ਨਸ਼ੇ ਦੀ ਓਵਰਡੋਜ਼ ਨਾਲ਼ ਨੌਜਵਾਨ ਪੁਲਿਸ ਮੁਲਾਜ਼ਮ ਦੀ ਦਰਦਨਾਕ ਮੌਤ
ਮਾਪਿਆਂ ਦਾ ਇਕਲੌਤਾ ਪੁੱਤ ਸੀ ਨੌਜਵਾਨ
ਗੁਰੂ ਕਾ ਬਾਗ – ਤਹਿਸੀਲ ਅਜਨਾਲਾ ਦੇ ਅਧੀਨ ਆਉਂਦੇ ਪਿੰਡ ਤੇੜਾ ਕਲਾਂ ਦੇ ਇਕ ਨੌਜਵਾਨ ਦੀ ਨਸ਼ੇ ਵਾਲਾ ਟੀਕਾ ਲਾਉਣ ਕਾਰਨ ਮੌਤ ਹੋ ਗਈ।
ਉਸ ਦੀ ਲਾਸ਼ ਨੇੜਲੇ ਪਿੰਡ ਕਿਆਂਮਪੁਰ ਵਿਖੇ ਇਕ ਦਰੱਖਤ ਦੇ ਹੇਠੋਂ ਮਿਲੀ ਹੈ।
ਇਸ ਸਬੰਧੀ ਮ੍ਰਿਤਕ ਨੌਜਵਾਨ ਦੇ ਦਾਦੇ ਹਰਬੰਸ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਰੇ ਭਰਾ ਦਾ ਪੋਤਰਾ ਜਿਸ ਦਾ ਨਾਂ ਗੁਰਸੇਵਕ ਸਿੰਘ (25) ਪੁੱਤਰ ਤਰਲੋਚਨ ਸਿੰਘ ਹੈ ਤੇ ਇਸ ਦੇ ਪਿਤਾ ਦੀ ਮੌਤ ਹੋ ਜਾਣ ਤੋਂ ਬਾਅਦ ਉਸ ਦੀ ਜਗ੍ਹਾ ਇਸ ਨੂੰ ਲੁਧਿਆਣਾ ਵਿਖੇ ਪੰਜਾਬ ਪੁਲਸ ਵਿਚ ਨੌਕਰੀ ਮਿਲੀ ਸੀ।
ਉਨ੍ਹਾਂ ਅੱਗੇ ਦੱਸਿਆ ਕਿ ਨਸ਼ੇ ਕਰਕੇ ਇਹ ਆਪਣੀ ਡਿਊਟੀ ‘ਤੇ ਨਹੀਂ ਸੀ ਜਾਂਦਾ, ਜਿਸ ਕਾਰਨ ਮਹਿਕਮੇ ਵੱਲੋਂ ਇਸ ਨੂੰ ਮੁਅੱਤਲ ਕਰ ਦਿੱਤਾ ਸੀ।
ਉਨ੍ਹਾਂ ਅੱਗੇ ਦੱਸਿਆ ਕਿ ਇਕ ਹਫ਼ਤਾ ਪਹਿਲਾਂ ਹੀ ਇਸ ਦੀ ਦਾਦੀ ਦੀ ਮੌਤ ਹੋਈ ਸੀ ਤੇ ਉਸ ਦੇ ਭੋਗ ‘ਤੇ ਲਿਆਂਦੇ ਗਏ ਸਾਮਾਨ ਤੇ ਪੈਸੇ ਦੇਣ ਲਈ ਅੱਜ ਘਰੋਂ ਆਪਣੀ ਮਾਂ ਕੋਲੋਂ 20 ਹਜ਼ਾਰ ਰੁਪਏ ਲੈ ਕੇ ਨੇੜਲੇ ਪਿੰਡ ਕਿਆਮਪੁਰ ਵਿਖੇ ਜਾ ਕੇ ਨਸ਼ੇ ਵਾਲਾ ਟੀਕਾ ਲਾ ਲਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਮ੍ਰਿਤਕ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤ ਸੀ ਜੋ ਕਿ ਪੰਜਾਬ ਪੁਲਸ ਵਿੱਚੋਂ ਮੁਅਤਲ ਚਲਦਾ ਆ ਰਿਹਾ ਸੀ ਹੁਣ ਉਸ ਦੇ ਪਿੱਛੇ ਇਕੱਲੀ ਮਾਂ ਹੀ ਬਚੀ ਹੈ।
ਉੱਧਰ ਮੌਕੇ ‘ਤੇ ਪਹੁੰਚੇ ਡੀ.ਐੱਸ.ਪੀ. ਰਾਜ ਕੁਮਾਰ ਤੇ ਥਾਣਾ ਅਜਨਾਲਾ ਦੇ ਐੱਸ. ਐੱਚ. ਓ. ਹਿਮਾਂਸ਼ੂ ਭਗਤ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਦੇ ਤਹਿਤ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।