ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ
CM ਭਗਵੰਤ ਮਾਨ ਤੇ AAP ਦੇ ਸਾਰੇ ਲੀਡਰ ਰੱਖਣਗੇ ਵਰਤ
ਤਾੜੀਆਂ-ਥਾਲੀਆਂ ਵਜਾ ਕੇ ਹਟੇ ਹੀ ਸੀ ਕਿ ਹੁਣ ਆਹ ਝਾੜੂ ਪਾਰਟੀ ਨੇ ਵਰਤ ਰੱਖਣ ਦਾ ਜੱਭ ਛੇੜ ਦਿਤਾ
ਵਰਤ ਰੱਖਣਾ ਧਾਰਮਕ ਵਿਧਾ ਹੈ। ਕਰੀਬ-ਕਰੀਬ ਸਾਰੇ ਧਰਮਾਂ ਵਿਚ ਹੀ ਰੱਬ ਯਾਨੀ ਪ੍ਰਮਾਤਮਾ ਜਾਂ ਦੇਵੀ-ਦੇਵਤਿਆਂ ਨੂੰ ਪ੍ਰਸੰਨ ਕਰਨ ਲਈ ਵਰਤ ਰੱਖੇ ਜਾਂਦੇ ਹਨ। ਇਕ ਵਰਤ ਪਤੀ ਦੀ ਲੰਮੀ ਉਮਰ ਲਈ ਕਰਵਾਚੌਥ ਦੇ ਰੂਪ ਵਿਚ ਵੀ ਰੱਖਿਆ ਜਾਂਦਾ ਹੈ। ਝਾੜੂ ਪਾਰਟੀ ਦਾ ਮੁਖੀ ਅਰਵਿੰਦ ਕੇਜਰੀਵਾਲ ਇਸ ਵਕਤ ਜੇਲ ਵਿਚ ਹੈ। ਹੁਣ ਉਸ ਦੀ ਪਾਰਟੀ ਨੇ 7 ਅਪ੍ਰੈਲ, 2024 ਨੂੰ ਦੇਸ਼ ਦੇ ਸਮੁੱਚੇ ਨਾਗਰਿਕਾਂ ਨੂੰ ਸੱਦਾ ਦਿਤਾ ਹੈ ਕਿ ਉਹ ਵਰਤ ਰੱਖਣ ਅਤੇ ਕੇਜਰੀਵਾਲ ਲਈ ਇਕ ਸੰਦੇਸ਼ ਵੀ ਲਿਖ ਕੇ ਭੇਜਣ। ਕੇਜਰੀਵਾਲ ਲਈ ਰੱਖਿਆ ਜਾਣ ਵਾਲਾ ਵਰਤ ਕਿਹੜੀ ਸ਼੍ਰੇਣੀ ਵਿਚ ਆਵੇਗਾ?
ਇਹ ਸਮਝਣਾ ਜ਼ਰਾ ਮੁਸ਼ਕਿਲ ਹੈ। ਰਮਜ਼ਾਨ ਦਾ ਮਹੀਨਾ ਵੀ ਚੱਲ ਰਿਹਾ ਹੈ। ਅੱਲ੍ਹਾ ਦੇ ਹੁਕਮਾਂ ਮੁਤਾਬਕ ਇਸ ਮਹੀਨੇ ਮੁਸਲਮਾਨ ਅਪਣੇ ਰੱਬ ਨੂੰ ਖ਼ੁਸ਼ ਕਰਨ ਲਈ ਪੂਰੇ ਇਕ ਮਹੀਨੇ ਦੇ ਰੋਜ਼ੇ ਯਾਨੀ ਵਰਤ ਰੱਖਦੇ ਹਨ। 7 ਅਪ੍ਰੈਲ ਨੂੰ ਉਹ ਦੋ ਵਰਤ ਕਿਵੇਂ ਰੱਖਣਗੇ? ਕੇਜਰੀਵਾਲ ਨਾ ਪ੍ਰਮਾਤਮਾ ਹੈ ਅਤੇ ਨਾ ਹੀ ਕੋਈ ਦੇਵੀ-ਦੇਵਤਾ ਜਿਸ ਨੂੰ ਖ਼ੁਸ਼ ਕਰਨ ਲਈ ਵਰਤ ਰੱਖਿਆ ਜਾਵੇ।
ਸਰਕਾਰ ਦੇ ਜ਼ੁਲਮਾਂ ਦਾ ਵਿਰੋਧ ਕਰਨ ਦੇ ਰੈਲੀਆਂ, ਭੁੱਖ ਹੜਤਾਲ, ਮਰਨ ਵਰਤ ਦੇ ਰੂਪ ਵਿਚ ਹੋਰ ਬਹੁਤ ਸਾਰੇ ਤਰੀਕੇ ਹੋ ਸਕਦੇ ਹਨ। ਸਿਆਸੀ ਵਿਰੋਧ ਕਰਨ ਲਈ ਵਰਤ ਰੱਖਣ ਦੀ ਨਵੀਂ ਪਿਰਤ ਤੋਰ ਕੇ ਅਸੀਂ ਆਮ ਲੋਕਾਂ ਲਈ ਨਵਾਂ ਕੰਮ ਛੇੜ ਰਹੇ ਹਾਂ। ਆਮ ਲੋਕ ਤਾਂ ਪਹਿਲਾਂ ਹੀ ਧਰਨੇ, ਰੈਲੀਆਂ ਅਤੇ ਅਜੀਬੋ-ਗ਼ਰੀਬ ਨਾਹਰੇਬਾਜ਼ੀ ਤੋਂ ਤੰਗ ਹਨ। ਆਮ ਲੋਕ ਚਾਹੁੰਦੇ ਹਨ ਕਿ ਸਿਆਸੀ ਪਾਰਟੀਆਂ ਨੂੰ ਰੈਲੀ ਸਿਸਟਮ ਵੀ ਬੰਦ ਕਰਨਾ ਚਾਹੀਦਾ ਹੈ। ਲੋਕਾਂ ਦਾ ਸਮਾਂ ਬਰਬਾਦ ਹੁੰਦਾ ਹੈ।
ਹੁਣ ਜੇ ਵਰਤ ਰੱਖਣ ਦਾ ਕੰਮ ਵੀ ਸ਼ੁਰੂ ਹੋ ਗਿਆ ਤਾਂ ਵਰਤ ਦੀ ਧਾਰਮਕ ਅਹਿਮੀਅਤ ਤਾਂ ਘਟੇਗੀ ਹੀ, ਨਾਲ ਹੀ ਲੋਕ ਵੀ ਖੱਜਲ ਹੋਣਗੇ। ਕਰੋਨਾ ਦੌਰਾਨ ਪ੍ਰਧਾਨ ਮੰਤਰੀ ਨੇ ਵੀ ਸਾਡੇ ਕੋਲੋਂ ਥਾਲੀਆਂ ਤੇ ਤਾੜੀਆਂ ਵਜਵਾਈਆਂ ਸਨ ਪਰ ਫਿਰ ਵੀ ਕਰੋਨਾ ਦੇਸ਼ ਵਿਚ ਲੱਖਾਂ ਲੋਕਾਂ ਦੀਆਂ ਜਾਨਾਂ ਲੈ ਕੇ ਗਿਆ। ਅਜਿਹੀਆਂ ਚੀਜ਼ਾਂ ਸਿਆਸਤ ਵਿਚ ਨਹੀਂ ਹੋਣੀਆਂ ਚਾਹੀਦੀਆਂ।
ਜ਼ਾਹਿਦਾ ਸੁਲੇਮਾਨ