Breaking News

RSS ਵੱਲੋਂ ਕਿਸਾਨ ਅੰਦੋਲਨ ਦੀ ਤੁਲਨਾ

RSS ਵੱਲੋਂ ਕਿਸਾਨ ਅੰਦੋਲਨ ਦੀ ਤੁਲਨਾ ਅੱਤਵਾਦ ਨਾਲ ਕਰਕੇ ਸਿੱਖ ਕਿਸਾਨਾਂ ਖਿਲਾਫ ਉਗਲੀ ਜ਼ਹਿਰ ਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਤਾਂ ਇਤਰਾਜ਼ ਜਤਾ ਦਿੱਤਾ ਹੈ ਪਰ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਹਾਲੇ ਤੱਕ ਚੁੱਪ ਨੇ।

ਸ਼੍ਰੋਮਣੀ ਕਮੇਟੀ ਕੋਲ ਚੰਗਾ ਮੌਕਾ ਹੈ ਸੰਘ ਨੂੰ ਜਵਾਬ ਦੇਣ ਦਾ ਤੇ ਨਾਲ ਹੀ ਇਹ ਪੁੱਛਣ ਦਾ ਕਿ ਉਹ ਬਲਾਤਕਾਰੀ, ਕਾਤਲ ਅਤੇ ਅੱਤਵਾਦੀ ਕਾਰਵਾਈਆਂ ਕਰਾਉਣ ਵਾਲੇ ਸੌਦਾ ਸਾਧ ਨੂੰ ਹਮਾਇਤ ਕਿਉਂ ਦੇ ਰਹੇ ਨੇ?

ਹਿੰਸਕ ਅੰਦੋਲਨ ਕਿਹੜਾ, ਕਿਸਾਨਾਂ ਦਾ ਜਾਂ ਸੰਘੀਆਂ ਦਾ ?

ਗੋਦੀ ਮੀਡੀਆ ਸਮੇਤ ਹਿੰਦੂਤਵੀ ਪ੍ਰਚਾਰ ਤੰਤਰ ਨੇ ਕਿਸਾਨ ਅੰਦੋਲਨ ਨੂੰ ਲਗਾਤਾਰ ਹਿੰਸਕ ਪ੍ਰਚਾਰਿਆ ਤੇ ਹੁਣ ਖੁਦ RSS ਨੇ ਇਸ ਨੂੰ ਵੱਖਵਾਦੀ ਕਹਿਣ ਤੋਂ ਵੀ ਅਗਾਂਹ ਜਾਂਦਿਆਂ ਅੱਤਵਾਦ ਨਾਲ ਜੋੜਿਆ ਹੈ। ਇਸਦਾ ਮਕਸਦ ਕਿਸਾਨਾਂ ‘ਤੇ ਸਰਕਾਰੀ ਹਿੰਸਾ ਨੂੰ ਜਾਇਜ਼ ਠਹਿਰਾਉਣਾ ਤੇ ਚੋਣਾਂ ਦੌਰਾਨ ਧਰੁਵੀਕਰਨ ਦੇ ਮਕਸਦ ਨਾਲ ਪੰਜਾਬ ਤੇ ਸਿੱਖਾਂ ਖਿਲਾਫ ਜ਼ਹਿਰ ਫੈਲਾਉਣਾ ਹੈ।

ਪਿਛਲਾ ਤੇ ਹੁਣ ਵਾਲਾ ਕਿਸਾਨ ਅੰਦੋਲਨ ਬਿਲਕੁਲ ਸ਼ਾਂਤਮਈ ਸਨ ਤੇ ਇਹ ਕਿਸਾਨ ਸਨ, ਜਿਨਾਂ ਨੇ ਸਰਕਾਰੀ ਅਤੇ ਹਿੰਦੂਤਵੀ ਹਿੰਸਾ ਦਾ ਸਾਹਮਣਾ ਕੀਤਾ। ਪਹਿਲੇ ਕਿਸਾਨ ਅੰਦੋਲਨ ਦੌਰਾਨ ਇੱਕ ਹਿੰਦੂਤਵੀ ਸੰਗਠਨ ਨੇ 26 ਜਨਵਰੀ ਤੋਂ ਬਾਅਦ ਸ਼ਰੇਆਮ ਕਿਸਾਨ ਮੋਰਚੇ ‘ਤੇ ਹਮਲਾ ਕੀਤਾ ਸੀ।

ਸਚਾਈ ਇਹ ਹੈ ਕਿ ਮੁਲਕ ਚ ਪਿਛਲੇ ਕਈ ਦਹਾਕਿਆਂ ‘ਚ ਸਭ ਤੋਂ ਵੱਧ ਹਿੰਸਾ ਆਰਐਸਐਸ ਤੇ ਇਸ ਦੇ ਸੰਗਠਨਾਂ ਵੱਲੋਂ ਚਲਾਏ ਰਾਮ ਮੰਦਰ ਦੇ ਅੰਦੋਲਨ ਦੌਰਾਨ ਹੋਈ।

