ਲੋਕ ਸਭਾ ਚੋਣਾਂ 2024’ਚ ਪੰਜਾਬ ਦੀ ਸਭ ਤੋਂ ਵੱਡੀ ਜਿੱਤ
ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਡਿਬਰੂਗੜ੍ਹ ਜ਼ੇਲ੍ਹ’ਚ ਨਜ਼ਰਬੰਦ ਅਜ਼ਾਦ ਉਮੀਦਵਾਰ ਭਾਈ ਅੰਮ੍ਰਿਤਪਾਲ ਸਿੰਘ ਨੇ 1 ਲੱਖ 97 ਹਜ਼ਾਰ 1 ਸੌ 20 ਵੋਟਾਂ ਨਾਲ ਵੱਡੀ ਤੇ ਇਤਿਹਾਸਕ ਜਿੱਤ ਦਰਜ ਕਰਦਿਆਂ ਆਪਣੇ ਨੇੜਲੇ ਵਿਰੋਧੀ ਕਾਂਗਰਸ ਦੇ ਕਲ਼ਬੀਰ ਸਿੰਘ ਜ਼ੀਰਾ ਨੂੰ ਹਰਾ ਦਿੱਤਾ ਹੈ।
ਅੰਮ੍ਰਿਤਪਾਲ ਸਿੰਘ ਨੂੰ 4,04,430 ਤੇ ਕੁਲਵੀਰ ਸਿੰਘ ਜ਼ੀਰਾ ਨੂੰ 2,07,310 ਵੋਟਾਂ ਮਿਲੀਆਂ।
ਆਪ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ 1,94,836 ਵੋਟਾਂ ਪ੍ਰਾਪਤ ਕੀਤੀਆਂ।
ਸ਼੍ਰੋਮਣੀ ਅਕਾਲੀ ਦਲ(ਬਾਦਲ) ਦੇ ਵਿਰਸਾ ਸਿੰਘ ਵਲਟੋਹਾ ਨੇ ਬਿਲਕੁਲ ਅਖੀਰ’ਤੇ ਭਾਜਪਾ ਦੇ ਉਮੀਦਵਾਰ ਮਨਜੀਤ ਸਿੰਘ ਮੰਨਾ ਨੂੰ 43 ਵੋਟਾਂ ਨਾਲ ਕੱਟ ਕੇ ਚੌਥਾ ਸਥਾਨ ਹਾਸਿਲ ਕਰ ਲਿਆ।
ਵਲਟੋਹਾ ਨੂੰ 86416 ਜਦਕਿ ਮੰਨੇ ਨੂੰ 86373 ਵੋਟਾਂ ਪਈਆਂ।
ਆਮ ਆਦਮੀ ਪਾਰਟੀ ਦੀ ਹੁਸ਼ਿਆਰਪੁਰ ਆਨੰਦਪੁਰ ਸਾਹਿਬ ਅਤੇ ਸੰਗਰੂਰ ਦੀ ਸੀਟ ਸਿਰਫ ਪਾਰਟੀ ਜਿੱਤ ਨਹੀਂ ਹੈ। ਇਸ ਵਿੱਚ ਉਮੀਦਵਾਰਾਂ ਦੀ ਸ਼ਖਸੀਅਤ ਵਿਸ਼ੇਸ਼ ਦਾ ਯੋਗਦਾਨ ਅਤੇ ਭਾਜਪਾ ਫੈਕਟਰ ਵੀ ਵੱਡਾ ਕਾਰਕ ਬਣਿਆ ਹੈ।
