ਕੋਈ ਕਹਿੰਦਾ ਸਾਡੇ ਸੁਝਾਅ ਨਹੀ ਮੰਨੇ ਤਾਂ ਅੰਦਰ ਆ। ਕੋਈ ਕਹਿੰਦਾ ਜਥੇਬੰਦੀ ਦਾ ਢਾਂਚਾ ਸਹੀ ਨਹੀ ਬਣਾਇਆ ਤਾਂ ਅੰਦਰ ਆ। ਕੋਈ ਕਹਿੰਦਾ ਬਿਕਰਮ ਵਰਗਿਆਂ ਨੂੰ ਨਾਲ ਰੱਖ ਲਿਆ ਸੀ ਤਾਂ ਅੰਦਰ ਆ। ਕੋਈ ਕਹਿੰਦਾ ਅਜਨਾਲੇ ਮਹਾਰਾਜ ਦੀ ਸਵਾਰੀ ਲੈ ਗਿਆ ਸੀ ਤਾਂ ਅੰਦਰ ਆ। ਕੋਈ ਕਹਿੰਦਾ ਨਸ਼ੇ ਛਡਾਓਣ ਦਾ ਭਰਮ ਸਿਰਜਿਆ ਸੀ ਤਾਂ ਅੰਦਰ ਆ। ਕੋਈ ਕਹਿੰਦਾ ਮੁੰਡੇ ਮਰਾਓਣ ਦੀਆਂ ਗੱਲਾਂ ਕਰਦਾ ਸੀ ਤਾਂ ਅੰਦਰ ਆ।
ਅੰਦਰ ਗਿਆਂ ਲਈ ਮੋਰਚਾ ਲੱਗ ਗਿਆ
ਕੋਈ ਕਹੇ ਮੋਰਚੇ ‘ਚ ਇਕੱਠ ਨਹੀ ਹੁੰਦਾ ਕਿਉਂਕਿ ਇਹਦੇ ਸਮਰਥਕ ਫੇਸਬੁੱਕ ਤੇ ਲੋਕਾਂ ਨੂੰ ਗਾਲਾਂ ਕੱਢਦੇ ਸੀ। ਕੋਈ ਕਹੇ ਭੁੱਖ ਹੜਤਾਲ ਕਿਓਂ ਰੱਖੀ, ਏ ਸਾਡਾ ਸਿਧਾਂਤ ਨਹੀ। ਕੋਈ ਕਹੇ ਗਾਲਾਂ ਨਾ ਕੱਢਦੇ ਹੁੰਦੇ ਦੋ ਕਰੋੜ ਸਿੱਖ ਮੋਰਚੇ ‘ਚ ਹਾਜਰ ਹੋ ਜਾਂਦਾ।
ਕੋਈ ਕਹੇ ਪਰਿਵਾਰ ਨੇ ਮਹਿਰੋਂ ਨੂੰ ਤੱਤਾ ਬੋਲਣ ਦਿੱਤਾ, ਤਾਂ ਹੁਣ ਇਕੱਠ ਨਹੀ ਹੋਣਾ।
ਜਦੋਂ ਧਾਡੀ ਸਟੇਜ ਤੋਂ ਪੰਥ ਦੀਆਂ ਸਤਿਕਾਰਤ ਸੰਸਥਾਵਾਂ ਖਿਲਾਫ ਮਾੜਾ ਬੋਲਿਆ ਜਾਊ ਫਿਰ ਧਾਡਾ ਸਾਥ ਕੌਣ ਦਊ?