1990 ਵਿੱਚ ਅਡਵਾਨੀ ਵੱਲੋਂ ਕੱਢੀ ਗਈ ਰੱਥ ਯਾਤਰਾ ਦੌਰਾਨ ਹੋਏ ਦੰਗਿਆਂ ਦੌਰਾਨ ਸੈਂਕੜੇ ਮੌਤਾਂ ਹੋਈਆਂ। ਵਿਕੀਪੀਡੀਆ ਇਨ੍ਹਾਂ ਦੀ ਗਿਣਤੀ 564 ਦੱਸਦਾ ਹੈ, ਜਿਨਾਂ ਵਿਚੋਂ 224 ਇਕੱਲੇ ਯੂ ਪੀ ਵਿਚ ਹੋਈਆਂ। ਸੰਘ ਅਤੇ ਭਾਜਪਾ ਦੇ ਭਰਾਤਰੀ ਸੰਗਠਨ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਨਾਂ ਹਰ ਹਿੰਸਕ ਕਾਰਵਾਈ ਵਿਚ ਅੱਗੇ ਆਇਆ।

ਅਡਵਾਨੀ ਨੂੰ ਤਾਂ ਲਾਲੂ ਪ੍ਰਸਾਦ ਯਾਦਵ ਨੇ ਗ੍ਰਿਫਤਾਰ ਕਰ ਲਿਆ, ਜਿਸਦਾ ਬਦਲਾ ਉਸ ਕੋਲੋਂ ਹਾਲੇ ਤੱਕ ਲਿਆ ਜਾ ਰਿਹਾ ਹੈ, ਪਰ ਹਜ਼ਾਰਾਂ ਹਿੰਦੂਤਵੀ ਕਾਰ ਸੇਵਕ ਅਯੁੱਧਿਆ ਪਹੁੰਚ ਗਏ ਤੇ ਜਦੋਂ ਉਨ੍ਹਾਂ ਦੀ ਭੀੜ ਨੇ ਬਾਬਰੀ ਮਸਜਿਦ ‘ਤੇ ਹਮਲਾ ਕੀਤਾ ਤਾਂ ਪੁਲਿਸ ਗੋਲੀ ਨਾਲ 20 ਹਿੰਦੂਤਵੀ ਕਾਰਕੁੰਨ ਮਾਰੇ ਗਏ।

ਅਖੀਰ ਜਦੋਂ ਬਾਬਰੀ ਮਸਜਿਦ ਢਾਹੀ ਗਈ ਤਾਂ ਉਹ ਵੀ ਹਿੰਸਕ ਕਾਰਵਾਈ ਸੀ। ਮਸਜਿਦ ਢਹਿਣ ਤੋਂ ਬਾਅਦ ਹੋਏ ਦੰਗਿਆਂ ‘ਚ ਕਰੀਬ 2,000 ਲੋਕ ਮਾਰੇ ਗਏ ਤੇ ਅਰਬਾਂ ਰੁਪਏ ਦੀ ਜਾਇਦਾਦ ਦਾ ਨੁਕਸਾਨ ਹੋਇਆ। ਸੁਪ੍ਰੀਮ ਕੋਰਟ ਦੇ ਜਿਸ ਫੈਸਲੇ ਨੇ ਰਾਮ ਮੰਦਰ ਬਣਾਉਣ ਦੀ ਇਜਾਜ਼ਤ ਦਿੱਤੀ, ਉਸ ਵਿਚ ਵੀ ਉਸਨੇ ਮਸਜਿਦ ਢਾਹੇ ਜਾਣ ਨੂੰ ਜੁਰਮ ਮੰਨਿਆ।

ਕੀ ਸੰਘ ਇਨ੍ਹਾਂ ਤੱਥਾਂ ਨੂੰ ਝੁਠਲਾ ਸਕਦਾ ਹੈ?

ਅਸਲ ਵੱਖਵਾਦ ਉਹ ਹੈ, ਜਿਹੜਾ ਸੰਘੀ ਲਾਣਾ ਮੁਲਕ ਵਿੱਚ ਫੈਲਾ ਰਿਹਾ ਹੈ। ਮੁਲਕ ਦੇ ਲੋਕਾਂ ਤੇ ਭਾਈਚਾਰਿਆਂ ਨੂੰ ਇੱਕ ਦੂਜੇ ਦੇ ਖਿਲਾਫ ਖੜਾ ਕਰਨਾ ਵੱਖਵਾਦ ਨਹੀਂ?

ਇਸ ਵਕਤ ਵੀ RSS ਤੇ ਭਾਜਪਾ ਸ਼ਰੇਆਮ ਬਲਾਤਕਾਰੀ, ਕਾਤਲ ਤੇ ਮੌਤ ਧਮਾਕੇ ਵਰਗੀ ਵੱਡੀ ਅੱਤਵਾਦੀ ਕਾਰਵਾਈ ਤੇ ਉਸਤੋਂ ਬਾਅਦ ਪੰਚਕੂਲਾ ਹਿੰਸਾ ‘ਚ ਸ਼ਾਮਿਲ ਸਿਰਸਾ ਡੇਰਾ ਤੇ ਇਸ ਦੇ ਮੁਖੀ ਦੀ ਸਿੱਧੀ ਪੁਸ਼ਤਪਨਾਹੀ ਕਰ ਰਹੀ ਹੈ।

