Breaking News

ਦੱਸੇ ਕਿ ਇੰਨੀ ਕਾਹਲੀ ਕਿਸ ਗੱਲ ਦੀ ਸੀ?

ਜਿਸ ਪੰਜਾਬ ਸਰਕਾਰ ਨੇ ਸ਼ੁਭਕਰਨ ਸਿੰਘ ਦੇ ਕਤਲ ਤੋਂ ਬਾਅਦ ਜ਼ੀਰੋ ਐਫਆਈਆਰ ਦਰਜ ਕਰਦਿਆਂ ਹਫਤੇ ਤੋਂ ਉੱਪਰ ਵਕਤ ਲਾ ਦਿੱਤਾ, ਉਹ ਕੇਂਦਰ ਦੇ ਇੱਕ ਮੰਤਰਾਲੇ ਤੋਂ ਆਈ ਹਲਕੀ ਜਿਹੀ ਚਿੱਠੀ ਦੇ ਮਾਮਲੇ ਵਿੱਚ ਬਹੁਤ ਕਾਹਲੀ ਵਿਖਾਣ ਲੱਗ ਪਈ ਪਈ।

ਕੇਂਦਰੀ ਮੰਤਰਾਲੇ ਦੇ ਸਬੰਧਤ ਵਿੰਗ ਨੇ ਇਹ ਚਿੱਠੀ 14 ਮਾਰਚ ਨੂੰ ਲਿਖੀ। ਸਰਕਾਰ ਨੇ ਹਾਲੇ ਇਹ ਨਹੀਂ ਦੱਸਿਆ ਕਿ ਇਹ ਚਿੱਠੀ ਮਿਲੀ ਕਦੋਂ। ਪਰ 19 ਮਾਰਚ ਤੱਕ ਹੀ ਇਨ੍ਹਾਂ ਨੇ ਸ੍ਰ ਬਲਕੌਰ ਸਿੰਘ ਨੂੰ ਇੰਨਾ ਕੁ ਜ਼ਲੀਲ ਕਰ ਦਿੱਤਾ ਕਿ ਉਨ੍ਹਾਂ ਨੂੰ ਵੀਡੀਓ ਪਾ ਕੇ ਲੋਕਾਂ ਨੂੰ ਆਪਣਾ ਦੁੱਖ ਦੱਸਣਾ ਪਿਆ।

ਕਿਸੇ ਛੋਟੇ ਮੋਟੇ ਸਰਕਾਰੀ ਅਧਿਕਾਰੀ ਦੀ ਇੰਨੀ ਜੁਅਰਤ ਨਹੀਂ ਕਿ ਉਹ ਉੱਪਰੋਂ ਕਾਹਲੀ ਨਾਲ ਸਾਰਾ ਕੁਝ ਕਰਨ ਦੇ ਹੁਕਮਾਂ ਤੋਂ ਬਗੈਰ ਆਪਣੇ ਆਪ ਇਹੋ ਜਿਹੀ ਕਰਤੂਤ ਕਰਦਾ।
ਪਹਿਲੀ ਗੱਲ ਤਾਂ ਇਹ ਕਿ ਇਸ ਚਿੱਠੀ ਵਿੱਚ ਕੋਈ ਕਾਹਲੀ ਨਾਲ ਜਵਾਬ ਨਹੀਂ ਮੰਗਿਆ ਗਿਆ। ਜੇ ਮੰਗਿਆ ਵੀ ਗਿਆ ਹੁੰਦਾ ਤਾਂ ਭਗਵੰਤ ਮਾਨ ਸਰਕਾਰ ਦੇ ਗਲ ਵਿੱਚ ਕੋਈ ਫਾਹਾ ਨਹੀਂ ਸੀ ਪੈ ਚੱਲਿਆ, ਜੇ ਇਹ ਥੋੜਾ ਚਿਰ ਉਡੀਕ ਕਰ ਲੈਂਦੇ।

ਸਿਹਤ ਮੰਤਰੀ ਡਾ ਬਲਬੀਰ ਸਿੰਘ ਬਿਲਕੁਲ ਥੋਥੀ ਦਲੀਲ ਦੇ ਰਿਹਾ ਹੈ। ਉਹ ਇਹ ਦੱਸੇ ਕਿ ਇੰਨੀ ਕਾਹਲੀ ਕਿਸ ਗੱਲ ਦੀ ਸੀ?

14 ਮਾਰਚ ਨੂੰ ਲਿਖੀ ਇਸ ਚਿੱਠੀ ਵਿੱਚ ਹਵਾਲਾ 27 ਫਰਵਰੀ ਨੂੰ ਛਪੀ ਖਬਰ ਦਾ ਦਿੱਤਾ ਗਿਆ ਹੈ। ਸੰਭਾਵੀ ਤੌਰ ‘ਤੇ ਕਿਸੇ ਨੇ ਇਹ ਸ਼ਿਕਾਇਤ ਕੇਂਦਰੀ ਮੰਤਰਾਲੇ ਨੂੰ ਕੀਤੀ। ਖਬਰ ਅਤੇ ਚਿੱਠੀ ਵਿੱਚ 2 ਹਫਤੇ ਤੋਂ ਉੱਪਰ ਦਾ ਵਕਫਾ ਹੈ ਪਰ ਸਰਕਾਰ ਦੋ-ਚਾਰ ਦਿਨ ਵਿੱਚ ਹੀ ਆਪਣੀ ਰਿਪੋਰਟ ਭੇਜਣ ਲਈ ਕਾਹਲੀ ਪੈ ਗਈ।

ਇਹ ਬਦਨੀਤੀ ਨਹੀਂ ਤਾਂ ਹੋਰ ਕੀ ਹੈ ?

“ਆਪ” ਵਾਲਿਆਂ ਦੀ ਸਿੱਧੂ ਮੂਸੇਵਾਲੇ ਤੇ ਉਸਦੇ ਪਰਿਵਾਰ ਨਾਲ ਨਫਰਤ ਦਾ ਸਾਰਿਆਂ ਨੂੰ ਪਤਾ ਹੈ।। ਇਹ ਚਿੱਠੀ ਉਸਦੇ ਮਾਪਿਆਂ ਨੂੰ ਜ਼ਲੀਲ ਕਰਨ ਲਈ ਵਰਤੀ ਗਈ ਪਰ ਜਦੋਂ ਮਿੱਟੀ ਜ਼ਿਆਦਾ ਪਲੀਤ ਹੋ ਗਈ ਤਾਂ ਇਹ ਬਹਾਨੇ ਮਾਰਨ ਲੱਗ ਪਏ।

ਬਾਕੀ ਜੇ ਪੰਜਾਬ ਸਰਕਾਰ ਨੂੰ ਇਹ ਵਹਿਮ ਹੈ ਕਿ ਉਹ ਕੁਝ ਕੁ ਪੰਜਾਬੀ ਚੈਨਲਾਂ ਨੂੰ ਕਾਬੂ ਕਰਕੇ ਪੰਜਾਬ ਦੇ ਲੋਕਾਂ ਦੀ ਆਵਾਜ਼ ਬਿਲਕੁਲ ਬੰਦ ਕਰ ਲਏਗੀ ਤਾਂ ਪਿਛਲੇ 24 ਘੰਟਿਆਂ ‘ਚ ਜੋ ਕੁਝ ਹੋਇਆ, ਉਸ ਤੋਂ ਇਹ ਵਹਿਮ ਨਿਕਲ ਜਾਣਾ ਚਾਹੀਦਾ ਹੈ।
#Unpopular_Opinions
#Unpopular_Ideas

