ਮੌਜੂਦਾ ਚੋਣਾਂ ਅਤੇ ਪੰਜਾਬ ਵਿੱਚ ਸਿੱਖਾਂ ਦਾ ਭਵਿੱਖ
ਪ੍ਰਭਸ਼ਰਨਦੀਪ ਸਿੰਘ
ਲੋਕ ਸਭਾ ਚੋਣਾਂ ਵਿੱਚ ਦੋ ਪੰਥਕ ਉਮੀਦਵਾਰਾਂ ਭਾਈ ਅਮ੍ਰਿਤਪਾਲ ਸਿੰਘ ਅਤੇ ਭਾਈ ਸਰਬਜੀਤ ਸਿੰਘ ਨੂੰ ਜਿੱਤ ਹਾਸਲ ਹੋਈ ਹੈ ਜਿਸ ਲਈ ਉਹ ਅਤੇ ਉਹਨਾਂ ਦੇ ਸਾਥੀ ਵਧਾਈ ਦੇ ਹੱਕਦਾਰ ਹਨ। ਇਹ ਜਿੱਤ ਇਹਨਾਂ ਉਮੀਦਵਾਰਾਂ ਦੇ ਹੱਕ ਵਿੱਚ ਬਣੀ ਲਹਿਰ ਸਦਕਾ ਹੋਈ ਹੈ।
ਇਹ ਲਹਿਰ ਖੜ੍ਹੀ ਕਰਨ ਵਿੱਚ ਹੋਰਨਾਂ ਦੇ ਨਾਲ਼ ਭਾਈ ਪਪਲਪ੍ਰੀਤ ਸਿੰਘ ਨੇ ਬਹੁਤ ਅਹਿਮ ਹਿੱਸਾ ਪਾਇਆ ਹੈ ਜਿਸ ਲਈ ਉਹ ਧੰਨਵਾਦ ਅਤੇ ਵਧਾਈ ਦੇ ਹੱਕਦਾਰ ਹਨ।
ਭਾਈ ਪਪਲਪ੍ਰੀਤ ਸਿੰਘ ਵਰਗੇ ਸੂਝਵਾਨ, ਦੂਰਅੰਦੇਸ਼, ਨਿਸ਼ਕਾਮ, ਅਤੇ ਤਨੋਂ-ਮਨੋਂ ਪੰਥ ਨੂੰ ਸਮਰਪਿਤ ਆਗੂ ਸਦਾ ਹੀ ਅਜਿਹੀਆਂ ਲਹਿਰਾਂ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ।
ਅਜਿਹੀਆਂ ਸ਼ਖ਼ਸੀਅਤਾਂ ਦੀ ਦੇਣ ਨੂੰ ਚੇਤੇ ਰੱਖਣਾ ਅਤੇ ਉਹਨਾਂ ਨੂੰ ਬਣਦਾ ਸਤਿਕਾਰ ਦੇਣਾ ਕਿਸੇ ਵੀ ਲਹਿਰ ਦੇ ਜਿਉਂਦੀ ਰਹਿਣ ਲਈ ਜ਼ਰੂਰੀ ਹੁੰਦਾ ਹੈ।
ਮੌਜੂਦਾ ਚੋਣਾਂ ਵਿੱਚ ਸ. ਸਿਮਰਨਜੀਤ ਸਿੰਘ ਮਾਨ ਅਤੇ ਭਾਈ ਅਮ੍ਰਿਤਪਾਲ ਸਿੰਘ ਛੰਦੜਾ ਨੂੰ ਜਿੱਤ ਹਾਸਲ ਨਹੀਂ ਹੋਈ। ਇਹ ਦੋਵੇਂ ਉਮੀਦਵਾਰ ਸੇਵਾ ਅਤੇ ਕੁਰਬਾਨੀ ਪੱਖੋਂ ਜਿੱਤ ਦੇ ਬਰਾਬਰ ਹੱਕਦਾਰ ਸਨ। ਲੱਖਾ ਸਿਧਾਣਾ ਅਤੇ ਸ਼੍ਰੋਮਣੀ ਅਕਾਲੀ ਦਲ (ਅਮ੍ਰਿਤਸਰ) ਦੇ ਬਾਕੀ ਉਮੀਦਵਾਰ ਵੀ ਜਿੱਤ ਦੇ ਹੱਕਦਾਰ ਸਨ।
