ਬਦਲ ਸਾਹਿਬ ਨੇ ਉਹ ਕੰਮ ਕੀਤਾ ਜੋ ਦਿੱਲੀ ਕੋਲੋਂ ਬਹੁਤ ਯਤਨਾਂ ਦੇ ਬਾਵਜੂਦ ਵੀ ਨਹੀ ਸੀ ਕਰ ਹੋਇਆ।
ਨਹਿਰੂ ਕਾਲ ਤੋਂ ਕੇਂਦਰ ਦੀ ਨੀਤੀ ਸੀ ਕਿ ਕਿਸੇ ਵੀ ਤਰ੍ਹਾਂ ਅਕਾਲੀ ਦਲ ਨੂੰ ਜਾਂ ਘੱਟੋ ਘੱਟ ਆਪਣੇ ਰਾਹ ਚੱਲਣ ਵਾਲੀ ਸਿੱਖ ਸਿਆਸਤ ਨੂੰ ਖ਼ਤਮ ਕੀਤਾ ਜਾਵੇ ਜਾਂ ਗੈਰ ਪ੍ਰਸੰਗਕ ਕੀਤਾ ਜਾਵੇ।
ਇਸ ਰਾਹ ਤੁਰਦਿਆਂ ਪ੍ਰਤਾਪ ਸਿੱਘ ਕੈਰੋਂ ਨੇ ਅਕਾਲੀ ਦਲ ਨੂੰ ਨਹਿਰੂ ਦੀ ਸ਼ਹਿ ‘ਤੇ ਠੋਕ ਕੇ ਰੱਖਣ ਲਈ ਪੂਰਾ ਟਿੱਲ ਲਾਇਆ।
ਇਸੇ ਲਈ ਉਸਨੇ ਸ਼੍ਰੋਮਣੀ ਕਮੇਟੀ ‘ਚ ਸਰਕਾਰੀ ਮਦਦ ਨਾਲ ਪ੍ਰਧਾਨਗੀ ਦੀ ਚੋਣ ਮਾਸਟਰ ਤਾਰਾ ਸਿੰਘ ਨੂੰ ਹਰਵਾਈ।
ਪਰ ਇਹ ਮੁਹਿੰਮ ਮਾਸਟਰ ਤਾਰਾ ਸਿੰਘ ਅਗਵਾਈ ਵਿਚ ਸਿੱਖਾਂ ਨੇ ਫੇਲ੍ਹ ਕਰ ਦਿੱਤੀ, ਨਹਿਰੂ-ਤਾਰਾ ਸਿੰਘ ਸਮਝੌਤਾ ਹੋਇਆ, ਸਰਕਾਰੀ ਦਖ਼ਲਅੰਦਾਜ਼ੀ ‘ਤੇ ਰੋਕ ਲਾਈ ਤੇ 1960 ‘ਚ ਕੈਰੋਂ ਦੀ ਹਮਾਇਤ ਵਾਲਿਆਂ ਨੂੰ ਸਿੱਖਾਂ ਨੇ ਸ਼੍ਰੋਮਣੀ ਕਮੇਟੀ ਚੋਣਾਂ ‘ਚ ਬੁਰੀ ਤਰ੍ਹਾਂ ਹਰਾਇਆ।
ਲੜਦਿਆਂ ਭਿੜਦਿਆਂ, ਸੱਤਾ ਨਾ ਹੁੰਦਿਆਂ ਵੀ ਅਕਾਲੀ ਆਗੂਆਂ, ਖਾਸ ਕਰਕੇ ਮਾਸਟਰ ਤਾਰਾ ਸਿੰਘ ਨੇ ਇਸ ਨੂੰ ਜਿਉਂਦਾ ਰੱਖਿਆ ਤੇ ਗੱਲ ਪੰਜਾਬੀ ਸੂਬੇ ਤੱਕ ਵੀ ਪਹੁੰਚਾਈ।