ਇਹ ਹੈ ਪੰਜਾਬ ਦੇ ਗੱਭਰੂ ਪੁੱਤ ਸਿੱਧੂ ਮੂਸੇਵਾਲੇ ਲਈ ਲੋਕਾਂ ਦਾ ਪਿਆਰ।
ਉਸਦੇ ਨਵ ਜੰਮੇ ਭਰਾ ਅਤੇ ਮਾਪਿਆਂ ਲਈ ਨਨਕਾਣਾ ਸਾਹਿਬ ਵਿਖੇ ਅਰਦਾਸ ਕੀਤੀ ਗਈ, ਸਿੱਧੂ ਦੇ ਪ੍ਰਸੰਸਕ ਫਾਜ਼ਲਿਕਾ ਨਿਵਾਸੀ ਮਨੀ ਨਾਗਪਾਲ ਨੇ ਉੱਥੋਂ ਦੇ ਹਨੂੰਮਾਨ ਮੰਦਰ ‘ਚ 51, 000 ਰੁਪਏ ਦਾਨ ਦਿੱਤਾ।

ਪੰਜਾਬ ਦੇ ਗੱਭਰੂ ਪੁੱਤ ਸਿੱਧੂ ਮੂਸੇ ਵਾਲੇ ਦੇ ਕਤਲ ਦਾ ਰਾਹ ਖੋਲ੍ਹਣ ਤੋਂ ਬਾਅਦ ਹੁਣ ਜਿਵੇਂ ਉਸਦੇ ਮਾਪਿਆਂ ਨੂੰ ਉਨ੍ਹਾਂ ਘਰ ਪੁੱਤਰ ਜੰਮਣ ਤੋਂ ਬਾਅਦ ਜ਼ਲੀਲ ਕਰਨ ਦਾ ਕੰਮ ਨਵੇਂ ਸਿਰੇ ਸ਼ੁਰੂ ਹੋਇਆ ਹੈ, ਇਹ ਹੰਕਾਰ, ਨੀਚਤਾ, ਬੇਸ਼ਰਮੀ ਤੇ ਬੇਰਹਿਮੀ ਦਾ ਸ਼ਰੇਆਮ ਵਿਖਾਵਾ ਹੈ।

ਜਾਪਦਾ ਹੈ ਇਹ ਸਾਰਾ ਕੁਝ ਮੁੱਖ ਮੰਤਰੀ ਦੀ ਨਿੱਜੀ ਈਰਖਾ ਵਿੱਚੋਂ ਨਿਕਲ ਰਿਹਾ ਹੈ, ਜਿਸ ਬਾਰੇ ਅਗਲੇ ਦਿਨਾਂ ਵਿੱਚ ਸ਼ਾਇਦ ਕੁਛ ਸਮਝ ਆਵੇ।

ਜਿਵੇਂ ਉਸਦੇ ਮਾਪਿਆਂ ਨੂੰ ਮਿਲੀ ਇਸ ਖੁਸ਼ੀ ‘ਤੇ ਸਾਰਾ ਪੰਜਾਬ ਖੁਸ਼ ਹੋਇਆ ਹੈ, ਉਸ ਤੋਂ ਮੁੱਖ ਮੰਤਰੀ ਅਤੇ ਉਸ ਦ ਕਰਿੰਦਿਆਂ ਨੂੰ ਪੂਰਾ ਪਤਾ ਹੈ ਕਿ ਜੇ ਪੰਜਾਬ ਸਰਕਾਰ ਇਸ ਦੇ ਮਾਪਿਆਂ ਨੂੰ ਤੰਗ ਕਰੇਗੀ ਤਾਂ ਉਸ ਦਾ ਬਹੁਤ ਉਲਟ ਪ੍ਰਚਾਰ ਹੋਵੇਗਾ।

ਇਸ ਦੇ ਬਾਵਜੂਦ ਨੀਚਤਾ ਦਾ ਨਵਾਂ ਵਿਖਾਵਾ ਹੈਰਾਨੀਜਨਕ ਹੈ ਪਰ ਇਸ ਤੋਂ ਇਨ੍ਹਾਂ ਦੇ ਅੰਦਰਲੇ ਹੰਕਾਰ, ਈਰਖਾ, ਬੇਸ਼ਰਮੀ, ਅਨੈਤਿਕਤਾ ਅਤੇ ਬੇਰਹਿਮੀ ਦਾ ਪਤਾ ਲੱਗਦਾ ਹੈ।

ਜੇ ਕਾਨੂੰਨ ਦੀ ਕੋਈ ਗੱਲ ਹੈ ਤਾਂ ਸਭ ਤੋਂ ਪਹਿਲਾਂ ਸਿੱਧੂ ਮੂਸੇ ਵਾਲੇ ਦੀ ਸੁਰੱਖਿਆ ਦੀ ਜਾਣਕਾਰੀ ਬਾਹਰ ਕੱਢਣ ਵਾਲਿਆਂ ‘ਤੇ ਕੇਸ ਦਰਜ ਹੋਣਾ ਸੀ ਕਿਉਂਕਿ ਉਸ ਜਾਣਕਾਰੀ ‘ਤੇ ਪੰਜਾਬ ਪੁਲਿਸ ਦੇ ਸਿਖਰਲੇ ਅਧਿਕਾਰੀਆਂ ਨੇ “ਗੁਪਤ” ਲਿਖਿਆ ਹੋਇਆ ਸੀ।

ਉਸ ਦੇ ਕਤਲ ਦੇ ਕਰੀਬ ਦੋ ਸਾਲ ਬਾਅਦ ਇਨ੍ਹਾਂ ਦੋਸ਼ੀਆਂ ਖਿਲਾਫ ਤਾਂ ਕੋਈ ਕਾਰਵਾਈ ਨਹੀਂ ਹੋਈ ਪਰ ਹੁਣ ਉਸ ਦੇ ਮਾਪਿਆਂ ਨੂੰ ਕਾਨੂੰਨ ਦੇ ਨਾਂ ‘ਤੇ ਜ਼ਲੀਲ ਕੀਤਾ ਜਾ ਰਿਹਾ ਹੈ।

ਇਹ ਤਾਂ ਸਾਰਿਆਂ ਨੇ ਵੇਖ ਲਿਆ ਸੀ ਕਿ ਬੱਚੇ ਦੇ ਜਨਮ ਤੋਂ ਬਾਅਦ “ਆਪ” ਵਾਲਿਆਂ ਨੂੰ ਛੱਡ ਕੇ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਤੇ ਹੋਰਾਂ ਨੇ ਵਧਾਈ ਦਿੱਤੀ ਤੇ ਖੁਸ਼ੀ ਦਾ ਇਜ਼ਹਾਰ ਕੀਤਾ।

