Breaking News

ਭਾਈ ਅੰਮ੍ਰਿਤਪਾਲ ਸਿੰਘ ਖਤਮ ਕਰਨਗੇ ਭੁੱਖ ਹੜਤਾਲ?

17 ਮਾਰਚ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਇਕੱਠ ਵਿੱਚ ਪੰਜ ਮੈਂਬਰੀ ਕਮੇਟੀ ਸਾਹਮਣੇ ਰੱਖੇ ਗਏ ਮਤੇ।

1. ਸਿੱਖਾਂ ਦੇ ਸਿਰਮੌਰ ਤਖਤ ਸ੍ਰੀ ਅਕਾਲ ਤਖਤ ਸਾਹਿਬ ਅਤੇ ਸੰਸਥਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਵਾਰ ਵਾਰ ਮੰਗ ਕਰਨ ਅਤੇ ਦਿੱਤੇ ਅਲਟੀਮੇਟਮ ਅਨੁਸਾਰ ਵੀ ਭਾਰਤੀ ਸਰਕਾਰ ਅਤੇ ਇਸਦੇ ਸੂਬੇਦਾਰ ਭਗਵੰਤ ਮਾਨ ਦਾ ਰਵੱਈਆ ਹੁਣ ਤੱਕ ਅਤਿ ਨਿੰਦਣਯੋਗ ਰਿਹਾ ਹੈ। ਪੰਜਾਬ ਅਤੇ ਭਾਰਤੀ ਸਰਕਾਰ ਨੇ ਇਸ ਤਰੀਕੇ ਸਿੱਖ ਸੰਸਥਾਵਾਂ ਵੱਲੋਂ ਗੱਲਬਾਤ ਕਰਨ ਦੀ ਪੇਸ਼ਕਸ਼ ਨੂੰ ਨਜ਼ਰਅੰਦਾਜ ਕਰ ਸਾਡੀਆਂ ਇਹਨਾਂ ਸਤਿਕਾਰਯੋਗ ਸੰਸਥਾਵਾਂ ਦੇ ਅਦਬ ਨੂੰ ਢਾਹ ਲਾਈ ਹੈ। ਗੁਰੂਘਰ ਦੀ ਮਾਣ ਮਰਿਯਾਦਾ ਨੂੰ ਮੁੱਖ ਰੱਖਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੀ ਹੁਕਮ ਅਦੂਲੀ ਕਰਨ ਦੀ ਹੱਤਕ ਕਰਨ ਵਾਲੀਆਂ ਇਹਨਾਂ ਹੰਕਾਰੀ ਸਰਕਾਰਾਂ ਨੂੰ ਜਵਾਬ ਦੇਣ ਲਈ ਅਤੇ ਤਖਤ ਸਾਹਿਬ ਦੀ ਰਿਆਸਤ ਅਤੇ ਅਦਬ ਨੂੰ ਮੁੜ ਬਹਾਲ ਕਰਨ ਲਈ ਸਿੱਖ ਸੰਗਤਾਂ ਸ੍ਰੀ ਅਕਾਲ ਤਖਤ ਸਾਹਿਬ ਅਤੇ ਸਮੂਹ ਬੰਦੀ ਸਿੰਘਾ ਦੀ ਰਿਹਾਈ ਦੇ ਸੰਘਰਸ਼ ‘ਚ ਵੱਧ ਚੜਕੇ ਯੋਗਦਾਨ ਪਾਓਣ।

