Breaking News

ਸਿੱਖਾਂ ਵਲੋਂ ਐਮਰਜੈਂਸੀ ਦਾ ਵਿਰੋਧ ਬਣਿਆ ਫੌਜੀ ਹਮਲੇ ਦਾ ਅਹਿਮ ਕਾਰਨ

ਜੂਨ 84: ਤੀਜੇ ਘੱਲੂਘਾਰੇ ਦਾ ਇੱਕ ਅਹਿਮ ਕਾਰਨ

ਇੰਦਰਾ ਗਾਂਧੀ ਦੀ ਸਿਫਾਰਸ਼ ’ਤੇ ਭਾਰਤੀ ਸੰਵਿਧਾਨ ਦੀ ਧਾਰਾ 352 ਦੇ ਤਹਿਤ 25 ਜੂਨ 1975 ਤੋਂ 21 ਮਾਰਚ 1977 ਤੱਕ 21 ਮਹੀਨਿਆਂ ਦੀ ਮਿਆਦ ਲਈ ਭਾਰਤ ਵਿੱਚ ਐਮਰਜੰਸੀ ਲਾਈ ਗਈ। ਤਤਕਾਲੀ ਰਾਸ਼ਟਰਪਤੀ ਫਖ਼ਰੂਦੀਨ ਅਲੀ ਅਹਿਮਦ ਨੇ ਐਮਰਜੰਸੀ ਦਾ ਐਲਾਨ ਕੀਤਾ ਸੀ।

ਬੇਸ਼ੱਕ ਇਸਤੋਂ ਬਾਅਦ ਸਾਰੇ ਭਾਰਤ ‘ਚ ਹੀ ਹਾਲਾਤ ਆਮ ਵਰਗੇ ਕਦੇ ਨਾ ਹੋਏ ਤੇ ਅੱਜ ਵੀ ਉਸੇ ਤਰਜ਼ ‘ਤੇ ਅਣਐਲਾਨੀ ਐਮਰਜੰਸੀ ਜਾਰੀ ਹੈ ਪਰ ਇਸ ਐਮਰਜੰਸੀ ਤੋਂ ਪੈਦਾ ਹੋਏ ਹਾਲਾਤ ਨੇ ਭਾਰਤ ਵਿੱਚ ਸਿੱਖਾਂ ਦਾ ਭਵਿੱਖ ਹੀ ਬਦਲ ਦਿੱਤਾ।

ਸਿੱਖਾਂ ਨੇ ਇਸ ਐਮਰਜੰਸੀ ਦਾ ਡੱਟ ਕੇ ਵਿਰੋਧ ਕੀਤਾ, ਜੇਲ੍ਹਾਂ ਭਰੀਆਂ, ਜਿਸ ਕਾਰਨ ਇੰਦਰਾ ਗਾਂਧੀ ਨੂੰ ਕਰਾਰੀ ਸੱਟ ਵੱਜੀ ਤੇ ਉਸ ਨੇ ਸਿੱਖਾਂ ਨੂੰ ਇਸ ਬਦਲੇ ਸਬਕ ਸਿਖਾਉਣ ਦਾ ਤਹੱਇਆ ਕਰ ਲਿਆ, ਜਿਸਦੀ ਸਿਖਰ ਜੂਨ 1984 ਵਿੱਚ ਸਿੱਖ ਗੁਰਧਾਮਾਂ ‘ਤੇ ਫੌਜੀ ਹਮਲਾ ਅਤੇ ਬੇਦੋਸ਼ੇ ਸਿੱਖਾਂ ਦਾ ਘਾਣ ਸੀ।