ਦੂਜਾ ਸਿਮਰਨਜੀਤ ਸਿੰਘ ਮਾਨ ਦੀਆਂ ਆਪਣੇ ਜੇਤੂ ਕਾਰਕਾਂ ਤੋਂ ਹੀ ਮੁਨਕਰ ਹੋਣਾ ( ਦੀਪ ਸਿੱਧੂ ਅਤੇ ਸਿਧੂ ਮੂਸੇਵਾਲਾ) ਇਸ ਤੋਂ ਇਲਾਵਾ ਭਾਈ ਸਰਬਜੀਤ ਸਿੰਘ ਖਾਲਸਾ ਬਾਰੇ ਆਖ਼ਰੀ ਵੇਲੇ ਦੀਆਂ ਟਿੱਪਣੀਆਂ ਜਹੇ ਨਿੱਕੇ ਨਿੱਕੇ ਕਾਰਕ ਅਤੇ ਸੰਗਠਾਨਤਮਕ ਢੰਗ ਨਾਲ ਪਾਰਟੀ ਵਿਸਥਾਰ ਨਾ ਕਰਨਾ, ਸੁਖਪਾਲ ਸਿੰਘ ਖਹਿਰਾ ਪ੍ਰਮੁੱਖ ਰਹੇ ਹਨ।
ਆਮ ਆਦਮੀ ਪਾਰਟੀ ਲਈ ਇਹ ਵੀ ਸੋਚਣ ਦਾ ਵੇਲਾ ਹੈ ਕਿ ਦਿੱਲੀ ਮਾਡਲ ਤਾਂ 7-0 ‘ਤੇ ਇਕੱਠਾ ਹੋ ਗਿਆ ਹੈ ਅਤੇ ਇੱਥੇ 13 ਵਿੱਚੋਂ 3 ਤੱਕ ਮਹਿਦੂਦ ਰਹਿ ਗਏ। ਕੁੱਲ ਮਿਲਾਕੇ ਗੱਲ ਇਹੋ ਹੈ ਕਿ ਜੋ ਮੋਦੀ ਬਾਦਲ ਮਾਨ ਅਤੇ ਆਪ ਤੱਕ ਨੂੰ ਸਮਝਣ ਦੀ ਲੋੜ ਹੈ ਕਿ ਲੋਕ ਅਤਿ ਨਹੀਂ ਪਸੰਦ ਕਰਦੇ। ਇਹ ਸਨਕ ਅਤੇ ਧੱਕੇਸ਼ਾਹੀ ਦੇ ਖਿਲਾਫ ਮਜ਼ਲੂਮ ਨਾਲ ਖੜ੍ਹਣ ਦੇ ਪ੍ਰਤੀਕ ਦੀ ਲੜਾਈ ਸੀ।
ਅਕਾਲੀ ਦਲ ਦੇ ਸਿਆਸਤਦਾਨਾਂ ਵਿੱਚ ਇਹ ਗੱਲ ਸਹਿਜ ਹੋ ਸਕਦੀ ਸੀ ਕਿ ਮਤਭੇਦ ਦੇ ਹੁੰਦਿਆਂ ਪੰਥ ਅੰਦਰ ਦੇ ਦੂਜੇ ਬੰਦਿਆਂ ਪ੍ਰਤੀ ਗੈਰ ਜ਼ਰੂਰੀ ਟਿੱਪਣੀਆਂ ਤੋਂ ਕਿਨਾਰਾ ਹੋ ਸਕਦਾ ਸੀ ਕਿਉਂ ਕਿ ਪੰਥ ਵਿੱਚ ਮਤਭੇਦ ਹੋਣ ਪਰ ਮਨਭੇਦ ਨਹੀਂ ਹੋ ਸਕਦੇ ਸੀ। ਇਹ ਚੋਣਾਂ ਵਿਰਸਾ ਸਿੰਘ ਵਲਟੋਹਾ ਦੀ ਅਤਿ ਘਚੋਲ਼ੇ ਖਾਂਦੀ ਹਾਰ ਲਈ ਵੀ ਯਾਦ ਰੱਖੀ ਜਾਵੇਗੀ। ਸ਼੍ਰੋਮਣੀ ਅਕਾਲੀ ਦਲ ਲਈ ਸਾਰੀ ਲੜਾਈ ਬਠਿੰਡੇ ਤੱਕ ਹੀ ਕਿਉਂ ਰਹਿ ਗਈ ਹੈ ? ਕੀ ਬਠਿੰਡੇ ਜਿੰਨੀ ਮਸ਼ੱਕਤ ਬਾਕੀ ਥਾਵਾਂ ‘ਤੇ ਅਕਾਲੀ ਦਲ ਨੇ ਮਾਰੀ ਹੈ ?
