Breaking News

ਅਕਾਲੀ ਦਲ ‘ਚ ਵਧਿਆ ਕਲੇਸ਼ ਜਲੰਧਰ ‘ਚ ‘ਬਾਗੀ’ ਲੀਡਰਾਂ ਦੀ ਹੋਈ ਮੀਟਿੰਗ

ਇੱਧਰ ਖੂਹ ਓਧਰ ਖਾਈ
ਸ਼੍ਰੋਮਣੀ ਅਕਾਲੀ ਦਲ ਦੀ ਦੁਹਾਈ
ਸੰਭਲ਼ਕੇ ਕਦਮ ਰੱਖੋ ਭਾਈ !

ਸ਼੍ਰੋਮਣੀ ਅਕਾਲੀ ਦਲ ਦਾ ਅੰਦਰੂਨੀ ਸੰਕਟ ਬਹੁਤ ਗਹਿਰਾ ਹੈ ਇਸ ਵਿੱਚ ਸਭ ਆਪੋ ਆਪਣੇ ਪੱਧਰ ਤੇ ਚਿੰਤਨ ਕਰਨ ਨਿਕਲੇ ਹੋਏ ਹਨ।
ਇਸੇ ਤਹਿਤ ਇੱਕ ਬੈਠਕ ਚੰਡੀਗੜ੍ਹ ਵਿੱਚ ਹੋ ਰਹੀ ਹੁੰਦੀ ਹੈ ਅਤੇ ਦੂਜੀ ਬੈਠਕ ਚੰਡੀਗੜ੍ਹ ਤੋਂ ਬਾਹਰ ਹੋ ਰਹੀ ਹੁੰਦੀ ਹੈ।

ਜਿਹੜੀ ਬੈਠਕ ਚੰਡੀਗੜ੍ਹ ਤੋਂ ਬਾਹਰ ਹੋ ਰਹੀ ਹੁੰਦੀ ਹੈ। ਉਹਦਾ ਸੰਕਟ ਚੰਡੀਗੜ੍ਹ ਦੀ ਬੈਠਕ ਤੋਂ ਵੀ ਗਹਿਰਾ ਬਣ ਜਾਂਦਾ ਹੈ ਜਦੋਂ ਉਸ ਵਿੱਚ ਪ੍ਰੇਮ ਸਿੰਘ ਚੰਦੂਮਾਜਰਾ ਸਮੇਤ ਸਿਕੰਦਰ ਸਿੰਘ ਮਲੂਕਾ ਵੀ ਸ਼ਾਮਿਲ ਹੁੰਦੇ ਹਨ।

ਇਹ ਜਿੰਨਾ ਆਪਣੇ ਆਪ ਨੂੰ ਸੁਖਬੀਰ ਸਿੰਘ ਬਾਦਲ ਲਈ ਸਾਬਤ ਕਰਨ ਦਾ ਵੇਲਾ ਹੈ ਉਨਾ ਹੀ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਨਾਲ ਜੁੜ ਜਾਂਦੇ ਸਿਕੰਦਰ ਸਿੰਘ ਮਲੂਕਾ ਨਾਲ ਭਾਜਪਾ ਪੱਖੀ ਨਜ਼ਰੀਆ ਪੈਦਾ ਹੋਣ ਕਰਕੇ ਗਹਿਰੀ ਸਾਜ਼ਿਸ਼ ਦਾ ਅਧਾਰ ਬਣ ਜਾਂਦਾ ਹੈ।

ਸ਼੍ਰੋਮਣੀ ਅਕਾਲੀ ਦਲ ਨੇ ਜੇ ਆਪਣੇ ਆਪ ਨੂੰ ਸੱਚੀ ਭਾਵਨਾ ਨਾਲ ਮੁੜ ਉਭਾਰਨਾ ਹੈ ਤਾਂ ਉਸ ਲਈ ਦੁਆਬੇ ਵਿੱਚ ਖਤਮ ਹੋ ਗਈ ਅਕਾਲੀ ਸਿਆਸਤ ਨੂੰ ਮੁੜ ਤੋਂ ਇੱਜ਼ਤ ਨਾਲ ਵੇਖਣਾ ਸ਼ੁਰੂ ਕਰਨਾ ਪਵੇਗਾ।