ਪਰ ਇਹ ਕਿਸੇ ਦੇ ਖਾਬੋ ਖਿਆਲ ‘ਚ ਵੀ ਨਹੀਂ ਸੀ ਤੇ ਪੰਜਾਬ ਸਰਕਾਰ ਉਸਦੇ ਮਾਪਿਆਂ ਨੂੰ ਵਧਾਈ ਦੇਣ ਦੀ ਬਜਾਏ ਸ਼ਰੇਆਮ ਉਹਨਾਂ ਨਾਲ ਵਧੀਕੀ ਸ਼ੁਰੂ ਕਰ ਦਏਗੀ।

ਪੰਜਾਬ ਸਰਕਾਰ ਦੀ ਇੱਛਾ ਮੁਤਾਬਕ ਚੱਲਣ ਵਾਲੇ ਉਹ ਸਾਰੇ ਚੈਨਲ ਜਿਨਾਂ ਨਵਜੰਮੇ ਬੱਚੇ ਤੋਂ ਖੂਬ ਟੀਆਰਪੀ ਲਈ, ਮੁੱਖ ਮੰਤਰੀ ਨੂੰ ਸਵਾਲ ਕਰਨ ਵਾਲੀ ਸ੍ਰ ਬਲਕੌਰ ਸਿੰਘ ਦੀ ਇਸ ਵੀਡੀਓ ਨੂੰ ਨਹੀਂ ਚਲਾ ਰਹੇ।
#Unpopular_Opinions

ਅੱਜ ਕਹਾਣੀ ਯਾਦ ਆ ਗਈ। ਏ ਜੀ ਗਾਰਡੀਨਰ ਦੀ ਕਹਾਣੀ ‘ਆਲ ਅਬਾਊਟ ਏ ਡਾਗ’ ਹੈ।

ਕਹਾਣੀ ਹੈ ਸਿਆਲਾਂ ਦੀ ਅਤਿ ਠੰਢ ਵਿਚ ਲੰਡਨ ਇਕ ਬੱਸ ਦੇ ਕੰਡਕਟਰ ਨੇ ਨਿਯਮਾਂ ਮੁਤਾਬਕ ਚੱਲਦਿਆਂ ਇਕ ਬੀਬੀ ਨੂੰ ਡਬਲ ਡੈਕਰ ਬੱਸ ਦੀ ਉਪਰਲੀ ਛੱਤ ‘ਤੇ ਕੁੱਤੇ ਨਾਲ ਬਹਿਣ ਲਈ ਇਸ ਲਈ ਮਜਬੂਰ ਕੀਤਾ ਕਿਉਂ ਕਿ ਜਾਨਵਰ ਹੇਠਲੇ ਪਾਸੇ ਬਿਠਾਉਣਾ ਮਨ੍ਹਾ ਸੀ। ਕੰਡਕਟਰ ਬਜ਼ਿੱਦ ਸੀ ਕਿ ਉਹ ਨਿਯਮਾਂ ਮੁਤਾਬਕ ਚੱਲਿਆ ਪਰ ਇੰਝ ਉਹ ਬੱਸ ਵਿਚ ਬੈਠੀਆਂ ਸਵਾਰੀਆਂ ਦੀ ਨਜ਼ਰ ਵਿਚ ਇੱਜ਼ਤ ਗਵਾ ਬੈਠਾ।
ਸਾਰ ਇਹ ਹੈ ਕਿ ਅਸੀਂ ਨਿਯਮਾਂ ਨੂੰ ਯਾਦ ਰੱਖਿਆ ਹੈ ਪਰ ਸ਼ਾਸ਼ਨ ਦੀ ਮੂਲ ਭਾਵਨਾ ਨੂੰ ਤੋੜਿਆ ਹੈ। ਤੁਹਾਨੂੰ ਸਦਾ ਕਾਨੂੰਨ ਦੇ ਨਾਲੋਂ ਨਾਲ ਨੇਕ ਇੱਛਾ ਅਤੇ ਚੰਗੇ ਸੁਭਾਅ ਨਾਲ ਸੱਭਿਅਤਾ ਅਤੇ ਦੇਸ਼ ਦੀ ਬੁਨਿਆਦ ਨੂੰ ਸਮਝਣਾ ਚਾਹੀਦਾ ਹੈ।

ਨਿਯਮ ਬੰਦੇ ਦੀ ਸਹੂਲਤ ਲਈ ਬੇਸ਼ੱਕ ਬਣਾਏ ਹਨ ਪਰ ਅਸੀਂ ਨਿਯਮਾਂ ਦੇ ਹੂਬਹੂ ਗੁਲਾਮ ਨਹੀਂ ਹੋਣੇ ਚਾਹੀਦੇ।ਅਖੀਰ ਅਸੀਂ ਇਹ ਸਮਝਣਾ ਹੈ ਕਿ ਨਿਯਮ ਦੀ ਦੁਨੀਆਂ ਨਹੀਂ ਹੁੰਦੀ।ਦੁਨੀਆਂ ਲੋਕਾਂ ਦੀ ਹੁੰਦੀ ਹੈ।ਕਈ ਵਾਰ ਨਿਯਮਾਂ ਨੂੰ ਢਿੱਲਾ ਛੱਡ ਲੋਕਾਂ ਦੇ ਕਲਿਆਣਕਾਰੀ ਪੱਖ ਨੂੰ ਸਮਝਣਾ ਬੁਰਾ ਨਹੀਂ ਹੈ।

1860 ਵਿੱਚ ਬ੍ਰਿਟਿਸ਼ ਪੱਤਰਕਾਰ ਵਾਲਟਰ ਬੈਜੇਟ ਨੇ ਲਿਖਿਆ ਸੀ ਕਿ ਸੰਵਿਧਾਨ ਦੀ ਆਤਮਾ ਦੇ ਮੂਲ ਦੋ ਤੱਤ ਹੁੰਦੇ ਹਨ
1 ਕਾਬਲ
2 ਇੱਜ਼ਤਦਾਰ
ਸ਼ਾਸਕ ਇੱਜ਼ਤਦਾਰ ਹੁੰਦਾ ਹੈ ਅਤੇ ਉਹਦੀ ਸਰਕਾਰ ਕਾਬਲ ਹੁੰਦੀ ਹੈ। ਕਿਸੇ ਵੀ ਦੇਸ਼ ਦੀਆਂ ਇਹ ਦੋ ਸੰਸਥਾਵਾਂ ਉਦੋਂ ਹੀ ਚੰਗਾ ਕੰਮ ਕਰ ਸਕਦੀਆਂ ਹਨ ਜਦੋਂ ਉਹ ਇੱਕ ਦੂਜੇ ਦਾ ਇਮਾਨਦਾਰੀ ਨਾਲ ਸਾਥ ਦੇਣਗੀਆਂ।

ਮਸਲਾ ਵੇਲਾ ਕੁਵੇਲਾ ਵੇਖਣ ਦਾ ਹੁੰਦਾ ਹੈ ਪਰ ਇੱਕ ਅਜਬ ਸਨਕ ਹੈ। ਇੱਥੇ ਜ਼ੋਰ ਦਿੱਤਾ ਜਾ ਰਿਹਾ ਕਿ ਪਹਿਲਾਂ ਕਾਰਵਾਈ ਪੂਰੀ ਕਰੋ। ਇਹ ਬਾਪੂ ਬਲਕੌਰ ਸਿੰਘ ਦੇ ਹਲਾਤ ਪ੍ਰਤੀ ਪ੍ਰਸ਼ਾਸ਼ਨਿਕ ਸੰਵੇਦਨਸ਼ੀਲਤਾ ਦੀ ਘਾਟ ਹੈ।

