Breaking News

ਖਾਲਿਸਤਾਨੀ ਪੋਸਟਰ ਲਗਾਉਣ ਵਾਲਾ ਪੰਜਾਬੀ ਢਾਬਾ ਮਾਲਕ ਗ੍ਰਿਫ਼ਤਾਰ

ਹੁਣ ਆਮ ਬੰਦਾ ਸੁਪਰੀਮ ਕੋਰਟ ਤੱਕ ਕਿੱਦਾਂ ਪਹੁੰਚ ਕਰੇ?

ਭਾਰਤੀ ਸੁਪਰੀਮ ਕੋਰਟ ਨੇ ਭਾਰਤ ਵਿੱਚ ਖਾਲਿਸਤਾਨ ਦੀ ਗੱਲ ਕਰਨ ਦਾ ਹੱਕ ਦਿੱਤਾ ਹੋਇਆ ਹੈ। ਉਸੇ ਹੱਕ ਦੇ ਆਧਾਰ ‘ਤੇ ਐਮਪੀ ਸ. ਸਿਮਰਨਜੀਤ ਸਿੰਘ ਮਾਨ ਸ਼ਰੇਆਮ ਖਾਲਿਸਤਾਨ ਦੀ ਗੱਲ ਕਰਦੇ ਹਨ ਅਤੇ ਦਲ ਖਾਲਸਾ ਵਾਲੇ ਖਾਲਿਸਤਾਨ ਦੇ ਝੰਡੇ ਚੁੱਕ ਕੇ ਮਾਰਚ ਕੱਢਦੇ ਹਨ।

2019 ਵਿਚ ਸ਼ਹੀਦ ਭਗਤ ਸਿੰਘ ਨਗਰ ਦੀ ਅਦਾਲਤ ਨੇ ਕੁਝ ਆਮ ਮਿਲਦੀਆਂ ਕਿਤਾਬਾਂ ਜਾਂ ਸ਼ਹੀਦ ਖਾੜਕੂਆਂ ਦੀਆਂ ਤਸਵੀਰਾਂ ਵਾਲੇ ਕੁਝ ਪੋਸਟਰ ਬਰਾਮਦ ਹੋਣ ‘ਤੇ ਤਿੰਨ ਆਮ ਸਿੱਖ ਨੌਜਵਾਨਾਂ ਨੂੰ ਉਮਰ ਕੈਦ ਦੀ ਸਖਤ ਸਜ਼ਾ ਸੁਣਾ ਚੁੱਕੀ ਹੈ ਤੇ ਹੁਣ ਭਾਜਪਾ ਦੀ ਆਸਾਮ ਸਰਕਾਰ ਹੇਠ ਆਸਾਮ ਪੁਲਿਸ ਨੇ ਇਹ ਤਸਵੀਰਾਂ ਲਾਉਣ ਕਾਰਨ ਇਸ ਸਿੱਖ ਢਾਬਾ ਮਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ।
ਗ੍ਰਿਫ਼ਤਾਰ ਕੀਤਾ ਗਿਆ ਢਾਬਾ ਮਾਲਕ ਗੁਰਮੁਖ ਸਿੰਘ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਹੈ, ਜੋ ਬਹੁਤ ਸਾਲਾਂ ਤੋਂ ਆਸਾਮ ਵਿੱਚ ਰਹਿ ਰਿਹਾ ਸੀ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ


ਖਾਲਿਸਤਾਨੀ ਪੋਸਟਰ ਲਗਾਉਣ ਵਾਲਾ ਪੰਜਾਬੀ ਢਾਬਾ ਮਾਲਕ ਗ੍ਰਿਫ਼ਤਾਰ

ਗੁਹਾਟੀ: ਇਥੋਂ ਦੇ ਇਕ ਢਾਬਾ ਮਾਲਕ ਨੂੰ ਖਾਲਿਸਤਾਨੀ ਪੱਖੀ ਹੋਣ ਦੇ ਸ਼ੱਕ ’ਚ ਅਸਾਮ ਦੇ ਬੋਂਗਾਈਗਾਓਂ ਜ਼ਿਲ੍ਹੇ ’ਚੋਂ ਗ੍ਰਿਫਤਾਰ ਕੀਤਾ ਗਿਆ ਹੈ। ਇਹ ਢਾਬਾ ਮਾਲਕ ਪੰਜਾਬ ਨਾਲ ਸਬੰਧਤ ਹੈ। ਪੁਲੀਸ ਅਨੁਸਾਰ ਇਸ ਢਾਬਾ ਮਾਲਕ ਨੇ ਨੈਸ਼ਨਲ ਹਾਈਵੇਅ-27 ’ਤੇ ਆਪਣੇ ਢਾਬੇ ਵਿੱਚ ਖਾਲਿਸਤਾਨੀ ਵਿਚਾਰਧਾਰਕ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਹੋਰਾਂ ਦੇ ਪੋਸਟਰ ਰੱਖੇ ਹੋਏ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਢਾਬੇ ਵਿਚੋਂ ਭਿੰਡਰਾਂਵਾਲੇ ਦੀ ਇੱਕ ਫੋਟੋ ਵੀ ਮਿਲੀ ਹੈ। ਇਸ ਤੋਂ ਇਲਾਵਾ ਇੱਕ ਹੋਰ ਫੋਟੋ ਮਿਲੀ ਹੈ ਜਿਸ ਵਿੱਚ ਇੱਕ ਵਿਅਕਤੀ ਖਾਲਿਸਤਾਨੀ ਝੰਡਾ ਲਹਿਰਾ ਰਿਹਾ ਹੈ।

ਅੱਜ ਦੇ ਪੰਜਾਬੀ ਟ੍ਰਿਬਿਊਨ ‘ਚ ਸਫ਼ਾ ਪੰਜ ‘ਤੇ ਛਪੀ ਇਹ ਖਬਰ ਧਿਆਨ ਨਾਲ ਪੜ੍ਹੋ।

ਹਾਲਾਂਕਿ ਪੂਰੀ ਖਬਰ ਪੜ੍ਹਨ ‘ਤੇ ਸਾਹਮਣੇ ਆਉਂਦਾ ਹੈ ਕਿ ਸਬੰਧਤ ਖ਼ਬਰ ਏਜੰਸੀ ਜਾਂ ਅਖਬਾਰ ਵਲੋਂ ਇਸ ਖ਼ਬਰ ਨੂੰ ਦਿੱਤਾ ਸਿਰਲੇਖ ‘ਖਾਲਿਸਤਾਨੀ ਪੋਸਟਰ ਲਾਉਣ ਵਾਲਾ ਪੰਜਾਬੀ ਢਾਬਾ ਮਾਲਕ ਗ੍ਰਿਫਤਾਰ’ ਸਹੀ ਨਹੀਂ ਹੈ, ਕਿਉਂਕਿ ਖ਼ਬਰ ਵਿਚ ਕਿਧਰੇ ਵੀ ਪੋਸਟਰ ਲਾਉਣ ਦਾ ਜ਼ਿਕਰ ਹੀ ਨਹੀਂ ਹੈ।

ਪਰ ਖ਼ਬਰ ਤੋਂ ਜ਼ਾਹਰ ਹੈ ਕਿ ਬਹੁਤ ਸਾਰੇ ਹੋਰ ਕੇਸਾਂ ਵਾਂਗ ਇਹ ਮਾਮਲਾ ਵੀ ਦੇਸ਼ ਵਿਚ ਦੂਰ ਜਾਂ ਨੇੜੇ ਅਪਣੇ ਗੁਜ਼ਾਰੇ ਲਈ ਕਾਰੋਬਾਰ ਕਰ ਰਹੇ ਸਧਾਰਨ ਸਿੱਖਾਂ ਨੂੰ ਫਿਰਕੂ ਸੋਚ ਰੱਖਦੀ ਸਰਕਾਰ ਤੇ ਪੁਲਸ ਵਲੋਂ ਖਾਹ-ਮੁਖਾਹ ਪ੍ਰੇਸ਼ਾਨ ਕਰਨ, ਗ੍ਰਿਫਤਾਰ ਕਰਨ ਤੇ ਨਜਾਇਜ਼ ਕੇਸਾਂ ਵਿਚ ਫਸਾ ਕੇ ਬਰਬਾਦ ਕਰਨ ਦੀ ਇਕ ਹੋਰ ਸਪਸ਼ਟ ਉਦਾਹਰਨ ਹੈ।