ਕੋਈ ਕਹੇ ਅਕਾਲੀ ਮੋਰਚੇ ‘ਚ ਆਓਣ ਲੱਗ ਪਏ ਤਾਂ ਇਕੱਠ ਨਹੀ ਹੁੰਦਾ। ਕੋਈ ਕਹੇ ਸ਼੍ਰੋਮਣੀ ਕਮੇਟੀ ਕੋਲੋਂ ਕਿਓਂ ਮਦਦ ਮੰਗਦੇ।
ਕੋਈ ਕਹੇ ਅਸਲ ਜਥੇਦਾਰ ਤੇ ਚੱਬੇ ਵਾਲੇ ਸਰਬੱਤ ਖਾਲਸਾ ਵਾਲੇ ਨੇ, ਏ ਨਕਲੀ ਜਥੇਦਾਰਾਂ ਕੋਲੋਂ ਮਦਦ ਮੰਗਦੇ ਨੇ, ਤਾਂ ਇਕੱਠ ਨਹੀ ਹੁੰਦਾ।
ਕੋਈ ਕਹੇ ਅੰਮ੍ਰਿਤਪਾਲ ਦੇ ਸਮਰਥਕ ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਦੇ ਜਥੇਦਾਰ ਵਰਗੀਆਂ ਅਜ਼ੀਮ ਸਖਸ਼ੀਅਤਾਂ ਅਤੇ ਸਿਰਮੌਰ ਸੰਸਥਾਵਾਂ ਨੂੰ ਮਾੜਾ ਬੋਲਦੇ ਆ, ਤਾਂ ਇਕੱਠ ਨਹੀ ਹੁੰਦਾ।
ਕੋਈ ਕਹੇ ਅਸੀਂ ਵੀ ਗਏ ਸੀ ਮੋਰਚੇ ‘ਚ, ਪਰ ਸਾਡੇ ਟੱਬਰ ਨੂੰ ਪੁੱਛਿਆ ਨਹੀ ਗਿਆ, ਮਾਤਾ ਬਾਪੂ ਨੇ ਚਾਹ ਪਾਣੀ ਨਾਲ ਮਿੱਠਾ ਨਹੀ ਛਕਾਇਆ, ਜਦੋਂ ਆਏ ਗਏ ਨੂੰ ਪੁੱਛਣਾ ਨਹੀ ਫਿਰ ਇਕੱਠ ਕਿਵੇਂ ਹੋਵੇ?
ਕੋਈ ਕਹੇ ਸਾਨੂੰ ਜਥੇਦਾਰ ਨਾਲ ਮੀਟਿੰਗ ‘ਚ ਨਹੀ ਲੈਕੇ ਜਾਂਦੇ ਸੀ, ਤਾਂ ਸਾਡਾ ਟੱਬਰ ਉੱਠ ਕੇ ਆ ਗਿਆ। ਕੋਈ ਕਹੇ ਮਾਤਾ ਨੂੰ ਅੱਗੇ ਲਾਇਆ ਹੋਇਆ, ਜ਼ਨਾਨੀਆਂ ਨੇ ਵੀ ਕਦੇ ਮੋਰਚੇ ਜਿੱਤੇ ਆ? ਕੁਝ ਨਹੀ ਨਿਕਲਣਾ ਇਸ ਮੋਰਚੇ ਚੋਂ।
ਖ਼ੈਰ! ਇਕੱਠ ਵੀ ਹੋ ਗਿਆ
ਫਿਰ… ਮਤੇ ਠੰਡੇ ਸਨ, ਕੋਈ ਠੋਸ ਪ੍ਰੋਗਰਾਮ ਨਹੀ ਦਿੱਤਾ, ਸਟੇਜ ਤੇ ਰਸਸ ਚੜਗੀ, ਬੁਲਾਰੇ ਸਹੀ ਨਹੀ ਬੋਲੇ, ਭੁੱਖ ਹੜਤਾਲ ਕਿਓਂ ਰੱਖੀ/ਤੋੜੀ, ਏ ਸਾਡਾ ਸਿਧਾਂਤ ਨਹੀ। ਭੁੱਖ ਹੜਤਾਲ ਨਕਲੀ ਸੀ।
ਮਾਤਾ ਏਨੇ ਦਿਨਾਂ ‘ਚ ਮਰੀ ਕਿਓਂ ਨਹੀ? ਹਾਏ! ਅੰਮ੍ਰਿਤਪਾਲ ਏਨੇ ਦਿਨ ਭੁੱਖਾ ਰਹਿ ਕੇ ਵੀ ਜਿਊਂਦਾ?
