ਅੰਮ੍ਰਿਤਪਾਲ ਸਿੰਘ ਬਨਾਮ ਬਾਦਲ
ਅੰਮ੍ਰਿਤਪਾਲ ਸਿੰਘ ਦੀ ਸਟੇਟ ਨਾਲ ਟਕਰਾਅ ਵਾਲੀ ਨੀਤੀ ਬਾਦਲਾਂ ਦੇ ਬਹੁਤ ਸੂਤ ਬਹਿੰਦੀ ਸੀ। ਉਹ ਜਾਣਦੇ ਸਨ ਕਿ ਅੰਮ੍ਰਿਤਪਾਲ ਸਿੰਘ ਬਨਾਮ ਸਟੇਟ ਟਕਰਾਅ ਵਿੱਚ ਸਟੇਟ ਤਾਕਤਵਰ ਹੈ, ਉਹ ਕਿਸੇ ਨਾ ਕਿਸੇ ਤਰਾਂ ਅੰਮ੍ਰਿਤਪਾਲ ਸਿੰਘ ਨੂੰ ਢਾਹ ਲਵੇਗੀ।
ਇਸ ਢਾਹੁਣ ਮਗਰੋਂ ਅੰਮ੍ਰਿਤਪਾਲ ਸਿੰਘ ਨਾਲ ਹਮਦਰਦੀ ਰੱਖਣ ਵਾਲੀ ਸਿੱਖ ਵੋਟ, ਜੋ ਪਿਛਲੀ ਵਾਰ ਬੇਅਦਬੀਆਂ ਕਾਰਨ ਅਕਾਲੀਆਂ ਤੋਂ ਖਫਾ ਹੋ ਕੇ ਆਪ ਨੂੰ ਪੈ ਗਈ ਸੀ, ਇਸ ਵਾਰ ਆਪ ਜਾਂ ਕਾਂਗਰਸ ਨੂੰ ਪੈਣ ਦੀ ਬਜਾਏ ਖੁਦ ਬ ਖੁਦ ਬਾਦਲਾਂ ਕੋਲ ਵਾਪਸ ਮੁੜਨ ਲਈ ਮਜਬੂਰ ਹੋ ਜਾਵੇਗੀ। ਉਦੋਂ ਕਿਸੇ ਨੇ ਇਹ ਸੋਚਿਆ ਹੀ ਨਹੀਂ ਸੀ ਕਿ ਇਹ ਢੋਅ ਮੇਲਾ ਵੀ ਬਣਨਾ ਤੇ ਅੰਮ੍ਰਿਤਪਾਲ ਸਿੰਘ ਨੂੰ ਚੋਣ ਲੜਨੀ ਪੈਣੀ।
ਅੰਮ੍ਰਿਤਪਾਲ ਸਿੰਘ ਵਲੋਂ ਖਡੂ੍ਰ ਸਾਹਿਬ ਤੋਂ ਖੜ੍ਹ ਜਾਣਾ ਬਾਦਲਾਂ ਲਈ ਸ਼ਰੀਕ ਜੰਮਣ ਵਾਂਗ ਹੈ। ਉਹ ਸਿੱਖ ਵੋਟ, ਜੋ ਉਹ ਖੁਦ ਬ ਖੁਦ ਬਾਦਲਾਂ ਦੀ ਝੋਲੀ ਪੈਣ ਦੀ ਆਸ ਲਾਈ ਬੈਠੇ ਸਨ, ਹਾਸਲ ਕਰਨ ਲਈ ਨਵਾਂ ਸ਼ਰੀਕ ਜੰਮ ਪਿਆ ਹੈ। ਉਹੀ ਬਾਦਲ ਹੁਣ ਅੰਮ੍ਰਿਤਪਾਲ ਸਿੰਘ ਨੂੰ ਉਨ੍ਹਾਂ ਦੀ ਸਪੇਸ ਵਿੱਚ ਆਣ ਖੜਾ ਦੇਖ ਰਹੇ ਹਨ।
ਇਸੇ ਲਈ ਉਸ ਖ਼ਿਲਾਫ਼ ਉਨ੍ਹਾਂ ਨੂੰ ਵਲਟੋਹਾ ਜਾਂ ਕੋਈ ਹੋਰ ਖੜਾ ਕਰਨਾ ਹੀ ਪੈਣਾ ਸੀ।
ਸਰਦਾਰ ਮਾਨ ਨੇ ਖਡੂਰ ਸਾਹਿਬ ਤੋਂ ਉਮੀਦਵਾਰ ਵਾਪਸ ਲੈ ਕੇ ਚੰਗੀ ਰਣਨੀਤੀ ਖੇਡੀ ਹੈ। ਪੰਜਾਬ ਦੀ ਸਿੱਖ ਸਿਆਸਤ ਵੱਡੇ ਖਲਾਅ ਵਿੱਚ ਹੈ, ਜੇ ਚੰਗੀ ਰਣਨੀਤੀ ਨਾਲ ਖੇਡ ਤੋਰੀ ਜਾਵੇ ਤਾਂ ਵੱਡੀ ਪੰਜਾਬ-ਪ੍ਰਸਤ ਸਿਆਸਤ ਖੜ੍ਹੀ ਕੀਤੀ ਜਾ ਸਕਦੀ ਹੈ। ਉਸੇ ਸਿਆਸਤ ਨੇ ਅੱਗੇ ਜਾ ਕੇ ਹੋਰ ਪ੍ਰਾਪਤੀਆਂ ਲਈ ਪੈਰ ਰੱਖਣ ਵਾਸਤੇ ਜ਼ਮੀਨ ਤਿਆਰ ਕਰਨੀ।