ਇੰਝ ਹੀ ਰਾਹੋਂ ਤੋਂ ਗੰਗਵੀਰ ਸਿੰਘ ਰਾਠੌੜ ਨੇ ਪੋਸਟ ਪਾਈ ਹੈ ਕਿ ਪ੍ਰਸ਼ਾਸ਼ਣ ਗੁਆਂਢ ਤੋਂ ਘਰ ਤੱਕ ਪੁੱਛ ਗਿੱਛ ਕਰਦਾ ਇੱਜ਼ਤਦਾਰ ਬੰਦੇ ਨੂੰ 10 ਨੰਬਰੀਆ ਵਾਂਗੂੰ ਤਲਬ ਕਰ ਲੈਂਦਾ ਹੈ। ਕਦੀ ਮਨੋਵਿਗਿਆਨਕ ਟੈਸਟ ਲਿਆ ਜਾਂਦਾ ਹੈ ਕਦੀ ਫੋਨ ਚੈੱਕ ਕੀਤਾ ਜਾਂਦਾ ਹੈ। ਜਦੋਂ ਦਿਲ ਕਰਦਾ ਹਾਜ਼ਰ ਹੋਣ ਨੂੰ ਕਹਿ ਦਿੱਤਾ ਜਾਂਦਾ ਹੈ। ਇਹ ਕਿਹੋ ਜਿਹਾ ਵਤੀਰਾ ਹੈ ? ਪੰਜਾਬ ਲਈ ਗੱਲ ਕਰਨ ਦੀ ਹਰ ਸਪੇਸ ਸ਼ੱਕੀ ਕਰੀ ਜਾ ਰਹੇ ਹੋ।
ਪਿਛਲੇ ਦਿਨਾਂ ਵਿੱਚ ਪ੍ਰੋ ਜਾਵੇਦ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਦੀ ਟਿੱਪਣੀ ਅਹਿਮ ਸੀ

ਅਦਾਲਤ ਨੇ ਕਿਹਾ ਕਿ ਵਿਚਾਰਾਂ ਅਤੇ ਪ੍ਰਗਟਾਵੇ ਦੀ ਆਜ਼ਾਦੀ ਬਾਰੇ ‘ਪੁਲੀਸ ਤੰਤਰ ਨੂੰ ਜਾਗਰੂਕ ਤੇ ਸਿੱਖਿਅਤ ਕਰਨ ਦਾ ਸਮਾਂ ਹੁਣ ਆ ਗਿਆ ਹੈ’।

ਇਸ ਆਜ਼ਾਦੀ ਦੇ ਪ੍ਰਸੰਗ ਵਿਚ ਵਾਜਬ ਸੰਜਮ ਵਰਤੇ ਜਾਣ ਬਾਰੇ ਵੀ ਪੁਲੀਸ ਨੂੰ ਸਿੱਖਿਅਤ ਕਰਨ ਦੀ ਲੋੜ ਹੈ। ਸੁਪਰੀਮ ਕੋਰਟ ਦਾ ਇਹ ਸੁਝਾਅ, ਕਿ ਪੁਲੀਸ ਕਰਮੀਆਂ ਨੂੰ ਸੰਵਿਧਾਨ ਵਿਚਲੀਆਂ ਲੋਕਤੰਤਰੀ ਕਦਰਾਂ-ਕੀਮਤਾਂ ਬਾਰੇ ਸਿੱਖਿਅਤ ਕਰਨਾ ਪਏਗਾ, ਗੰਭੀਰ ਚਰਚਾ ਦੀ ਮੰਗ ਕਰਦਾ ਹੈ।

ਨਿਰਮੂਲ ਆਧਾਰ ’ਤੇ ਕੇਸ ਦਰਜ ਹੋਣ ਤੋਂ ਪੁਲੀਸ ਦੀ ਸਖ਼ਤੀ ਝਲਕਦੀ ਹੈ, ਇਹ ਗ਼ੈਰ-ਜਮਹੂਰੀ ਕਾਰਵਾਈ ਹੈ ਜਿਸ ਵਿਚੋਂ ਦਮਨ ਦੀ ਬੂਅ ਆਉਂਦੀ ਹੈ। ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿਚ ਪੁਲੀਸ ਦੇ ਵਤੀਰੇ ’ਤੇ ਸਵਾਲ ਖੜ੍ਹੇ ਹੋਏ ਹਨ ਅਤੇ ਇਨ੍ਹਾਂ ਬਾਰੇ ਵੱਖ ਵੱਖ ਮੰਚਾਂ ਉੱਤੇ ਚਰਚਾ ਵੀ ਚੱਲਦੀ ਰਹੀ ਹੈ। ਇਸੇ ਲਈ ਇਸ ਵਰਤਾਰੇ ਨੂੰ ਉਦੋਂ ਤੱਕ ਠੱਲ੍ਹ ਪੈਣੀ ਨਾਮੁਮਕਿਨ ਜਾਪਦੀ ਹੈ ਜਦੋਂ ਤੱਕ ਇਸ ਬਾਰੇ ਕੋਈ ਸਖ਼ਤ ਕਦਮ ਨਹੀਂ ਉਠਾਇਆ ਜਾਂਦਾ।

ਇਹ ਤਵੱਕੋ ਵੀ ਹੁਣ ਅਦਾਲਤ ਤੋਂ ਹੀ ਹੈ ਕਿਉਂਕਿ ਸਰਕਾਰ ਦੀ ਪਹੁੰਚ ਤਾਂ ਅਜਿਹੇ ਮਾਮਲਿਆਂ ਬਾਰੇ ਐਨ ਸਪਸ਼ਟ ਹੈ ਅਤੇ ਇਹ ਅਜਿਹੇ ਸਾਰੇ ਮਾਮਲਿਆਂ ’ਤੇ ਖ਼ੁਦ ਪੁਲੀਸ ਦੀ ਪਿੱਠ ਥਾਪੜਦੀ ਜਾਪਦੀ ਹੈ।
ਆਸ ਕੀਤੀ ਜਾ ਸਕਦੀ ਹੈ ਕਿ ਇਹ ਫ਼ੈਸਲਾ ਪੁਲੀਸ ਨੂੰ ਮਹਿਜ਼ ਸੋਸ਼ਲ ਮੀਡੀਆ ਪੋਸਟਾਂ ਦੇ ਆਧਾਰ ’ਤੇ ਨਾਗਰਿਕਾਂ ਉੱਤੇ ਦੇਸ਼ ਵਿਰੋਧੀ ਜਾਂ ਸਮਾਜ ਵਿਰੋਧੀ ਹੋਣ ਦਾ ਠੱਪਾ ਲਾਉਣ ਤੋਂ ਰੋਕੇਗਾ। ਜਦ ਤੱਕ ਹਿੰਸਾ ਜਾਂ ਨਫ਼ਰਤ ਨਾ ਭੜਕੇ, ਉਦੋਂ ਤੱਕ ਅਜਿਹੇ ਪ੍ਰਗਟਾਵਿਆਂ ਨੂੰ ਸਜ਼ਾ ਦੇ ਘੇਰੇ ਵਿਚੋਂ ਬਾਹਰ ਹੀ ਰੱਖਿਆ ਜਾਣਾ ਚਾਹੀਦਾ ਹੈ।
~ ਹਰਪ੍ਰੀਤ ਸਿੰਘ ਕਾਹਲੋਂ