2. ਲੋਕਤੰਤਰ ਦੇ ਮਖੌਟੇ ਵਿੱਚ ਹੋਣ ਜਾ ਰਹੀਆਂ ਆਉਣ ਵਾਲੀਆਂ ਚੋਣਾ ਵਿੱਚ ਹਰ ਸਿੱਖ ਉਮੀਦਵਾਰ ਭਾਂਵੇ ਓ ਕਿਸੇ ਵੀ ਪਾਰਟੀ ਨਾਲ ਸਬੰਧ ਰੱਖਦਾ ਹੋਵੇ ਆਪਣੀ ਜੁੰਮੇਵਾਰੀ, ਅਤੇ ਗੈਰ ਸਿੱਖ ਉਮੀਦਵਾਰ ਆਪਣਾ ਫਰਜ ਸਮਝਕੇ ਸਮੂਹ ਬੰਦੀ ਸਿੰਘ ਦੀ ਰਿਹਾਈ ਨੂੰ ਆਪਣਾ ਮੁੱਖ ਚੋਣ ਮੁੱਦਾ ਬਣਾਓਣ। ਜੋ ਵੀ ਉਮੀਦਵਾਰ ਇਹਨਾਂ ਮੁੱਦਿਆਂ ਨੂੰ ਆਪਣਾ ਚੋਣ ਮਨੋਰਥ ਨਾਂ ਬਣਾਵੇ, ਸਿੱਖ ਸੰਗਤਾਂ ਓਸ ਉਮੀਦਵਾਰ ਦਾ ਪੂਰਨ ਬਾਈਕਾਟ ਕਰਨ।

3. ਇਹ ਇਕੱਠ ਮੰਗ ਕਰਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਹੁਣਾ ਵੱਲੋਂ ਬਣਾਈ ਕਮੇਟੀ ਸਮੂਹ ਬੰਦੀ ਸਿੰਘਾ ਦੀ ਰਿਹਾਈ ਹੋਣ ਤੱਕ ਸੰਘਰਸ਼ ਜਾਰੀ ਰੱਖੇ। ਜਿਸ ਵਿੱਚ ਮੁੱਖ ਤੌਰ ਤੇ ਸਿੱਖ ਸੰਘਰਸ਼ ਦੇ ਸਮੂਹ ਬੰਦੀ ਸਿੰਘਾ ਦੀ ਰਿਹਾਈ ਅਤੇ ਵਿਸ਼ੇਸ਼ ਤੌਰ ਤੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ, ਭਾਈ ਰਾਜੋਆਣਾ ਦੀ ਫਾਂਸੀ ਖਤਮ ਕਰਕੇ ਓਹਨਾਂ ਨੂੰ ਤੁਰੰਤ ਰਿਹਾਅ ਕਰਨਾ, ਅੰਮ੍ਰਿਤਸਰ ਅਤੇ ਪੰਜਾਬ ਦੀਆਂ ਵੱਖ ਵੱਖ ਜੇਲ੍ਹਾਂ ਵਿੱਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਦੀ ਤੁਰੰਤ ਰਿਹਾਈ ਅਤੇ ਅਸਾਮ ਦੀ ਦਿਬਰੂਗੜ੍ਹ ਜੇਲ੍ਹ ਵਿੱਚ NSA ਅਧੀਨ ਬੰਦੀ ਬਣਾਏ ਸਮੂਹ ਸਿੰਘਾ ਨੂੰ ਪੰਜਾਬ ਦੀਆਂ ਜੇਲ੍ਹਾਂ ਵਿੱਚ ਤਬਦੀਲ ਕਰ ਅਤੇ ਓਹਨਾਂ ਦੀ ਗ੍ਰਿਫਤਾਰੀ ਪਾ ਜਮਾਨਤਾਂ ਤੇ ਰਿਹਾਅ ਕੀਤਾ ਜਾਣਾ ਮੁੱਖ ਮੁੱਦਿਆਂ ਵਿੱਚ ਹੋਵੇ।