* ਫੇਸਬੁੱਕ ‘ਤੇ ਸਰਗਰਮ ਸਿੱਖ ਜਵਾਨੀ ਨੂੰ, ਚਾਹੇ ਉਹ ਕਿਸੇ ਵੀ ਧਿਰ ਨਾਲ ਜੁੜੀ ਹੋਵੇ, ਇਹ ਗੱਲ ਸਮਝਣੀ ਚਾਹੀਦੀ ਕਿ ਜਿਹੜੀ ਲਚਕ ਅਤੇ ਸਪੇਸ ਉਹ ਹੋਰਾਂ ਤੋਂ ਆਪਣੇ ਪ੍ਰਤੀ ਭਾਲਦੇ, ਉਹ ਖੁਦ ਵੀ ਹੋਰਾਂ ਨੂੰ ਦਿਆ ਕਰਨ। ਇਹ ਨੀਤੀ ਸਭ ਨੂੰ ਇੱਕ ਦੂਜੇ ਦੇ ਨੇੜੇ ਲਿਆਵੇਗੀ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
ਵਾਰਿਸ ਪੰਜਾਬ ਦੇ ਜਥੇਬੰਦੀ’ ਦੇ ਮੁਖੀ ਅਤੇ ਖਾਲਿਸਤਾਨ ਹਮਾਇਤੀ ਅਮ੍ਰਿਤਪਾਲ ਸਿੰਘ ਪੰਜਾਬ ਦੀ ਖਡੂਰ ਸਾਹਿਬ ਸੀਟ ਤੋਂ ਲੋਕ ਸਭਾ ਚੋਣਾਂ ਲਈ ਅਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ।
ਅਮ੍ਰਿਤਪਾਲ ਨੈਸ਼ਨਲ ਸਕਿਊਰਿਟੀ ਐਕਟ (ਐੱਨਐੱਸਏ) ਤਹਿਤ ਆਪਣੇ 9 ਹੋਰ ਸਾਥੀਆਂ ਨਾਲ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ।
ਅਮ੍ਰਿਤਪਾਲ ਸਿੰਘ ਵੱਲੋਂ ਚੋਣ ਲੜਨ ਦੇ ਐਲਾਨ ਨਾਲ ਦੋ ਤਰ੍ਹਾਂ ਦੀ ਚਰਚਾ ਛਿੜ ਗਈ ਹੈ, ਪਹਿਲੀ ਇਹ ਕਿ ਕੀ ਕੋਈ ਜੇਲ੍ਹ ਵਿੱਚੋਂ ਚੋਣ ਲੜ ਸਕਦਾ ਹੈ, ਦੂਜਾ ਇਸ ਤੋਂ ਪਹਿਲਾਂ ਕੌਣ-ਕੌਣ ਜੇਲ੍ਹ ਵਿੱਚੋਂ ਚੋਣ ਲੜਿਆ ਹੈ।
ਰੀਪਰਜ਼ੈਂਟੇਸ਼ਨ ਆਫ ਦਿ ਪੀਪਲ ਐਕਟ-1951 ਦਾ ਸੈਕਸ਼ਨ 8 ਅਦਾਲਤ ਤੋਂ ਸਜ਼ਾ ਯਾਫ਼ਤਾ ਲੋਕ ਨੁਮਾਇੰਦਿਆਂ, ਜਿਵੇਂ ਵਿਧਾਇਕਾਂ ਤੇ ਸੰਸਦ ਮੈਂਬਰਾਂ ਦੀ ਡਿਸਕੁਆਲੀਫੇਕਸ਼ ਦੇ ਨਿਯਮ ਤੈਅ ਕਰਦਾ ਹੈ।