ਭਾਵੇਂ ਹੁਸ਼ਿਆਰਪੁਰ ਪੰਥਕ ਹਲਕੇ ਵਜੋਂ ਨਹੀਂ ਜਾਣਿਆ ਜਾਂਦਾ, ਤਾਂ ਵੀ ਉੱਥੇ ਸਿੱਖ ਵੋਟ ਇੰਨੀ ਘੱਟ ਨਹੀਂ। ਭਾਈ ਜੀਵਨ ਸਿੰਘ ਤਾਮਿਲ ਨੂੰ ਭਰ੍ਹਵੀਂ ਸਿੱਖ ਵੋਟ ਜ਼ਰੂਰ ਮਿਲ਼ਣੀ ਚਾਹੀਦੀ ਸੀ। ਪਰ ਪੰਜਾਬ ਦੇ ਬਾਕੀ ਹਲਕਿਆਂ ਵਿੱਚ ਖਡੂਰ ਸਾਹਿਬ ਅਤੇ ਫ਼ਰੀਦਕੋਟ ਵਾਲ਼ੀ ਲਹਿਰ ਨਹੀਂ ਸੀ ਜਿਸ ਕਰਕੇ ਬਾਕੀ ਉਮੀਦਵਾਰ ਕਾਮਯਾਬ ਨਹੀਂ ਹੋ ਸਕੇ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮਾਨ ਸਾਹਿਬ ਦੀ ਹਾਰ ਲਈ ਕਾਫ਼ੀ ਹੱਦ ਤੱਕ ਸੁਖਪਾਲ ਸਿੰਘ ਖਹਿਰਾ ਜ਼ਿੰਮੇਵਾਰ ਹੈ। ਪਰ ਜੇ ਸੰਗਰੂਰ ਵਿੱਚ ਖਡੂਰ ਸਾਹਿਬ ਅਤੇ ਫ਼ਰੀਦਕੋਟ ਵਰਗੀ ਲਹਿਰ ਹੁੰਦੀ ਤਾਂ ਖਹਿਰੇ ਦਾ ਖ਼ਾਸ ਪ੍ਰਭਾਵ ਨਹੀਂ ਸੀ ਰਹਿਣਾ।
ਉਪਰੋਕਤ ਸਥਿਤੀ ਦੱਸਦੀ ਹੈ ਕਿ ਪੰਥਕ ਧਿਰ ਅਜੇ ਤੱਕ ਕਿਸੇ ਲਹਿਰ ਦੇ ਵਗਣ ਦੀ ਮੁਥਾਜ ਹੈ। ਅਜੇ ਤੱਕ ਪੰਥਕ ਧਿਰ ਨੇ ਆਪਣਾ ਮਜ਼ਬੂਤ ਜ਼ਮੀਨੀ ਆਧਾਰ ਨਹੀਂ ਬਣਾਇਆ। ਵਕਤੀ ਲਹਿਰਾਂ ਸੰਜੀਦਾ ਸਿਆਸੀ ਸਰਗਰਮੀ ਤੋਰਨ ਲਈ ਹੁਲਾਰੇ ਦਾ ਕੰਮ ਤਾਂ ਕਰ ਸਕਦੀਆਂ ਹਨ ਪਰ ਇਹ ਆਪਣੇ-ਆਪ ਵਿੱਚ ਵੱਡੀ ਪ੍ਰਾਪਤੀ ਨਹੀਂ ਹੁੰਦੀਆਂ।
ਜ਼ਮੀਨੀ ਹਕੀਕਤ ਇਹ ਹੈ ਕਿ ਜੂਨ 84 ਦੇ ਘੱਲੂਘਾਰੇ ਦੇ 40ਵੇਂ ਸਾਲ ਦੇ ਦਿਨਾਂ ਵਿੱਚ ਪੰਜਾਬ ਵਿੱਚੋਂ ਸਭ ਤੋਂ ਵੱਧ ਸੀਟਾਂ ਕਾਂਗਰਸ ਨੂੰ ਮਿਲ਼ੀਆਂ ਹਨ। ਕਾਂਗਰਸ ਉਹ ਪਾਰਟੀ ਹੈ ਜਿਹੜੀ ਜੂਨ ਚੁਰਾਸੀ ਦੇ ਘੱਲੂਘਾਰੇ ਅਤੇ ਸਿੱਖਾਂ ਦੀ ਨਸਲਕੁਸ਼ੀ ਲਈ ਜ਼ਿੰਮੇਵਾਰ ਹੈ। ਸਿੱਖਾਂ ਨੇ ਕਾਂਗਰਸ ਨੂੰ ਇਉਂ ਵੋਟਾਂ ਪਾਈਆਂ ਹਨ ਜਿਵੇਂ ਕਦੇ ਕੁਛ ਹੋਇਆ ਹੀ ਨਹੀਂ ਹੁੰਦਾ।
