ਐੱਨਸੀਈਆਰਟੀ ਦੀਆਂ ਕਿਤਾਬਾਂ ’ਚ ਬਾਬਰੀ ਮਸਜਿਦ ਤੇ ਗੁਜਰਾਤ ਦੰਗਿਆਂ ਸਬੰਧੀ ਸੋਧ
ਨਵੀਂ ਦਿੱਲੀ, 5 ਅਪਰੈਲ – ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨ ਰਿਸਰਚ ਐਂਡ ਟਰੇਨਿੰਗ (ਐੱਨਸੀਈਆਰਟੀ) ਨੇ ਆਪਣੀਆਂ ਪਾਠ ਪੁਸਤਕਾਂ ਵਿੱਚ ਬਦਲਾਅ ਕਰਦੇ ਹੋਏ ਅਯੁੱਧਿਆ ਵਿੱਚ ਬਾਬਰੀ ਮਸਜਿਦ ਢਾਹੇ ਜਾਣ, ਗੁਜਰਾਤ ਦੰਗਿਆਂ ਵਿੱਚ ਮੁਸਲਮਾਨਾਂ ਦੇ ਮਾਰੇ ਜਾਣ, ਹਿੰਦੁਤਵ ਅਤੇ ਮਨੀਪੁਰ ਦੇ ਭਾਰਤ ਵਿੱਚ ਰਲੇਵੇਂ ਦੇ ਸੰਦਰਭ ਵਿੱਚ ਸੋਧ ਕੀਤੀ ਹੈ। ਇਸ ਤੋਂ ਇਲਾਵਾ ਬਾਬਰੀ ਮਸਜਿਦ ਅਤੇ ਹਿੰਦੁਤਵ ਦੀ ਰਾਜਨੀਤੀ ਦੇ ਸੰਦਰਭ ਵੀ ਹਟਾ ਦਿੱਤੇ ਗਏ ਹਨ। ਐੱਨਸੀਈਆਰਟੀ ਨੇ ਹਾਲਾਂਕਿ ਸੋਧੇ ਗਏ ਵਿਸ਼ਿਆਂ ’ਤੇ ਕੋਈ ਟਿੱਪਣੀ ਨਹੀਂ ਕੀਤੀ ਹੈ ਪਰ ਅਧਿਕਾਰੀਆਂ ਨੇ ਕਿਹਾ ਕਿ ਇਹ ਬਦਲਾਅ ਪਾਠਕ੍ਰਮ ’ਚ ਰੁਟੀਨ ਅਪਡੇਸ਼ਨ ਦਾ ਹਿੱਸਾ ਹਨ ਅਤੇ ਇਸ ਦਾ ਸਬੰਧ ਨਵੇਂ ਪਾਠਕ੍ਰਮ ਢਾਂਚੇ (ਐੱਨਸੀਐੱਫ) ਮੁਤਾਬਕ ਨਵੀਆਂ ਪੁਸਤਕਾਂ ਦੇ ਵਿਕਾਸ ਨਾਲ ਨਹੀਂ ਹੈ।
ਇਹ ਸੋਧ 11ਵੀਂ ਅਤੇ 12ਵੀਂ ਜਮਾਤ ਤੇ ਹੋਰਾਂ ਦੀ ਰਾਜਨੀਤਕ ਵਿਗਿਆਨ ਦੀਆਂ ਪਾਠ ਪੁਸਤਕਾਂ ਵਿੱਚ ਕੀਤੀ ਗਈ ਹੈ। ਐੱਨਸੀਈਆਰਟੀ ਦੀ ਪਾਠਕ੍ਰਮ ਖਰੜਾ ਕਮੇਟੀ ਵੱਲੋਂ ਤਿਆਰ ਕੀਤੇ ਗਏ ਬਦਲਾਵਾਂ ਦਾ ਵੇਰਵਾ ਦੇਣ ਵਾਲੇ ਇਕ ਦਸਤਾਵੇਜ਼ ਮੁਤਾਬਕ ਰਾਮ ਜਨਮਭੂਮੀ ਅੰਦੋਲਨ ਦੇ ਸੰਦਰਭਾਂ ਨੂੰ ‘ਰਾਜਨੀਤੀ ਵਿੱਚ ਨਵੇਂ ਘਟਨਾਕ੍ਰਮ ਮੁਤਾਬਕ’ ਸੋਧਿਆ ਗਿਆ ਹੈ। 