ਦੁਬਈ, 12 ਜੂਨ
ਕੁਵੈਤ ਵਿੱਚ 6 ਮੰਜ਼ਿਲਾ ਇਮਾਰਤ ਨੂੰ ਭਿਆਨਕ ਅੱਗ ਲੱਗਣ ਕਾਰਨ 49 ਵਿਅਕਤੀਆਂ ਦੀ ਮੌਤ ਹੋ ਗਈ ਤੇ 50 ਤੋਂ ਵੱਧ ਜ਼ਖਮੀ ਹੋ ਗਏ।
ਮ੍ਰਿਤਕਾਂ ਤੇ ਜ਼ਖਮੀਆਂ ਵਿੱਚ ਕਈ ਭਾਰਤੀ ਸ਼ਾਮਲ ਦੱਸੇ ਜਾਂਦੇ ਹਨ।
ਬਹੁਤੀਆਂ ਮੌਤਾਂ ਧੂੰਏ ਕਰਕੇ ਦਮ ਘੁੱਟਣ ਨਾਲ ਹੋਈਆਂ। ਕਿਉਂਕਿ ਜਦੋਂ ਇਮਾਰਤ ਵਿਚ ਅੱਗ ਲੱਗੀ ਉਦੋਂ ਇਸ ਵਿਚ ਮੌਜੂਦ ਜ਼ਿਆਦਾਤਰ ਵਿਅਕਤੀ ਸੌਂ ਰਹੇ ਸਨ।
ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਤੜਕੇ ਕੁਵੈਤ ਦੇ ਦੱਖਣੀ ਅਹਿਮਦੀ ਗਵਰਨੋਰੇਟ ਦੇ ਮੰਗਾਫ ਖੇਤਰ ਵਿੱਚ ਛੇ ਮੰਜ਼ਿਲਾ ਇਮਾਰਤ ਦੀ ਰਸੋਈ ਵਿੱਚ ਅੱਗ ਲੱਗ ਗਈ।
ਇਸ ਤੋਂ ਬਾਅਦ ਇਹ ਫ਼ੈਲ ਗਈ। ਇਮਾਰਤ ਵਿਚ ਲਗਪਗ 160 ਲੋਕ ਰਹਿੰਦੇ ਸਨ, ਜੋ ਉਸੇ ਕੰਪਨੀ ਦੇ ਕਰਮਚਾਰੀ ਹਨ।
ਇਨ੍ਹਾਂ ਵਿੱਚ ਬਹੁਤ ਸਾਰੇ ਕਰਮਚਾਰੀ ਭਾਰਤੀ ਸਨ। ਭਾਰਤੀ ਕਾਮਿਆਂ ਨਾਲ ਵਾਪਰੇ ਦੁਖਦਾਈ ਅੱਗ ਹਾਦਸੇ ਦੇ ਸਬੰਧ ਵਿੱਚ ਦੂਤਘਰ ਨੇ ਐਮਰਜੰਸੀ ਹੈਲਪਲਾਈਨ ਨੰਬਰ +965-65505246 ਜਾਰੀ ਕੀਤਾ ਹੈ।
ਇਸ ਦੌਰਾਨ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਘਟਨਾ ’ਤੇ ਦੁੱਖ ਜ਼ਾਹਰ ਕੀਤਾ ਹੈ। ਉਧਰ ਕੁਵੈਤ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਕ੍ਰਿਮੀਅਨ ਐਵੀਡੈਂਸ ਵਿਭਾਗ ਦੇ ਅਮਲੇ ਵਲੋਂ ਪੀੜਤਾਂ ਦੀ ਪਛਾਣ ਕੀਤੀ ਜਾ ਰਹੀ ਹੈ ਤੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਮੰਤਰਾਲੇ ਨੇ ਕਿਹਾ ਕਿ ਇਮਾਰਤ ਦੇ ਮਾਲਕ ਖਿਲਾਫ਼ ਨੇਮਾਂ ਦੀ ਉਲੰਘਣਾ ਲਈ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਸੂਤਰਾਂ ਨੇ ਕਿਹਾ ਕਿ ਰਾਹਤ ਕਾਰਜਾਂ ਦੌਰਾਨ ਅੱਗ ਬੁਝਾਊ ਦਸਤੇ ਦੇ ਪੰਜ ਮੈਂਬਰ ਵੀ ਜ਼ਖਮੀ ਹੋ ਗਏ।
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਹਦਾਇਤਾਂ ’ਤੇ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਕੁਵੈਤ ਪੁੱਜ ਗਏ ਹਨ।
ਸਿੰਘ ਜ਼ਖਮੀ ਭਾਰਤੀਆਂ ਦੇ ਇਲਾਜ ਵਿਚ ਸਹਾਇਤਾ ਦੇ ਨਾਲ ਮਾਰੇ ਗਏ ਭਾਰਤੀਆਂ ਦੀ ਮ੍ਰਿਤਕ ਦੇਹਾਂ ਵਾਪਸ ਲਿਆਉਣ ਦੇ ਕੰਮ ਵਿਚ ਮਦਦ ਕਰਨਗੇ।