4. ਇਹ ਇਕੱਠ ਮੰਗ ਕਰਦਾ ਹੈ ਕਿ ਸਮੂਹ ਬੰਦੀ ਸਿੰਘਾ ਦੀ ਰਿਹਾਈ ਲਈ ਅਪ੍ਰੈਲ ਵਿੱਚ ‘ਬੰਦੀ ਛੋੜ ਅਰਦਾਸ ਮਾਰਚ’ ਦਮਦਮਾ ਸਾਹਿਬ, ਆਨੰਦਪੁਰ ਸਾਹਿਬ ਅਤੇ ਫਤਿਹਗੜ੍ਹ ਸਾਹਿਬ ਤੋਂ ਰਵਾਨਾ ਹੋ ਸ੍ਰੀ ਅਕਾਲ ਤਖਤ ਸਾਹਿਬ ਪਹੁੰਚਣ। ਜਿੰਨਾ ਦੀ ਅਗਵਾਹੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਕਰਨ। ਸਮੂਹ ਬੰਦੀ ਸਿੰਘਾ ਦੇ ਪਰਿਵਾਰ ਅਤੇ ਸਿੱਖ ਸੰਗਤਾਂ ਵੱਧ ਚੜ੍ਹਕੇ ਇਹਨਾਂ ਮਾਰਚਾਂ ਦਾ ਹਿੱਸਾ ਬਣਨ। ਇਸ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੁਰੰਤ ਫੈਸਲਾ ਲਵੇ।

5. ਇਹ ਇਕੱਠ ਮੰਗ ਕਰਦਾ ਹੈ ਕਿ ਬੰਦੀ ਸਿੰਘਾ ਦੇ ਪਰਿਵਾਰਾਂ ਵੱਲੋਂ ਜੋ ਮੋਰਚਾ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਲਾਇਆ ਗਿਆ ਹੈ ਅਤੇ ਜੋ ਭੁੱਖ ਹੜਤਾਲ ਇਹਨਾਂ ਵੱਲੋਂ ਚੱਲ ਰਹੀ ਹੈ ਅਤੇ ਜੋ ਭੁੱਖ ਹੜਤਾਲ ਦਿਬੜੂਗੜ੍ਹ ਜੇਲ੍ਹ ’ਚ ਚੱਲ ਰਹੀ ਹੈ ਉਸ ਵਾਰੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਪੰਜ ਪਿਆਰੇ ਇਸ ਸੰਘਰਸ਼ ਦੇ ਭਵਿੱਖਤ ਰੂਪ ਵਾਰੇ ਫੈਸਲਾ ਲੈਣ।

6. ਸਰਕਾਰੀ ਸਾਜ਼ਿਸ਼ ਤਹਿਤ 1993-94 ਤੋਂ ਬਾਅਦ ਸਿੱਖ ਨੌਜਵਾਨੀ ਨੂੰ ਨਸ਼ਿਆਂ ‘ਚ ਲਾਓਣ ਅਤੇ ਪਤਿਤਪੁਣੇ ਵੱਲ ਵਧਾਉਣ ਖਿਲਾਫ ਲੜਨ ਲਈ ਭਾਈ ਅੰਮ੍ਰਿਤਪਾਲ ਸਿੰਘ ਨੇ ਉੱਦਮ ਕੀਤਾ ਸੀ। ਸਿੱਖ ਸੰਗਤਾਂ ਇਸ ਗੱਲ ਤੋਂ ਚਿੰਤਾਜਨਕ ਹਨ ਕਿ ਓਹਨਾਂ ਨੂੰ ਸਾਜ਼ਿਸ਼ ਅਧੀਨ ਜੇਲ੍ਹ ਵਿੱਚ ਖਤਮ ਕੀਤਾ ਜਾ ਸਕਦਾ ਹੈ। ਭਾਈ ਅੰਮ੍ਰਿਤਪਾਲ ਸਿੰਘ ਦੀ ਸੁਰੱਖਿਆ ਯਕੀਨੀ ਬਣਾਓਣ ਲਈ ਅਤੇ ਓਹਨਾਂ ਸਮੇਤ ਬਾਕੀ ਦੇ ਬੰਦੀ ਸਿੰਘਾ ਦੀ ਭੁੱਖ ਹੜਤਾਲ ਖਤਮ ਕਰਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਿੰਘ ਸਾਹਿਬ ਜਲਦ ਕੋਈ ਫੈਸਲਾ ਲੈਣ।