ਪੰਜਾਬ ਵਿੱਚ ਵਸਦੇ ਸਿੱਖਾਂ ਅੰਦਰਲੇ ਵੱਡੇ ਹਿੱਸੇ ਵਿੱਚ ਅਜਿਹੀ ਮਾਨਸਿਕਤਾ ਦਾ ਹੋਣਾ ਪੰਥਕ ਧਿਰਾਂ ਲਈ ਗੰਭੀਰ ਸਰੋਕਾਰ ਹੋਣਾ ਚਾਹੀਦਾ ਹੈ।
ਸੁਖਪਾਲ ਸਿੰਘ ਖਹਿਰੇ ਵਰਗੇ ਬੰਦਿਆਂ ‘ਤੇ ਯਕੀਨ ਕਰਨ ਤੋਂ ਪਹਿਲਾਂ ਗੰਭੀਰਤਾ ਨਾਲ਼ ਸੋਚਣਾ ਚਾਹੀਦਾ ਹੈ। ਜਿਹੜੇ ਬੰਦੇ ਕਾਂਗਰਸ ਵਰਗੀ ਸਿੱਖ ਦੁਸ਼ਮਣ ਜਮਾਤ ਨੂੰ ਛੱਡਣ ਲਈ ਤਿਆਰ ਨਹੀਂ ਉਹਨਾਂ ਦੀ ਚੰਗੀ ਬਿਆਨਬਾਜ਼ੀ ਦਾ ਵੀ ਕੋਈ ਖ਼ਾਸ ਅਰਥ ਨਹੀਂ।
ਅੱਜ ਪੰਥਕ ਧਿਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਮੌਜੂਦਾ ਲਹਿਰ ਨੂੰ ਮਜ਼ਬੂਤ ਜ਼ਮੀਨੀ ਹਕੀਕਤ ਵਿੱਚ ਬਦਲਣ। ਇਹ ਟੀਚਾ ਸਰ ਕਰਨ ਲਈ ਕਾਬਲ ਆਗੂਆਂ ਅਤੇ ਕਾਰਕੁਨਾਂ ਦੀ ਲੋੜ ਹੈ ਜਿਸ ਲਈ ਵਡੇਰਾ ਸਾਂਝਾ ਪੰਥਕ ਮੁਹਾਜ਼ ਲੋੜੀਂਦਾ ਹੈ।
ਮੌਜੂਦਾ ਚੋਣਾਂ ਵਿੱਚ ਅਕਾਲੀ ਦਲ ਬਾਦਲ ਨੂੰ ਸਿਰਫ਼ ਇੱਕ ਸੀਟ ਹਾਸਲ ਹੋਈ ਹੈ। ਇਸ ਪਾਰਟੀ ਦੇ ਬਹੁਤੇ ਉਮੀਦਵਾਰਾਂ ਨੂੰ ਨਮੋਸ਼ੀਜਨਕ ਹਾਰ ਮਿਲ਼ੀ ਹੈ।
ਅਜਿਹੀ ਸਥਿਤੀ ਲਈ ਅਕਾਲੀ ਦਲ ਬਾਦਲ ਦੇ ਆਗੂਆਂ ਦਾ ਕਿਰਦਾਰ ਅਤੇ ਉਹਨਾਂ ਦੀ ਸਮਝ ਦੋਵੇਂ ਬਰਾਬਰ ਜ਼ਿੰਮੇਵਾਰ ਹਨ।
ਅਕਾਲੀ ਦਲ ਦਾ ਖ਼ਤਮ ਹੋਣਾ ਚੰਗੀ ਗੱਲ ਨਹੀਂ। ਪਰ ਅਕਾਲੀ ਦਲ ਦਾ ਮੂਲ ਖ਼ਾਸਾ ਖ਼ਤਮ ਕਰਕੇ ਬਾਦਲ ਦਲ ਦੇ ਆਗੂਆਂ ਨੇ ਇਸ ਪਾਰਟੀ ਨੂੰ ਬਹੁਤ ਪਹਿਲਾਂ ਹੀ ਬਰਬਾਦ ਕਰ ਦਿੱਤਾ ਸੀ।