ਨੱਥੀ ਪੋਸਟ
ਸਰੋਤ : ਬਲਕੌਰ ਸਿੰਘ ਦਾ ਫੇਸਬੁੱਕ ਪੇਜ
ਗੰਗਵੀਰ ਸਿੰਘ ਰਾਠੌੜ ਦੀ ਪੋਸਟ
ਪੰਜਾਬੀ ਟ੍ਰਿਬਿਊਨ ਦੀ ਸੰਪਾਦਕੀ



ਮਾਂ..ਓ..ਮਾਂ..ਨਿੱਕਾ ਵੇਖਣ ਦਾ ਜੀ ਕੀਤਾ..ਬੱਸ ਦੌੜਾ ਆਇਆ ਪਰ ਤੂੰ ਸੁੱਤੀ ਪਈ ਸੈਂ..ਉਹ ਵੀ ਕੋਲ ਹੀ ਪਿਆ ਸੀ..ਤਾਜਾ ਖਿੜਿਆ ਫੁਲ..ਭੋਰਾ ਬਿੜਕ ਨਾ ਹੋਣ ਦਿੱਤੀ ਕਿਧਰੇ ਜਾਗ ਹੀ ਨਾ ਜਾਵੇ..ਕਿੰਨਾ ਚਿਰ ਵੇਖਦਾ ਰਿਹਾ..ਤਸੱਲੀ ਹੋਈ..ਢਾਰਸ ਵੀ ਬੱਝੀ..ਹੁਣ ਖਿਡੌਣਾ ਮਿਲ ਗਿਆ..ਹੁਣ ਨੀ ਜਾਂਦੇ ਢਹਿੰਦੀਆਂ ਕਲਾ ਵੱਲ..ਧਿਆਨ ਹਟਦਾ ਹੀ ਨਹੀਂ..ਜਮਾ ਮੇਰੇ ਵਰਗਾ..ਨੀਝ ਲਾ ਕੇ ਤੱਕਿਆ..ਇੰਝ ਲੱਗਾ ਮੈਂ ਹੀ ਲੰਮਾ ਪਿਆ ਹੋਵਾਂ..ਤੇਰੇ ਕੋਲ..ਨੈਣ ਨਕਸ਼ ਐੱਨ ਮੇਰੇ ਤੇ..ਨੱਕ ਨਿਰਾ ਪੂਰਾ ਡੈਡੀ ਤੇ..ਡੈਡੀ..ਬੜੇ ਦੁੱਖ ਜਬਰ ਧੱਕੇ ਸਹੇ..ਮੈਨੂੰ ਟਰਾਲੀ ਤੇ ਪਾ ਕੇ ਦਾਗਣ ਚੱਲੇ..ਉਸ ਦਿਨ ਪੱਗ ਲਾਹ ਕੇ ਜਦੋਂ ਉੱਚੀ ਸਾਰੀ ਡਾਡ ਮਾਰੀ ਤਾਂ ਮੈਂ ਹਿੱਲ ਗਿਆ..ਜੀ ਕੀਤਾ ਉੱਠ ਕੇ ਕਲਾਵੇ ਵਿੱਚ ਲੈ ਲਵਾਂ..ਪਰ ਮੇਰਾ ਵੱਸ ਨਾ ਚੱਲਿਆ..!

ਮਾਂ..ਮੈਨੂੰ ਪਤਾ ਜਣੇਪਾ ਪੀੜਾਂ ਕੀ ਹੁੰਦੀਆਂ..ਪੂਰੀਆਂ ਸੰਤਾਲੀ ਹੱਡੀਆਂ ਟੁੱਟਣ ਜਿੰਨੀ ਪੀੜ..ਪਰ ਤੂੰ ਤੇ ਏਦੂੰ ਵੱਧ ਵੀ ਕਿੰਨਾ ਕੁਝ ਸਹਿ ਗਈ..ਲਗਪਗ ਕਮਲੀ ਹੋ ਗਈ..ਦੰਦਲਾਂ ਘੇਰਨੀਆਂ ਤੇ ਆਮ ਹੀ ਪੈਂਦੀਆਂ ਹੁੰਦੀਆਂ..ਉਨੀਂਦਰਾ ਤੇਰੀ ਤਕਦੀਰ ਵੇਹੜਾ ਮੱਲ ਪੱਕਾ ਬੈਠ ਗਿਆ..ਡੈਡੀ ਥਾਪੜਿਆ ਕਰਦਾ ਫੇਰ ਜਾ ਕੇ ਕਿਧਰੇ ਨੀਂਦਰ ਪੈਂਦੀ..ਮੈਂ ਸਭ ਕੁਝ ਵੇਖਦਾ..ਪਰ ਮੇਰੀ ਪੇਸ਼ ਨਾ ਜਾਂਦੀ..ਖੈਰ ਲੰਮੀਆਂ ਬਾਤਾਂ ਬਿਖੜੇ ਪੈਂਡੇ..ਕਦੇ ਫੇਰ ਸਹੀ..!

ਏਨੀ ਗੱਲ ਆਖਣ ਆਇਆਂ..ਇਸਦਾ ਖਿਆਲ ਰਖਿਓ..ਇਸਨੂੰ ਲੋਹੜੇ ਦਾ ਲਾਡ ਪਿਆਰ ਮਿਲੂ..ਜਿੰਨਾ ਵੱਧ ਮਿਲੂ..ਓਨੀ ਮੇਰੇ ਕਾਲਜੇ ਨੂੰ ਵੱਧ ਠੰਡ ਪਊ..ਤੁਹਾਡਾ ਫਿਕਰ ਵੀ ਘੱਟ ਗਿਆ..ਆਹਰ ਜੂ ਮਿਲ ਗਿਆ..ਅਜੇ ਤੇ ਜਿਉਣ ਜੋਗਾ ਬਾਹਲਾ ਨਿੱਕਾ..ਥੋੜਾ ਵਡਾ ਹੋਇਆ ਤਾਂ ਸਾਰੀ ਕਹਾਣੀ ਦੱਸਿਓ..ਧੱਕਿਆਂ ਦੀ..ਧੋਖਿਆਂ ਦੀ..ਇਹ ਵੀ ਦੱਸਿਓ ਕਿੱਦਾਂ ਕੱਲੇ ਨੂੰ ਏਨੇ ਜਣੇ ਪੈ ਗਏ..ਰਹਿ ਗਈ ਮੈਂ ਆਪੇ ਆ ਕੇ ਦੱਸ ਜਾਇਆ ਕਰੂੰ..!