ਕੁਝ ਸਾਲਾਂ ਬਾਅਦ ਵਿਅਕਤੀਗਤ ਰਾਜਨੀਤਕ ਤੌਰ ‘ਤੇ ਪੰਜਾਬੀ ਸੂਬੇ ਦੇ ਬਣਨ ਦਾ ਸਭ ਵੱਧ ਫ਼ਾਇਦਾ ਪ੍ਰਕਾਸ਼ ਸਿੰਘ ਬਾਦਲ ਨੂੰ ਹੋਇਆ, ਭਾਵੇਂ ਉਨ੍ਹਾਂ ਤੋਂ ਪਹਿਲਾਂ ਜਸਟਿਸ ਗੁਰਨਾਮ ਸਿੰਘ ਤੇ ਲਛਮਣ ਸਿੰਘ ਗਿੱਲ ਵੀ ਥੋੜੇ ਥੋੜੇ ਸਮੇਂ ਲਈ ਮੁੱਖ ਮੰਤਰੀ ਬਣੇ।
1997 ‘ਚ ਬਾਦਲ ਸਾਹਿਬ ਤੀਜੀ ਵਾਰ ਮੁੱਖ ਮੰਤਰੀ ਬਣੇ ਤੇ ਉਨ੍ਹਾਂ ਪੰਥ ਦੀ ਪਾਰਟੀ ਨੂੰ ਪਰਿਵਾਰਿਕ ਪਾਰਟੀ ਬਣਾ ਦਿੱਤਾ।
2017 ਤੱਕ ਆਪਣਾ ਪੰਜਵਾਂ ਕਾਰਜਕਾਲ ਖਤਮ ਹੁੰਦਿਆਂ ਹੁੰਦਿਆਂ ਉਨ੍ਹਾਂ ਸਿੱਖਾਂ ਦੇ ਹਿੱਤਾਂ ਦੀ ਪਹਿਰੇਦਾਰੀ ਕਰਨ ਲਈ ਬਣੀ ਪਾਰਟੀ ਨੂੰ ਸਿੱਖਾਂ ਦੇ ਹੀ ਉਲਟ ਭੁਗਤਾ ਦਿੱਤਾ ਤੇ ਇਸ ਕਰੀਬ ਇਕ ਸਦੀ ਪੁਰਾਣੀ ਪਾਰਟੀ ਨੂੰ ਖਾਤਮੇ ਦੇ ਕੰਢੇ ਲਿਆ ਖੜ੍ਹਾ ਕੀਤਾ।
ਜੋ ਦਿੱਲੀ ਚਾਹੁੰਦੀ ਸੀ, ਉਸ ਨੂੰ ਇੰਨੇ ਸਾਲਾਂ ਬਾਅਦ ਪ੍ਰਤਾਪ ਸਿੰਘ ਕੈਰੋਂ ਦੇ ਮੁੰਡੇ ਸੁਰਿੰਦਰ ਸਿੰਘ ਕੈਰੋਂ ਦੇ ਕੁੜਮ ਪ੍ਰਕਾਸ਼ ਸਿੰਘ ਬਾਦਲ ਨੇ ਕਰ ਵਿਖਾਇਆ।
ਪੱਤਰਕਾਰ ਸੁਖਦੇਵ ਸਿੰਘ ਨੇ ਲਿਖਿਆ-
ਬੀਜੇਪੀ ਪੰਜਾਬ ਵਿਚ ਇਕ “ਮਜ਼ਬੂਤ” ਅਕਾਲੀ ਦਲ ਚਾਹੁੰਦੀ ਹੈ |
ਇਸ ਲਈ ਨਹੀੰ ਕਿ ਅਜਿਹਾ ਅਕਾਲੀ ਦਲ ਸਿਖਾੰ ਅਤੇ ਪੰਜਾਬ ਦੇ ਹਿਤਾੰ ਅਤੇ ਹੱਕਾੰ ਲਈ ਦੀਵਾਰ ਬਣ ਕੇ ਖੜੇ, ਬਲਕਿ ਅਜਿਹਾ ਅਕਾਲੀ ਦਲ ਜਿਹੜਾ ਰਸਸ ਦੇ ਸੰਕਲਪ ਵਾਲੇ ਹਿੰਦੂ ਰਾਸ਼ਟਰ ਦਾ ਹੱਥਠੋਕਾ ਬਣ ਕੇ ਵਿਚਰੇ, ਕਲਾਸੀਕਲ ਸਿਖੀ ਤੋੰ ਦੂਰੀ ਬਣਾ ਕੇ ਚਲੇ ਅਤੇ ਸੰਘਰਸ਼ਸ਼ੀਲ ਨੌਜਵਾਨ ਸਿਖਾੰ ਨੂੰ ਦਬਾ ਕੇ ਰਖੇ |
