Breaking News

ਕਾਰ ਚੋਰਾਂ ਨੇ ਕੈਨੇਡਾ ‘ਚ ਮੰਤਰੀਆਂ ਦੀਆਂ ਗੱਡੀਆਂ ‘ਤੇ ਕੀਤੇ ਹੱਥ ਸਾਫ

ਕੈਨੇਡਾ ‘ਚ ਗੱਡੀਆਂ ਦੀ ਚੋਰੀ ਦਾ ਮਸਲਾ ਏਨਾ ਗੰਭੀਰ ਹੋ ਗਿਆ ਕਿ ਲੋਕਾਂ ਨੇ ਵਧੀਆ ਗੱਡੀਆਂ ਗੈਰਾਜਾਂ ‘ਚ ਖੜੀਆਂ ਕਰ ਦਿੱਤੀਆਂ ਹਨ, ਚੋਰਾਂ ਤੋਂ ਵੀ ਬਚਾਅ ਅਤੇ ਫਿਰੌਤੀ ਮੰਗਣ ਵਾਲਿਆਂ ਤੋਂ ਵੀ। ਬੰਦੇ ਪੈਸੇ ਕਮਾ ਕੇ ਵੀ ਮਨਪਸੰਦ ਗੱਡੀ ਚਲਾਉਣ ਜੋਗੇ ਨਹੀਂ ਰਹੇ।

ਆਮ ਬੰਦੇ ਦੀ ਛੱਡੋ, ਇਹ ਦੇਖੋ:

-ਨਿਆਂ ਮੰਤਰੀ ਆਰਿਫ ਵਿਰਾਨੀ ਦੀ ਸਰਕਾਰੀ ਮਾਲਕੀ ਵਾਲੀ ਟੋਇਟਾ ਹਾਈਲੈਂਡਰ ਗੱਡੀ ਨਵੰਬਰ ਵਿੱਚ ਚੋਰੀ ਹੋ ਗਈ ਸੀ ਅਤੇ ਬਾਅਦ ਵਿੱਚ ਬਰਾਮਦ ਕੀਤੀ ਗਈ।

-ਫਰਵਰੀ 2021 ਵਿੱਚ ਡੇਵਿਡ ਲੈਮੇਟੀ ਦੇ ਨਿਆਂ ਮੰਤਰੀ ਹੁੰਦਿਆਂ ਉਨ੍ਹਾਂ ਨੂੰ ਮਿਲੀ ਟੋਇਟਾ ਹਾਈਲੈਂਡਰ ਗੱਡੀ ਵੀ ਚੋਰੀ ਹੋ ਗਈ ਸੀ। ਬਾਅਦ ‘ਚ ਲੱਭ ਪਈ।

-ਐਮਰਜੈਂਸੀ ਤਿਆਰੀ ਬਾਰੇ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਸੌਂਪੀ ਗਈ ਟੋਇਟਾ ਹਾਈਲੈਂਡਰ ਗੱਡੀ ਪਿਛਲੀ ਫਰਵਰੀ ਵਿੱਚ ਚੋਰੀ ਹੋ ਗਈ ਸੀ, ਮੁੜਕੇ ਬਰਾਮਦ ਕੀਤੀ ਗਈ ਸੀ।

-ਕੈਨੇਡਾ ਰੈਵੇਨਿਊ ਏਜੰਸੀ ਕਮਿਸ਼ਨਰ ਬੌਬ ਹੈਮਿਲਟਨ ਦੀ ਟੋਇਟਾ ਹਾਈਲੈਂਡਰ ਗੱਡੀ, 2022 ਵਿੱਚ ਚੋਰੀ ਹੋਈ ਸੀ, ਅਜੇ ਤੱਕ ਨਹੀਂ ਲੱਭੀ।

ਜਿਸਦੀ ਗੱਡੀ ਚੋਰੀ ਨਹੀਂ ਵੀ ਹੋਈ, ਹਰਜਾਨਾ ਓਹਨੂੰ ਵੀ ਭਰਨਾ ਪੈਣਾ। ਇੰਸ਼ੋਰੈਂਸ ਨੇ ਸਭ ਦੇ ਰੇਟ ਵਧਾ ਦੇਣੇ, ਉਨ੍ਹਾਂ ਪੱਲਿਓਂ ਨਹੀਂ ਦੇਣੇ।

ਇੱਕ ਸੱਜਣ ਦਾ ਕਹਿਣਾ ਹੈ ਕਿ ਸਰਕਾਰਾਂ ਨੇ ਲੋਕਾਂ ਸਿਰ ਟੈਕਸ ਹੀ ਇੰਨੇ ਪਾ ਦਿੱਤੇ ਕਿ ਲੋਕ ਬਾਗੀ ਹੋ ਰਹੇ ਆ। ਉਹ ਕੰਮ ਕਾਰ ਦੀ ਥਾਂ ਚੋਰੀਆਂ ਡਾਕੇ ਮਾਰ ਕੇ ਪੈਸੇ ਕਮਾਉਣ ਦੇ ਰਾਹ ਪੈ ਗਏ ਹਨ, ਕੰਮ ਕਰਕੇ ਬਚਦਾ ਕੁਝ ਨਹੀਂ।

ਦੂਜਾ ਸੱਜਣ ਕਹਿ ਰਿਹਾ ਕਿ ਕੈਨੇਡਾ ਨੇ ਵਣ-ਵਣ ਦੀ ਲੱਕੜੀ ਇਕੱਠੀ ਕਰ ਲਈ। ਬਿਨਾ ਸਕਰੀਨਿੰਗ ਤੋਂ, ਕੁੱਲ ਸੰਸਾਰ ‘ਚੋਂ ਅਪਰਾਧੀ ਬਹੁਤ ਆ ਗਏ, ਵਾਈਟ ਕਾਲਰ ਠੱਗ ਵੀ, ਹੁਣ ਊਨ੍ਹਾਂ ਨੇ ਸਵੇਰੇ ਲੰਚ ਕਿੱਟ ਚੁੱਕ ਕੇ ਡਰਾਈਵਾਲ ਲਾਉਣ ਤਾਂ ਜਾਣਾ ਨੀ, ਸਕੀਮ ਹੀ ਲਾਉਣੀ ਕੋਈ ਨਾ ਕੋਈ। ਚੋਰ ਮੋਰੀਆਂ ਦਾ ਕੈਨੇਡਾ ‘ਚ ਘਾਟਾ ਕੋਈ ਨੀ, ਅਗਲੇ ਪੂਰਾ ਫਾਇਦਾ ਚੁੱਕ ਰਹੇ।
ਤੁਹਾਡਾ ਕੀ ਕਹਿਣਾ?

-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