ਇਹਦੀ ਸ਼ੁਰੂਆਤ ਸਵਰਗੀ ਸੁਖਜਿੰਦਰ ਸਿੰਘ ਖਹਿਰਾ ਅਤੇ ਸਵਰਗੀ ਜਥੇਦਾਰ ਕੁਲਦੀਪ ਸਿੰਘ ਵਡਾਲਾ ਜਿਹੇ ਸਿਆਸੀ ਆਗੂਆਂ ਨੂੰ ਹਾਸ਼ੀਏ ਤੇ ਸੁੱਟਣ ਦੀ ਅਤੀਤ ਵਿੱਚ ਕੀਤੀ ਗਲਤੀ ਨੂੰ ਸੁਧਾਰਨ ਨਾਲ ਸ਼ੁਰੂ ਹੋਵੇਗਾ।

ਅਜਿਹੇ ਟਕਸਾਲੀ ਆਗੂਆਂ ਦੇ ਹਾਸ਼ੀਏ ‘ਤੇ ਜਾਣ ਦਾ ਮੁੱਢ ਬਾਦਲ ਵਿਸ਼ੇਸ਼ ਸਿਆਸਤ ਨਾਲ ਸ਼ੁਰੂ ਹੋਇਆ। ਇਸ ਤੋਂ ਇਲਾਵਾ ਇਹ ਵੀ ਸਮਝਣ ਵਾਲੀ ਗੱਲ ਹੈ ਕਿ ਜੇ ਸੁਖਬੀਰ ਸਿੰਘ ਬਾਦਲ ਇਸ ਸਮੇਂ ਸਭ ਤੋਂ ਵੱਧ ਆਲੋਚਨਾ ਦੇ ਘੇਰੇ ਵਿੱਚ ਹਨ ਤਾਂ ਇਸ ਨਾਲ ਇੱਕ ਗੱਲ ਦਾ ਹੋਰ ਇਸ਼ਾਰਾ ਸਮਝਣਾ ਚਾਹੀਦਾ ਹੈ ਕਿ ਅਕਾਲੀ ਦਲ ਵਿੱਚ ਸੁਖਬੀਰ ਸਿੰਘ ਬਾਦਲ ਦੇ ਸਿਰ ‘ਤੇ ਕਰੀਮ ਖਾਣ ਵਾਲੇ ਹੁਣ ਸੁਖਬੀਰ ਸਿੰਘ ਬਾਦਲ ਨੂੰ ਹਰ ਨੁਕਸ ਲਈ ਇਕੱਲਾ ਇਕਹਿਰਾ ਸਾਰੇ ਦੋਸ਼ਾਂ ਲਈ ਖੜ੍ਹਾ ਨਹੀਂ ਕਰ ਸਕਦੇ। ਸੁਖਬੀਰ ਸਿੰਘ ਬਾਦਲ ਨਾਲ ਉਹ ਸਾਰੇ ਆਗੂ ਵੀ ਸਮੂਹਿਕ ਤੌਰ ‘ਤੇ ਜ਼ਿੰਮੇਵਾਰ ਹਨ।

ਇਹਦੇ ਨਾਲ ਨਾਲ ਇਹ ਵੀ ਵੱਡਾ ਸੰਕਟ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਮਸਲੇ ਦੇ ਨਾਲ ਨਾਲ ਸਿਕੰਦਰ ਸਿੰਘ ਮਲੂਕਾ ਜਾਂ ਅਜਿਹੇ ਆਗੂ ਵੀ ਬਦਲਦੇ ਰੂਪ ਵਿੱਚ ਨਜ਼ਰ ਨਹੀਂ ਆ ਸਕਦੇ ਜਿਨਾਂ ਨੇ ਅਕਾਲੀ ਦਲ ਵਿੱਚ ਹੁੰਦਿਆਂ ਹੋਇਆਂ ਭਾਰਤੀ ਜਨਤਾ ਪਾਰਟੀ ਦੇ ਵਿੱਚੋਂ ਮੌਕਾਪ੍ਰਸਤੀ ਵਿੱਚ ਚੋਣਾਂ ਲੜੀਆਂ ਉਹ ਅਕਾਲੀ ਦਲ ਦੇ ਲਈ ਕਿੰਨੇ ਕੁ ਇਮਾਨਦਾਰ ਹੋਣਗੇ ਇਹ ਵੀ ਇੱਕ ਸੰਕਟ ਹੈ।