ਹੁਣ ਸਿੱਖ ਨਵਾਂ ਸਿਆਸੀ ਬਦਲ ਚਾਹੁੰਦੇ ਹਨ। ਪੰਥਕ ਧਿਰਾਂ ਲਈ ਇਹ ਬਹੁਤ ਗੰਭੀਰ ਚੁਣੌਤੀ ਹੈ।
ਜੇ ਪੰਥਕ ਧਿਰਾਂ ਨੇ ਹੁਣ ਵੀ ਮੌਕਾ ਨਾ ਸੰਭਾਲ਼ਿਆ ਤਾਂ ਉਹਨਾਂ ਦੇ ਹੱਕ ਵਿੱਚ ਚੱਲੀ ਲਹਿਰ ਇਉਂ ਛਿਤਮ ਹੋ ਜਾਵੇਗੀ ਜਿਵੇਂ ਕਦੇ ਕੁਛ ਹੈ ਈ ਨਹੀਂ ਸੀ।
ਆਉਣ ਵਾਲ਼ਾ ਸਮਾਂ ਸਿੱਖਾਂ ਲਈ ਚੁਣੌਤੀਆਂ ਨਾਲ਼ ਭਰਿਆ ਹੋਵੇਗਾ। ਹਿੰਦੂ ਫ਼ਾਸ਼ੀ ਮੁੜ ਸੱਤਾ ਵਿੱਚ ਆ ਗਏ ਹਨ।
ਹਿੰਦੁਸਤਾਨ ਦੇ ਲੋਕਾਂ ਦੇ ਮਸਲੇ ਹੱਲ ਕਰਨੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਵੱਸ ਦੀ ਗੱਲ ਨਹੀਂ। ਇਸ ਲਈ, ਆਪਣੀ ਸਿਆਸੀ ਸਾਰਥਿਕਤਾ ਬਣਾਈ ਰੱਖਣ ਲਈ ਭਾਜਪਾ ਸਰਕਾਰ ਹਿੰਦੂਆਂ ਦੀਆਂ ਫ਼ਿਰਕਾਪ੍ਰਸਤ ਭਾਵਨਾਵਾਂ ਨੂੰ ਹੋਰ ਤੂਲ ਦੇਵੇਗੀ।
ਇਸ ਅਮਲ ਦੌਰਾਨ ਭਾਜਪਾ ਸਰਕਾਰ ਸਿੱਖਾਂ ਅਤੇ ਮੁਸਲਮਾਨਾਂ ਜਿਹੀਆਂ ਘੱਟਗਿਣਤੀਆਂ ਨੂੰ ਖ਼ਾਸ ਤੌਰ ਉੱਤੇ ਆਪਣੇ ਜਬਰ ਅਤੇ ਵਿਤਕਰੇ ਦਾ ਨਿਸ਼ਾਨਾ ਬਣਾਵੇਗੀ।
ਅਜਿਹੀ ਸਥਿਤੀ ਵਿੱਚ ਸਿੱਖਾਂ, ਮੁਸਲਮਾਨਾਂ, ਅਤੇ ਹੋਰ ਘੱਟਗਿਣਤੀਆਂ ਦਾ ਸਾਂਝਾ ਮੁਹਾਜ਼ ਸਭ ਦੀ ਅਣਸਰਦੀ ਲੋੜ ਸੀ। ਪਰ ਬਦਕਿਸਮਤੀ ਵਾਲ਼ੀ ਗੱਲ ਹੈ ਕਿ ਹਿੰਦੁਸਤਾਨ ਦੇ ਮੁਸਲਮਾਨ ਅਤੇ ਈਸਾਈ ਵੀ ਹਿੰਦੂਆਂ ਵਾਂਗ ਸਿੱਖਾਂ ਪ੍ਰਤੀ ਨਫ਼ਰਤ ਵਾਲ਼ਾ ਰਵੱਈਆ ਰੱਖਦੇ ਹਨ।