ਇਹ ਭਾਈ ਅੰਮ੍ਰਿਤਪਾਲ ਸਿੰਘ ਅਤੇ ਭਾਈ ਸਰਬਜੀਤ ਸਿੰਘ ਖਾਲਸਾ ਲਈ ਵੀ ਅੱਗੇ ਵੱਡੀਆਂ ਚਣੌਤੀਆਂ ਭਰਿਆ ਰਾਹ ਹੈ ਜਿੱਥੇ ਪੰਥ ਅਤੇ ਲੋਕਾਂ ਲਈ ਸਹਿਜ ਸੰਵਾਦ ਅਤੇ ਸੰਗਤ ਦਾ ਰਾਹ ਉਹ ਕਿਵੇਂ ਬਣਾਉਂਦੇ ਹਨ।
ਮਲਵਿੰਦਰ ਸਿੰਘ ਕੰਗ ਮੀਤ ਹੇਅਰ ਮੁੱਖ ਧਾਰਾ ਪਾਰਟੀ ਦੇ ਨੌਜਵਾਨ ਆਗੂ ਹਨ। ਭਾਈ ਅੰਮ੍ਰਿਤਪਾਲ ਸਿੰਘ ਅਤੇ ਭਾਈ ਸਰਬਜੀਤ ਸਿੰਘ ਖਾਲਸਾ ਪੰਥਕ ਸਿਆਸਤ ਦੇ ਨੌਜਵਾਨ ਆਗੂ ਹਨ। ਇਹਨਾਂ ਦੇ ਲੋਕ ਸਭਾ ਪ੍ਰਦਰਸ਼ਨ ਅਤੇ ਆਪਣੀ ਸਿਆਸਤ ਦੇ ਸਮਤੋਲ ਦੀ ਪੜਚੋਲ ਹੁੰਦੀ ਰਹੇਗੀ।
ਇਹ ਵੀ ਸੱਚ ਹੈ ਕਿ ਆਪਣੀ ਤਕਰੀਰ ਅਤੇ ਲੋਕ ਨਾਲ ਮੇਲਜੋਲ ਵਿੱਚ ਜਿੰਨਾ ਕੰਮ ਉਤਸ਼ਾਹ ਅਤੇ ਦੂਰਦ੍ਰਿਸ਼ਟੀ ਰਾਹੁਲ ਗਾਂਧੀ ਲੈਕੇ ਤੁਰਿਆ ਸੀ ਉਸ ਤਰ੍ਹਾਂ ਦਾ ਇੱਕ ਵੀ ਗੁਣ ਪੰਜਾਬ ਦੇ ਕਿਸੇ ਵੀ ਮੁੱਖ ਧਾਰਾ ਸਿਆਸਤ ਦੇ ਆਗੂ ਵਿੱਚ ਨਹੀਂ ਹੈ।
~ ਹਰਪ੍ਰੀਤ ਸਿੰਘ ਕਾਹਲੋਂ
ਚੋਣ ਦਿਲਚਸਪੀਆਂਃ
-ਮੋਦੀ ਤੋਂ ਵੱਧ ਵੋਟਾਂ ਦੇ ਫਰਕ ਨਾਲ ਖਡੂਰ ਸਾਹਿਬ ਵਾਲਿਆਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਤਾਇਆ। ਭਾਈ ਸਰਬਜੀਤ ਸਿੰਘ ਨੂੰ ਵੀ ਫਰੀਦਕੋਟੀਆਂ ਨੇ ਵੱਡੇ ਫਰਕ ਨਾਲ ਜਿਤਾ ਕੇ ਮਾਣ ਬਖਸ਼ਿਆ। ਸਰਦਾਰ ਮਾਨ ਇਸ ਵਾਰ ਜਿੱਤ ਨਾ ਸਕੇ। ਬਾਰਾਮੂਲਾ (ਕਸ਼ਮੀਰ) ਤੋਂ ਇੰਜਨੀਅਰ ਰਾਸ਼ਿਦ ਵੀ ਜੇਲ੍ਹ ‘ਚੋਂ ਜਿੱਤਿਆ।