ਉਹ ਦੱਸਦੇ ਹਨ ਕਿ ਇਸ ਇੱਕ ਤੱਥ ਤੋਂ ਸਪੱਸ਼ਟ ਹੈ ਕਿ ਕੋਈ ਵੀ ਵਿਅਕਤੀ ਜਦੋਂ ਤੱਕ ਅਦਾਲਤ ਵੱਲੋਂ ਮੁਲਜ਼ਮ ਨਹੀਂ ਠਹਿਰਾਇਆ ਜਾਂਦਾ, ਉਹ ਕੋਈ ਵੀ ਚੋਣ ਲੜਨ ਦੇ ਯੋਗ ਹੁੰਦਾ ਹੈ।
ਸੈਕਸ਼ਨ 8 ਵਿੱਚ ਲਿਖਿਆ ਗਿਆ ਹੈ, ‘‘ਕੋਈ ਵੀ ਅਰਰਾਧ ਲਈ ਦੋਸ਼ੀ ਠਹਿਰਾਇਆ ਗਿਆ ਵਿਅਕਤੀ ਅਤੇ ਉੱਪ ਧਾਰਾ (1) ਜਾਂ ਉੱਪ ਧਾਰਾ (2) ਵਿੱਚ ਦਰਸਾਏ ਗਏ ਕਿਸੇ ਵੀ ਅਪਰਾਧ ਤੋਂ ਇਲ਼ਾਵਾ ਘੱਟੋ ਘੱਟ 2 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੋਵੇ ਤਾਂ ਉਹ ਵਿਅਕਤੀ ਸਜ਼ਾ ਸੁਣਾਏ ਜਾਣ ਦੇ ਦਿਨ ਤੋਂ ਹੀ ਅਯੋਗ ਹੋ ਜਾਂਦਾ ਹੈ। ਸਜ਼ਾ ਪੂਰੀ ਹੋਣ ਤੋਂ 6 ਸਾਲ ਬਾਅਦ ਤੱਕ ਵੀ ਉਹ ਚੋਣ ਲੜਨ ਦੇ ਯੋਗ ਨਹੀਂ ਹੁੰਦਾ।’’
ਰੰਜੇ ਸੈਣੀ ਮੁਤਾਬਕ, ‘‘ਮੌਜੂਦਾ ਕਾਨੂੰਨ ਦੇ ਅਨੁਸਾਰ, ਜੇਕਰ ਕਿਸੇ ਵਿਅਕਤੀ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ ਅਤੇ ਉਸ ਨੂੰ ਘੱਟੋ-ਘੱਟ 2 ਸਾਲ ਦੀ ਕੈਦ ਦੀ ਸਜ਼ਾ ਦਿੱਤੀ ਜਾਂਦੀ ਹੈ, ਤਾਂ ਸਜ਼ਾ ਸੁਣਾਏ ਜਾਣ ਦੀ ਤਰੀਕ ਤੋਂ ਲੈ ਕੇ ਰਿਹਾਈ ਦੀ ਤਰੀਕ ਤੋਂ ਛੇ ਸਾਲਾਂ ਤੱਕ ਚੋਣ ਲੜਨ ਲਈ ਆਪਣੇ ਆਪ ਹੀ ਅਯੋਗ ਹੋ ਜਾਂਦਾ ਹੈ।’’
ਸਿਮਰਨਜੀਤ ਸਿੰਘ ਮਾਨ ਪੰਜਾਬ ਦੇ ਸੰਗਰੂਰ ਹਲਕੇ ਤੋਂ ਮੌਜੂਦਾ ਲੋਕ ਸਭਾ ਮੈਂਬਰ ਹਨ।
ਭਾਰਤੀ ਸੰਸਦ ਵਿੱਚ ਉਹ ਵਾਹਦ ਇੱਕੋ-ਇੱਕ ਅਜਿਹੇ ਮੈਂਬਰ ਹਨ, ਜੋ ਭਾਰਤ ਤੋਂ ਅਲੱਗ ਖੁਦਮੁਖਤਿਆਰ ਮੁਲਕ “ਖਾਲਿਸਤਾਨ” ਦੀ ਮੰਗ ਨੂੰ ਚੋਣ ਮੁੱਦਾ ਬਣਾ ਕੇ ਚੋਣ ਲੜਦੇ ਹਨ। ਇਸ ਵੇਲੇ ਉਹ ਤੀਜੀ ਵਾਰ ਸੰਸਦ ਮੈਂਬਰ ਹਨ।
