•ਅਕਾਲ ਤਖਤ ਤੋਂ “ਹਲੇਮੀ ਰਾਜ”ਦੀ ਸਥਾਪਨਾ ਦਾ ਸੰਦੇਸ਼।
•ਸੰਦੇਸ਼ ਵਿੱਚ ਪੰਥ ਨੂੰ”ਕੌਮੀ ਏਜੰਡਾ” ਤਹਿ ਕਰਨ ਦਾ ਸੁਝਾਅ।
• ਜੁਝਾਰੂ ਲਹਿਰ ਦੇ ਸ਼ਹੀਦਾਂ ਅਤੇ ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਯਾਦ ਕੀਤਾ ਗਿਆ।
ਕਰਮਜੀਤ ਸਿੰਘ ਚੰਡੀਗੜ੍ਹ
ਸੀਨੀਅਰ ਪੱਤਰਕਾਰ
ਦਰਬਾਰ ਸਾਹਿਬ ਉੱਤੇ ਭਾਰਤੀ ਫੌਜ ਵੱਲੋਂ ਕੀਤੇ ਹਮਲੇ ਦੀ 40ਵੀਂ ਵਰੇਗੰਢ ਮੌਕੇ ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਦਿੱਤਾ ਸੰਦੇਸ਼ ਪਹਿਲੇ ਜਥੇਦਾਰਾਂ ਵੱਲੋਂ ਇਸ ਮੌਕੇ ‘ਤੇ ਦਿੱਤੇ ਗਏ ਸੰਦੇਸ਼ਾਂ ਨਾਲੋਂ ਬੁਨਿਆਦੀ ਤੌਰ ‘ਤੇ ਵੱਖਰਾ ਵੀ ਸੀ,ਨਿਵੇਕਲਾ ਵੀ ਸੀ ਅਤੇ ਕਿਸੇ ਹੱਦ ਤੱਕ ਇਤਿਹਾਸਿਕ ਜਜ਼ਬਿਆਂ ਅਤੇ ਸਿਧਾਂਤਾਂ ਨੂੰ ਵੀ ਮੁਖਾਤਬ ਸੀ। ਨਿਵੇਕਲਾ ਤੇ ਇਤਿਹਾਸਿਕ ਇਸ ਕਰਕੇ ਹੈ ਕਿਉਂਕਿ ਇਸ ਸੰਦੇਸ਼ ਵਿੱਚ “ਹਲੇਮੀ ਰਾਜ” ਦੀ ਸਥਾਪਨਾ ਨੂੰ ਅਮਲੀ ਰੂਪ ਦੇਣ ਦਾ ਸੱਦਾ ਦਿੱਤਾ ਗਿਆ ਹੈ,ਦੂਜੀ ਮਹੱਤਵਪੂਰਨ ਗੱਲ ਇਹ ਸੀ ਕਿ ਇਸੇ ਹਲੇਮੀ ਰਾਜ ਦੇ ਆਧਾਰ ਤੇ ਖਾਲਸਾ ਪੰਥ ਨੂੰ ਆਪਣਾ “ਕੌਮੀ ਏਜੰਡਾ” ਤਹਿ ਕਰਨ ਦੀ ਵੀ ਹਦਾਇਤ ਕੀਤੀ ਗਈ ਹੈ।