Breaking News

ਮਾਤਾ ਜੀ ਦੇ ਬਿਆਨ ਦਾ ਮਾਮਲਾ – MP ਭਾਈ ਅੰਮ੍ਰਿਤਪਾਲ ਸਿੰਘ ਦਾ ਆਇਆ ਸੰਦੇਸ਼

Official Statement by Bhai Amritpal Singh about the recent remarks made by his mother

ਮਾਤਾ ਜੀ ਦੇ ਬਿਆਨ ਦਾ ਮਾਮਲਾ – MP ਭਾਈ ਅੰਮ੍ਰਿਤਪਾਲ ਸਿੰਘ ਦਾ ਆਇਆ ਸੰਦੇਸ਼
ਪਰਿਵਾਰ ਨੂੰ ਕੀਤੀ ਤਾੜਨਾ

ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ਨੇ ਭੇਜਿਆ ਸਨੇਹਾ ਪੰਥ ਨੂੰ

॥ਰਾਜ ਬਿਨਾ ਨਹਿ ਧਰਮ ਚਲੈ ਹੈਂ॥
॥ਧਰਮ ਬਿਨਾ ਸਭ ਦਲੈ ਮਲੈ ਹੈਂ॥ 

ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ॥
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ॥
——————————-ਕੱਲ ਮਾਤਾ ਜੀ ਵੱਲੋਂ ਦਿੱਤੇ ਬਿਆਨ ਬਾਰੇ ਜਦੋਂ ਅੱਜ ਮੈਨੂੰ ਪਤਾ ਲੱਗਾ ਤਾਂ ਮੇਰਾ ਮਨ ਬਹੁਤ ਦੁਖੀ ਹੋਇਆ ॥ਬੇਸ਼ੱਕ ਮੈਨੂੰ ਇਹ ਯਕੀਨ ਹੈ ਕਿ ਮਾਤਾ ਜੀ ਵੱਲੋਂ ਇਹ ਬਿਆਨ ਅਣਜਾਣੇ ਵਿੱਚ ਦਿੱਤਾ ਗਿਆ ,ਪਰ ਫਿਰ ਵੀ ਅਜਿਹਾ ਬਿਆਨ ਮੇਰੇ ਪਰਿਵਾਰ ਜਾਂ ਕਿਸੇ ਵੀ ਉਸ ਸ਼ਖਸ ਵੱਲੋਂ ਜੋ ਮੇਰੀ ਹਮਾਇਤ ਕਰਦਾ ਹੈ ਉਸ ਵੱਲੋਂ ਨਹੀਂ ਆਉਣਾ ਚਾਹੀਦਾ ॥

ਖਾਲਸੇ ਰਾਜ ਦਾ ਸੁਪਨਾ ਵੇਖਣਾ ਕੋਈ ਗੁਨਾਹ ਨਹੀਂ ,ਸਗੋਂ ਮਾਣ ਵਾਲੀ ਗੱਲ ਹੈ ।ਜਿਸ ਸੁਪਨੇ ਦੀ ਪੂਰਤੀ ਲਈ ਲੱਖਾਂ ਸਿੱਖਾਂ ਨੇ ਸ਼ਹੀਦੀ ਦਿੱਤੀ ਹੋਵੇ ,ਉਸ ਮਾਰਗ ਤੋਂ ਪਿੱਛੇ ਹਟ ਜਾਣ ਬਾਰੇ ਅਸੀਂ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੇ।

ਮੈਂ ਬਹੁਤ ਵਾਰ ਸਟੇਜਾਂ ਤੋਂ ਬੋਲਦਿਆਂ ਇਹ ਗੱਲ ਕਹੀ ਹੈ ਕਿ ਜੇ ਮੈਨੂੰ ਪੰਥ ਤੇ ਪਰਿਵਾਰ ਵਿੱਚੋਂ ਚੁਣਨਾ ਪਿਆ ਤਾਂ ਮੈਂ ਹਮੇਸ਼ਾ ਪੰਥ ਦੀ ਚੋਣ ਕਰਾਂਗਾ।

ਇਸ ਗੱਲ ਤੇ ਇਤਿਹਾਸ ਦਾ ਉਹ ਵਾਕਿਆ ਬਹੁਤ ਢੁਕਵਾਂ ਬੈਠਦਾ ਹੈ ਜਿੱਥੇ ਬੰਦਾ ਸਿੰਘ ਬਹਾਦਰ ਦੇ ਨਾਲ ਦੇ ਸਿੰਘਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ ਤਾਂ ਇੱਕ 14 ਕੁ ਸਾਲ ਦੇ ਨੌਜਵਾਨ ਦੀ ਮਾਂ ਨੇ ਉਸ ਨੂੰ ਬਚਾਉਣ ਲਈ ਇਹ ਗੱਲ ਕਹਿ ਦਿੱਤੀ ਕਿ ਇਹ ਨੌਜਵਾਨ ਸਿੱਖ ਨਹੀਂ ਤਾਂ ਉਸ ਨੌਜਵਾਨ ਨੇ ਅੱਗੋਂ ਇਹ ਗੱਲ ਕਹੀ ਕਿ ਜੇ ਇਹ ਔਰਤ ਇਹ ਕਹਿੰਦੀ ਹੈ ਕਿ ਮੈਂ ਗੁਰੂ ਦਾ ਸਿੱਖ ਨਹੀਂ ਤਾਂ ਮੈਂ ਇਹ ਗੱਲ ਬਿਆਨ ਕਰਦਾ ਹਾਂ ਕਿ ਇਹ ਮੇਰੀ ਮਾਂ ਨਹੀਂ ॥ਬੇਸ਼ੱਕ ਇਹ ਉਦਾਹਰਣ ਇਸ ਘਟਨਾ ਵਾਸਤੇ ਬੇਹੱਦ ਸਖਤ ਹੈ ,ਪਰ ਸਿਧਾਂਤਕ ਪੱਖ ਤੋਂ ਇਹ ਗੱਲ ਸਮਝਣ ਵਾਲੀ ਹੈ।

ਮੈਂ ਆਪਣੇ ਪਰਿਵਾਰ ਨੂੰ ਇਸ ਗੱਲ ਦੀ ਤਾੜਨਾ ਕਰਦਾ ਹਾਂ ਕਦੇ ਵੀ ਸਿੱਖ ਰਾਜ ਉੱਤੇ ਸਮਝੌਤਾ ਕਰਨ ਬਾਰੇ ਸੋਚਣਾ ਵੀ ਗਵਾਰਾ ਨਹੀਂ ਹੈ ਕਹਿਣਾ ਤਾਂ ਦੂਰ ਦੀ ਗੱਲ ਹੈ ਅਤੇ ਅੱਗੇ ਤੋਂ ਸੰਗਤੀ ਰੂਪ ਵਿੱਚ ਵਿਚਰਦਿਆਂ ਬੋਲਦਿਆਂ ਅਜਿਹੀ ਕੁਤਾਹੀ ਨਹੀਂ ਹੋਣੀ ਚਾਹੀਦੀ।

ਗੁਰੂ ਪੰਥ ਦਾ ਦਾਸ
ਅੰਮ੍ਰਿਤਪਾਲ ਸਿੰਘ ਬੰਦੀ ਡਿਬਰੂਗੜ੍ਹ ਜੇਲ੍ਹ ਅਸਾਮ