Breaking News

NOC ਨੋਟੀਫ਼ੀਕੇਸ਼ਨ

NOC ਨੋਟੀਫ਼ੀਕੇਸ਼ਨ : ਉੱਲੂ ਬਣਾਇਆ, ਬੜਾ ਮਜ਼ਾ ਆਇਆ
ਪੰਜਾਬੀ ਵਿਚੋਂ ਅਰਬੀ ਕੱਢਣ ਵਾਲਾ ਮੁੱਖ ਮੰਤਰੀ ਅੰਗਰੇਜ਼ੀ ਵਿਚ ਪੰਜਾਬੀ ਧੁੰਨ ਰਿਹੈ

ਰਜਿਸਟਰੀ ਵੇਲੇ NOC ਦੀ ਸ਼ਰਤ ਹਟਾਉਣ ਬਾਰੇ ਅੱਜ ਜਾਰੀ ਕੀਤਾ ਗਿਆ ਨੋਟੀਫ਼ੀਕੇਸ਼ਨ ਅੰਗਰੇਜ਼ੀ ਵਿਚ ਹੈ ਅਤੇ ਅੰਗਰੇਜ਼ੀ ਵਿਚ ਪੰਜਾਬੀ ਤੁੰਨ ਦਿਤੀ ਗਈ ਹੈ। ਅੰਗਰੇਜ਼ੀ ਵਿਚ ਦੇਹ ਅਬਾਦੀ ਸ਼ਬਦ ਬਾਰ-ਬਾਰ ਵਰਤਿਆ ਗਿਆ ਹੈ।

ਇਹ ਉਸ ਮੁੱਖ ਮੰਤਰੀ ਦੀ ਸਰਕਾਰ ਵਲੋਂ ਜਾਰੀ ਕੀਤਾ ਗਿਆ ਨੋਟੀਫ਼ਿਕੇਸ਼ਨ ਹੈ ਜਿਹੜਾ ਰਜਿਸਟਰੀਆਂ ਅਤੇ ਮੁਕੱਦਮਿਆਂ ਵਿਚੋਂ ਅਰਬੀ, ਫ਼ਾਰਸੀ ਤੇ ਉਰਦੂ ਦੇ ਲਫ਼ਜ਼ਾਂ ਦਾ ਮਜ਼ਾਕ ਬਣਾ ਕੇ, ਉਨ੍ਹਾਂ ਨੂੰ ਹਟਾਉਣ ਦੀਆਂ ਡੀਂਗਾਂ ਮਾਰਦਾ ਰਿਹਾ ਹੈ।

ਇਹ ਉਹੀ ਮੁੱਖ ਮੰਤਰੀ ਦੀ ਸਰਕਾਰ ਵਲੋਂ ਜਾਰੀ ਕੀਤਾ ਗਿਆ ਨੋਟੀਫ਼ੀਕੇਸ਼ਨ ਹੈ ਜਿਹੜਾ ਪੰਜਾਬ ਵਿਚ ਪੰਜਾਬੀ ਲਾਗੂ ਕਰਨ ਦੇ ਸੜਕਾਂ ਉਤੇ ਬੋਰਡ ਵੀ ਲਗਾ ਚੁੱਕਾ ਹੈ ਪਰ ਖ਼ੁਦ ਉਸ ਦੀ ਸਰਕਾਰ ਅੰਗਰੇਜ਼ੀ ਵਿਚ ਪੱਤਰ ਜਾਰੀ ਕਰਦੀ ਹੈ ਤਾਕਿ ਲੋਕਾਂ ਨੂੰ ਬੇਵਕੂਫ਼ ਬਣਾਇਆ ਜਾ ਸਕੇ।

ਇਹ ਐਨ.ਓ.ਸੀ. ਹਟਾਉਣ ਬਾਰੇ ਪੱਤਰ ਹੈ ਜਿਸ ਵਿਚ ਸਿਰਫ਼ ਦੇਹ ਅਬਾਦੀ ਦੀਆਂ ਰਜਿਸਟਰੀਆਂ ਕਰਾਉਣ ਵੇਲੇ ਐਨ.ਓ.ਸੀ. ਹਟਾਈ ਗਈ ਹੈ ਪਰ ਦੇਹ ਅਬਾਦੀ ਤੋਂ ਬਾਹਰ ਜ਼ਮੀਨਾਂ, ਘਰਾਂ, ਪਲਾਟਾਂ ਜਾਂ ਹੋਰ ਸੰਪਤੀ ਲਈ ਐਨ.ਓ.ਸੀ. ਦੀ ਸ਼ਰਤ ਜਾਰੀ ਰਹੇਗੀ।

