Breaking News

ਡਿਬਰੂਗੜ੍ਹ ਜੇਲ੍ਹ ਅਤੇ ਅੰਮ੍ਰਿਤਸਰ ਮੋਰਚੇ ‘ਤੇ ਬੈਠੇ ਜੀਆਂ ਨੂੰ ਬਚਾਉਣ ਦੀ ਲੋੜ

ਭਾਈ ਕੁਲਵੰਤ ਸਿੰਘ ਰਾਊਕੇ ਅਤੇ ਭਾਈ ਗੁਰਮੀਤ ਸਿੰਘ ਬੁੱਕਣਵਾਲਾ ਤੋਂ ਬਾਅਦ ਡਿਬਰੂਗੜ੍ਹ ਜੇਲ੍ਹ ਦੇ ਨਜ਼ਰਬੰਦ ਭਾਈ ਪਪਲਪ੍ਰੀਤ ਸਿੰਘ ਦੀ ਹਾਲਤ ਤੇਜੀ ਨਾਲ ਵਿਗੜ ਰਹੀ ਹੈ। ਉਨ੍ਹਾਂ ਦਾ ਭਾਰ ਬਹੁਤ ਤੇਜ਼ੀ ਨਾਲ ਘੱਟ ਰਿਹਾ ਹੈ, ਜਿਸ ਕਾਰਨ ਡਾਕਟਰ ਤੁਰੰਤ ਹਸਪਤਾਲ ਵਿਚ ਦਾਖਲ ਹੋਣ ਲਈ ਦਬਾਅ ਪਾ ਰਹੇ ਹਨ।

ਮਗਰ ਅੰਮ੍ਰਿਤਸਰ ਮੋਰਚੇ ‘ਤੇ ਬੈਠੇ ਪਰਿਵਾਰਕ ਜੀਆਂ ਦੀ ਹਾਲਤ ਵੀ ਖਰਾਬ ਹੋਈ ਜਾਂਦੀ ਹੈ, ਕੁਝ ਨੂੰ ਡਾਕਟਰੀ ਸਹਾਇਤਾ ਦੇਣੀ ਪਈ ਹੈ।

ਗੱਲ ਚਾਹੇ ਸ਼ੰਭੂ-ਖਨੌਰੀ ਬੈਠੇ ਕਿਸਾਨਾਂ ਦੀ ਕਰ ਲਓ ਤੇ ਚਾਹੇ ਡਿਬਰੂਗੜ੍ਹ ਜੇਲ੍ਹ ਜਾਂ ਅੰਮ੍ਰਿਤਸਰ ਮੋਰਚੇ ਦੀ, ਭਾਜਪਾ ਤੇ ਭਗਵੰਤ ਨੂੰ ਕੋਈ ਪਰਵਾਹ ਨਹੀਂ। ਲੋਕ ਸਭਾ ਚੋਣਾਂ ਹੋਣ ਕਾਰਨ ਉਹ ਬਹੁਤੀ ਪਰਵਾਹ ਨਹੀਂ ਕਰ ਰਹੇ। ਜੇ ਕੋਈ ਮੰਗ ਮੰਨਦੇ ਹਨ ਤਾਂ ਬਹੁਗਿਣਤੀ ਅੱਗੇ ਪ੍ਰਭਾਵ ਜਾਂਦਾ ਕਿ ਝੁਕ ਗਏ ਤੇ ਉਹ “ਅਸੀਂ ਨਹੀਂ ਝੁਕਦੇ” ਵਾਲਾ ਪ੍ਰਭਾਵ ਦੇ ਕੇ ਵੱਧ ਵੋਟਾਂ ਹਾਸਲ ਕਰਨੀਆਂ ਚਾਹੁੰਦੇ ਹਨ।

ਉਹ ਜਾਣਦੇ ਹਨ ਕਿ ਨਾ ਤਾਂ ਸਿੱਖ ਜਥੇਬੰਦੀਆਂ ਇਕੱਠੀਆਂ ਹਨ ਤੇ ਨਾ ਹੀ ਸਿੱਖ, ਇਸ ਲਈ ਜੇ ਉਹ ਮੰਗਾਂ ਨਹੀਂ ਵੀ ਮੰਨਦੇ ਤਾਂ ਸਿੱਖ ਉਨ੍ਹਾਂ ਦਾ ਕੋਈ ਵੀ ਸਿਆਸੀ ਨੁਕਸਾਨ ਕਰਨ ਦੀ ਸਮਰੱਥਾ ‘ਚ ਨਹੀਂ।
ਵਿਰੋਧੀ ਚਾਹੇ ਅਕਾਲੀ ਹਨ ਜਾਂ ਕਾਂਗਰਸੀ, ਉਹ ਇਹ ਉਡੀਕ ਰਹੇ ਕਿ ਕੋਈ ਮਰੇ ਤੇ ਫੇਰ ਅਸੀਂ ਉਸ ‘ਤੇ ਚਾਰ ਦਿਨ ਸਿਆਸਤ ਕਰੀਏ।

