ਉੱਤਰ ਪ੍ਰਦੇਸ਼ ਬੋਰਡ ਦੀ ਦਸਵੀਂ ਦੀ ਪ੍ਰੀਖਿਆ ਵਿੱਚ ਅੰਮ੍ਰਿਤਧਾਰੀ ਸਿੱਖ ਬੱਚੇ ਦੀ ਕਿਰਪਾਨ ਉਤਰਵਾਉਣ ਪੁਰ ਸਕੂਲ ਪ੍ਰਿੰਸੀਪਲ ਨੇ ਖੇਦ ਵਿਅਕਤ ਕਰਦਿਆਂ ਮੁਆਫ਼ੀ ਮੰਗੀ
-ਉੱਤਰ ਪ੍ਰਦੇਸ਼ ਬੋਰਡ ਦੀ ਦਸਵੀਂ ਦੀ ਪ੍ਰੀਖਿਆ ਵਿੱਚ ਅੰਮ੍ਰਿਤਧਾਰੀ ਸਿੱਖ ਬੱਚੇ ਦੀ ਕਿਰਪਾਨ ਉਤਰਵਾਉਣ ਪੁਰ ਸਕੂਲ ਪ੍ਰਿੰਸੀਪਲ ਨੇ ਖੇਦ ਵਿਅਕਤ ਕਰਦਿਆਂ ਮੁਆਫ਼ੀ ਮੰਗੀ
ਬੀਤੇ ਦਿਨੀਂ ਉੱਤਰ ਪ੍ਰਦੇਸ਼ (ਯੂਪੀ) ਬੋਰਡ ਦੀ ਦਸਵੀਂ ਕਲਾਸ ਦੀ ਪ੍ਰੀਖਿਆ ਵਿੱਚ ਸ. ਸਰਬਜੀਤ ਸਿੰਘ ਪੁੱਤਰ ਸ. ਗੁਰਬਚਨ ਸਿੰਘ ਨਿਵਾਸੀ ਪਿੰਡ ਪਚੋਕਰਾ ਥਾਣਾ ਰਘੂਪੁਰਾ ਜ਼ਿਲ੍ਹਾ ਗੌਤਮਬੁੱਧ ਨਗਰ ਯੂਪੀ ਪ੍ਰੀਖਿਆ ਦੇਣ ਲਈ ਜ਼ਿਲ੍ਹੇ ਦੇ ਆਦਰਸ਼ ਇੰਟਰ ਕਾਲਜ ਰੋਨੀਜਾ ਵਿੱਖੇ ਗਿਆ ਸੀ।
ਸਕੂਲ ਪ੍ਰਬੰਧਕਾਂ ਦੁਆਰਾ ਅੰਮ੍ਰਿਤਧਾਰੀ ਸਿੱਖ ਬੱਚੇ ਸ. ਸਰਬਜੀਤ ਸਿੰਘ ਨੂੰ ਆਪਣਾ ਕਕਾਰ ਕਿਰਪਾਨ ਉਤਾਰਨ ਲਈ ਕਿਹਾ ਗਿਆ ਜਿਸ ਦੀ ਇਤਲਾਹ ਬੱਚੇ ਨੇ ਆਪਣੇ ਪਰਿਵਾਰ ਨੂੰ ਦਿੱਤੀ। ਪਰਿਵਾਰ ਵੱਲੋਂ ਤੁਰੰਤ ਇਹ ਮਾਮਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਪ੍ਰਬੰਧ ਅਧੀਨ ਕਾਰਜਸ਼ੀਲ ਉੱਤਰ ਪ੍ਰਦੇਸ਼ ਸਿੱਖ ਮਿਸ਼ਨ ਹਾਪੁੜ ਦੇ ਇੰਚਾਰਜ ਸ. ਬ੍ਰਿਜਪਾਲ ਸਿੰਘ ਦੇ ਧਿਆਨ ਵਿੱਚ ਲਿਆਂਦਾ ਗਿਆ।
ਜਿਸ ਉਪਰੰਤ ਯੂਪੀ ਸਿੱਖ ਮਿਸ਼ਨ ਵੱਲੋਂ ਸਖ਼ਤੀ ਨਾਲ ਕਾਰਵਾਈ ਕਰਦੇ ਹੋਏ ਇਸ ਦੀ ਸ਼ਿਕਾਇਤ ਉੱਤਰ ਪ੍ਰਦੇਸ਼ ਮਾਧਮਿਕ ਸਿੱਖਿਆ ਨਿਦੇਸ਼ਕ ਡਾ. ਮਹਿੰਦਰ ਸਿੰਘ ਅਤੇ ਯੂਪੀ ਸਰਕਾਰ ਦੇ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਸ. ਪਰਵਿੰਦਰ ਸਿੰਘ ਜੀ ਪਾਸ ਕੀਤੀ ਗਈ। ਸ. ਪਰਵਿੰਦਰ ਸਿੰਘ ਦੁਆਰਾ ਤੁਰੰਤ ਕਾਰਵਾਈ ਕਰਦਿਆਂ ਸਬੰਧਤ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ। ਭਵਿੱਖ ਵਿੱਚ ਅਜਿਹੀ ਘਟਨਾ ਨਾ ਵਾਪਰੇ ਨੂੰ ਮੁੱਖ ਰੱਖਦਿਆਂ ਕਾਰਵਾਈ ਕਰਦੇ ਹੋਏ ਸਿੱਖ ਬੱਚੇ ਸ. ਸਰਬਜੀਤ ਸਿੰਘ ਨੂੰ ਸਨਮਾਨ ਸਹਿਤ ਸਮੇਤ ਕਿਰਪਾਨ ਪ੍ਰੀਖਿਆ ਵਿੱਚ ਬਿਠਾਇਆ ਗਿਆ।
ਸਬੰਧਤ ਸਕੂਲ ਪ੍ਰਿੰਸੀਪਲ ਸ੍ਰੀ ਪ੍ਰੇਮ ਚੰਦ ਦੁਆਰਾ ਇਸ ਘਟਨਾ ਪੁਰ ਸਟਾਫ਼ ਨੂੰ ਇਸ ਸਬੰਧੀ ਜਾਣਕਾਰੀ ਨਾ ਹੋਣ ਦਾ ਜ਼ਿਕਰ ਕਰਦਿਆਂ ਖੇਦ ਵਿਅਕਤ ਕਰਦੇ ਹੋਏ ਮੁਆਫ਼ੀ ਮੰਗੀ ਅਤੇ ਭਵਿੱਖ ਵਿਚ ਕਦੇ ਵੀ ਅਜਿਹੀ ਘਟਨਾ ਨਾ ਹੋਣ ਦੇਣ ਦਾ ਵਿਸ਼ਵਾਸ ਦਿਵਾਇਆ। ਸਬੰਧਤ ਪਰਿਵਾਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉੱਤਰ ਪ੍ਰਦੇਸ਼ ਸਿੱਖ ਮਿਸ਼ਨ ਹਾਪੁੜ ਦੁਆਰਾ ਤੁਰੰਤ ਕਾਰਵਾਈ ਕਰਨ ਲਈ ਧੰਨਵਾਦ ਕੀਤਾ ਗਿਆ।
ਉੱਤਰ ਪ੍ਰਦੇਸ਼ – ਸਿੱਖ ਬੱਚੇ ਦੀ ਕਿਰਪਾਨ ਉਤਰਵਾਉਣ ਵਾਲੇ ਪ੍ਰਿੰਸੀਪਲ ਨੇ ਮੰਗੀ ਮੁਆਫੀ
ਪੂਰੀ ਖਬਰ – https://punjabspectrum.news/?p=302