ਕਿੰਨੀਆਂ ਸਿਆਸਤਾਂ..ਕਿੰਨੇ ਬਿਆਨ..ਕਿੰਨੀਆਂ ਚੋਭਾਂ..ਕਿੰਨੇ ਠਿੱਠ..ਕਿੰਨੇ ਭੰਬਲਭੂਸ..ਸਭ ਤੋਂ ਵੱਧ ਜਮਨਾ ਪਾਰ ਵੱਲੋਂ ਆਉਂਦੀਆਂ ਭੱਦੀਆਂ ਟਿੱਪਣੀਆਂ..ਹਰੇਕ ਨੇ ਥੋਨੂੰ ਆਪਣੇ ਹਿਸਾਬ ਵਰਤਿਆ..ਜਿਸ ਵੀ ਹੱਸ ਕੇ ਗੱਲ ਕੀਤੀ ਤੁਸਾਂ ਆਪਣਾ ਸਮਝ ਲਿਆ..ਜੀ ਕਰਦਾ ਹੁੰਦਾ ਸੀ ਕੇ ਦੱਸਾਂ..ਫਲਾਣਾ ਦਿਲੋਂ ਕਰਦਾ ਤੇ ਫਲਾਣਾ ਉੱਤੋਂ ਉੱਤੋਂ..ਪਰ ਮੇਰੇ ਵੱਸੋਂ ਬਾਹਰ ਸੀ!

ਜਦੋਂ ਥੋਡੇ ਕੋਲ ਸਾਂ..ਹੋਇਆ ਤੇ ਮੇਰੇ ਨਾਲ ਓਦੋਂ ਵੀ ਬਹੁਤ ਕੁਝ..ਪਰ ਤੁਹਾਥੋਂ ਓਹਲਾ ਰੱਖਿਆ..ਅਖੀਰ ਤੇ ਬੱਸ ਮਨ ਹੀ ਬਣਾ ਲਿਆ..ਹੁਣ ਜੋ ਹੋਊ ਬੱਸ ਵੇਖੀ ਜਾਊ!

ਹੁਣ ਜਿੰਨੀ ਲਿਖਾ ਕੇ ਲਿਆਏ ਓ..ਓਦੋਂ ਤੋਂ ਵੀ ਵੱਧ ਜਿਉਣੀ ਪੈਣੀ..ਇਸਦੀ ਖਾਤਿਰ..ਸੌ ਦੇ ਲਾਗੇ ਚਾਗੇ..ਘੱਟੋ-ਘੱਟ..ਚਾਰੇ ਬੰਨੇ ਨਾ ਗੱਲ ਬਣੀ ਤਾਂ ਦਸਮ ਪਿਤਾ ਦਾ ਓਟ ਆਸਰਾ ਤੇ ਹੀ..!
ਮੇਰੇ ਦੋ ਸ਼ਿਕਾਰੀ..ਮਸੋਸੇ ਜਿਹੇ..ਇਸਨੂੰ ਵੇਖਣਗੇ ਤਾਂ ਜਰੂਰ ਨੱਚਣ ਟੱਪਣਗੇ..ਮੇਰੀ ਖੁਸ਼ਬੂ ਜੂ ਆਉਂਦੀ ਹੋਊ ਇਸਦੇ ਵਿਚੋਂ..ਜਨਵਰ ਛੇਤੀ ਸਿਆਣ ਲੈਂਦਾ..!

ਪਰ ਵਾਰ ਵਾਰ ਆਖਦਾ..ਵਿਸਾਹ ਨਾ ਖਾਇਓ..ਅਵੇਸਲੇ ਵੀ ਨਾ ਹੋਇਓ..ਪਿੱਠ ਪਿੱਛੇ ਵਾਰ ਹੋਣਗੇ..ਓਹਨਾ ਦੀ ਆਦਤ ਏ ਇੰਝ ਕਰਨਾ..ਪਰ ਮੈਂ ਅੱਜ ਖੁਸ਼ ਹਾਂ..ਮੇਰੇ ਪੰਜਾਬ ਦੀ ਹਰ ਨੁੱਕਰ ਮਹਿਕ ਉੱਠੀ..ਭੰਗੜੇ ਪੈ ਰਹੇ..ਗਿੱਧੇ ਬੋਲੀਆਂ ਤੇ ਹੋਰ ਵੀ ਕਿੰਨਾ ਕੁਝ..ਪਰ ਕੁਝ ਖੇਮਿਆਂ ਵਿੱਚ ਸੋਗ ਦੀ ਲਹਿਰ ਵੀ ਹੈ..ਓਹਨਾ ਤੋਂ ਖੁਸ਼ੀ ਜਰੀ ਨੀ ਜਾਂਦੀ..ਇਸਨੂੰ ਹਰ ਸੇਕ ਬਚਾ ਕੇ ਰੱਖਣਾ..ਤੱਤੀਆਂ ਹਵਾਵਾਂ..ਕਿਧਰੇ ਇਸਦੀਆਂ ਕੂਲੀਆਂ ਗੱਲਾਂ ਨੂੰ ਸੇਕ ਹੀ ਨਾ ਦੇਣ..!

ਅਖੀਰ ਵਿਚ..ਖਿਆਲ ਰਖਿਓ..ਆਪਣਾ ਵੀ ਤੇ ਇਸਦਾ..ਆਉਂਦਾ ਜਾਂਦਾ ਰਹਾਂਗਾ..!

ਸਭ ਕੁਝ ਆ ਪਰਚੀ ਤੇ ਲਿਖ ਰੱਖ ਚੱਲਿਆਂ..ਗੁੱਸਾ ਨਾ ਕਰਿਓ..!

ਤੇਰਾ ਓਹੀ ਪੁੱਤ..ਟਿੱਬਿਆਂ ਦਾ ਵਾਸੀ..ਮੂਸੇ ਵਾਲਾ..!

ਹਰਪ੍ਰੀਤ ਸਿੰਘ ਜਵੰਦਾ

ਸਿੱਧੂ ਮੂਸੇਵਾਲਾ ਦੇ ਕਤਲ ਦੀ ਘਟਨਾ ਪੰਜਾਬ ਅਤੇ ਸੰਗੀਤ ਪ੍ਰੇਮੀਆਂ ਵਿੱਚ ਦਰਦ ਭਰੀ ਜਜ਼ਬਾਤੀ ਘਟਨਾ ਹੈ। ਇਸ ਤੋਂ ਬਾਅਦ ਮੂਸੇਵਾਲਾ ਦੇ ਚਾਚੇ ਦੇ ਹਵਾਲੇ ਤੋਂ ਦੈਨਿਕ ਭਾਸਕਰ ਵਿੱਚ ਬਕਾਇਦਾ ਖ਼ਬਰ ਛਪੀ ਸੀ ਕਿ ਘਰ ਨਵਾਂ ਜੀਅ ਆਉਣ ਵਾਲਾ ਹੈ।

ਇਸ ਖ਼ਬਰ ਦੇ ਨਾਲ ਭਾਸਕਰ ਨੇ ਬਹੁਤ ਵਿਸਥਾਰ ਨਾਲ ਇਹ ਵੀ ਰਿਪੋਰਟ ਕੀਤਾ ਸੀ ਕਿ ਕਿੰਝ IVF ਤਕਨੀਕ ਰਾਹੀਂ ਮੂਸੇਵਾਲੇ ਦੇ ਮਾਪਿਆਂ ਬੱਚਾ ਵਿਦੇਸ਼ ਤੋਂ ਇਲਾਜ ਅਧੀਨ ਲਿਆ ਸੀ।