ਸਿੱਖਾਂ ਦੀ ਧਾਰਮਿਕ ਲੀਡਰਸ਼ਿਪ ਸਿਆਸੀ ਜਮਾਤ ਦਾ ਇਸ਼ਾਰਾ ਉਡੀਕ ਰਹੀ। ਹੋਰ ਜਥੇਬੰਦੀਆਂ ਆਪੋ-ਆਪਣਾ ਰਾਗ ਅਲਾਪ ਰਹੀਆਂ। ਮੂੰਹ ਦਿਖਾਉਣ ਸਾਰੇ ਜਾ ਰਹੇ ਪਰ ਅੱਡੀ ਗੱਡ ਕੇ ਸਾਥ ਦੇਣ ਵਾਲਾ ਕੋਈ ਨਹੀਂ ਦਿਸ ਰਿਹਾ।

ਪੰਜਾਬ ‘ਚ ਵਸਦੇ ਸੱਠ ਫੀਸਦੀ ਸਿੱਖ ਸਿਆਸੀ ਤੌਰ ‘ਤੇ ਏਨੇ ਨਿਤਾਣੇ ਕਦੇ ਵੀ ਨਹੀਂ ਸੀ ਹੋਏ, ਜਿੰਨੇ ਹੁਣ ਹਨ। ਗਿਣਤੀ ਹੈ, ਪਰ ਕੋਈ ਪ੍ਰਭਾਵ ਨਹੀਂ ਪਾ ਰਹੇ।

ਇਕੱਠ ਤੋਂ ਬਿਨਾ ਸਿਰ ਜੁੱਤੀਆਂ ਹੀ ਜੁੱਤੀਆਂ ਹਨ ਪਰ ਇਹ ਗੱਲ ਸਮਝ ਹੀ ਨਹੀਂ ਰਹੇ।

ਅਜਿਹੇ ਸਮੇਂ ਡਿਬਰੂਗੜ੍ਹ ਜੇਲ੍ਹ ਦੇ ਨਜ਼ਰਬੰਦਾਂ ਅਤੇ ਪਿੱਛੇ ਮੋਰਚਾ ਲਾਈ ਬੈਠੇ ਪਰਿਵਾਰਕ ਜੀਆਂ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ। ਆਖਰ ਸਾਡੇ ਕੋਲ ਹਨ ਹੀ ਕਿੰਨੇ, ਜਿਹੜੇ ਨੰਗੇ ਧੜ ਕੌਮ ਲਈ ਕੁਝ ਕਰ ਸਕਣ ਦਾ ਮਾਦਾ ਰੱਖਦੇ ਹੋਣ?

ਅਜਿਹੇ ਸਮੇਂ ਪੰਥ-ਦਰਦੀ ਪੰਜ ਸਿੰਘ ਸਾਹਿਬਾਨ ਦੇ ਰੂਪ ਵਿੱਚ ਡਿਬਰੂਗੜ੍ਹ ਜੇਲ੍ਹ ਦੇ ਨਜ਼ਰਬੰਦਾਂ ਅਤੇ ਪਿੱਛੇ ਮੋਰਚਾ ਲਾਈ ਬੈਠੇ ਪਰਿਵਾਰਕ ਜੀਆਂ ਨੂੰ ਆਦੇਸ਼ ਦੇਣ ਕਿ ਉਹ ਭੁੱਖ ਹੜਤਾਲ ਤੁਰੰਤ ਖਤਮ ਕਰਨ।
ਇਹ ਜੰਗ ਬਹੁਤ ਲੰਮੇਰੀ ਹੈ ਤੇ ਸਾਡੇ ਲਈ ਇਹ ਕੁਰਬਾਨੀ ਦਾ ਮਾਦਾ ਰੱਖਣ ਵਾਲੇ ਜੀਆਂ ਦੀ ਜ਼ਿੰਦਗੀ ਸ਼ਹਾਦਤ ਨਾਲੋਂ ਕਿਤੇ ਵੱਧ ਕੀਮਤੀ ਹੈ।

