Breaking News

ਬਿਸ਼ਨੋਈ ਦੀ ਜੇਲ੍ਹ ‘ਚੋਂ ਇੰਟਰਵਿਊ ਬਾਰੇ ਮੁੱਖ ਮੰਤਰੀ ਤੇ ਡੀਜੀਪੀ ਝੂਠੇ ਨਿਕਲੇ

ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਮਾਮਲੇ ਵਿੱਚ ਵੱਡਾ ਖੁਲਾਸਾ

ਪੰਜਾਬ ਪੁਲਿਸ ਦੀ SIT ਨੂੰ ਸਵਾ ਸਾਲ ਇਹ ਦੱਸਦਿਆਂ ਲੱਗ ਗਏ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਪੰਜਾਬ ਦੀ ਜੇਲ੍ਹ ਵਿੱਚੋਂ ਹੀ ਹੋਈ।

ਇਸ ਖੁਲਾਸੇ ਨੇ ਪੰਜਾਬ ਦੇ ਡੀਜੀਪੀ ਨੂੰ ਵੀ ਕਟਹਿਰੇ ਵਿੱਚ ਖੜਾ ਕਰ ਦਿੱਤਾ ਹੈ ਕਿਉਂਕਿ ਉਸਨੇ ਇਹ ਦਾਅਵਾ ਕੀਤਾ ਸੀ ਪੰਜਾਬ ਦੀ ਜੇਲ੍ਹ ਵਿੱਚੋਂ ਨਹੀਂ ਹੋਈ ਤੇ ਇਹ ਪੰਜਾਬ ਨੂੰ ਬਦਨਾਮ ਕਰਨ ਦੇ ਇੱਕ ਵੱਡੀ ਸਾਜਿਸ਼ ਸੀ।

ਅਸੀਂ ਡੀਜੀਪੀ ਦੇ ਪੰਜਾਬ ਨੂੰ ਬਦਨਾਮ ਕਰਨ ਵਾਲੇ ਦਾਅਵੇ ਨਾਲ ਸਹਿਮਤ ਹਾਂ। ਪਰ ਸਭ ਤੋਂ ਵੱਡਾ ਸਵਾਲ ਇਹ ਹੈ ਇਸ ਇੰਟਰਵਿਊ ਮਗਰ ਅਸਲ ਸਾਜ਼ਿਸ਼ ਅਤੇ ਤਾਕਤ ਕੌਣ ਸੀ।
ਪੰਜਾਬ ਸਰਕਾਰ ਅਤੇ ਪੁਲਿਸ ਨੇ ਇਸ ਬਾਰੇ ਸਵਾ ਸਾਲ ਕਿਉਂ ਲਾਇਆ?

ਵੱਡੇ ਸੁਆਲ ਤੇ ਖ਼ਦਸ਼ੇ ਹਾਲੇ ਵੀ ਖੜ੍ਹੇ ਨੇ। ਇਹ ਵੀ ਨਹੀਂ ਪਤਾ ਕਿ ਹੁਣ ਖ਼ੁਲਾਸਾ ਕਰਨ ਮਗਰ ਵੀ ਕੋਈ ਡੂੰਘਾ ਏਜੰਡਾ ਹੋਵੇ।


ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਮਾਮਲੇ ਵਿੱਚ ਵੱਡਾ ਖੁਲਾਸਾ, ਸਿੱਟ ਵੱਲੋਂ ਹਾਈ ਕੋਰਟ ਵਿੱਚ ਸਟੇਟਸ ਰਿਪੋਰਟ ਦਾਇਰ, ਕਿਹਾ ਪੰਜਾਬ ਦੀ ਜੇਲ੍ਹ ਵਿੱਚ ਹੀ ਹੋਈ ਸੀ ਇੰਟਰਵਿਊ

ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਦੋਸ਼ੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੱਕ ਪ੍ਰਾਈਵੇਟ ਚੈਨਲ ‘ਤੇ ਪਿਛਲੇ ਸਾਲ ਚੱਲੀ ਇੰਟਰਵਿਊ ਦੇ ਮਾਮਲੇ ਵਿੱਚ ਅੱਜ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਇੱਕ ਨਵਾਂ ਖੁਲਾਸਾ ਹੋਇਆ ਹੈ, ਜਿਸ ਵਿੱਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਇਸ ਮਾਮਲੇ ਦੀ ਜਾਂਚ ਲਈ ਬਣਾਈ ਗਈ ਐਸਆਈਟੀ ਦੇ ਮੁਖੀ ਪ੍ਰਮੋਦ ਕੁਮਾਰ ਨੇ ਇਹ ਖੁਲਾਸਾ ਕੀਤਾ ਹੈ ਕਿ ਗੈਂਗਸਟਰ ਲਾਰਂਸ ਬਿਸ਼ਨੋਈ ਦੀ ਇੰਟਰਵਿਊ ਪੰਜਾਬ ਦੀ ਜੇਲ੍ਹ ਦੇ ਵਿੱਚ ਹੀ ਹੋਈ ਸੀ।

ਇਹ ਖੁਲਾਸਾ ਉਹਨਾਂ ਨੇ ਹਾਈਕੋਰਟ ਵਿੱਚ ਦਿੱਤੀ ਇੱਕ ਸਟੇਟਸ ਰਿਪੋਰਟ ਵਿੱਚ ਕੀਤਾ ਹੈ।

ਇੱਥੇ ਇਹ ਗੱਲ ਜ਼ਿਕਰ ਯੋਗ ਹੈ ਕਿ ਪਿਛਲੇ ਸਾਲ ਇੱਕ ਪ੍ਰਾਈਵੇਟ ਚੈਨਲ ਨੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਟੈਲੀਕਾਸਟ ਕੀਤੀ ਸੀ ਜਿਸ ‘ਤੇ ਮੱਚੇ ਹੰਗਾਮੇ ਤੋਂ ਬਾਅਦ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇੱਕ ਪ੍ਰੈਸ ਕਾਨਫਰੰਸ ਕਰ ਇਸ ਗੱਲ ਦਾ ਖੰਡਨ ਕੀਤਾ ਸੀ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਪੰਜਾਬ ਨਹੀਂ ਬਲਕਿ ਕਿਸੇ ਬਾਹਰਲੀ ਜੇਲ੍ਹ ਵਿੱਚ ਹੋਈ ਹੈ ਅਤੇ ਡੀਜੀਪੀ ਦੇ ਦਾਅਵੇ ਤੋਂ ਬਾਅਦ ਦੁਬਾਰਾ ਫਿਰ ਲਾਰੈਂਸ ਬਿਸ਼ਨੋਈ ਨੇ ਇੱਕ ਹੋਰ ਇੰਟਰਵਿਊ ਦੇ ਦਿੱਤੀ, ਲੇਕਿਨ ਪੰਜਾਬ ਪੁਲਿਸ ਨੇ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ, ਜਦੋਂ ਇਹ ਮਾਮਲਾ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਪੁੱਜਿਆ ਤਾਂ ਹਾਈ ਕੋਰਟ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਅਤੇ ਇਸ ਦੀ ਜਾਂਚ ਲਈ ਤਿੰਨ ਮੈਂਬਰੀ ਐਸਆਈਟੀ ਦਾ ਗਠਨ ਕੀਤਾ ਅਤੇ ਸਿੱਟ ਬਣਨ ਤੋਂ ਬਾਅਦ ਇਸ ਮਾਮਲੇ ਵਿੱਚ ਇੱਕ ਐਫਆਈਆਰ ਦਰਜ ਕੀਤੀ ਗਈ।