ਇਸ ਖ਼ਬਰ ਵਿੱਚ ਬਾਕਾਇਦਾ ਜ਼ਿਕਰ ਸੀ ਕਿ IVF ਦੇ ਭਾਰਤ ਵਿੱਚ ਕੀ ਨਿਯਮ ਹਨ ਅਤੇ ਦੇਸ਼ ਵਿੱਚ ਮਾਂ ਬਣਨ ਦੀ ਉਮਰ ਸੀਮਾ ਇਸ ਤਕਨੀਕ ਤਹਿਤ 50 ਸਾਲ ਨਿਰਧਾਰਤ ਕੀਤੀ ਗਈ ਹੈ। ਇਹੋ ਕਾਰਨ ਹੈ ਕਿ ਮਾਪਿਆਂ ਨੇ IVF ਵਿਦੇਸ਼ ਤੋਂ ਕਰਵਾਇਆ ਸੀ ਕਿਉਂ ਕਿ ਉੱਥੇ ਨਿਯਮ ਹੋਰ ਹਨ।

ਅਜਿਹੇ ਵਿੱਚ ਜਦੋਂ ਇਹ ਗੱਲਾਂ ਸਪੱਸ਼ਟ ਹਨ ਤਾਂ ਕਾਨੂੰਨ ਦੀ ਵਿਹਾਰਕ ਕਾਰਵਾਈ ਸਹਿਜ ਹੋ ਸਕਦੀ ਸੀ ਪਰ ਇਸ ਵਿੱਚ ਆਮ ਆਦਮੀ ਪਾਰਟੀ ਨੇ ਇਹ ਸਥਿਤੀ ਪਹਿਲਾਂ ਸਪੱਸ਼ਟ ਨਾ ਕਰਕੇ ਵਿਵਾਦ ਤੋਂ ਬਾਅਦ ਸਾਰੀ ਕਹਾਣੀ ਭਾਜਪਾ ਸਰਕਾਰ ‘ਤੇ ਸੁੱਟ ਦਿੱਤੀ ਹੈ।

ਇਸ ਵਰਤਾਰੇ ਵਿੱਚ ਗੱਲ ਏਨੀ ਕੁ ਸੀ ਕਿ ਮਾਪਿਆਂ ਨੂੰ ਇਸ ਸਬੰਧੀ ਸਹਿਯੋਗ ਲੈਂਦਿਆਂ ਕਾਰਵਾਈ ਬਹੁਤ ਸੰਵੇਦਨਸ਼ੀਲਤਾ ਨਾਲ ਨਿਜੱਠਣੀ ਚਾਹੀਦੀ ਸੀ।
~ ਹਰਪ੍ਰੀਤ ਸਿੰਘ ਕਾਹਲੋਂ

ਜੇ ਮਜੀਠੀਆ ਖਹਿਰਾ ਚੈਨਲਾਂ ‘ਤੇ ਰੋਕੇ ਜਾਂਦੇ ਹਨ। ਵਿਧਾਨ ਸਭਾ ਦੇ ਸਿੱਧੇ ਪ੍ਰਸਾਰਣ ਵੇਲੇ ਕੈਮਰੇ ਵਿਰੋਧੀ ਧਿਰ ਨੂੰ ਸਿੱਧਾ ਕਵਰ ਨਹੀਂ ਕਰਦੇ। ਮੂਸੇਵਾਲੇ ਦੇ ਪਿਤਾ ਦੀ ਤਾਜ਼ਾ ਵੀਡੀਓ ਚੈਨਲਾਂ ‘ਤੇ ਨਹੀਂ ਚੱਲੀ ਤਾਂ ਇਮਾਨਦਾਰੀ ਵਾਲੀ ਕੋਰੀ ਬਕਵਾਸ ਹੈ। ਜਿੰਨੀ ਸੈਂਸਰਸ਼ਿਪ ਹੁਣ ਹੈ ਉਹ ਵਾਹਿਯਾਤ ਅਕਲ ਦਾ ਸਿਖਰ ਹੈ।

ਬਦਲਾਅ ਤਾਂ ਹੁੰਦਾ ਜੇ ਅਜ਼ਾਦ ਵਿਚਾਰਾਂ ਨੂੰ ਆਦਰ ਹੁੰਦਾ। ਆਪਣੀ ਆਲੋਚਨਾ ਦਾ ਵੀ ਖੁੱਲ੍ਹੇ ਮਨ ਨਾਲ ਸਵਾਗਤ ਹੁੰਦਾ। ਪ੍ਰਚਾਰ ਦੇ ਨਾਮ ‘ਤੇ ਪਾਖੰਡ ਹੈ ਅਤੇ ਸਹੂਲਤਾਂ ਦੇ ਨਾਮ ‘ਤੇ ਲੋਕਾਂ ਨੂੰ ਮੁਫਤਖੋਰੀ ਦੀ ਆਦਤ ਵਿੱਚ ਸੂਬੇ ਦਾ ਭਲਾ ਨਹੀਂ ਹੋ ਸਕਦਾ।

ਪਿਛਲੀਆਂ ਸਰਕਾਰਾਂ ਤੇ ਹੁਣ ਦੀ ਸਰਕਾਰ ਵਿੱਚ ਕੋਈ ਫ਼ਰਕ ਨਹੀਂ ਹੈ। ਇਸ ਦਾ ਭੁਲੇਖਾ ਘੱਟੋ ਘੱਟ ਮੈਨੂੰ ਨਹੀਂ ਹੈ। ਜਿਹੜੇ ਜਨਲੋਕਪਾਲ ਦੇ ਨਾਮ ‘ਤੇ ਭ੍ਰਿਸ਼ਟਾਚਾਰ ਖਿਲਾਫ ਪਾਰਟੀ ਉੱਤਰੀ ਸੀ ਉਸ ਪਾਰਟੀ ਦੇ ਇੱਕ ਦਰਜਨ ਆਗੂਆਂ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਹਨ।

ਓਪਰੇਸ਼ਨ ਲੋਟਸ ਜੇ ਸੱਚ ਹੈ ਤਾਂ ਇਸ ਵੇਲੇ ਚੋਣਾਂ ਵਿੱਚ ਖੜ੍ਹੇ ਤਿੰਨ MP ਕਾਂਗਰਸ ਤੋਂ ਮੌਜੂਦਾ ਪਾਰਟੀ ਵਿੱਚ ਲੜ ਰਹੇ ਹਨ। ਜਿਹੜੇ ਚੈਨਲ ਪੱਤਰਕਾਰ ਬਾਦਲਾਂ ਦੀ ਆਲੋਚਨਾ ਕਰਕੇ ਇੱਥੋਂ ਤੱਕ ਪਹੁੰਚੇ ਸਨ ਉਹਨਾਂ ਦੀ ਇਮਾਨਦਾਰੀ ਹੁਣ ਕੰਧਾਂ ਅੱਗੇ ਟੱਕਰਾਂ ਮਾਰ ਰਹੀ ਹੈ। ਐਂਟੀ ਬਾਦਲ ਅਜਿਹੇ ਚੈਨਲਾਂ ਲਈ ਟੂਲ ਸੀ ਅਤੇ ਹੁਣ ਇਹ ਚੈਨਲ ਗੋਦੀ ਮੀਡੀਆ ਦਾ ਅਗਲਾ 2.0 ਹੀ ਹਨ।