ਬਦਲੇ ਵਿਚ ਅਜਿਹੇ ਅਕਾਲੀ ਦਲ ਦੇ ਆਗੂਆੰ ਅਤੇ ਉਨਾੰ ਦੇ ਪੁੱਤ ਧੀਆੰ ਦੀ ਉਚੇ ਸਰਕਾਰੀ ਅਹੁਦਿਆੰ ਅਤੇ ਮਾਇਆ ਰਾਹੀੰ ਧੰਨ ਧੰਨ ਕਰਵਾਈ ਜਾੰਦੀ ਰਹੇਗੀ |
ਪੁਰਾਣੀ ਸ਼ਬਦਾਵਲੀ ਵਿਚ ਗਲ ਕੀਤੀ ਜਾਵੇ ਤਾੰ ਸਮਝੋ ਇਨਾੰ ਨਵੇੰ ਸਫੈਦਪੋਸ਼ਾੰ ਨੂੰ ਇਕ ਕਿਸਮ ਦੇ “ਮੁਰੱਬੇ” ਦਿਤੇ ਜਾਣਗੇ |
ਇਸੇ ਲੜੀ ਵਿਚ ਬਾਦਲਾੰ ਨੇ ਲੰਮੇ ਸਮੇੰ ਤਕ ਰਾਸ਼ਟਰ ਦੀ ਪਰਸ਼ੰਸਾਯੋਗ ਸੇਵਾ ਕੀਤੀ ਪਰ ਹੁਣ ਇਹ ਸਿਖਾੰ ਅੰਦਰ ਬਹੁਤ ਬਦਨਾਮ ਹੋ ਚੁਕੇ ਹਨ |
ਬੀਜੇਪੀ ਲਈ ਇਹ ਕਿਸੇ ਕੰਮ ਦੇ ਨਹੀੰ ਰਹੇ | ਕਈ ਵਾਰ ਅਵਸਰਵਾਦੀ ਹੋ ਜਾੰਦੇ ਹਨ |
ਇਸੇ ਲਈ ਬੀਜੇਪੀ ਨੂੰ ਇਨਾੰ ਨੂੰ ਵਰਤ ਕੇ ਸੁਟਣਾ ਪੈ ਰਿਹਾ ਹੈ |
ਬੀਜੇਪੀ ਦਾ ਗੇਮ-ਪਲਾਨ ਇਹ ਹੈ ਕਿ ਪਰੇਮ ਸਿੰਘ ਚੰਡੂਮਾਜਰੇ ਅਤੇ ਮਲੂਕੇ ਵਰਗੇ ਅਗੇ ਲਾ ਕੇ ਨਵੇੰ ਸਿਰੇ ਤੋੰ ਅਕਾਲੀ ਦਲ ਸਥਾਪਤ ਕਰਵਾਇਆ ਜਾਵੇ ਜੋ ਪਿੰਜਰੇ ਦੇ ਤੋਤੇ ਵਾੰਗ ਬੀਜੇਪੀ ਪ੍ਤੀ ਵਫਾਦਾਰ ਬਣ ਕੇ ਚਲੇ |
ਇਹ ਯੋਜਨਾਬੰਦੀ ਕਾਹਲੀ ਨਾਲ ਸਿਰੇ ਚੜਾਈ ਜਾ ਰਹੀ ਹੈ ਤਾੰ ਜੋ ਖਾਲੀ ਪੰਥਕ ਸਪੇਸ ਨੂੰ ਨੌਜਵਾਨ ਵਰਗ ਭਰਨ ਦੀ ਪਹਿਲਕਦਮੀ ਨਾ ਲੈ ਜਾਵੇ |