ਕਿਤੇ ਇਹ ਵੀ ਨਾ ਹੋਵੇ ਕਿ ਸੁਧਾਰ ਕਰਦਿਆਂ ਕਰਦਿਆਂ ਅਕਾਲੀ ਦਲ ਮਹਾਂਰਾਸ਼ਟਰ ਦੀ ਤਰਜ ‘ਤੇ ਭਾਜਪਾ ਦੀ ਫੁੱਟ ਪਾਊ ਨੀਤੀ ਦਾ ਸ਼ਿਕਾਰ ਹੋ ਜਾਵੇ।

ਇਸ ਸੁਧਾਰ ਲਈ ਅਕਾਲੀ ਦਲ ਵਿੱਚ ਸਭ ਤੋਂ ਨਿਰਪੱਖ ਅਤੇ ਸਾਫ ਸੁਥਰੀ ਦਿਖ ਦਾ ਆਗੂ ਖੜ੍ਹਾ ਕਰਨਾ ਚਾਹੀਦਾ ਹੈ ਜਿਹਨੂੰ ਪ੍ਰਧਾਨ ਬਣਾਉਣ ਦੀ ਸ਼ੁਰੂਆਤ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਸਾਰੇ ਢਾਂਚੇ ਨੂੰ ਮੁੜ ਤੋਂ ਸੁਰਜੀਤ ਕਰਨਾ ਚਾਹੀਦਾ ਹੈ।

ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਰਾਵਲ ਦਸਤਾ ਹੈ ਇਸ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਸਾਰੇ ਅਕੀਦੇ ਸੰਵਿਧਾਨ ਵਿੱਚ ਪਰਿਵਾਰਵਾਦ ਕੱਢਦਿਆਂ ਗੁਰਮੱਤੇ ਦੀ ਰਵਾਇਤ ਮੁੜ ਤੋਰਨੀ ਚਾਹੀਦੀ ਹੈ। ਜਿਸ ਤਹਿਤ ਵਿਅਕਤੀ ਵਿਸ਼ੇਸ਼ ਕੇਂਦਰ ਨਾ ਹੋਕੇ ਸਮੂਹ ਪੰਥ ਵਿਸ਼ੇਸ਼ ਸਿਆਸਤ ਤੁਰੇ।

ਇਹ ਗੱਲ ਪਹਿਲਾਂ ਵੀ ਕਈ ਵਾਰ ਕਰ ਚੁੱਕੇ ਹਾਂ ਕਿ ਅਕਾਲੀ ਦਲ ਸੁਰਤਿ ਅਤੇ ਸੀਰਤ ਤੋਂ ਜਦੋਂ ਤੱਕ ਆਪਣਾ ਮੁਹਾਂਦਰਾ ਨਹੀਂ ਸੁਧਾਰਦਾ ਉਦੋਂ ਤੱਕ ਕੁਝ ਨਹੀਂ ਹੋ ਸਕਦਾ।
~ ਹਰਪ੍ਰੀਤ ਸਿੰਘ ਕਾਹਲੋਂ

ਅਕਾਲੀ ਦਲ ‘ਚ ਵਧਿਆ ਕਲੇਸ਼ ਜਲੰਧਰ ‘ਚ ‘ਬਾਗੀ’ ਲੀਡਰਾਂ ਦੀ ਹੋਈ ਮੀਟਿੰਗ
‘ਸੁਖਬੀਰ ਬਾਦਲ ਨੂੰ ਪ੍ਰਧਾਨਗੀ ਛੱਡਣ ਦਾ ਮਤਾ ਕੀਤਾ ਗਿਆ ਪਾਸ’
#ShiromaniAkaliDal #JalandharNews #SukhbirSinghBadal #LatestNews #Update