ਆਪਣਿਆਂ ਦੀ ਕਦਰ ਕਰਨੀ ਸਿੱਖੋ। ਲੋੜਵੰਦਾਂ ਦੀ ਮਦਦ ਕਰਨੀ ਸਿੱਖੋ। ਕਿਉਂ ਕਿ ਕੁਝ ਵੀ ਦੁਬਾਰਾ ਨਹੀਂ ਮਿਲਦਾ। ਨਾ ਇਨਸਾਨ ਨਾ ਸਮਾਂ ਨਾ ਹੀ ਆਪਣੇ….
~ ਹਰਪ੍ਰੀਤ ਸਿੰਘ ਕਾਹਲੋਂ

ਜਦੋਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਇਹ ਕਹਿੰਦੇ ਹਨ ਕਿ ਮੇਰੇ ਪੁੱਤ ਨੂੰ ਮਾਰਨ ਮਗਰ ਸੁਰੱਖਿਆ ਕਟੌਤੀ ਦੀ ਗੱਲ ਨੂੰ ਪ੍ਰੋਪੇਗੰਡੇ ਵਾਂਗੂੰ ਪ੍ਰਚਾਰਨਾ ਵੀ ਇੱਕ ਕਾਰਕ ਬਣਿਆ ਹੈ ਤਾਂ ਸੱਤਾਧਿਰ ਆਗੂਆਂ ਦਾ ਜਵਾਬ ਹੁੰਦਾ ਹੈ ਕਿ ਬਲਕੌਰ ਸਿੰਘ ਇਹ ਕਾਂਗਰਸ ਪੱਖੀ ਸਿਆਸਤ ਤੋਂ ਪ੍ਰੇਰਿਤ ਹੋ ਕਹਿੰਦੇ ਹਨ।

ਇੱਕ ਪਲ ਲਈ ਚੱਲੋ ਇਹ ਸੰਭਾਵਨਾ ਵੀ ਮੰਨ ਲਈ ਜਾਵੇ ਪਰ ਸੱਤਾਧਿਰ ਦੀ ਇਸ ਪ੍ਰਤੀ ਇਹ ਕਾਰਜ ਵਿਧੀ ਅਣਗੌਲਿਆ ਨਹੀਂ ਕੀਤੀ ਜਾ ਸਕਦੀ। ਗੱਲ ਇਹ ਹੈ ਕਿ ਪੀੜਤ ਧਿਰ ਬਲਕੌਰ ਸਿੰਘ ਜੋ ਕਹਿੰਦੇ ਹਨ ਉਹ ਉਹਨਾਂ ਦੀ ਆਪਣੇ ਪੁੱਤ ਨਾਲ ਵਾਪਰੀ ਘਟਨਾਵਾਂ ਪ੍ਰਤੀ ਸੰਭਾਵਨਾ ਹੈ ਪਰ ਇਹਨਾਂ ਦੋਸ਼ਾਂ ਦੀ ਸੰਭਾਵਨਾ ਦੀ ਸੁਰਤ ਵਿੱਚ ਕੀ ਸੱਤਾਧਿਰ ਨੇ ਕੋਈ ਜਾਂਚ ਪੁੰਨ ਛਾਣ ਕੀਤੀ।

ਜਦੋਂ ਪੰਜਾਬ ਪੁਲਿਸ ਦੇ ਸਿਪਾਹੀ ਅੰਮ੍ਰਿਤਪਾਲ ਸਿੰਘ ਨਾਲ ਵਾਪਰੀ ਮੰਦਭਾਗੀ ਘਟਨਾ ਲਈ ਕਾਰਵਾਈ 24 ਘੰਟੇ ਵਿੱਚ ਹੋ ਸਕਦੀ ਹੈ ਤਾਂ ਸਿੱਧੂ ਮੂਸੇਵਾਲੇ ਦੇ ਕਤਲ ਦੀ ਘਟਨਾ ਵਿੱਚ ਸੱਤਾਧਿਰ ਦੇ X ਖਾਤੇ ਤੋਂ ਨਾਮ ਸਹਿਤ ਸੁਰੱਖਿਆ ਕਟੌਤੀ ਦੀ ਖ਼ਬਰ ਨੂੰ ਉਭਾਰਨ ਵਾਲਿਆਂ ‘ਤੇ ਕਾਰਵਾਈ ਕਿਉਂ ਨਹੀਂ ਹੋਈ। ਜਦੋਂ ਕਿ ਪੁਲਿਸ ਰਿਪੋਰਟ ਵਿੱਚ ਇਹਦਾ ਬਕਾਇਦਾ ਜ਼ਿਕਰ ਹੈ ਕਿ ਇਹ ਖ਼ਬਰ ਆਉਣ ਤੋਂ ਬਾਅਦ ਹਮਲਾਵਰ ਵਧੇਰੇ ਤੇਜ਼ੀ ਨਾਲ ਐਕਟਿਵ ਹੋ ਗਏ ਸਨ।

ਸੱਤਧਿਰ ਘੱਟੋ ਘੱਟ ਇਸ ਇੱਕ ਘਟਨਾ ਵਿੱਚ ਨਹੀਂ ਅਜਿਹੇ ਕਾਨੂੰਨੀ ਮਸਲਿਆਂ ਵਿੱਚ ਕਈ ਘਟਨਾਵਾਂ ਵਿੱਚ ਵੱਖਰੀ ਵੱਖਰੀ ਮੌਕੇ ਮੁਤਾਬਕ ਪਹੁੰਚ ਰੱਖਣ ਕਰਕੇ ਆਲੋਚਨਾਵਾਂ ਦੇ ਘੇਰੇ ਵਿੱਚ ਰਹੀ ਹੈ।
ਇਸੇ ਲੜੀ ਵਿੱਚ ਪੰਜਾਬ ਦੀ ਜੇਲ੍ਹਾਂ ਤੋਂ ਗੁੰਡਿਆਂ ਦਾ ਨੈਕਸਸ, ਕੈਦੀਆਂ ਦੀ ਸੁਰੱਖਿਆ, ਨਸ਼ੇ ਦੀ ਸਪਲਾਈ, ਅਨਸਰਾਂ ਦਾ ਟੈਲੀਫੋਨਿਕ ਨੈੱਟਵਰਕ, ਜੇਲ੍ਹ ਤੋਂ ਇੰਟਰਵਿਊ ਵਰਗੇ ਸਮਾਜ ਲਈ ਅਸਹਿਜ ਮਾਹੌਲ ਦੀਆਂ ਰਿਪੋਰਟਾਂ ਅਖਬਾਰਾਂ ਤੋਂ ਲੈਕੇ ਵਿਰੋਧੀ ਧਿਰ ਵੱਲੋਂ ਵਿਧਾਨ ਸਭਾ ਵਿੱਚ ਜ਼ਿਕਰ ਤੱਕ ਹੈ ਪਰ ਸੱਤਾਧਿਰ ਦਾ ਦੋ ਸਾਲਾਂ ਰਿਪੋਰਟ ਕਾਰਡ ਨੂੰ ਕਮਾਲ ਦਾ ਵਿਖਾਉਣ ਦਾ ਅਜਬ ਦਬਾਅ ਹੈ ਜੀਹਨੂੰ ਕੁਝ ਮੀਡੀਆ ਅਦਾਰੇ ਵੀ ਬਰਾਬਰ ਦੇ ਫੁੱਲ ਚੜ੍ਹਾ ਰਹੇ ਹਨ।
~ ਹਰਪ੍ਰੀਤ ਸਿੰਘ ਕਾਹਲੋਂ