ਪਹਿਲਾਂ ਕਦੇ ਕਿਸੇ ਜਥੇਦਾਰ ਨੇ ਇਹੋ ਜਿਹੀ ਬੁਨਿਆਦੀ ਤੇ ਸਿਧਾਂਤਕ ਗੱਲ ਕਰਨ ਦਾ ਹੌਸਲਾ ਨਹੀਂ ਸੀ ਵਿਖਾਇਆ। ਤੀਜੀ ਮਹੱਤਵਪੂਰਨ ਗੱਲ ਵਿੱਚ ਜਿੱਥੇ ਜੁਝਾਰੂ ਲਹਿਰ ਦੇ ਸ਼ਹੀਦਾਂ ਨੂੰ ਨਮਨ ਕੀਤਾ ਗਿਆ ਹੈ ਉਥੇ ਮਨੁੱਖੀ ਅਧਿਕਾਰਾਂ ਦੇ ਮਹਾਨ ਰਾਖੇ ਅਤੇ ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਭਰਪੂਰ ਸ਼ਰਧਾਂਜਲੀ ਭੇਟ ਕੀਤੀ ਗਈ ਹੈ।ਹੋਰ ਪੱਖ ਵੀ ਡੂੰਘੇ ਵਿਚਾਰਾਂ ਦੀ ਮੰਗ ਕਰਦੇ ਹਨ,ਪਰ ਇਹ ਤਿੰਨ ਗੱਲਾਂ ਇਸ ਸੰਦੇਸ਼ ਦੀਆਂ ਪ੍ਰਮੁੱਖ ਲੱਗੀਆਂ ਹਨ ਅਤੇ ਪਹਿਲੀ ਵਾਰ ਸਾਹਮਣੇ ਆਈਆਂ ਹਨ।
ਹੁਣ ਵੱਡਾ ਸਵਾਲ ਇਹ ਹੈ ਕਿ ਕੀ ਇਹ ਸੰਦੇਸ਼ ਰਸਮੀ ਹੀ ਰਹਿ ਜਾਵੇਗਾ ਜਾਂ ਇਸ ਨੂੰ ਅਮਲ ਵਿੱਚ ਲਿਆਉਣ ਲਈ ਜਥੇਦਾਰ ਸਾਹਿਬ ਕਿਸੇ ਵੱਡੇ ਪ੍ਰੋਗਰਾਮ ਦੀ ਰੂਪ ਰੇਖਾ ਸਿੱਖ ਪੰਥ ਦੀਆਂ ਸੰਸਥਾਵਾਂ ਅਤੇ ਜਥੇਬੰਦੀਆਂ ਅੱਗੇ ਪੇਸ਼ ਕਰਨਗੇ? ਹਲੇਮੀ ਰਾਜ ਦੀ ਵਿਚਾਰਧਾਰਕ ਵਿਆਖਿਆ ਵੱਡੀ ਬਹਿਸ ਦੀ ਮੰਗ ਵੀ ਕਰਦੀ ਹੈ।
ਇਸ ਸੰਦੇਸ਼ ਦੀ ਸ਼ਬਦਾਵਲੀ ਤੋਂ ਇਹ ਇਸ਼ਾਰੇ ਵੀ ਮਿਲਦੇ ਹਨ ਕਿ ਅਕਾਲ ਤਖਤ ਸਹਿਜੇ ਸਹਿਜੇ ਉਸ ਮੰਜ਼ਿਲ ਵੱਲ ਵਧ ਰਿਹਾ ਹੈ ਜਿਸ ਦਾ ਮਨੋਰਥ, ਨਿਸ਼ਾਨਾ ਅਤੇ ਰੀਝ ਪ੍ਰਭੂ ਸੰਪਨ ਰਾਜ ਦੀ ਸਥਾਪਨਾ ਕਰਨੀ ਹੈ ਅਤੇ ਜਿਸ ਰਾਜ ਦਾ ਪਵਿੱਤਰ ਜਜ਼ਬਾ ਖਾਲਸਾ ਪੰਥ ਦੇ ਮਨ ਮਸਤਕ ਵਿੱਚ ਤਾਣੇ ਪੇਟੇ ਵਾਂਗ ਸਮਾਇਆ ਹੋਇਆ ਹੈ। ਖਾਲਸਾ ਪੰਥ ਦੇ ਰਾਜਨੀਤਿਕ ਅਤੇ ਧਾਰਮਿਕ ਮਾਮਲਿਆਂ ਉੱਤੇ ਡੂੰਘੀ ਨਜ਼ਰ ਰੱਖਣ ਵਾਲੇ ਗੰਭੀਰ ਹਲਕਿਆਂ ਦਾ ਕਹਿਣਾ ਹੈ ਕਿ ਇਹ ਦੋਵੇਂ ਅਹਿਮ ਗੱਲਾਂ ਸ਼ਾਇਦ ਇਸ ਕਰਕੇ ਵੀ ਸੰਦੇਸ਼ ਵਿੱਚ ਸ਼ਾਮਿਲ ਕੀਤੀਆਂ ਗਈਆਂ ਹਨ ਤਾਂ ਜੋ ਨੌਜਵਾਨਾਂ ਨੂੰ ਸੰਤੁਸ਼ਟ ਕੀਤਾ ਜਾਵੇ ਜਿਨਾਂ ਦੇ ਅੰਦਰ ਆਜ਼ਾਦੀ ਦੇ ਜਜ਼ਬੇ ਭਰਪੂਰ ਅੰਗੜਾਈਆਂ ਲੈ ਰਹੇ ਹਨ।
ਇਕ ਹੋਰ ਮਹੱਤਵਪੂਰਨ ਗੱਲ ਜਥੇਦਾਰ ਸਾਹਿਬ ਕਹਿਣੋ ਭੁੱਲ ਗਏ ਹਨ ਅਤੇ ਉਹ ਇਹ ਹੈ ਕਿ ਫੌਜੀ ਹਮਲੇ ਦੀ 40ਵੀਂ ਵਰੇਗੰਢ ਦੇ ਸਮਾਗਮ ਸਾਰਾ ਸਾਲ ਚਲਦੇ ਰਹਿਣ ਦੇ ਆਦੇਸ਼ ਦਿੱਤੇ ਜਾਣੇ ਚਾਹੀਦੇ ਸਨ। ਇਹਨਾਂ ਸਮਾਗਮਾਂ ਵਿੱਚ ਕਾਲਜਾਂ, ਯੂਨੀਵਰਸਿਟੀਆਂ ਵਿੱਚ ਸੈਮੀਨਾਰ ਕੀਤੇ ਜਾਣੇ ਚਾਹੀਦੇ ਹਨ,ਮੈਗਜ਼ੀਨਾਂ ਅਤੇ ਅਖਬਾਰਾਂ ਵਿੱਚ ਵਿਸ਼ੇਸ਼ ਅੰਕ ਕੱਢਣ ਦੀ ਲੋੜ ਹੈ,ਵੱਡੀਆਂ ਕਿਤਾਬਾਂ ਸਾਹਮਣੇ ਆਉਣੀਆਂ ਚਾਹੀਦੀਆਂ ਹਨ ਤਾਂ ਜੋ ਆਉਣ ਵਾਲੀਆਂ ਪੀੜੀਆਂ ਨੂੰ ਪਤਾ ਲੱਗ ਸਕੇ ਕਿ ਇਹਨਾਂ 40 ਵਰਿਆਂ ਵਿੱਚ ਖਾਲਸਾ ਪੰਥ ਉੱਤੇ ਕਿਹੜੇ ਕਿਹੜੇ ਝੱਖੜ ਝੁਲੇ ਅਤੇ ਪੰਥ ਨੇ ਇਹਨਾਂ ਝੱਖੜਾਂ ਦਾ ਕਿਵੇਂ ਮੁਕਾਬਲਾ ਕੀਤਾ ਅਤੇ ਉਹ ਕਿਹੜੀਆਂ ਕਮਜ਼ੋਰੀਆਂ ਸਨ ਜਿਨਾਂ ਕਰਕੇ ਖਾਲਸਾ ਪੰਥ ਦੀ ਮੰਜ਼ਲ ਦੂਰ,ਹੋਰ ਦੂਰ ਹੁੰਦੀ ਚਲੇ ਗਈ। ਸਰਦਾਰ ਕਰਮਜੀਤ ਸਿੰਘ ਚੰਡੀਗੜ੍ਹ ਹੋਰਾਂ ਦੀ ਕਲਮ ਤੋਂ