Breaking News

ਅਰਚਨਾ ਮਕਵਾਨਾ ਪੁਲੀਸ ਕੋਲ ਪੇਸ਼ ਨਾ ਹੋਈ

ਅੰਮ੍ਰਿਤਸਰ, 30 ਜੂਨ

ਸ੍ਰੀ ਹਰਿਮੰਦਰ ਸਾਹਿਬ ਵਿਖੇ ਯੋਗ ਆਸਣ ਕਰਨ ਵਾਲੀ ਵਡੋਦਰਾ ਵਾਸੀ ਅਰਚਨਾ ਮਕਵਾਨਾ ਅੱਜ ਪੁਲੀਸ ਜਾਂਚ ਵਿੱਚ ਸ਼ਾਮਲ ਨਹੀਂ ਹੋਈ ਹੈ।

ਪੁਲੀਸ ਵੱਲੋਂ ਹੁਣ ਉਸ ਨੂੰ ਇਸ ਮਾਮਲੇ ਸਬੰਧੀ ਦੂਜਾ ਨੋਟਿਸ ਭੇਜਿਆ ਜਾਵੇਗਾ। ਸ਼੍ਰੋਮਣੀ ਕਮੇਟੀ ਦੀ ਸ਼ਿਕਾਇਤ ’ਤੇ ਥਾਣਾ-‘ਈ’ ਡਿਵੀਜ਼ਨ ਦੀ ਪੁਲੀਸ ਨੇ ਅਰਚਨਾ ਮਕਵਾਨਾ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 295ਏ ਤਹਿਤ ਕੇਸ ਦਰਜ ਕੀਤਾ ਹੈ।

ਐੱਸਐੱਚਓ ਹਰਸੰਦੀਪ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਅਰਚਨਾ ਨੂੰ ਧਾਰਾ 41ਏ ਸੀਆਰਪੀਸੀ ਤਹਿਤ 30 ਜੂਨ ਤੱਕ ਪੇਸ਼ ਹੋਣ ਦਾ ਨੋਟਿਸ ਜਾਰੀ ਕੀਤਾ ਗਿਆ ਸੀ ਪਰ ਉਹ ਅੱਜ ਪੇਸ਼ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਨਾ ਤਾਂ ਉਸ ਨੇ ਅਤੇ ਨਾ ਹੀ ਉਸ ਦੇ ਕਿਸੇ ਕਾਨੂੰਨੀ ਪ੍ਰਤੀਨਿਧ ਨੇ ਪੁਲੀਸ ਨਾਲ ਸੰਪਰਕ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਨਿਯਮਾਂ ਅਨੁਸਾਰ ਐੱਫਆਈਆਰ ਵਿੱਚ ਨਾਮਜ਼ਦ ਵਿਅਕਤੀ ਨੂੰ ਜਾਂਚ ਵਿੱਚ ਸ਼ਾਮਿਲ ਹੋਣ ਲਈ ਤਿੰਨ ਨੋਟਿਸ ਭੇਜੇ ਜਾਂਦੇ ਹਨ।

ਉਸ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਪਹਿਲਾ ਨੋਟਿਸ ਭੇਜਿਆ ਗਿਆ ਸੀ ਪਰ ਉਸ ਨੇ ਪਾਲਣਾ ਨਹੀਂ ਕੀਤੀ। ਪੁਲੀਸ ਉਸ ਨੂੰ ਦੋ ਹੋਰ ਨੋਟਿਸ ਭੇਜੇਗੀ, ਜੇ ਉਹ ਤਿੰਨੋਂ ਨੋਟਿਸਾਂ ਨੂੰ ਸਵੀਕਾਰ ਨਹੀਂ ਕਰਦੀ ਤਾਂ ਫਿਰ ਗ੍ਰਿਫਤਾਰੀ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਰਚਨਾ ਮਕਵਾਨਾਂ ਨੇ ਆਪਣੀ ਇੱਕ ਵੀਡੀਓ ਰਾਹੀਂ ਸ਼੍ਰੋਮਣੀ ਕਮੇਟੀ ਨੂੰ ਚਿਤਾਵਨੀ ਦਿੱਤੀ ਸੀ ਕਿ ਜੇ ਸਿੱਖ ਸੰਸਥਾ ਨੇ ਉਸ ਖ਼ਿਲਾਫ਼ ਦਰਜ ਕਰਵਾਇਆ ਕੇਸ ਵਾਪਸ ਨਾ ਲਿਆ ਤਾਂ ਉਹ ਸ਼੍ਰੋਮਣੀ ਕਮੇਟੀ ਦੇ ਖ਼ਿਲਾਫ਼ ਅਦਾਲਤ ਵਿੱਚ ਕਾਨੂੰਨੀ ਕਾਰਵਾਈ ਕਰੇਗੀ।

ਦੱਸਣਯੋਗ ਹੈ ਕਿ ਇਹ ਮਾਮਲਾ 21 ਜੂਨ ਕੌਮਾਂਤਰੀ ਯੋਗ ਦਿਵਸ ਦਾ ਹੈ, ਜਦੋਂ ਗੁਜਰਾਤ ਦੇ ਵਡੋਦਰਾ ਦੀ ਵਾਸੀ ਅਰਚਨਾ ਮਕਵਾਨਾ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਯੋਗ ਆਸਣ ਕੀਤਾ ਸੀ।