ਭਾਵ, ਮੁੱਖ ਮੰਤਰੀ ਨੇ ਜਿਹੜੀ ਸੰਪਤੀ ਲਈ ਪਹਿਲਾਂ ਹੀ ਐਨ.ਓ.ਸੀ. ਲੈਣ ਦੀ ਲੋੜ ਨਹੀਂ, ਉਸ ਬਾਰੇ ਪੱਤਰ ਜਾਰੀ ਕਰ ਦਿਤਾ ਜਦਕਿ ਜ਼ਰੂਰਤ ਇਸ ਤੋਂ ਇਲਾਵਾ ਸੰਪੱਤੀਆਂ ਦੀ ਖ਼ਰੀਦ ਵੇਲੇ ਲਈ ਜਾਂਦੀ ਐਨ.ਓ.ਸੀ. ਨੂੰ ਹਟਾਉਣ ਦੀ ਹੈ।

ਜੇ ਇਹ ਪੱਤਰ ਜਾਰੀ ਨਾ ਵੀ ਹੁੰਦਾ ਤਾਂ ਵੀ ਉਹੀ ਸਥਿਤੀ ਰਹਿਣੀ ਸੀ ਜਿਹੜੀ ਅੱਜ ਤੋਂ ਪਹਿਲਾਂ ਹੈ। ਇਸ ਸਰਕਾਰ ਨੇ ਲੋਕਾਂ ਨੂੰ ਮੂਰਖ ਬਣਾਉਣ ਦਾ ਠੇਕਾ ਲਿਆ ਹੋਇਆ ਹੈ। ਹੁਣ ਸੜਕਾਂ ਉਤੇ ਵੱਡੇ-ਵੱਡੇ ਬੋਰਡ ਲੱਗ ਜਾਣਗੇ ਕਿ ਐਨ.ਓ.ਸੀ. ਹਟਾ ਦਿਤੀ।

ਜਿਸ ਤਰ੍ਹਾਂ ਪਹਿਲਾਂ ਝੂਠੀ-ਮੂਠੀ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਦੇ ਦਿਤੀ ਗਈ ਹੈ, ਉਸੇ ਤਰ੍ਹਾਂ ਝੂਠੀ-ਮੂਠੀ ਐਨ.ਓ.ਸੀ. ਹਟਾ ਦਿਤੀ ਗਈ ਹੈ। ਕੁੱਝ ਹੀ ਦਿਨਾਂ ਵਿਚ ਬੀਬੀਆਂ ਨੂੰ ਹਜ਼ਾਰ ਰੁਪਏ ਮਹੀਨਾ ਵੀ ਇਸੇ ਤਰੀਕੇ ਨਾਲ ਦੇ ਦਿਤੇ ਜਾਣਗੇ।

ਇਹ ਪੱਤਰ ਸ਼ਹਿਰਾਂ ਅਤੇ ਪਿੰਡਾਂ ਵਿਚ ਲਾਲ ਲਕੀਰ ਤੋਂ ਅੰਦਰਲੀਆਂ ਸੰਪੱਤੀ ਤੋਂ ਐਨ.ਓ.ਸੀ. ਹਟਾਉਂਦਾ ਹੈ, ਲਾਲ ਲਕੀਰ ਤੋਂ ਬਾਹਰਲੀਆਂ ਰਜਿਸਟਰੀਆਂ ਵੇਲੇ ਐਨ.ਓ.ਸੀ. ਪਹਿਲਾਂ ਵਾਂਗ ਹੀ ਜਾਰੀ ਰਹੇਗੀ। ਉੱਲੂ ਬਣਾਇਆ, ਬੜਾ ਮਜ਼ਾ ਆਇਆ।
ਜ਼ਾਹਿਦਾ ਸੁਲੇਮਾਨ