ਸਿੱਖਾਂ ਨੇ ਤੇ ਹੋਰਾਂ ਬੋਲਣ ਵਾਲਿਆਂ ਨੇ ਇਸ ਐਮਰਜੰਸੀ ਦਾ ਵਿਰੋਧ ਕੀਤਾ ਸੀ ਪਰ ਸਿੱਖਾਂ ਦਾ ਲੋਕਤੰਤਰੀ ਵਿਰੋਧ ਭੁਲਾਇਆ ਨਹੀਂ ਗਿਆ। ਇੰਦਰਾ ਨੇ ਸਿੱਖਾਂ ਦੇ ਵਿਰੋਧ ਨੂੰ ਨਿੱਜੀ ਤੌਰ ‘ਤੇ ਲੈਂਦਿਆਂ ਉਹ ਕੌੜੀ ਫਸਲ ਬੀਜੀ ਕਿ ਸਭ ਕੁਝ ਬਦਲ ਗਿਆ। ਪੰਜਾਬ ਦੇ ਪਾਣੀਆਂ ਦੀ ਲੁੱਟ, ਪੰਜਾਬ ਦੇ ਇਲਾਕਿਆਂ ‘ਤੇ ਕਬਜ਼ਾ, ਤੀਜਾ ਘੱਲੂਘਾਰਾ, 1984 ਦਾ ਕਤਲੇਆਮ, ਪੰਜਾਬ ‘ਚ ਦਸ ਸਾਲ ਚੱਲੀ ਸਰਕਾਰੀ ਨਸਲਕੁਸ਼ੀ, ਪਰਵਾਸ, ਨਸ਼ਿਆਂ ਦਾ ਹੱਲਾ, ਪਾਣੀ ਦਾ ਖਾਤਮਾ ਇਸ ਫਸਲ ਦਾ ਝਾੜ ਹੈ ਤੇ ਹਾਲੇ ਪਤਾ ਨਹੀਂ ਅੱਗੇ ਕੀ ਕੀ ਹੋਣਾ।

ਬੇਸ਼ੱਕ ਇੰਦਰਾ ਗਾਂਧੀ ਖੁਦ ਵੀ ਇਸੇ ਬੀਜੀ ਫਸਲ ਦੀ ਭੇਟ ਚੜ੍ਹ ਗਈ ਪਰ ਇੰਦਰਾ ਦੀ ਸਿੱਖ ਵਿਰੋਧੀ ਸੋਚ ਹਾਲੇ ਵੀ ਸੱਤਾਧਾਰੀ ਭਾਜਪਾ ਸਮੇਤ ਬਹੁਤੀਆਂ ਭਾਰਤੀ ਰਾਜਸੀ ਪਾਰਟੀਆਂ ਦੇ ਜ਼ਿਹਨ ‘ਚ ਪਈ ਹੈ ਤੇ ਉਹ ਉਸੇ ਹਿਸਾਬ ਚੱਲ ਰਹੇ ਹਨ।

ਇਸ ਐਮਰਜੰਸੀ ਨੇ ਸਿੱਖਾਂ ਨੂੰ ਪੂਰੀ ਦੁਨੀਆ ‘ਚ ਖਿੱਲਰ ਜਾਣ ਲਈ ਮਜਬੂਰ ਕੀਤਾ। 49 ਸਾਲ ਬਾਅਦ ਜਦ ਪਿੱਛੇ ਮੁੜ ਕੇ ਦੇਖਦੇ ਹਾਂ ਤਾਂ ਬਹੁਤ ਤਬਾਹੀ ਦਿਸਦੀ ਹੈ ਪਰ ਸਿੱਖਾਂ ਲਈ ਇਹ ਕੋਈ ਨਵੀਂ ਨਹੀਂ। ਕੌਮ ਨੇ ਜਨਮ ਤੋਂ ਹੀ ਅਜਿਹੇ ਦੁੱਖ ਝੱਲੇ ਹਨ ਤੇ ਅੱਗੇ ਵਧੀ ਹੈ। ਸਿੱਖੀ ਦਾ ਝੰਡਾ ਅੱਜ ਪੂਰੀ ਦੁਨੀਆ ‘ਚ ਝੁੱਲਦਾ ਹੈ ਜਦਕਿ ਸਿੱਖਾਂ ਨੂੰ ਖਤਮ ਕਰਨ ਵਾਲੇ, ਚਾਹੇ ਔਰੰਗਜ਼ੇਬ ਸੀ ਜਾਂ ਇੰਦਰਾ, ਦੇ ਖਾਨਦਾਨ ਖਾਤਮੇ ਦੇ ਕੰਢੇ ਹਨ।

ਗੁਰੂ ਕਿਰਪਾ। ਗੁਰੂ ਅੰਗ ਸੰਗ। ਗੁਰੂ ਮਿਹਰਬਾਨ।

-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