2022 ਦੀ ਸੰਗਰੂਰ ਜ਼ਿਮਨੀ ਚੋਣ ਦੌਰਾਨ ਉਨ੍ਹਾਂ ਫ਼ਰਵਰੀ 2022 ਵਿਧਾਨ ਸਭਾ ਚੋਣਾਂ ਦੌਰਾਨ 117 ਵਿੱਚੋਂ 92 ਸੀਟਾਂ ਜਿੱਤਣ ਵਾਲੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਹਰਾਇਆ ਸੀ।
ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਹਨ ਅਤੇ ਉਹ ਆਪਣੀ ਪਾਰਟੀ ਵੱਲੋਂ ਹੀ ਇੱਕ ਵਾਰ ਫੇਰ ਚੋਣ ਮੈਦਾਨ ਵਿੱਚ ਹਨ।
ਸਿਮਰਨਜੀਤ ਸਿੰਘ ਮਾਨ ਸਾਬਕਾ ਆਈਪੀਐੱਸ ਅਧਿਕਾਰੀ ਹਨ। 1984 ਵਿੱਚ ਜਦੋਂ ਤਤਕਾਲੀ ਇੰਦਰਾ ਗਾਂਧੀ ਸਰਕਾਰ ਨੇ ਸਿੱਖਾਂ ਦੇ ਮੁਕੱਦਸ ਸਮਝੇ ਜਾਂਦੇ ਅਸਥਾਨ ਅਕਾਲ ਤਖ਼ਤ ਉੱਤੇ ਫੌਜੀ ਕਾਰਵਾਈ ਕੀਤੀ ਤਾਂ ਰੋਸ ਵਜੋਂ ਮਾਨ ਨੇ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ।
ਉਹ ਉਸ ਵੇਲੇ ਫਰੀਦਕੋਟ ਦੇ ਐੱਸਐੱਸਪੀ ਹੁੰਦੇ ਸਨ। ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਹ 1984 ਤੋਂ 1989 ਤੱਕ ਜੇਲ੍ਹ ਵਿੱਚ ਰਹੇ।
ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਨ। 1989 ਦੀਆਂ ਆਮ ਚੋਣਾਂ ਦੌਰਾਨ ਸਿਮਰਨਜੀਤ ਸਿੰਘ ਮਾਨ ਨੇ ਜੇਲ੍ਹ ਵਿੱਚੋਂ ਤਰਨਤਾਰਨ ਹਲ਼ਕੇ ਤੋਂ ਚੋਣ ਲੜੀ ਅਤੇ ਸਾਢੇ 4 ਲੱਖ ਤੋਂ ਵੋਟਾਂ ਦੇ ਫਰਕ ਨਾਲ ਜਿੱਤੇ।
1989 ਵਿੱਚ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਨੇ ਲੁਧਿਆਣਾ, ਰੋਪੜ, ਫਰੀਦਕੋਟ, ਫ਼ਿਰੋਜ਼ਪੁਰ, ਤਰਨਤਾਰਨ, ਸੰਗਰੂਰ ਤੇ ਬਠਿੰਡਾ ਸਣੇ 7 ਸੀਟਾਂ ਉੱਤੇ ਕਬਜ਼ਾ ਕੀਤਾ ਸੀ।
