਲਹਿਰ ਨੂੰ ਪ੍ਰਭਾਵਿਤ ਕਰਨ ਦੀ ਕਥਿਤ ਸਾਜ਼ਿਸ਼ ਰਚੀ ਜਾ ਰਹੀ ਹੈ ਅਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਠੰਢੇ ਬਸਤੇ ’ਚ ਹੈ।


ਬੇਅਦਬੀ ਦੇ ਮਾਮਲਿਆਂ ਵਿੱਚ ਭਗਵੰਤ ਮਾਨ ਸਰਕਾਰ ਦੇ ਬਦਕਾਰ ਰੋਲ ਨੂੰ ਪੂਰੀ ਤਰ੍ਹਾਂ ਨੰਗੇ ਹੋਇਆਂ ਪੰਜ ਦਿਨ ਹੋ ਚੁੱਕੇ ਨੇ ਪਰ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਇਸ ਉੱਤੇ ਚੁੱਪ ਨੇ।
ਹੋਰ ਗੱਲਾਂ ‘ਤੇ ਬਾਦਲ ਦਲ ਦੇ ਆਗੂ ਭਗਵੰਤ ਮਾਨ ‘ਤੇ ਤਿੱਖੇ ਹਮਲੇ ਕਰਦੇ ਨੇ ਪਰ ਹੁਣ ਉਸ ਵੱਲੋਂ ਬਲਾਤਕਾਰੀ ਸਾਧ ਅਤੇ ਉਸਦੇ ਦੋਸ਼ੀ ਚੇਲਿਆਂ ਨੂੰ ਬਚਾਉਣ ਲਈ ਕੀਤੀ ਗਈ ਨੰਗੀ ਚਿੱਟੀ ਬੇਈਮਾਨੀ ਬਾਰੇ ਚੁਪ ਕਿਉਂ ਨੇ?

ਹਾਲਾਂਕਿ ਭਗਵੰਤ ਮਾਨ ਅਤੇ ਦਿੱਲੀ ਦੇ ਛਲੇਡਿਆਂ ਦੀ ਇਸ ਮਾਮਲੇ ਵਿੱਚ ਬੇਈਮਾਨੀ ਬਾਰੇ ਜਨਵਰੀ ਵਿੱਚ ਹੀ ਪਤਾ ਲੱਗਣਾ ਸ਼ੁਰੂ ਹੋ ਗਿਆ ਸੀ ਜਦੋਂ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਨੇ ਸਰਕਾਰੀ ਬਦਨੀਤੀ ਬਾਰੇ ਖੁਲਾਸਾ ਕਰ ਦਿੱਤਾ ਸੀ ਅਤੇ ਫਿਰ “ਅਜੀਤ” ਨੇ ਵੀ ਇਹ ਰਿਪੋਰਟ ਕਰ ਦਿੱਤਾ ਸੀ ਕਿ ਪੰਜਾਬ ਦਾ ਗ੍ਰਹਿ ਵਿਭਾਗ ਪਿਛਲੇ 20 ਮਹੀਨਿਆਂ ਤੋਂ ਡੇਰਾ ਸਾਧ ਖਿਲਾਫ ਮੁਕੱਦਮਾ ਚਲਾਉਣ ਦੀ ਪ੍ਰਵਾਨਗੀ ਨਹੀਂ ਦੇ ਰਿਹਾ।

ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਕੋਲ ਤਾਂ ਖਾਸ ਕਰਕੇ ਸਰਕਾਰ ਦੇ ਅੰਦਰਲੀ ਖਬਰ ਹੁੰਦੀ ਹੈ ਤੇ ਜੇ ਉਹ ਚਾਹੁੰਦੇ ਤਾਂ ਆਪਣੇ ਤੌਰ ‘ਤੇ ਵੇਲੇ ਸਿਰ ਭਗਵੰਤ ਮਾਨ ਦੀ ਬੇਈਮਾਨੀ ਨੰਗੀ ਕਰ ਸਕਦੇ ਸੀ। ਇਸ ਬਾਰੇ ਉਹ ਕਈ ਵਾਰ ਦਾਅਵਾ ਵੀ ਕਰ ਚੁੱਕੇ ਨੇ ਤੇ ਖਾਸ ਕਰਕੇ ਮਜੀਠੀਆ ਕਈ ਮਾਮਲਿਆਂ ਵਿੱਚ ਸਰਕਾਰ ਨੂੰ ਚੰਗੀ ਤਰ੍ਹਾਂ ਨੰਗਾ ਅਤੇ ਜ਼ਲੀਲ ਕਰ ਚੁੱਕਾ ਹੈ। ਪਰ ਹੁਣ ਸਾਰਾ ਕੁਝ ਬਾਹਰ ਆਉਣ ‘ਤੇ ਵੀ ਉਹ ਤੇ ਬਾਦਲ ਦਲ ਦੇ ਹੋਰ ਆਗੂ ਚੁੱਪ ਰਹਿ ਰਹੇ ਨੇ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਖੁਦ ਵਕੀਲ ਹਨ ਤੇ ਉਨ੍ਹਾਂ ਨੂੰ ਇਸ ਬਾਰੇ ਜਿਆਦਾ ਪਤਾ ਹੋਣਾ ਚਾਹੀਦਾ ਹੈ ਪਰ ਹਾਲੇ ਤੱਕ ਸ਼੍ਰੋਮਣੀ ਕਮੇਟੀ ਨੇ ਪੰਜਾਬ ਸਰਕਾਰ ਦੀ ਇਸ ਨੰਗੀ ਚਿੱਟੀ ਬੇਈਮਾਨੀ ਖਿਲਾਫ ਕੁਝ ਨਹੀਂ ਬੋਲਿਆ। ਉਹਨਾਂ ਦਾ ਸ਼ਾਇਦ ਜਿਆਦਾ ਧਿਆਨ ਸੁਖਬੀਰ ਨੂੰ ਬਚਾਉਣ ਵਾਲੇ ਪਾਸੇ ਹੈ। ਜਾਂ ਫਿਰ ਬੌਸ ਦੀ ਹਦਾਇਤ ਨਹੀਂ?

ਅਕਾਲੀ ਦਲ ਦੇ ਬਾਗੀ ਧੜੇ ਵਿੱਚੋਂ ਹਾਲੇ ਤੱਕ ਇਸ ਮਾਮਲੇ ‘ਤੇ ਬੀਬੀ ਜਗੀਰ ਕੌਰ ਅਤੇ ਗੁਰਪ੍ਰਤਾਪ ਸਿੰਘ ਵਡਾਲਾ ਬੋਲੇ ਨੇ। ਬੀਬੀ ਨੇ ਇੱਕ-ਦੋ ਦਿਨ ਪਹਿਲਾਂ ਵੀ ਇਸ ਮਾਮਲੇ ‘ਤੇ ਪੰਜਾਬ ਸਰਕਾਰ ਖਿਲਾਫ ਬੋਲਿਆ ਸੀ। ਕਾਂਗਰਸ ਵਿੱਚੋਂ ਹਾਲੇ ਤੱਕ ਇਸ ਮਾਮਲੇ ‘ਤੇ ਸੁਖਪਾਲ ਸਿੰਘ ਖਹਿਰਾ, ਪ੍ਰਗਟ ਸਿੰਘ ਅਤੇ ਪ੍ਰਤਾਪ ਸਿੰਘ ਬਾਜਵਾ ਬੋਲੇ ਨੇ। ਮਤਲਬ ਪੰਜਾਬ ਦੇ ਸਾਰੇ ਰਾਜਨੀਤਿਕ ਆਗੂਆਂ ਵਿੱਚੋਂ ਹਾਲੇ ਤੱਕ ਪੰਜ ਜਣਿਆਂ ਨੇ ਇਸ ਮੁੱਦੇ ‘ਤੇ ਮੂੰਹ ਖੋਲ੍ਹਿਆ ਹੈ।

ਬਲਾਤਕਾਰੀ ਸਾਧ ਅਤੇ ਉਸਦੇ ਦੋਸ਼ੀ ਚੇਲਿਆਂ ਨੂੰ ਭਾਜਪਾ ਤੇ “ਆਪ” ਦੋਨੋਂ ਬਚਾ ਰਹੇ ਨੇ। ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੀ ਚੁੱਪ ਕਿਸ ਦੇ ਏਜੰਡੇ ਮੁਤਾਬਿਕ ਹੈ?
#Unpopular_Opinions
#Unpopular_Ideas