11ਵੀਂ ਜਮਾਤ ਦੀ ਪਾਠ ਪੁਸਤਕ ਵਿੱਚ ਧਰਮ ਨਿਰਪੱਖਤਾ ਨਾਲ ਜੁੜੇ ਅਧਿਆਏ-8 ਵਿੱਚ ਪਹਿਲਾਂ ਕਿਹਾ ਗਿਆ ਸੀ, ‘‘2002 ਵਿੱਚ ਗੁਜਰਾਤ ’ਚ ਗੋਧਰਾ ਕਾਂਡ ਤੋਂ ਬਾਅਦ ਹੋਏ ਦੰਗਿਆਂ ਵਿੱਚ 1000 ਤੋਂ ਵੱਧ ਲੋਕ ਮਾਰੇ ਗਏ, ਜਿਨ੍ਹਾਂ ਵਿੱਚ ਜ਼ਿਆਦਾਤਰ ਮੁਸਲਮਾਨ ਸਨ।’’
ਸੋਧ ਤੋਂ ਬਾਅਦ ਇਕ ਵਾਕ ਨੂੰ ਹੁਣ ‘2002 ਵਿੱਚ ਗੁਜਰਾਤ ’ਚ ਗੋਧਰਾ ਕਾਂਡ ਤੋਂ ਬਾਅਦ ਹੋਏ ਦੰਗਿਆਂ ਦੌਰਾਨ 1000 ਤੋਂ ਵੱਧ ਲੋਕ ਮਾਰੇ ਗਏ’ ਕਰ ਦਿੱਤਾ ਗਿਆ ਹੈ। ਬਦਲਾਅ ਪਿੱਛੇ ਐੱਨਸੀਈਆਰਟੀ ਦਾ ਤਰਕ ਹੈ, ‘‘ਕਿਸੇ ਵੀ ਦੰਗੇ ਵਿੱਚ ਸਾਰੇ ਫਿਰਕਿਆਂ ਦੇ ਲੋਕਾਂ ਦਾ ਨੁਕਸਾਨ ਹੁੰਦਾ ਹੈ।’’ ਮਕਬੂਜ਼ਾ ਕਸ਼ਮੀਰ ਦੇ ਮੁੱਦੇ ’ਤੇ ਪਹਿਲਾਂ ਦੀ ਪਾਠ ਪੁਸਤਕ ਵਿੱਚ ਕਿਹਾ ਗਿਆ ਸੀ, ‘‘ਭਾਰਤ ਦਾ ਦਾਅਵਾ ਹੈ ਕਿ ਇਹ ਖੇਤਰ ਨਾਜਾਇਜ਼ ਕਬਜ਼ੇ ਹੇਠ ਹੈ। ਪਾਕਿਸਤਾਨ ਇਸ ਖੇਤਰ ਨੂੰ ਆਜ਼ਾਦ ਪਾਕਿਸਤਾਨ ਕਹਿੰਦਾ ਹੈ।’’ ਬਦਲਾਅ ਮਗਰੋਂ ਕਿਹਾ ਗਿਆ ਹੈ, ‘‘ਹਾਲਾਂਕਿ, ਇਹ ਭਾਰਤੀ ਖੇਤਰ ਹੈ ਜੋ ਕਿ ਪਾਕਿਸਤਾਨ ਦੇ ਨਾਜਾਇਜ਼ ਕਬਜ਼ੇ ਹੇਠ ਹੈ ਅਤੇ ਇਸ ਨੂੰ ਪਾਕਿਸਤਾਨ ਦੇ ਕਬਜ਼ੇ ਵਾਲਾ ਜੰਮੂ ਕਸ਼ਮੀਰ (ਪੀਓਜੇਕੇ) ਕਿਹਾ ਜਾਂਦਾ ਹੈ।’’