ਸਿਮਰਨਜੀਤ ਸਿੰਘ ਮਾਨ 1989 ਵਿੱਚ ਤਰਨਤਾਰਨ ਅਤੇ 1999 ਦੀਆਂ ਲੋਕ ਸਭਾ ਚੋਣਾਂ ਦੌਰਾਨ ਸੰਗਰੂਰ ਤੋਂ ਚੋਣ ਜਿੱਤੇ ਸਨ। ਇਸ ਤੋਂ ਬਾਅਦ ਮਾਨ ਨੇ ਲੰਬਾ ਸਮਾਂ ਸਿਆਸੀ ਸੋਕਾ ਦੇਖਿਆ ਅਤੇ 2022 ਵਿੱਚ ਮੁੜ ਲੋਕ ਸਭਾ ਵਿੱਚ ਪਹੁੰਚ ਗਏ।
1989 ਦੀਆਂ ਚੋਣਾਂ ਦੌਰਾਨ ਇਕੱਲੇ ਸਿਮਰਨਜੀਤ ਸਿੰਘ ਮਾਨ ਹੀ ਜੇਲ੍ਹ ਵਿੱਚੋਂ ਚੋਣ ਨਹੀਂ ਜਿੱਤੇ ਸਗੋਂ ਉਨ੍ਹਾਂ ਦੀ ਪਾਰਟੀ ਦੇ ਇੱਕ ਹੋਰ ਉਮੀਦਵਾਰ ਅਤਿੰਦਰਪਾਲ ਸਿੰਘ ਵੀ ਜੇਲ੍ਹ ਵਿੱਚ ਹੋਣ ਦੇ ਬਾਵਜੂਦ ਚੋਣ ਜਿੱਤ ਗਏ ਸਨ। ਉਨ੍ਹਾਂ ਪਟਿਆਲ਼ਾ ਲੋਕ ਸਭਾ ਹਲਕੇ ਤੋਂ ਚੋਣ ਜਿੱਤੀ ਸੀ।
ਅਤਿੰਦਰਪਾਲ ਸਿੰਘ 1989 ਤੋਂ 1991 ਤੱਕ ਲੋਕ ਸਭਾ ਦੇ ਮੈਂਬਰ ਰਹੇ ਸਨ। ਪਰ ਉਸ ਤੋਂ ਬਾਅਦ ਉਨ੍ਹਾਂ ਆਪਣਾ ਅਕਾਲੀ ਦਲ ਬਣਾ ਲਿਆ। ਇਸ ਅਕਾਲੀ ਦਲ ਦਾ ਨਾਂ ਸ਼੍ਰੋਮਣੀ ਅਕਾਲੀ ਦਲ ਖਾਲਿਸਤਾਨੀ ਸੀ।
ਟਾਇਮਜ਼ ਆਫ਼ ਇੰਡੀਆ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਮੁਤਾਬਕ 27 ਫਰਵਰੀ 2011 ਨੂੰ ਉਨ੍ਹਾਂ ਖਿਲਾਫ਼ ਦੇਸ਼ਧ੍ਰੋਹ ਅਤੇ ਸਰਕਾਰ ਖਿਲਾਫ਼ ਜੰਗ ਛੇੜਨ ਦਾ ਕੇਸ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਸੀ।
ਦਰਅਸਲ ਅਤਿੰਦਰਪਾਲ ਸਿੰਘ ਅਤੇ ਉਨ੍ਹਾਂ ਦੇ ਕੁਝ ਹੋਰ ਸਾਥੀਆਂ ਦੀ ਫੋਟੋ ਵਾਲੇ ਬੈਨਰ ਜਲੰਧਰ ਸ਼ਹਿਰ ਵਿੱਚ ਲਗਾਏ ਗਏ ਸਨ, ਜਿਨ੍ਹਾਂ ਉੱਤੇ ਲਿਖਿਆ ਗਿਆ ਸੀ, ‘‘ਤੁਸੀਂ ਮੈਨੂੰ ਵੋਟ ਦਿਓ ਮੈਂ ਤੁਹਾਨੂੰ ਖਾਲਿਸਤਾਨ ਦੇਵਾਂਗਾ।’’
ਭਾਵੇਂ ਕਿ ਬਾਅਦ ਵਿੱਚ ਉਹ ਇਸ ਕੇਸ ਵਿੱਚੋਂ ਬਰੀ ਹੋ ਗਏ, ਪਰ ਉਨ੍ਹਾਂ ਸਰਗਰਮ ਚੋਣ ਸਿਆਸਤ ਤੋਂ ਕਿਨਾਰਾ ਕਰ ਲਿਆ, ਇਸ ਵੇਲੇ ਉਹ ਸਿੱਖ ਕਾਰਕੁਨ ਦੇ ਤੌਰ ਉੱਤੇ ਪੰਥਕ ਮੁੱਦਿਆਂ ਉੱਤੇ ਵਲੌਗਰ ਵਜੋਂ ਵੀ ਸਰਗਰਮ ਹਨ।