7. ਇਸ ਇਕੱਠ ‘ਚ ਪਹੁੰਚ ਰਹੇ ਬੁਲਾਰਿਆਂ ਨੂੰ ਘਰਾਂ ‘ਚ ਕੈਦ ਕਰਨਾ, ਰਾਹਾਂ ‘ਚ ਰੋਕ ਓਹਨਾਂ ਨਾਲ ਧੱਕੇਸ਼ਾਹੀ ਕਰਨੀ ਅਤੇ ਪੱਗਾਂ ਲਾਹੁਣੀਆਂ, ਸਰਕਾਰੀ ਜਬਰ ਅਤੇ ਸਿੱਖ ਹੱਕਾਂ ਦੀ ਗੱਲ ਕਰਨ ਵਾਲੇ ਸਿੱਖਾਂ ਦੇ ਸੋਸ਼ਲ ਖਾਤੇ ਬੈਨ ਕਰਨੇ ਸਰਕਾਰ ਵੱਲੋਂ ਲੋਕਤੰਤਰ ਦੇ ਮਖੌਟੇ ਹੇਠ ਸ਼ਰੇਆਮ ਧੱਕੇਸ਼ਾਹੀ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੱਖ ਸੰਗਤਾਂ ਨਾਲ ਸਹਿਯੋਗ ਕਰਦਿਆਂ ਇਸ ਧੱਕੇਸ਼ਾਹੀ ਖਿਲਾਫ ਅਵਾਜ ਬੁਲੰਦ ਕਰਨ।

ਕਹਿੰਦੇ ਮਤੇ ਠੰਡੇ ਸਨ, ਕੋਈ ਠੋਸ ਐਲਾਨ ਨਹੀ ਕੀਤਾ। ਕੌਣ ਕਰੇ ਠੋਸ ਐਲਾਨ? ਅੰਮ੍ਰਿਤਪਾਲ ਸਿੰਘ ਦੇ ਬਜ਼ੁਰਗ ਮਾਤਾ ਪਿਤਾ ਕਰਨ? ਜੋ ਅੰਮ੍ਰਿਤਪਾਲ ਸਿੰਘ ਸਾਡੀ ਲੜਾਈ ਲੜਨ ਲਈ ਆਪਣਾ ਆਪ ਤੇ ਆਪਣਾ ਪਰਿਵਾਰ ਦਾਅ ਤੇ ਲਾਕੇ ਪੰਜਾਬ ਚਲਾ ਗਿਆ? ਕੀਹਦੇ ਸਹਾਰੇ ਲੜਨ ਅੰਮ੍ਰਿਤਪਾਲ ਸਿੰਘ ਅਤੇ ਹੋਰ ਬੰਦੀ ਸਿੰਘਾ ਦੇ ਮਾਤਾ ਪਿਤਾ? ਹਰੇਕ ਦਾ ਸਾਥ ਵਿਖਾਵੇ ਦੇ ਤੌਰ ਤੇ ਏ। ਕਿਸੇ ਜਥੇਬੰਦੀ ਜਾਂ ਸੰਪਰਦਾ ਦਾ ਬੂਹਾ ਖੜਕਾਓਣਗੇ ਤਾਂ ਅਗਲੇ ਕਹਿ ਦੇਣਗੇ ਕਿ ਅਸੀਂ ਨਹੀ ਤੁਰ ਸਕਦੇ ਨਾਲ। ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਸਿਰਫ ਦੋ ਐਸੀਆਂ ਸੰਸਥਾਵਾਂ ਨੇ ਜਿੰਨਾ ਦਾ ਹਰ ਸਿੱਖ ਨਾਲ ਖੜਨਾ ਫਰਜ ਆ। ਬੱਸ ਏ ਦੋ ਹਨ ਜੋ ਇਹ ਗੱਲ ਨਹੀ ਕਹਿ ਸਕਦੇ। ਜੇਕਰ ਇਹ ਸੰਸਥਾਵਾਂ ਬਾਦਲਾਂ ਦੇ ਅਧੀਨ ਹਨ ਤੇ ਫਿਰ ਕੀ ਦਾਅਵਾ ਛੱਡ ਦਈਏ ਇਹਨਾਂ ਸੰਸਥਾਵਾਂ ਤੋਂ? ਕੀ ਇਹਨਾਂ ਸੰਸਥਾਵਾਂ ਨੂੰ ਇਹਨਾਂ ਦੇ ਫਰਜ ਯਾਦ ਕਰਾਓਣੇ ਬੰਦ ਕਰ ਦਈਏ?