ਆਸਾਮ ਵਿਚ ਬੀਜੇਪੀ ਸਰਕਾਰ ਦੀ ਪੁਲਸ ਨੇ ਇਸ ਸਿੱਖ ਢਾਬਾ ਮਾਲਕ ਤੋਂ ਭਲਾ ਬਰਾਮਦ ਕੀ ਕੀਤਾ ਹੈ? ਖ਼ਬਰ ਮੁਤਾਬਿਕ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤਸਵੀਰ ਵਾਲੇ ਕੁਝ ਪੋਸਟਰ, ਉਨਾਂ ਦੀ ਇਕ ਤਸਵੀਰ ਅਤੇ ਇਕ ਹੋਰ ਫੋਟੋ ਜਿਸ ਵਿਚ ਇਕ ਵਿਅਕਤੀ ਖਾਲਿਸਤਾਨੀ ਝੰਡਾ ਲਹਿਰਾ ਰਿਹਾ ਹੈ! (ਉਸ ਫੋਟੋ ‘ਚ ਕੌਣ ਕਿਥੇ ਕਿਹੜਾ ਝੰਡਾ ਲਹਿਰਾ ਰਿਹਾ ਹੈ? ਕੁਝ ਨਹੀਂ ਪਤਾ। ਕੀ ਆਸਾਮ ਦੀ ਪੁਲਸ ਨਿਸ਼ਾਨ ਸਾਹਿਬ ਜਾਂ ਖਾਲਿਸਤਾਨੀ ਝੰਡੇ ਵਿਚ ਫਰਕ ਸਮਝਣ ਦੇ ਸਮਰਥ ਵੀ ਹੈ?!)

ਇਕ ਪਾਸੇ ਦੇਸ਼ ਦੀ ਉਚਤਮ ਅਦਾਲਤ ਸ. ਸਿਮਰਨਜੀਤ ਸਿੰਘ ਮਾਨ ਨੂੰ ਖਾਲਿਸਤਾਨ ਦੇ ਨਾਹਰੇ ਲਾਉਣ ਦੇ ਕੇਸਾਂ ਵਿਚੋਂ ਕਹਿ ਕਹਿੰਦਿਆਂ ਬਰੀ ਕਰ ਚੁੱਕੀ ਹੈ ਕਿ ਜੇਕਰ ਮੁਕੱਦਮੇ ਨਾਲ ਕੋਈ ਹੋਰ ਫੌਜਦਾਰੀ ਜੁਰਮ ਨਹੀਂ ਜੁੜਿਆ ਹੋਇਆ, ਤਾਂ ਸ਼ਾਂਤਮਈ ਤੇ ਅਹਿੰਸਕ ਢੰਗ ਨਾਲ ਖਾਲਿਸਤਾਨ ਬਾਰੇ ਭਾਸ਼ਨ, ਪ੍ਰਚਾਰ ਜਾਂ ਮੰਗ ਕਰਨਾ ਕੋਈ ਅਪਰਾਧ ਨਹੀਂ ਹੈ। ਇਸੇ ਆਧਾਰ ‘ਤੇ ਦਲ ਖਾਲਸਾ ਨਾਮਕ ਪਾਰਟੀ ਲੰਬੇ ਅਰਸੇ ਤੋਂ ਆਪਣੀਆਂ ਸਰਗਰਮੀਆਂ ਤੇ ਜਲਸੇ ਜਲੂਸ ਕਰਦੀ ਆ ਰਹੀ ਹੈ। ਪਰ ਦੂਜੇ ਪਾਸੇ ਪਹਿਲਾਂ 2019 ਵਿਚ ਨਵਾਂ ਸ਼ਹਿਰ ਦੀ ਸੈਸ਼ਨ ਅਦਾਲਤ ਮਹਿਜ਼ ਬੁੱਕ ਸਟਾਲਾਂ ‘ਤੇ ਆਮ ਵਿਕਦੀਆਂ ਕੁਝ ਕਿਤਾਬਾਂ ਜਾਂ ਮਾਰੇ ਗਏ ਖਾੜਕੂਆਂ ਦੀਆਂ ਤਸਵੀਰਾਂ ਵਾਲੇ ਕੁਝ ਫਲੈਕਸ ਬੈਨਰ ਬਰਾਮਦ ਹੋਣ ਦੇ “ਜੁਰਮ” ਵਿਚ ਹੀ ਤਿੰਨ ਆਮ ਸਿੱਖ ਨੌਜਵਾਨਾਂ ਨੂੰ ਉਮਰ ਕੈਦ ਵਰਗੀ ਵੱਡੀ ਸਜ਼ਾ ਸੁਣਾ ਚੁੱਕੀ ਹੈ ਅਤੇ ਹੁਣ ਆਸਾਮ ਪੁਲਸ ਸਿਰਫ ਕੁਝ ਤਸਵੀਰਾਂ ਰੱਖਣ ਦੇ ‘ਜੁਰਮ’ ਵਿਚ ਇਸ ਢਾਬਾ ਮਾਲਕ ਨੂੰ ਗ੍ਰਿਫਤਾਰ ਕਰ ਰਹੀ ਹੈ।

ਕੀ ਅਜਿਹੇ ਹਰ ਕੇਸ ਵਿਚ ਪੀੜਤ ਨਾਗਰਿਕਾਂ ਨੂੰ ਰਾਹਤ ਲੈਣ ਲਈ ਸੁਪਰੀਮ ਕੋਰਟ ਤੱਕ ਪਹੁੰਚ ਕਰਨੀ ਪਵੇਗੀ? ਕੀ ਹਰ ਪੀੜਤ ਸਧਾਰਨ ਵਿਅਕਤੀ, ਸ. ਮਾਨ ਵਾਂਗ ਸੁਪਰੀਮ ਕੋਰਟ ਤੱਕ ਪਹੁੰਚ ਕਰਨ ਦੀ ਹੈਸੀਅਤ ਰੱਖਦਾ ਹੈ?

ਸੀਪੀਆਈ (ਐਮ ਐਲ) ਲਿਬਰੇਸ਼ਨ ਵਲੋਂ ਅਸੀਂ ਪੁਲਸ ਦੀਆਂ ਅਜਿਹੀਆਂ ਗੈਰ-ਕਾਨੂੰਨੀ ਤੇ ਮਨਮਾਨੀਆਂ ਕਾਰਵਾਈਆਂ ਦੀ ਸਖਤ ਨਿੰਦਾ ਕਰਦੇ ਹੋਏ ਉਸ ਪੰਜਾਬੀ ਢਾਬਾ ਮਾਲਕ ਦੀ ਤੁਰੰਤ ਰਿਹਾਈ ਦੀ ਮੰਗ ਕਰਦੇ ਹਾਂ।

ਸਾਡਾ ਵਿਚਾਰ ਹੈ ਕਿ ਦੇਸ਼ ਦੀਆਂ ਸਾਰੀਆਂ ਇਨਸਾਫਪਸੰਦ ਤਾਕਤਾਂ ਨੂੰ, ਦੇਸ਼ ਦੇ ਕਿਸੇ ਵੀ ਨਿਰਦੋਸ਼ ਨਾਗਰਿਕ ਖਿਲਾਫ ਧਾਰਮਿਕ, ਜਾਤੀ ਜਾਂ ਸਿਆਸੀ ਅਧਾਰ ਉਤੇ ਕੀਤੀ ਜਾਂਦੀ ਹਕੂਮਤੀ ਦਮਨ ਦੀ ਅਜਿਹੀ ਹਰ ਨਜਾਇਜ਼ ਕਾਰਵਾਈ ਖਿਲਾਫ ਮਿਲ ਕੇ ਆਵਾਜ਼ ਉਠਾਉਣੀ ਚਾਹੀਦੀ ਹੈ। – – Sukhdarshan Singh Natt