*ਇਹ ਮੇਰੇ ਨਿੱਜੀ ਵਿਚਾਰ ਹਨ, ਕਿਸੇ ਦਾ ਸਹਿਮਤ/ਅਸਹਿਮਤ ਹੋਣਾ ਜ਼ਰੂਰੀ ਨਹੀਂ ਜੀ।

-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ


ਸਤਵੰਤ ਸਿੰਘ ਗਰੇਵਾਲ ਨੇ ਲਿਖਿਆ

ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
ਸਾਧ ਸੰਗਤ ਜੀ, ਡਿਬਰੂਗੜ੍ਹ ਜੇਲ੍ਹ ਤੋਂ ਖ਼ਬਰ ਆ ਰਹੀ ਹੈ ਕਿ ਭਾਈ ਪਪਲਪ੍ਰੀਤ ਸਿੰਘ ਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਹੈ। ਪਿਛਲੇ 21 ਤੋਂ ਭੁੱਖ ਹੜਤਾਲ ‘ਤੇ ਹੋਣ ਕਾਰਨ, ਉਨ੍ਹਾਂ ਦਾ ਭਾਰ ਬਹੁਤ ਤੇਜ਼ੀ ਨਾਲ ਘੱਟ ਰਿਹਾ ਹੈ, ਜਿਸ ਕਾਰਨ ਡਾਕਟਰਾਂ ਨੇ ਤੁਰੰਤ ਹਸਪਤਾਲ ਵਿਚ ਦਾਖਲ ਹੋਣ ਲਈ ਕਿਹਾ ਹੈ। ਪਰ, ਭਾਈ ਪਪਲਪ੍ਰੀਤ ਸਿੰਘ ਨੇ ਕਿਸੇ ਵੀ ਤਰ੍ਹਾਂ ਦੀ ਡਾਕਟਰੀ ਸਹਾਇਤਾ ਲੈਣ ਤੋੰ ਮਨਾਂ ਕਰ ਦਿੱਤਾ ਹੈ।
ਇਸ ਵੇਲੇ ਸਮੁੱਚੇ ਪੰਥ ਨੂੰ ਲੋੜ ਹੈ ਇਕੱਠੇ ਹੋਣ ਦੀ। ਸਾਰੀ ਸਿੱਖ ਸੰਗਤ ਨੂੰ ਅਤੇ ਸਮੁੱਚੀਆ ਜਥੇਬੰਦੀਆਂ ਨੁੰ ਬੇਨਤੀ ਹੈ ਕਿ ਇਹੀ ਵੇਲਾ ਹੈ, ਸਾਡੇ ਸਿੰਘਾਂ ਨਾਲ ਖਲੋਣ ਦਾ।

ਸਾਡੀ ਇਹ ਭੈੜੀ ਆਦਤ ਬਣ ਗਈ ਹੈ ਕਿ ਅਸੀਂ ਜਿਊਂਦੇ ਜੀਅ ਸਾਡੇ ਯੋਧਿਆਂ ਦੀ ਕਦਰ ਨਹੀਂ ਕਰਦੇ। ਭਾਈ ਪਪਲਪ੍ਰੀਤ ਸਿੰਘ ਜੋ ਕਿ ਤਕਰੀਬਨ 2004-5 ਤੋਂ ਕੌਮ ਦੀ ਅਣਥੱਕ ਸੇਵਾ ਨਿਭਾ ਰਹੇ ਹਨ। ਅੱਜ ਉਨ੍ਹਾਂ ਨੂੰ ਅਤੇ ਸਾਰੇ ਸਿੰਘਾਂ ਨੁੰ ਸਾਡੇ ਸਾਥ ਦੀ ਲੋੜ ਹੈ। ਇਹ ਸਭ ਕਿਸੇ ਨਿੱਜੀ ਸੁਆਰਥ ਲਈ ਨਹੀਂ ਗਏ, ਇਹ ਸਾਡੇ ਹੱਕਾਂ ਲਈ ਜੂਝ ਰਹੇ ਹਨ। ਅੱਜ ਜਦੋਂ ਅਸੀਂ ਰੋਟੀ ਦੀ ਬੁਰਕੀ ਤੋੜ ਕੇ ਮੂੰਹ ‘ਚ ਪਾਉਨੇ ਆਂ ਤਾਂ ਸਾਨੂੰ ਯਾਦ ਰਵ੍ਹੇ ਕਿ ਸਾਡੇ ਪਿਆਰੇ ਸਿੰਘ ਪਿਛਲੇ 21 ਦਿਨਾਂ ਤੋਂ ਭੁੱਖੇ-ਭਾਣੇ ਬੈਠੇ ਹਨ। ਆਪੋ-ਆਪਣੇ ਪਰਿਵਾਰ ਨਿੱਕੇ ਨਿੱਕੇ ਬਾਲ ਸਾਡੇ ਕਰਕੇ ਛੱਡ ਕੇ ਬੈਠੇ ਹਨ।
ਸਾਨੂੰ ਲੋੜ ਹੈ ਕਿ ਵੱਧ ਤੋਂ ਵੱਧ ਮੋਰਚੇ ਵਿਚ ਸ਼ਿਰਕਤ ਕਰੀਏ। ਸਾਡੇ ਸਿੰਘਾਂ ਦੀ ਸੁੱਖ-ਸਾਂਦ ਅੱਜ ਪੰਜਾਬ ਦੇ ਹੱਥ ਹੈ।