ਜਿਹੜੇ ਆਪ ਹੁਣ ਤੱਕ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖਤ ਸਾਹਿਬ ਨੂੰ ਭੰਡਦੇ ਆਏ ਨੇ ਓ ਪਹਿਲਾਂ ਕਹਿੰਦੇ ਸੀ ਕਿ ਅੰਮ੍ਰਿਤਪਾਲ ਸਿੰਘ ਦੇ ਸਮਰਥਕ ਪੰਥ ਦੀਆਂ ਸਿਰਮੌਰ ਸੰਸਥਾਵਾਂ ਨੂੰ ਭੰਡਦੇ ਹਨ ਤੇ ਓਹਨਾਂ ਤੋਂ ਮਦਦ ਵੀ ਮੰਗਦੇ ਹਨ। ਜੇਕਰ ਭੰਡਣਾ ਫਿਰ ਮਦਦ ਕਿਓਂ ਮੰਗਦੇ ਨੇ?

ਫਿਰ ਕਹਿੰਦੇ ਪੰਥ ਦੀਆਂ ਸਿਰਮੌਰ ਸੰਸਥਾਵਾਂ 17 ਮਾਰਚ ਨੂੰ ਕੋਈ ਵੱਡਾ ਪ੍ਰੋਗਰਾਮ ਨਹੀ ਦੇ ਸਕੀਆਂ। ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਅਤੇ ਮਾਤਾ ਪਿਤਾ ਨੇ ਭੰਡਿਆ ਕਿਓਂ ਨਹੀ?
ਮਤਲਬ ਤੁਹਾਡੇ ਕੋਲ ਪੰਥ ਦੀਆਂ ਸਿਰਮੌਰ ਸੰਸਥਾਵਾਂ ਖਿਲਾਫ ਬੋਲਣ ਦਾ ਹੱਕ ਆ ਪਰ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਕੋਲ ਨਹੀ ? ਪੰਥ ਦੀਆਂ ਸਿਰਮੌਰ ਸੰਸਥਾਵਾਂ ਅੰਮ੍ਰਿਤਪਾਲ ਸਿੰਘ ਦਾ ਸਾਥ ਨਾ ਦੇਣ ਤਾਂ ਚੰਗੀਆਂ, ਪਰ ਦੇ ਦੇਣ ਤੇ ਮਾੜੀਆਂ! ਵਾਹ!