ਸੋਧ ਪਿੱਛੇ ਐੱਨਸੀਈਆਰਟੀ ਦਾ ਤਰਕ ਇਹ ਹੈ ਕਿ ‘ਜਿਹੜਾ ਬਦਲਾਅ ਲਿਆਂਦਾ ਗਿਆ ਹੈ ਉਹ ਜੰਮੂ ਕਸ਼ਮੀਰ ਦੇ ਸਬੰਧ ਵਿੱਚ ਭਾਰਤ ਸਰਕਾਰ ਦੀ ਨਵੀਂ ਸਥਿਤੀ ਤੋਂ ਪੂਰੀ ਤਰ੍ਹਾਂ ਮੇਲ ਖਾਂਦਾ ਹੈ।’’ ਮਨੀਪੁਰ ਬਾਰੇ, ਪਹਿਲਾਂ ਦੀ ਪਾਠ ਪੁਸਤਕ ਵਿੱਚ ਕਿਹਾ ਗਿਆ ਸੀ, ‘‘ਭਾਰਤ ਸਰਕਾਰ ਮਨੀਪੁਰ ਦੀ ਚੁਣੀ ਹੋਈ ਵਿਧਾਨ ਸਭਾ ਨਾਲ ਚਰਚਾ ਕੀਤੇ ਬਿਨਾਂ ਸਤੰਬਰ 1949 ਵਿੱਚ ਰਲੇਵੇਂ ਦੇ ਸਮਝੌਤੇ ’ਤੇ ਦਸਖ਼ਤ ਕਰਨ ਲਈ ਮਹਾਰਾਜਾ ’ਤੇ ਦਬਾਅ ਪਾਉਣ ਵਿੱਚ ਸਫ਼ਲ ਰਹੀ। ਇਸ ਨਾਲ ਮਨੀਪੁਰ ਵਿੱਚ ਬਹੁਤ ਗੁੱਸਾ ਤੇ ਨਾਰਾਜ਼ਗੀ ਪੈਦਾ ਹੋਈ, ਜਿਸ ਦੇ ਨਤੀਜੇ ਦਾ ਅਹਿਸਾਸ ਅਜੇ ਵੀ ਕੀਤਾ ਜਾ ਰਿਹਾ ਹੈ।’’ ਸੋਧੇ ਹੋਏ ਸੰਸਕਰਨ ਵਿੱਚ ਕਿਹਾ ਗਿਆ ਹੈ, ‘‘ਭਾਰਤ ਸਰਕਾਰ ਸਤੰਬਰ 1949 ਵਿੱਚ ਮਹਾਰਾਜਾ ਨੂੰ ਰਲੇਵੇਂ ਦੇ ਸਮਝੌਤੇ ’ਤੇ ਦਸਤਖ਼ਤ ਕਰਨ ਲਈ ਮਨਾਉਣ ’ਚ ਸਫ਼ਲ ਰਹੀ।’’ -ਪੀਟੀਆਈ
ਅਯੁੱਧਿਆ ਢਾਹੁਣ ਦਾ ਸੰਦਰਭ ਹਟਾਇਆ
ਅਧਿਆਏ 8-ਭਾਰਤੀ ਰਾਜਨੀਤੀ ਵਿੱਚ ਹਾਲ ਦੇ ਘਟਨਾਕ੍ਰਮ ਵਿੱਚ, ‘‘ਅਯੁੱਧਿਆ ਢਾਹੁਣ’ ਦਾ ਸੰਦਰਭ ਹਟਾ ਦਿੱਤਾ ਗਿਆ ਹੈ। ਪਹਿਲਾਂ ਦੇ ਇਸ ਵਾਕ ਨੂੰ ਬਦਲ ਦਿੱਤਾ ਗਿਆ ਹੈ ਕਿ ‘ਰਾਜਨੀਤਕ ਲਾਮਬੰਦੀ ਦੇ ਸਰੂਪ ਲਈ ਰਾਮ ਜਨਮ ਭੂਮੀ ਅੰਦੋਲਨ ਅਤੇ ਅਯੁੱਧਿਆ ਢਾਹੁਣ ਦੀ ਵਿਰਾਸਤ ਕੀ ਹੈ?’’ ਇਸ ਨੂੰ ਬਦਲ ਕੇ ਹੁਣ ‘ਰਾਮ ਜਨਮਭੂਮੀ ਅੰਦੋਲਨ ਦੀ ਵਿਰਾਸਤ ਕੀ ਹੈ?’’ ਕਰ ਦਿੱਤਾ ਗਿਆ ਹੈ। ਇਸੇ ਅਧਿਆਏ ਵਿੱਚ ਬਾਬਰੀ ਮਸਜਿਦ ਅਤੇ ਹਿੰਦੁਤਵ ਦੀ ਰਾਜਨੀਤੀ ਦੇ ਸੰਦਰਭ ਹਟਾ ਦਿੱਤੇ ਗਏ ਹਨ।