ਪੰਜਾਬ ਪੁਲਿਸ ਨੇ ਫੈਸ਼ਨ ਡਿਜ਼ਾਈਨਰ ਅਤੇ ਸੋਸ਼ਲ ਮੀਡੀਆ ਇਨਫਲੂਐਂਸਰ ਅਰਚਨਾ ਮਕਵਾਨਾ ਨੂੰ 30 ਜੂਨ ਤੱਕ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਹੈ।

ਅਰਚਨਾ ਮਕਵਾਨਾ ਦੇ ਨਾਮ ਉੱਤੇ ਅੰਮ੍ਰਿਤਸਰ ਵਿੱਚ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮ ਤਹਿਤ ਪਰਚਾ ਦਰਜ ਕੀਤਾ ਗਿਆ ਹੈ।

ਉਨ੍ਹਾਂ ਨੇ 21 ਜੂਨ, ਕੌਮਾਂਤਰੀ ਯੋਗ ਦਿਹਾੜੇ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਯੋਗ ਕਰਦਿਆਂ ਫੋਟੋਸ਼ੂਟ ਨੂੰ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤਾ ਸੀ।

ਇਸ ਬਾਰੇ ਸਿੱਖ ਭਾਈਚਾਰੇ ਵਲੋਂ ਤਿੱਖਾ ਪ੍ਰਤੀਕਰਮ ਹੋਣ ਤੋਂ ਬਾਅਦ ਅਰਚਨਾ ਮਕਵਾਨਾ ਨੇ ਤੁਰੰਤ ਮਾਫੀ ਵੀ ਮੰਗ ਲਈ ਅਤੇ ਇਤਰਾਜ਼ਯੋਗ ਤਸਵੀਰ ਸਮੇਤ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਹਟਾ ਦਿੱਤਾ ਪਰ ਇਸ ਘਟਨਾ ਨੂੰ ਦਰਬਾਰ ਸਾਹਿਬ ਦੀ ਮਰਿਯਾਦਾ ਦੀ ਉਲੰਘਣਾ ਦੱਸਦਿਆਂ ਸ਼੍ਰੋਮਣੀ ਕਮੇਟੀ ਨੇ ਪੁਲਿਸ ਕੋਲ ਲਿਖਤੀ ਸ਼ਿਕਾਇਤ ਕੀਤੀ।

ਐਨਡੀਟੀਵੀ ਦੀ ਖ਼ਬਰ ਮੁਤਾਬਕ ਪੰਜਾਬ ਪੁਲਿਸ ਦੇ ਇੱਕ ਸੀਨੀਅਰ ਅਫਸਰ ਨੇ ਮੀਡੀਆ ਨੂੰ ਦੱਸਿਆ ਕਿ ਅਰਚਨਾ ਨੂੰ ਭੇਜੇ ਨੋਟਿਸ ਵਿੱਚ ਕਿਹਾ ਗਿਆ ਕਿ, “ਜੇ ਉਹ 30 ਜੂਨ ਤੱਕ ਪੇਸ਼ ਨਹੀਂ ਹੁੰਦੇ ਤਾਂ ਉਨ੍ਹਾਂ ਨੂੰ ਦੋ ਹੋਰ ਨੋਟਿਸ ਭੇਜੇ ਜਾਣਗੇ। ਜੇ ਉਹ ਫਿਰ ਵੀ ਪੁਲਿਸ ਦੇ ਸਾਹਮਣੇ ਪੇਸ਼ ਨਹੀਂ ਹੁੰਦੇ ਤਾਂ ਇੱਕ ਟੀਮ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਭੇਜੀ ਜਾਵੇਗੀ।”

ਅੰਮ੍ਰਿਤਸਰ ਦੇ ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਦਰਪਨ ਆਹਲੂਵਾਲੀਆ ਨੇ ਕਿਹਾ ਕਿ ਪਹਿਲਾਂ ਅਰਚਨਾ ਮਕਵਾਨਾ ਦਾ ਬਿਆਨ ਦਰਜ ਕੀਤਾ ਜਾਵੇਗਾ, ਫਿਰ ਹੀ ਗ੍ਰਿਫਤਾਰ ਕੀਤਾ ਜਾਵੇਗਾ।

ਉਨ੍ਹਾਂ ਨੇ ਕਿਹਾ, “ਅਰਚਨਾ ਨੂੰ ਪੁਲਿਸ ਦੇ ਸਾਹਮਣੇ ਪੇਸ਼ ਹੋ ਕੇ ਬਿਆਨ ਦਰਜ ਕਰਵਾਉਣ ਲਈ ਨੋਟਿਸ ਭੇਜਿਆ ਗਿਆ ਹੈ।”

ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਅਰਚਨਾ ਨੇ ਕਿਹਾ ਕਿ ਹੁਣ ਉਹ ਕਿਸੇ ਗੁਰਦੁਆਰੇ ਨਹੀਂ ਜਾਣਗੇ।

ਅਰਚਨਾ ਖਿਲਾਫ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਿਕਾਇਤ ਉੱਤੇ ਮੰਦ ਭਾਵਨਾ ਨਾਲ ਧਾਰਮਿਕ ਭਾਵਨਾਵਾਂ ਭੜਕਾਉਣ ਲਈ ਭਾਰਤੀ ਦੰਡਾਵਲੀ ਦ ਧਾਰਾ 295-ਏ ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ।