ਕੈਨੇਡਾ ‘ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੱਥੇ ਇਕ ਹਾਦਸੇ ਦੌਰਾਨ ਪੰਜਾਬੀ ਟਰੱਕ ਡ੍ਰਾਈਵਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 33 ਸਾਲਾ ਟਰੱਕ ਡਰਾਈਵਰ ਸੁਬੇਗ ਸਿੰਘ ਵਜੋਂ ਹੋਈ ਹੈ। ਸੁਬੇਗ ਸਿੰਘ 7 ਮਹੀਨੇ ਪਹਿਲਾਂ ਹੀ ਵਿਦੇਸ਼ ਗਿਆ ਸੀ। ਇਸ ਹਾਦਸੇ ਵਿਚ ਇਕ ਹੋਰ ਪੰਜਾਬੀ ਟਰੱਕ ਡਰਾਈਵਰ ਜ਼ਖ਼ਮੀ ਹੋ ਗਿਆ, ਜਿਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਇਹ ਹਾਦਸਾ ਕੈਨੇਡਾ ਦੇ ਸਸਕੈਚਵਨ ਸੂਬੇ ਦੇ ਸ਼ਹਿਰ ਉੱਤਰੀ ਰੀਜਾਈਨਾ ਵਿਖੇ ਵਾਪਰਿਆ। ਸੁਬੇਗ ਸਿੰਘ ਦੇ ਟਰੱਕ ਵਿਚ ਪੱਥਰ ਦੀਆਂ ਭਾਰੀ ਸਲੈਬਾਂ ਲੱਦੀਆਂ ਹੋਈਆਂ ਸਨ। ਉੱਤਰੀ ਰੀਜਾਈਨਾ ਦੀ ਮੈਕਡਾਨਲਡ ਸਟਰੀਟ ਤੇ ਜਦੋਂ ਸੁਬੇਗ ਸਿੰਘ ਤੇ ਉਸ ਦਾ ਸਾਥੀ ਮਾਰਬਲ ਦੀਆਂ ਸਲੈਬਾਂ ਨੂੰ ਟਰੱਕ ‘ਚੋਂ ਉਤਾਰ ਰਹੇ ਸਨ ਤਾਂ ਮਾਰਬਲ ਦੀਆਂ ਸਲੈਬਾਂ ਫਿਸਲ ਕੇ ਉਨ੍ਹਾਂ ਉਪਰ ਡਿੱਗ ਗਈਆਂ।
ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ‘ਚ ਸੁਬੇਗ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਸੁਬੇਗ ਸਿੰਘ ਵਿਆਹਿਆ ਹੋਇਆ ਸੀ। ਉਹ ਅਪਣੇ ਪਿਛੇ ਮਾਤਾ-ਪਿਤਾ, ਭਰਾ, ਪਤਨੀ ਤੇ 2 ਸਾਲਾ ਧੀ ਛੱਡ ਗਿਆ ਹੈ। ਮ੍ਰਿਤਕ ਸੁਬੇਗ ਸਿੰਘ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਪੰਜਵੜ ਕਲਾਂ ਨਾਲ ਸਬੰਧਿਤ ਸੀ। ਸੁਬੇਗ ਸਿੰਘ ਦੇ ਮੌਤ ਦੀ ਖ਼ਬਰ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਹੈ।
ਪਿੰਡ ਪੰਜਵੜ ਦੇ ਨੌਜਵਾਨ ਦੀ ਕੈਨੇਡਾ ਵਿੱਚ ਵਾਪਰੇ ਹਾਦਸੇ ਵਿੱਚ ਮੌਤ,7 ਮਹੀਨੇ ਪਹਿਲਾਂ ਆਇਆ ਸੀ ਕੈਨੇਡਾ
ਰੀਜਾਈਨਾ, ਸਸਕੈਚਵਨ (ਕੁਲਤਰਨ ਸਿੰਘ ਪਧਿਆਣਾ) : ਕੈਨੇਡੀਅਨ ਪ੍ਰੋਵਿੰਸ ਸਸਕੈਚਵਨ ਦੇ ਸ਼ਹਿਰ ਰੀਜਾਈਨਾ ਵਿਖੇ ਪੰਜਾਬ ਦੇ ਪਿੰਡ ਪੰਜਵੜ ਦੇ ਨੌਜਵਾਨ ਸੁਬੇਗ ਸਿੰਘ ਉਰਫ ਸੋਨੂੰ (33) ਦੀ ਇੱਕ ਹਾਦਸੇ ਵਿੱਚ ਮੌਤ ਹੋ ਗਈ ਹੈ, ਨੌਜਵਾਨ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਸੀ ਜੋ ਕਿ 7 ਮਹੀਨੇ ਪਹਿਲਾਂ ਕੈਨੇਡਾ ਆਇਆ ਸੀ। ਬੀਤੇ ਦਿਨੀਂ ਉਸ ਦੀ ਟਰੱਕ ’ਚੋਂ ਭਾਰੀਆਂ ਪੱਥਰ ਦੀਆਂ ਸਲੈਬਾਂ ਉਤਾਰਦੇ ਸਮੇਂ ਵਾਪਰੇ ਹਾਦਸੇ ਜਿਸ ਵਿੱਚ ਉਹ ਸਲੈਬ ਦੇ ਹੇਠਾਂ ਆ ਗਿਆ ਸੀ ਵਿੱਚ ਮੌਤ ਹੋ ਗਈ ਹੈ , ਜਾਣਕਾਰੀ ਮਿਲੀ ਹੈ ਕਿ ਜਦ ਉਹ ਟਰੱਕ ਵਿੱਚ ਲੋਡ ਕੀਤਾ ਸਾਮਾਨ ਸ਼ਿਫਟ ਕਰਨ ਲੱਗਾ ਤਾਂ ਬੈਲਟ ਟੁੱਟਣ ਕਾਰਨ ਟਰੱਕ ਵਿੱਚ ਪਿਆ ਸਾਮਾਨ ਉਸ ਦੇ ਉੱਪਰ ਡਿੱਗ ਪਿਆ।
ਜਾਣਕਾਰੀ ਦਿੰਦਿਆਂ ਮ੍ਰਿਤਕ ਸੁਬੇਗ ਸਿੰਘ ਦੇ ਪਿਤਾ ਮਲਕੀਅਤ ਸਿੰਘ ਵਾਸੀ ਪੰਜਵੜ ਕਲਾਂ ਨੇ ਦੱਸਿਆ ਕਿ ਉਸ ਦਾ ਲੜਕਾ ਸੁਬੇਗ ਸਿੰਘ ਉਰਫ ਸੋਨੂੰ ਉਮਰ 33 ਸਾਲ ਜਿਸ ਨੂੰ ਸੱਤ ਮਹੀਨੇ ਪਹਿਲਾਂ ਉਸਨੇ 25 ਲੱਖ ਰੁਪਿਆ ਕਰਜ਼ਾ ਲੈ ਕੇ ਕੈਨੇਡਾ ਰੋਜ਼ੀ ਰੋਟੀ ਖਾਤਰ ਭੇਜਿਆ ਸੀ। ਸੁਬੇਗ ਸਿੰਘ ਦਾ ਵਿਆਹ ਚਾਰ ਸਾਲ ਪਹਿਲਾਂ ਸ਼ਰਨਪ੍ਰੀਤ ਕੌਰ ਨਾਲ ਹੋਇਆ ਸੀ, ਉਨ੍ਹਾਂ ਦੀ ਤਿੰਨ ਸਾਲ ਦੀ ਬੇਟੀ ਹੈ। ਸੁਬੇਗ ਸਿੰਘ ਦੀਆਂ ਦੋ ਭੈਣਾਂ ਅਤੇ ਦੋ ਭਰਾ ਹਨ। ਕੈਨੇਡਾ ਵਿੱਚ ਟਰੱਕਿੰਗ ਖੇਤਰ ਵਿੱਚ ਵੱਖ-ਵੱਖ ਕਾਰਨਾ ਕਰਕੇ ਵਾਪਰ ਰਹੇ ਹਾਦਸਿਆਂ ਵਿੱਚ ਵਾਧਾ ਹੋਇਆ ਹੈ ਜਿਸ ਕਾਰਨ ਇਸ ਤਰਾਂ ਦੇ ਹਾਦਸਿਆਂ ਵਿੱਚ ਮੌਤਾ ਵੀ ਵੱਧ ਹੋ ਰਹੀਆਂ ਹਨ।