ਕਾਮਰੇਡ ਵਧਾਵਾ ਰਾਮ ਭਾਰਤ ਦੇ ਆਜ਼ਾਦੀ ਸੰਗਰਾਮੀਏ ਅਤੇ ਮੁਜਾਰਾ ਲਹਿਰ ਦੇ ਸਿਰਕੱਢ ਆਗੂ ਸਨ। ਉਹ ਲਹਿੰਦੇ ਪੰਜਾਬ ਦੇ ਇਲ਼ਾਕੇ ਵਿੱਚ ਬਾਬਾ ਜਵਾਲਾ ਸਿੰਘ ਦੀ ਅਗਵਾਈ ਵਿੱਚ ਲੜੇ ਗਏ ਕਿਸਾਨ ਸੰਘਰਸ਼ਾਂ ਨਾਲ ਜਨਤਕ ਘੋਲਾਂ ਵਿੱਚ ਕੁੱਦੇ ਸਨ। ਉਨ੍ਹਾਂ ਪਟਵਾਰੀ ਦੀ ਨੌਕਰੀ ਛੱਡ ਕੇ ਜਨਤਕ ਸੰਘਰਸ਼ ਦਾ ਰਾਹ ਫੜ੍ਹਿਆ ਸੀ।
ਸੁਖਇੰਦਰ ਧਾਲੀਵਾਲ ਖੱਬੇਪੱਖੀ ਕਾਰਕੁਨ ਹਨ ਅਤੇ ਉਨ੍ਹਾਂ ਕਈ ਜਨਤਕ ਜਥੇਬੰਦੀਆਂ ਵਿੱਚ ਕੰਮ ਕੀਤਾ ਹੈ। ਉਹ ਵਧਾਵਾ ਰਾਮ ਨਾਲ ਵੀ ਕੰਮ ਕਰਦੇ ਰਹੇ ਹਨ।
ਧਾਲੀਵਾਲ ਦੱਸਦੇ ਹਨ, ‘‘ਵਧਾਵਾ ਰਾਮ 1939 ਤੋਂ ਲੈ ਕੇ 1947 ਤੱਕ ਭਾਰਤੀ ਆਜ਼ਾਦੀ ਦੀ ਲੜਾਈ ਦੌਰਾਨ ਕਈ ਵਾਰ ਜੇਲ੍ਹ ਗਏ ਅਤੇ ਉਨ੍ਹਾਂ ਦੇ ਸਿਰ ਉੱਤੇ ਇੱਕ ਲੱਖ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਸੀ।’’
ਧਾਲੀਵਾਲ ਮੁਤਾਬਕ ਆਜ਼ਾਦੀ ਤੋਂ ਬਾਅਦ ਵਧਾਵਾ ਰਾਮ ਮੁਜਾਰਾ ਲਹਿਰ ਵਿੱਚ ਸ਼ਾਮਲ ਹੋਏ ਅਤੇ 22 ਅਗਸਤ 1948 ਨੂੰ ਮੁੜ ਗ੍ਰਿਫਤਾਰ ਕਰ ਲ਼ਏ ਗਏ, ਪਰ ਉਹ ਜੇਲ੍ਹ ਵਿੱਚੋਂ ਫਰਾਰ ਹੋ ਗਏ। ਪਰ ਇੱਕ ਮਹੀਨੇ ਬਾਅਦ ਹੀ 20 ਅਪ੍ਰੈਲ 1948 ਨੂੰ ਦੁਬਾਰਾ ਫੜ੍ਹੇ ਗਏ।
ਧਾਲੀਵਾਲ ਅੱਗੇ ਦੱਸਦੇ ਹਨ ਕਿ ਜਿਸ ਵੇਲ਼ੇ 1952 ਦੀਆਂ ਆਮ ਚੋਣਾਂ ਹੋਈਆਂ ਉਹ ਉਦੋਂ ਜੇਲ੍ਹ ਵਿੱਚ ਸਨ ਅਤੇ ਉਨ੍ਹਾਂ ਨੇ ਜੇਲ੍ਹ ਵਿੱਚੋਂ ਹੀ ਫਾਜ਼ਿਲਕਾ ਹਲਕੇ ਤੋਂ ਇਹ ਚੋਣ ਲੜੀ ਅਤੇ ਜਿੱਤੀ। ਉਨ੍ਹ ਇਹ ਚੋਣ ਖੱਬੇਪੱਖੀ ਵਿਚਾਰਾਂ ਵਾਲੀ ਲਾਲ ਪਾਰਟੀ ਦੀ ਤਰਫੋਂ ਜਿੱਤੀ ਸੀ।
ਉਨ੍ਹਾਂ ਨੇ ਬਾਰਤੀ ਆਜ਼ਾਦੀ ਦੀ ਲੜਾਈ ਦੇ ਪੰਜਾਬ ਤੋਂ ਵੱਡੇ ਆਗੂ ਸੈਫੂਦੀਨ ਕਿਚਲੂ, ਤੇਜਾ ਸਿੰਘ ਸੁਤੰਤਰ, ਡਾ. ਸੱਤਿਆਪਾਲ ਅਤੇ ਬਾਬਾ ਜਵਾਲਾ ਸਿੰਘ ਆਦਿ ਨਾਲ ਸੰਘਰਸ਼ ਲੜ੍ਹੇ।
ਉਹ ਇਕੱਲੇ ਜੇਲ੍ਹ ਵਿੱਚੋਂ ਹੀ ਨਹੀਂ ਜਿੱਤੇ ਸਗੋਂ ਉਸ ਤੋਂ ਬਾਅਦ ਵੀ ਬਿਨਾਂ ਕੋਈ ਪੈਸਾ ਖਰਚੇ ਚੋਣ ਲੜਦੇ ਰਹੇ ਅਤੇ ਜਿੱਤਦੇ ਰਹੇ।
ਸੁਖਇੰਦਰ ਧਾਲੀਵਾਲ ਦਾਅਵਾ ਕਰਦੇ ਹਨ ਕਿ ਵਧਾਵਾ ਰਾਮ ਲੋਕਾਂ ਵਲੋਂ ਚੋਣ ਲਈ ਇਕੱਠੇ ਕੀਤੇ ਪੈਸਿਆਂ ਨਾਲ ਹੀ ਚੋਣ ਲੜਦੇ ਸਨ, ਉਹ ਆਪਣੇ ਪ੍ਰਚਾਰ ਲਈ ਪੈਸੇ ਨਹੀਂ ਖਰਚਦੇ ਸਨ। ਆਪਣੀ ਜ਼ਿੰਦਗੀ ਦੇ ਆਖ਼ਰੀ ਦੌਰ ਵਿੱਚ ਕਾਮਰੇਡ ਵਧਾਵਾ ਰਾਮ ਯੂ-ਸੀਪੀਆਈ ਵਿੱਚ ਸ਼ਾਮਲ ਹੋ ਗਏ ਸਨ।
ਧਾਲੀਵਾਲ ਮੁਤਾਬਕ ਉਹ ਆਪਣੀ ਪਾਰਟੀ ਕਾਨਫਰੰਸ ਲਈ ਤਮਿਲਨਾਡੂ ਗਏ ਹੋਏ ਸਨ, ਵਧਾਵਾ ਰਾਮ ਪ੍ਰਧਾਨਗੀ ਮੰਡਲ ਵਿੱਚ ਵੀ ਬੈਠੇ ਸਨ, ਪਰ ਸ਼ਾਮ ਨੂੰ 29 ਮਈ 1989 ਵਾਲੇ ਦਿਨ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ ਸੀ।
ਸੀਨੀਅਰ ਪੱਤਰਕਾਰ ਬਲਜੀਤ ਬੱਲੀ ਬਠਿੰਡਾ-ਮਾਨਸਾ ਵਿੱਚ ਖੁਦ ਪੱਤਰਕਾਰੀ ਕਰਦੇ ਰਹੇ ਹਨ ਅਤੇ ਉਹ ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਦੇ ਸਿਆਸੀ ਤੇ ਸਮਾਜਿਕ ਮੁੱਦਿਆਂ ਨੂੰ ਕਵਰ ਕਰਦੇ ਰਹੇ ਹਨ।
ਬੱਲੀ ਦੱਸਦੇ ਹਨ ਕਿ ਕਾਮਰੇਡ ਜਗੀਰ ਸਿੰਘ ਜੋਗਾ ਮੁਜਾਰਾ ਲਹਿਰ ਦੇ ਮੋਢੀ ਆਗੂਆਂ ਵਿੱਚੋਂ ਸਨ। ਮੁਜਾਰਾ ਲਹਿਰ ਭਾਰਤ ਦੀ ਆਜ਼ਾਦੀ ਤੋਂ ਤੁਰੰਤ ਬਾਅਦ 1948 ਤੋਂ 1952 ਵਿਚਾਕਰ ਪੈਪਸੂ ਸਟੇਟ ਵਿੱਚ ਜਗਰੀਦਾਰੀ ਸਿਸਟਮ ਖਿਲਾਫ਼ ਬੇਜ਼ਮੀਨਾਂ ਕਿਸਾਨਾਂ ਵਲੋਂ ਲੜਿਆ ਗਿਆ ਸੰਘਰਸ਼ ਸੀ।