ਫਿਰ ਅਖੇ ਜੀ ਅੰਮ੍ਰਿਤਪਾਲ ਸਿੰਘ ਦੀ ਟਰੌਲ ਆਰਮੀ ਕਾਰਨ ਆ ਕਿ ਮੋਰਚੇ ‘ਚ ਇਕੱਠ ਨਹੀ ਹੋ ਰਿਹਾ। ਭਲਿਓ ਲੋਕੋ ਚੱਲਦੇ ਮੋਰਚਿਆਂ ‘ਚ ਇਕੱਠ ਏਨਾ ਕੁ ਹੀ ਹੁੰਦਾ। ਜਦੋਂ ਕਿਤੇ ਇੱਕ ਖਾਸ ਦਿਨ ਦਾ ਇਕੱਠ ਹੋਵੇ ਤਾਂ ਸੰਗਤ ਜੁੜਦੀ ਆ। 17 ਮਾਰਚ ਨੂੰ ਭਾਈ ਅੰਮ੍ਰਿਤਪਾਲ ਸਿੰਘ ਨੂੰ ਪਿਆਰ ਕਰਨ ਵਾਲੀ ਸਿੱਖ ਸੰਗਤ ਨੇ ਦਸ ਦਿੱਤਾ ਕਿ ਓਹਨਾਂ ਦਾ ਲੀਡਰ ਕੌਣ ਆ। ਅਤੇ ਸਿੱਖ ਸੰਗਤ ਭਾਈ ਸਾਹਬ ਨੂੰ ਕਿੰਨਾ ਪਿਆਰ ਕਰਦੀ ਆ। ਹਜਾਰਾਂ ਰੋਕਾਂ ਅਤੇ ਖੌਫ ਦੇ ਬਾਵਯੂਦ ਵੀ ਹਜਾਰਾਂ ਸਿੱਖਾਂ ਦਾ ਆਪ ਮੁਹਾਰਾ ਹੋਇਆ ਇਕੱਠ ਇਸ ਗੱਲ ਤੇ ਮੋਹਰ ਲਾ ਗਿਆ ਕਿ ਸਿੱਖ ਸੰਗਤ ਕਦੇ ਵੀ ਭਾਈ ਸਾਹਬ ਨੂੰ ਵਿਸਾਰ ਨਹੀ ਸਕਦੀ। ਹੁਣ ਸੋਸ਼ਲ ਮੀਡੀਆ ਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਨੂੰ ਮੋਰਚੇ ‘ਚ ਇਕੱਠ ਨਾ ਹੋਣ ਦਾ ਦੋਸ਼ ਦੇਣ ਵਾਲੇ ਇਕੱਠ ਹੋ ਜਾਣ ਦਾ ਸਿਹਰਾ ਭਾਈ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਨੂੰ ਦੇਣਗੇ? ਸੱਚਾਈ ਤਾਂ ਇਹ ਹੈ ਕਿ ਇਹ ਇਕੱਠ ਕਰਨ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੇ ਕਿਸੇ ਖਾਸ ਸਮਰਥਕਾਂ ਦਾ ਵੀ ਕੋਈ ਯੋਗਦਾਨ ਨਹੀ ਸੀ। ਕਿਉਕਿ ਹਰ ਸਿੱਖ ਨੇ ਆਪ ਮੁਹਾਰੇ ਪਹੁੰਚ ਕੇ ਇਸ ਗੱਲ ਦਾ ਸਬੂਤ ਦਿੱਤਾ ਕਿ ਓਹ ਭਾਈ ਅੰਮ੍ਰਿਤਪਾਲ ਸਿੰਘ ਦਾ ਸਮਰਥਕ ਹੈ। ਹੁਣ ਸਮਰਥਕਾਂ ਨੂੰ ਟਰੌਲ ਆਰਮੀ ਕਹਿ ਭੰਡਣ ਵਾਲੇ ਥੋੜੀ ਬਹੁਤ ਹਯਾ ਕਰਨ।

ਫਿਰ ਅਖੇ ਜੀ ਜਥੇਦਾਰ ਤੇ ਭਾਈ ਹਵਾਰਾ ਨੇ, ਅੰਮ੍ਰਿਤਪਾਲ ਦੇ ਮਾਤਾ ਪਿਤਾ ਬਾਦਲਾਂ ਦੇ ਜਥੇਦਾਰ ਕੋਲ ਕਿਓਂ ਚਲੇ ਗਏ? ਚਲੋ ਮੰਨਿਆ ਕਿ ਭਾਈ ਹਵਾਰਾ ਤਾਂ ਨਜਰਬੰਦ ਨੇ, ਪਰ ਕੀ 2015 ਵਾਲੇ ਸਰਬਤ ਖਾਲਸੇ ‘ਚ ਚੁਣੇ ਗਏ ਬਾਕੀ ਦੇ ਜਥੇਦਾਰ ਕਦੇ ਲੱਭੇ ਨੇ? ਮਾਤਾ ਪਿਤਾ ਕੀਹਦੇ ਕੋਲ ਜਾਣ? ਦਾਦੂਵਾਲ ਕੋਲ? ਧਿਆਨ ਸਿੰਘ ਮੰਡ ਕੋਲ? ਜਾਂ ਅਮਰੀਕ ਸਿੰਘ ਅਜਾਨਾਲੇ ਕੋਲ ਜੀਹਨੇ ਟਿੱਲ ਦਾ ਜੋਰ ਲਾ ਦਿੱਤਾ ਭਾਈ ਅੰਮ੍ਰਿਤਪਾਲ ਸਿੰਘ ਨੂੰ ਅੰਦਰ ਕਰਵਾਓਣ ਲਈ। (ਏ ਵੀ ਧਿਆਨ ‘ਚ ਰੱਖੋ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਮਗਰੋਂ ਜੋ ਸ੍ਰੀ ਦਰਬਾਰ ਸਾਹਿਬ ਨੇੜੇ ਨਿੱਕੇ ਮੋਟੇ ਬੰਬ ਧਮਾਕੇ ਹੋਏ ਸਨ ਓਸ ਵਿੱਚ ਅਮਰੀਕ ਸਿੰਘ ਅਜਨਾਲਾ ਦੇ ਬੰਦੇ ਫੜੇ ਗਏ ਸਨ, ਪਰ ਕੋਈ ਜਾਂਚ ਨਹੀ, ਕੋਈ ਪਰਚਾ ਨਹੀ ਤੇ ਨਾ ਹੀ ਕੋਈ NSA ਲੱਗਾ) ਸੋ ਸੰਗਤ ਦੱਸੇ ਕਿ ਬੰਦੀ ਸਿੰਘਾ ਦੇ ਮਾਪੇ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਿਨਾਂ ਕੀਹਦੇ ਕੋਲ ਜਾਣ ਮਦਦ ਲਈ?

ਕਹਿੰਦੇ ਜੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਸਿੱਖਾਂ ਦਾ ਇੱਕੋ ਇੱਕ ਰਾਜਸੀ ਅਤੇ ਧਾਰਮਿਕ ਲੀਡਰ ਕਿਓਂ ਕਹਿ ਦਿੱਤਾ! ਅਤੇ ਓਹ ਵੀ ਆਰ ਐਸ ਐਸ ਦੇ ਬੰਦੇ ਨੇ। ਦੱਸੋ, ਇਸ ਵਕਤ ਕੌਮ ਵਿੱਚ ਇੱਕਾ ਦੁੱਕਾ ਸਨਮਾਨਯੋਗ ਸਖਸ਼ੀਅਤਾਂ ਨੂੰ ਛੱਡ ਦਈਏ ਤਾਂ ਕੌਣ ਸਮਝੌਤਾਵਾਦੀ ਨਹੀ ? ਭਾਈ ਅੰਮ੍ਰਿਤਪਾਲ ਸਿੰਘ ਨੇ ਪੰਥ ਪੰਜਾਬ ਲਈ ਡੱਟਕੇ ਸਖਤ ਸਟੈਂਡ ਲਏ ਹਨ। ਫਿਰ ਇਹ ਗੱਲ ਕਹਿਣ ‘ਚ ਗਲਤ ਕੀ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਹਨ ਇੱਕ ਯੋਗ ਲੀਡਰ।
ਜੇਕਰ ਕਾਂਗਰਸ ਦੇ ਬੰਦੇ ਸਟੇਜ ਤੋਂ ਬੋਲ ਸਕਦੇ ਹਨ, ਸ਼੍ਰੋਮਣੀ ਅਕਾਲੀ ਦਲ ਦੇ ਬੋਲ ਸਕਦੇ ਹਨ, ਆਮ ਆਦਮੀ ਪਾਰਟੀ ਦੇ ਬੰਦੇ ਸਿੱਖ ਸਟੇਜਾਂ ਤੋਂ ਬੋਲ ਸਕਦੇ ਹਨ, ਤੇ ਕੀ ਆਰ ਐਸ ਐਸ ਕਾਂਗਰਸ, ਬਾਦਲਾਂ ਤੇ ਆਮ ਆਦਮੀ ਪਾਰਟੀ ਨਾਲੋਂ ਵੱਧ ਮਾੜੀ ਹੈ? ਇਹਨਾਂ ਵਿੱਚੋ ਕੀਹਨੇ ਕੌਮ ਦਾ ਘੱਟ ਘਾਣ ਕੀਤਾ?

