ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਦੇ ਪੁੱਤ ਗੁਰਪ੍ਰੀਤ ਸਿੰਘ ਮਲੂਕਾ ਅਤੇ ਨੂੰਹ ਸਾਬਕਾ ਆਈਏਐੱਸ ਅਧਿਕਾਰੀ ਪਰਮਪਾਲ ਕੌਰ ਮਲੂਕਾ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।
ਬੇਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦਾ ਅਸਤੀਫ਼ਾ ਹਾਲੇ ਨਾਮਨਜੂਰ ਕਰਨ ਦੀ ਪੋਸਟ ਪਾਈ ਸੀ ਪਰ ਤਾਜ਼ਾ ਜਾਣਕਾਰੀ ਮੁਤਾਬਕ ਉਨ੍ਹਾਂ ਦਾ ਅਸਤੀਫਾ ਕੇਂਦਰ ਸਰਕਾਰ ਨੇ ਮਨਜ਼ੂਰ ਕਰ ਲਿਆ ਹੈ।
ਇਹ ਮਲੂਕਾ ਪਰਿਵਾਰ ‘ਚ ਵੰਡੀ ਪਈ ਜਾਂ ਅਕਾਲੀ ਦਲ ‘ਚ ਇਸ ਬਾਰੇ ਬਹੁਤੇ ਅਕਾਲੀ ਸੂਤਰ ਹਾਲੇ ਖੁਦ ਭੰਬਲਭੂਸੇ ‘ਚ ਹਨ। ਇੱਕ ਆਹਲਾ ਸੂਤਰ ਨੇ ਸਿਰਫ ਏਨਾ ਹੀ ਕਿਹਾ ਕਿ ਜੇਕਰ ਅਮਿਤ ਸ਼ਾਹ ਸੁਖਬੀਰ ਬਾਦਲ ਨੂੰ ਕਹਿ ਦਵੇ ਕਿ ਭਾਜਪਾ ‘ਚ ਸ਼ਾਮਲ ਹੋ ਤਾਂ ਸ਼ਾਇਦ ਉਸਨੂੰ ਵੀ ਜਾਣਾ ਪਵੇ। ਉਨ੍ਹਾਂ ਕੋਲ ਸਭ ਦਾ “ਸਮਾਨ” ਪਿਆ। ਜਿਨ੍ਹਾਂ ਆਪਣੀ ਬੀ ਟੀਮ ਦਾ ਮੁਖੀ (ਕੇਜਰੀਵਾਲ) ਅੰਦਰ ਸੁੱਟ ਦਿੱਤਾ, ਉਹ ਸਾਨੂੰ ਬਖਸ਼ਣਗੇ!
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
ਪੰਜਾਬ ਦੀ ਸੀਨੀਅਰ ਆਈਏਐਸ ਪਰਮਪਾਲ ਕੌਰ ਦਾ ਅਸਤੀਫ਼ਾ ਡੀਓਪੀਟੀ (ਭਾਰਤ ਸਰਕਾਰ) ਵੱਲੋਂ ਮਨਜ਼ੂਰ ਕਰ ਲਿਆ ਗਿਆ। ਇਹ ਜਾਣਕਾਰੀ ਖੁਦ ਪਰਮਪਾਲ ਕੌਰ ਵੱਲੋਂ ਬਾਬੂਸ਼ਾਹੀ ਨਾਲ ਗੱਲਬਾਤ ਦੌਰਾਨ ਦਿੱਤੀ ਗਈ। ਉਨ੍ਹਾਂ ਦੱਸਿਆ ਕਿ, ਉਨ੍ਹਾਂ ਦਾ ਅਸਤੀਫ਼ਾ ਬੀਤੇ ਕੱਲ੍ਹ ਹੀ ਡੀਓਪੀਟੀ (ਭਾਰਤ ਸਰਕਾਰ) ਵੱਲੋਂ ਪ੍ਰਵਾਨ ਕਰ ਲਿਆ ਗਿਆ ਸੀ ਅਤੇ ਉਨ੍ਹਾਂ ਨੂੰ ਲਿਖਤੀ ਸੂਚਨਾ ਵੀ ਦਿੱਤੀ ਗਈ ਸੀ।
ਜਿਸ ਤੋਂ ਬਾਅਦ ਅੱਜ ਉਹ ਆਪਣੇ ਪਤੀ ਗੁਰਪ੍ਰੀਤ ਸਿੰਘ ਮਲੂਕਾ ਸਮੇਤ ਭਾਜਪਾ ਵਿਚ ਸ਼ਾਮਲ ਹੋਏ ਹਨ। ਇਥੇ ਦੱਸ ਦਈਏ ਕਿ, ਅਸਤੀਫ਼ੇ ਬਾਰੇ ਹਰਦੀਪ ਪੁਰੀ ਦੇ ਵਲੋਂ ਵੀ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ, ਪਰਮਪਾਲ ਕੌਰ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਗਿਆ ਹੈ।
ਦੂਜੇ ਪਾਸੇ, ਪੰਜਾਬ ਦੇ ਸੀਐੱਮ ਭਗਵੰਤ ਮਾਨ ਵੱਲੋਂ ਅੱਜ ਦੁਪਹਿਰੇ ਸੋਸ਼ਲ ਮੀਡੀਆ ਤੇ ਪਰਮਪਾਲ ਕੌਰ ਦੇ ਅਸਤੀਫ਼ੇ ਬਾਰੇ ਲਿਖਿਆ ਸੀ ਕਿ, ਪੰਜਾਬ ਸਰਕਾਰ ਦੇ ਵੱਲੋਂ ਆਈਏਐਸ ਬੀਬੀ ਪਰਮਪਾਲ ਕੌਰ ਦਾ ਅਸਤੀਫ਼ਾ ਅਜੇ ਤੱਕ ਪ੍ਰਵਾਨ ਨਹੀਂ ਕੀਤਾ ਗਿਆ। ਸੀਐੱਮ ਮਾਨ ਨੇ ਲਿਖਿਆ ਸੀ ਕਿ, ਪਰਮਪਾਲ ਕੌਰ ਜੀ IAS ਅਫਸਰ ਦੇ ਤੌਰ ਤੇ ਅਸਤੀਫਾ ਪੰਜਾਬ ਸਰਕਾਰ ਵੱਲੋਂ ਮਨਜ਼ੂਰ ਨਹੀਂ ਕੀਤਾ ਗਿਆ..ਬੀਬਾ ਜੀ ਜਿੰਨੀ ਕਾਹਲੀ IAS ਬਣਨ ਦੀ ਸੀ..ਛੱਡਣ ਵਾਸਤੇ ਕੋਈ ਤੌਰ ਤਰੀਕੇ ਨੇ..ਕਿਰਪਾ ਕਰਕੇ ਅਸਤੀਫਾ ਦੇਣ ਦੇ ਤਰੀਕੇ ਸਮਝੋ..ਨਹੀਂ ਤਾਂ ਸਾਰੀ ਉਮਰ ਦੀ ਕਮਾਈ ਖਤਰੇ ‘ਚ ਪੈ ਸਕਦੀ ਹੈ।