ਮੰਗਲਵਾਰ ਵੱਡੇ ਤੜਕੇ ਬੀਸੀ ਦੇ ਸ਼ਹਿਰ ਕਲੀਅਰਵਾਟਰ ਲਾਗੇ ਹਾਈਵੇਅ ਪੰਜ ‘ਤੇ ਦੋ ਟਰੱਕਾਂ ਦੀ ਆਹਮੋ-ਸਾਹਮਣੇ ਹੋਈ ਟੱਕਰ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ ਤੇ ਦੋ ਗੰਭੀਰ ਜ਼ਖਮੀ ਹੋ ਗਏ।
ਇੱਕ ਟਰੱਕ ਪ੍ਰਾਈਵੇਟ ਕੰਪਨੀ ਦਾ ਸੀ ਤੇ ਦੂਜਾ ਸੀਐਨ ਦਾ। ਪ੍ਰਾਈਵੇਟ ਕੰਪਨੀ ਦੇ ਟਰੱਕ ਵਿੱਚ ਮਾਰੇ ਗਏ ਵਿਅਕਤੀ ਦੀ ਪਛਾਣ ਧਰਮਿੰਦਰ ਸਿੰਘ ਉਰਫ ਧਰਮ (38) ਵਜੋਂ ਹੋਈ ਹੈ, ਜੋ ਪਿੱਛੋਂ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਰਾਮਪੁਰ ਨਾਲ ਸਬੰਧਤ ਸੀ ਤੇ ਦੁਰਘਟਨਾ ਮੌਕੇ ਪਿੱਛੇ ਬੰਕ ਵਿੱਚ ਲੰਮਾ ਪਿਆ ਸੀ। ਮਰਨ ਵਾਲਾ ਦੂਜਾ ਵਿਅਕਤੀ ਸੀਐਨ ਦਾ ਡਰਾਇਵਰ ਸੀ, ਜਿਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ।
ਦੋਵੇਂ ਜ਼ਖਮੀ ਇਲਾਜ ਅਧੀਨ ਹਨ ਪਰ ਹਾਲਤ ਖ਼ਤਰੇ ‘ਚੋਂ ਬਾਹਰ ਹੈ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
ਫਿਰੋਜ਼ਪੁਰ ਦੇ ਪਿੰਡ ਰਾਮਪੁਰ ਦੇ ਨੌਜਵਾਨ ਦੀ ਕੈਨੇਡਾ ਵਿਚ ਸੜਕ ਹਾਦਸੇ ਵਿਚ ਮੌਤ ਹੋ ਗਈ। ਕੈਨੇਡਾ ਦੇ ਸ਼ਹਿਰ ਸਰੀ ਵਿੱਚ 2 ਟਰੱਕਾਂ ਵਿਚਾਲੇ ਭਿਆਨਕ ਟੱਕਰ ਹੋਣ ਨਾਲ ਟਰੱਕਾਂ ਨੂੰ ਅੱਗ ਲੱਗ ਗਈ, ਜਿਸ ਦੌਰਾਨ ਫਿਰੋਜ਼ਪੁਰ ਦੇ ਪਿੰਡ ਰਾਮਪੁਰ ਦਾ ਰਹਿਣ ਵਾਲਾ ਨੌਜਵਾਨ ਧਰਮਿੰਦਰ ਸਿੰਘ (37 ਸਾਲ) ਪੁੱਤਰ ਬਖਸ਼ੀਸ਼ ਸਿੰਘ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ।
ਮ੍ਰਿਤਕ ਦੇ ਪਰਿਵਾਰ ਵੱਲੋਂ ਦਿੱਤੀ ਗਈ ਜਾਣਕਾਰੀ ਦੇਣ ਅਨੁਸਾਰ ਧਰਮਿੰਦਰ ਕਰੀਬ ਇਕ ਸਾਲ ਪਹਿਲਾਂ ਕੈਨੇਡਾ ਗਿਆ ਸੀ ਜਿੱਥੇ ਉਹ ਟਰੱਕ ਚਲਾਉਂਦਾ ਸੀ। ਘਟਨਾ ਵਾਲੇ ਦਿਨ ਸ਼ਿਫਟ ਖਤਮ ਹੋਣ ਤੋਂ ਬਾਅਦ ਉਹ ਆਪਣੇ ਸਾਥੀ ਡ੍ਰਾਈਵਰ ਨਾਲ ਜਾ ਰਿਹਾ ਸੀ ਕਿ ਸਾਹਮਣੇ ਤੋਂ ਆ ਰਹੇ ਇੱਕ ਟਰੱਕ ਦੀ ਉਹਨਾਂ ਦੇ ਟਰੱਕ ਨਾਲ ਸਿੱਧੀ ਟੱਕਰ ਹੋ ਗਈ। ਇਸ ਕਾਰਨ ਟਰੱਕ ਨੂੰ ਅੱਗ ਲੱਗ ਗਈ ਅਤੇ ਧਰਮਿੰਦਰ ਦੀ ਟਰੱਕ ਦੇ ਵਿੱਚ ਹੀ ਸੜ ਕੇ ਮੌਤ ਹੋ ਗਈ।
ਪਰਿਵਾਰ ਵੱਲੋਂ ਸਰਕਾਰ ਤੋਂ ਧਰਮਿੰਦਰ ਦੀ ਦੇਹ ਭਾਰਤ ਲਿਆਣ ਵਿੱਚ ਮਦਦ ਦੀ ਗੁਹਾਰ ਲਗਾਈ ਹੈ ਅਤੇ ਪਰਿਵਾਰ ਦੀ ਮਦਦ ਕਰਨ ਲਈ ਕਿਹਾ ਗਿਆ। ਜ਼ਿਕਰਯੋਗ ਹੈ ਕਿ ਧਰਮਿੰਦਰ ਕੈਨੇਡਾ ਤੋਂ ਪਹਿਲੇ 10 ਸਾਲ ਸਿੰਗਾਪੁਰ ਵਿੱਚ ਵੀ ਰਹਿ ਕੇ ਆਇਆ ਸੀ ਜਿੱਥੇ ਉਹ ਡ੍ਰਾਈਵਰੀ ਕਰਦਾ ਸੀ। ਧਰਮਿੰਦਰ ਸਿੰਘ ਵਿਆਹਿਆ ਹੋਇਆ ਸੀ। ਉਹ ਆਪਣੇ ਪਿੱਛੇ ਪਰਿਵਾਰ ਵਿੱਚ ਇੱਕ ਅੱਠ ਸਾਲ ਦੀ ਬੱਚੀ ਪਤਨੀ ਅੱਤੇ ਬਜੁਰਗ ਮਾਤਾ ਪਿਤਾ ਨੂੰ ਛੱਡ ਗਿਆ ਹੈ।