-ਪੰਜਾਬ ਵਿੱਚ ਕਾਂਗਰਸ ਸੱਤ, ਆਪ ਤਿੰਨ, ਦੋ ਆਜ਼ਾਦ ਅਤੇ ਅਕਾਲੀ ਦਲ ਇੱਕ ਸੀਟ ‘ਤੇ ਜੇਤੂ। ਭਾਜਪਾ ਦਾ ਪੰਜਾਬ ਵਿੱਚ ਵੋਟ ਫੀਸਦ ਵਧਿਆ ਪਰ ਪਹਿਲੀਆਂ ਦੋ ਸੀਟਾਂ ਵੀ ਹਾਰ ਗਏ, ਐਤਕੀਂ ਸੀਟ ਕੋਈ ਨਾ ਮਿਲੀ।
-ਭਾਜਪਾ ਨੂੰ ਇਕੱਲਿਆਂ ਬਹੁਮਤ ਨਾ ਮਿਲਿਆ, ਸਵਾ ਦੋ ਸੌ ਸੀਟਾਂ ਦੁਆਲੇ ਘੁੰਮ ਰਹੇ ਹਨ, ਭਾਈਵਾਲ਼ਾਂ ਨਾਲ ਮਿਲਕੇ ਬਣਾਉਣਗੇ ਸਰਕਾਰ। ਸਰਕਾਰ ‘ਚ ਛੋਟੀਆਂ ਪਾਰਟੀਆਂ ਦਾ ਪ੍ਰਭਾਵ ਰਹੇਗਾ, ਖਾਸਕਰ ਨਿਤਿਸ਼ ਕੁਮਾਰ ਦਾ। ਕੋਈ ਪੱਟ-ਉਲੱਦ ਵੀ ਹੋ ਸਕਦੀ।
-ਕਿਸਾਨ ਵਿਰੋਧੀ ਅਜੈ ਮਿਸ਼ਰਾ ਟੈਣੀ ਯੂਪੀ ਤੋਂ ਹਾਰਿਆ। ਕਿਸਾਨ ਮੋਰਚੇ ਦੇ ਗੜ੍ਹ ਪੰਜਾਬ, ਹਰਿਆਣਾ, ਰਾਜਸਥਾਨ ‘ਚੋਂ ਭਾਜਪਾ ਠੋਕ ਕੇ ਹਾਰੀ।
-ਸਿਮਰਤੀ ਇਰਾਨੀ, ਰਵਨੀਤ ਬਿੱਟੂ, ਤਰਣਜੀਤ ਸੰਧੂ, ਹੰਸ ਰਾਜ ਹੰਸ ਹਾਰੇ। ਹੋਰ ਤਾਂ ਹੋਰ ਭਾਜਪਾ ਅਯੋਧਿਆ ਵਿੱਚ ਵੀ ਹਾਰ ਗਈ (ਹਲਕਾ ਫੈਜ਼ਾਬਾਦ)।
-ਚੋਣ ਸਰਵੇਖਣ ਫੇਲ੍ਹ ਹੋਏ, ਸੱਟੇ ਵਾਲਿਆਂ ਦੇ ਅੰਦਾਜ਼ੇ ਹਕੀਕਤ ਦੇ ਲਾਗੇ ਰਹੇ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