RSS ਦੀ ਅਖਿਲ ਭਾਰਤੀ ਪ੍ਰਤੀਨਿਧੀ ਸਭਾ, ਜਿਹੜੀ ਕਿ ਸਭ ਤੋਂ ਵੱਡੀ ਫੈਸਲੇ ਲੈਣ ਵਾਲੀ ਬਾਡੀ ਹੈ, ਨੇ ਪੰਜਾਬ ਦੇ ਸਿੱਖ ਕਿਸਾਨਾਂ ਪ੍ਰਤੀ ਨਫਰਤ ਜ਼ਾਹਰ ਕਰ ਦਿੱਤੀ ਹੈ।

ਆਪਣੀ ਸਲਾਨਾ ਰਿਪੋਰਟ ਵਿੱਚ ਸੰਘ ਨੇ ਕਿਹਾ ਹੈ ਕਿ ਲੋਕ ਸਭਾ ਚੋਣਾਂ ਤੋਂ ਦੋ ਮਹੀਨੇ ਪਹਿਲਾਂ ਕਿਸਾਨ ਅੰਦੋਲਨ ਦੀ ਆੜ ਵਿੱਚ ਵੱਖਵਾਦੀ ਅੱਤਵਾਦ ਪੰਜਾਬ ਵਿੱਚ ਅਰਾਜਕਤਾ ਫੈਲਾ ਰਿਹਾ ਹੈ।

ਰਾਸ਼ਟਰੀ ਸਵੈਮ ਸੇਵਕ ਸੰਘ ਦੀ ਸਾਲਾਨਾ ਰਿਪੋਰਟ ਪੜ੍ਹ ਕੇ ਹੁਣ ਪੰਜਾਬ ਦੇ ਕਿਸਾਨਾਂ ਪ੍ਰਤੀ ਬੇਰਹਿਮੀ ਅਤੇ ਨਫ਼ਰਤ ਨੂੰ ਸਮਝਿਆ ਜਾ ਸਕਦਾ ਹੈ। ਕੋਈ ਇਹ ਵੀ ਸਮਝ ਸਕਦਾ ਹੈ ਕਿ ਕਿਉਂ ਹਰਿਆਣਾ ਪੁਲਿਸ ਨੇ ਡਰੋਨ ਰਾਹੀਂ ਅੱਥਰੂ ਗੈਸ ਦੇ ਗੋਲੇ ਸੁੱਟੇ, ਪ੍ਰੀਤਪਾਲ ਸਿੰਘ ਨੂੰ ਅਗਵਾ ਕਰਕੇ ਉਸ ਦੀਆਂ ਹੱਡੀਆਂ ਤੋੜ ਦਿੱਤੀਆਂ ਅਤੇ ਸ਼ੁਭਕਰਨ ਸਿੰਘ ਨੂੰ ਗੋਲੀ ਮਾਰ ਕੇ ਮਾਰ ਦਿੱਤਾ।

ਇਹ ਧਿਆਨ ਰਹੇ ਕਿ ਸੰਘ ਪੰਜਾਬ ਦੇ ਸੰਦਰਭ ਵਿੱਚ ਸਿਰਫ ਵੱਖਵਾਦ ਲਫਜ਼ ਨਹੀਂ ਵਰਤ ਰਿਹਾ, ਉਹ ਅੱਤਵਾਦ ਲਫਜ਼ ‘ਤੇ ਬਰਾਬਰ ਜ਼ੋਰ ਦੇ ਰਿਹਾ। ਜਦ ਕਿ ਪੰਜਾਬ ਵਿੱਚ ਪਿਛਲੇ ਸਾਲਾਂ ਵਿੱਚ ਹੋਈ ਸਭ ਤੋਂ ਵੱਡੀ ਅੱਤਵਾਦੀ ਘਟਨਾ ਮੌੜ ਬਲਾਸਟ ਕਰਾਉਣ ਵਾਲੇ ਸਿਰਸੇ ਵਾਲੇ ਬਲਾਤਕਾਰੀ ਸਾਧ ਦੀ ਭਾਜਪਾ ਸਰਕਾਰ ਸ਼ਰੇਆਮ ਮਦਦ ਕਰ ਰਹੀ ਹੈ।

ਕਿਸੇ ਹੋਰ ਨੂੰ ਸਵਾਲ ਕਰਨ ਤੋਂ ਪਹਿਲਾਂ ਸੰਘ ਅਤੇ ਭਾਜਪਾ ਵਾਲੇ ਬਲਾਤਕਾਰੀ, ਕਾਤਲ ਅਤੇ ਅੱਤਵਾਦੀ ਕਾਰਵਾਈਆਂ ਕਰਾਉਣ ਵਾਲੇ ਸੌਦੇ ਸਾਧ ਦੀ ਪੁਸ਼ਤਪਨਾਹੀ ਕਰਨ ਬਾਰੇ ਸਪਸ਼ਟ ਕਰਨ।
#Unpopular_Opinions
#Unpopular_Ideas
#Unpopular_Facts