ਇਕੱਠ ਮਗਰੋਂ
ਇਕੱਠ ਤੇ ਹੋਇਆ ਹੀ ਨਹੀ, ਸੌ ਕੁ ਬੰਦਾ ਸੀ ਮਸਾਂ।
ਬਾਦਲਾਂ ਦਾ ਸਾਥ ਭਾਲਦੇ ਆ। ਬਾਦਲਾਂ ਨਾਲ ਸਹਿਮਤੀ ਹੋਗੀ।
ਸ਼੍ਰੋਮਣੀ ਕਮੇਟੀ ਨੂੰ ਅੱਗੇ ਲਾ ਤੁਰਨਾ ਚਾਹੁੰਦੇ ਆ, ਆਪ ਕਰ ਲੈਣ ਜੋ ਕਰਨਾ।
ਰਸਸ ਸਾਰਾ ਕੁਝ ਕਰਵਾ ਰਹੀ ਆ।
ਅੰਮ੍ਰਿਤਪਾਲ ਨੂੰ ਸਿੱਖਾਂ ਦਾ ਇੱਕੋ ਇੱਕ ਲੀਡਰ ਬਣਾਓਣਾ ਚਾਹੁੰਦੇ ਆ, ਅਸੀਂ ਏ ਨਹੀ ਹੋਣ ਦੇਣਾ। ਸਾਨੂੰ ਕਹਿੰਦੇ ਸਾਡੀ ਈਨ ਮੰਨੋ, ਅਸੀਂ ਨਹੀ ਮੰਨਦੇ, ਤੁਸੀਂ ਧੱਕੇ ਨਾਲ ਮਨਾ ਕੇ ਵਿਖਾਓ।
ਅੰਮ੍ਰਿਤਪਾਲ ਦੇ ਟੱਬਰ ਨੂੰ ਵੀ ਜੇਲ੍ਹ ‘ਚ ਸੁੱਟਤਾ
ਹੁਣ… ਮਹਿਰੋਂ ਸੱਚ ਕਹਿੰਦਾ ਸੀ, ਓਹਨੂੰ ਉਸ ਦਿਨ ਬੋਲਣ ਤੋਂ ਰੋਕਤਾ।
ਪੰਥ ਦੀਆਂ ਸੰਸਥਾਵਾਂ ਕਿੱਥੇ ਨੇ? ਕੋਈ ਸੰਪਰਦਾ ਨਹੀ ਬੋਲਦੀ, ਕੋਈ ਟਕਸਾਲ ਨਹੀ ਬੋਲਦੀ, ਕੋਈ ਕਮੇਟੀ, ਜਥੇਦਾਰ, ਕੋਈ ਲੀਡਰ ਨਹੀ ਬੋਲਦਾ, ਹਾਂ ਮਹਿਰੋਂ ਸੱਚ ਕਹਿੰਦਾ ਸੀ। ਸਾਰਾ ਕਸੂਰ ਮਾਤਾ ਦਾ, ਜਿੰਨੇ ਮਹਿਰੋੰ ਨੂੰ ਪੰਥ ਦੀਆਂ ਸੰਸਥਾਵਾਂ ਖਿਲਾਫ ਬੋਲਣ ਤੋਂ ਰੋਕਿਆ। ਸਾਡੇ ਸੁਝਾਅ ਨਹੀ ਮੰਨੇ।
ਸਾਨੂੰ ਸਾਥ ਦੇਣ ਲਈ ਨਾਈ ਹੱਥ ਸੱਦਾ ਪੱਤਰ ਨਹੀ ਭੇਜਿਆ। ਜੇ ਸਾਨੂੰ ਸੇਵਾ ਲਾਈ ਹੁੰਦੀ ਤੇ ਅੱਜ ਮੋਰਚਾ ਕੁਝ ਹੋਰ ਹੁੰਦਾ।
ਕੌਮ ਦੇ ਜਥੇਦਾਰ ਮਾੜੇ ਨੇ, ਸਮਰਥਕ ਏਨਾਂ ਨੂੰ ਗਾਲਾਂ ਕਿਓਂ ਨਹੀ ਕੱਢਦੇ?
ਤੱਤਸਾਰ
ਜਿੰਨਾ ਸਾਥ ਦੇਣਾ ਸੀ ਓਹਨਾਂ ਬਿਨਾਂ ਸ਼ਰਤ ਦਿੱਤਾ, ਜਿੰਨਾ ਨਹੀ ਦੇਣਾ ਸੀ ਓਹਨਾਂ ਲੱਖ ਬਹਾਨੇ ਲੱਭ ਲਏ।
ਮੌਕੇ ਮੁਤਾਬਕ ਪਾਸਾ ਬਦਲਦੇ ਰਹੇ। ਸੋ ਹੁਣ ਤੱਤ ਇਹ ਨਿਕਲਦਾ ਕਿ ਅੰਮ੍ਰਿਤਪਾਲ, ਓਹਦਾ ਟੱਬਰ ਤੇ ਸਮਰਥਕ ਹਰ ਪੱਖ ‘ਚ ਗਲਤ ਨੇ।
ਸਰਕਾਰ ਨੇ ਜੋ ਕੀਤਾ ਜਾਂ ਜੋ ਕਰ ਰਹੀ ਆ ਓਹ ਪੰਥ ਪੰਜਾਬ ਦੇ ਭਲੇ ਹਿੱਤ ਹੀ ਆ।
ਪਿੱਪਲ਼ ਸਿੰਘ