ਇਸ ਕਰਕੇ, ਸਿੱਖਾਂ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਉਹ ਇਕੱਲੇ ਹਨ ਤੇ ਉਹਨਾਂ ਨੂੰ ਆਪਣੀ ਲੜਾਈ ਆਪਣੇ ਬਲਬੂਤੇ ਹੀ ਲੜਨੀ ਪੈਣੀ ਹੈ।
ਸਿੱਖਾਂ ਲਈ ਆਉਣ ਵਾਲ਼ਾ ਸਮਾਂ ਬਹੁਤ ਹੀ ਚੁਣੌਤੀਆਂ ਭਰਿਆ ਹੋਵੇਗਾ। ਸਿੱਖਾਂ ਨੂੰ ਨਵੇਂ ਸਿਆਸੀ ਬਦਲ ਦੀ ਲੋੜ ਹੈ ਤਾਂ ਇਸ ਦਾ ਅਰਥ ਇਹ ਨਹੀਂ ਕਿ ਹਿੰਦੁਸਤਾਨੀ ਹਕੂਮਤ ਚੁੱਪਚਾਪ ਅਜਿਹਾ ਬਦਲ ਉੱਭਰਨ ਦੇਵੇਗੀ। ਉਹ ਛਲ਼-ਕਪਟ ਅਤੇ ਜਬਰ-ਜ਼ੁਲਮ ਦੀ ਹਰ ਹੱਦ ਪਾਰ ਕਰਨਗੇ।
ਜੇ ਲੋਕਾਂ ਨੇ ਪੰਥ ਦੇ ਨੌਜੁਆਨ ਆਗੂਆਂ ਨੂੰ ਦਿਬਰੂਗੜ੍ਹ ਵਰਗੀ ਜੇਲ੍ਹ ਵਿੱਚ ਭੇਜੇ ਜਾਣ ‘ਤੇ ਚੁੱਪ ਰਹਿਣਾ ਹੈ ਤਾਂ ਸਿੱਖ ਆਗੂ ਅਤੇ ਸਿਆਸੀ ਕਾਰਕੁਨ ਪੰਥ ਲਈ ਕੁਝ ਕਰਨ ਵਾਸਤੇ ਆਜ਼ਾਦ ਨਹੀਂ ਹੋਣਗੇ।
ਜੇ ਨਵੇਂ ਆਗੂ ਲੋਕਾਂ ਨੂੰ ਜ਼ਮੀਨੀ ਪੱਧਰ ‘ਤੇ ਜਥੇਬੰਦ ਕਰਨ ਬਗ਼ੈਰ ਕਿਸੇ ਜਜ਼ਬਾਤੀ ਲਹਿਰ ਆਸਰੇ ਹੀ ਆਪਣੀ ਸਿਆਸਤ ਚਲਾਉਣ ਦੀ ਕੋਸ਼ਿਸ਼ ਕਰਨਗੇ ਤਾਂ ਲੋਕ ਵੀ ਉਹਨਾਂ ਨੂੰ ਆਪਣੀ ਹਮਾਇਤ ਦੇਣ ਲਈ ਅਗਲੀਆਂ ਚੋਣਾਂ ਦੀ ਉਡੀਕ ਕਰਦੇ ਰਹਿਣਗੇ। ਇਸ ਲਈ, ਆਗੂ ਅਤੇ ਆਮ ਲੋਕ ਦੋਵੇਂ ਇੱਕ-ਦੂਜੇ ‘ਤੇ ਨਿਰਭਰ ਹਨ, ਦੋਹਾਂ ਦੀਆਂ ਆਪੋ-ਆਪਣੇ ਹਿੱਸੇ ਦੀਆਂ ਜ਼ਿੰਮੇਵਾਰੀਆਂ ਹਨ।
ਸਭ ਨੂੰ ਇੱਕਸੁਰਤਾ ਅਤੇ ਤਾਲਮੇਲ ਨਾਲ਼ ਕੰਮ ਕਰਨ ਦੀ ਲੋੜ ਹੈ। ਆਉਣ ਵਾਲ਼ਾ ਸਮਾਂ ਬਹੁਤ ਭਿਆਨਕ ਹੈ ਪਰ ਸਿੱਖਾਂ ਨੂੰ ਆਪਣੀ ਤਾਕਤ ਨੂੰ ਘਟਾ ਕੇ ਨਹੀਂ ਵੇਖਣਾ ਚਾਹੀਦਾ।