ਆਖਰੀ ਗੱਲ ਠੋਸ ਪ੍ਰੋਗਰਾਮ ਦੇਣ ਵਾਲੀ। ਕੀ ਠੋਸ ਪ੍ਰੋਗਰਾਮ ਦੇਣ ਦੀ ਮੰਗ ਕਰਨ ਵਾਲੇ ਆਪ ਮੋਰਚੇ ਵਿੱਚ ਗਏ ਸਨ? ਜੇਕਰ ਨਹੀ ਗਏ ਤਾਂ ਹੁਣ ਚਲੇ ਜਾਣ, ਠੋਸ ਪ੍ਰੋਗਰਾਮ ਦੇਣ ਅਤੇ ਅੱਗੇ ਲੱਗਣ। ਸਿੱਖ ਸੰਗਤ ਡੱਟਕੇ ਸਾਥ ਦਿਊਗੀ। ਪਰ ਜੇਕਰ ਹਮਦਰਦ ਹੋਣ ਦੀ ਸਿਰਫ ਹਵਾ ਅਤੇ ਵਿਖਾਵਾ ਕਰਨਾ ਤਾਂ ਆਹ ਛੁਰਲੀਆਂ ਛੱਡਣੀਆਂ ਬੰਦ ਕਰੋ। ਬੰਦੀ ਸਿੰਘਾ ਦੇ ਮਾਪੇ ਜਿੰਨੇ ਜੋਗੇ ਹਨ ਓਹ ਆਪਣਾ ਕੌਮੀ ਕਾਰਜ ਕਰ ਰਹੇ ਹਨ। ਓਹਨਾਂ ਨੂੰ ਪੰਥ ਦੀਆਂ ਸਿਰਮੌਰ ਸੰਸਥਾਵਾਂ ਜਿੰਨਾ ਕੁ ਵੀ ਓਹਨਾਂ ਦਾ ਸਾਥ ਦੇ ਰਹੀਆਂ ਹਨ ਓਸ ਤੋਂ ਕੋਈ ਉਮੀਦ ਦਿੱਸਦੀ ਹੈ। ਜੇਕਰ ਤੁਹਾਡਾ ਕੋਈ ਖਾਸ ਪੰਥਕ ਲੀਡਰ ਓਹਨਾਂ ਨਾਲ ਅੱਗੇ ਲੱਗ ਕੇ ਤੁਰ ਸਕਦਾ ਤਾਂ ਲੈਕੇ ਆਓ, ਬੰਦੀ ਸਿੰਘਾ ਦੇ ਮਾਪੇ ਸ਼੍ਰੋਮਣੀ ਕਮੇਟੀ ਅਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲ ਵੇਖਣਾ ਛੱਡ ਤੁਹਾਡੇ ਲੀਡਰ ਪਿੱਛੇ ਤੁਰ ਪੈਣਗੇ।
ਦੱਸੋ ਕਦੋਂ ਦੇਣਾ ਤੁਸੀ ਅਤੇ ਤੁਹਾਡੇ ਲੀਡਰਾਂ ਨੇ ਠੋਸ ਪ੍ਰੋਗਰਾਮ?

— ਡਾ: ਧਰਮਜੀਤ ਸਿੰਘ ਬਾਗੀ