ਇਹ ਸੰਘਰਸ਼ ਕਾਮਰੇਡ ਤੇਜਾ ਸਿੰਘ ਸੁੰਤਤਰ ਦੀ ਖੱਬੇਪੱਖੀ ਵਿਚਾਰਾਂ ਵਾਲਾ ਲਾਲ ਪਾਰਟੀ ਦੀ ਅਗਵਾਈ ਵਿੱਚ ਲੜਿਆ ਗਿਆ ਸੀ।
ਬੱਲੀ ਮੁਤਾਬਕ ਉਹ ਇੱਕ ਬਹੁਤ ਹੀ ਸਧਾਰਨ ਅਤੇ ਸਾਦਾ ਜੀਵਨ ਜੀਉਣ ਵਾਲੇ ਆਗੂ ਸਨ ਅਤੇ ਪੂਰੀ ਜ਼ਿੰਦਗੀ ਖੱਬੇਪੱਖੀ ਵਿਚਾਰਾਂ ਉੱਤੇ ਪਹਿਰਾ ਦਿੰਦੇ ਰਹੇ।
ਸੁਖਇੰਦਰ ਧਾਲੀਵਾਲ ਦੱਸਦੇ ਹਨ ਕਿ ਜਗੀਰ ਸਿੰਘ ਜੋਗਾ ਪ੍ਰਜਾ ਮੰਡਲ ਦੇ ਖਜਾਨਚੀ ਹੁੰਦੇ ਸਨ। ਬਾਅਦ ਵਿੱਚ ਜਦੋਂ ਉਹ ਸੀਪੀਆਈ ਵਿੱਚ ਸ਼ਾਮਲ ਹੋਏ ਤਾਂ ਪੈਸਾ-ਪੈਸਾ ਪ੍ਰਜਾ ਮੰਡਲ ਦੇ ਆਗੂਆਂ ਨੂੰ ਸੌਂਪ ਕੇ ਗਏ।
ਜਗੀਰ ਸਿੰਘ ਜੋਗਾ ਨੂੰ 1948 ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਪਰ ਉਹ ਸਾਥੀਆਂ ਸਣੇ ਜੇਲ੍ਹ ਵਿੱਚੋਂ ਸੁਰੰਗ ਪੁੱਟ ਕੇ ਫਰਾਰ ਹੋ ਗਏ। ਪਰ ਛੇਤੀ ਹੀ ਉਨ੍ਹਾਂ ਨੂੰ ਮੁੜ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਦੇ ਦੌਰਾਨ 1954 ਦੀਆਂ ਆਮ ਚੋਣਾਂ ਦਾ ਐਲਾਨ ਹੋ ਗਿਆ।
ਲਾਲ ਪਾਰਟੀ ਨੇ ਜਗੀਰ ਸਿੰਘ ਜੋਗਾ ਨੂੰ ਜੇਲ੍ਹ ਵਿੱਚੋਂ ਹੀ ਮਾਨਸਾ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਬਣਾ ਦਿੱਤਾ। ਉਹ ਆਪਣੇ ਹਲਕੇ ਵਿੱਚ ਪ੍ਰਚਾਰ ਲਈ ਇੱਕ ਵਾਰ ਵੀ ਨਹੀਂ ਗਏ, ਪਰ ਲੋਕਾਂ ਨੇ ਉਨ੍ਹਾਂ ਨੂੰ ਭਾਰੀ ਬਹੁਮਤ ਨਾਲ ਜਿਤਾ ਦਿੱਤਾ।
ਜਗੀਰ ਸਿੰਘ ਜੋਗਾ ਵਿਧਾਇਕ ਬਣ ਕੇ ਜੇਲ੍ਹ ਵਿੱਚੋਂ ਬਾਹਰ ਆ ਗਏ ਅਤੇ ਉਹ ਇਸ ਪਿੱਛੋਂ 1962, 1967 ਅਤੇ 1972 ਦੀਆਂ ਚੋਣਾਂ ਦੌਰਾਨ ਲਗਾਤਾਰ ਤਿੰਨ ਵਾਰ ਵਿਧਾਇਕ ਜਿੱਤਦੇ ਰਹੇ।
ਬਲਜੀਤ ਬੱਲੀ ਦੱਸਦੇ ਹਨ ਕਿ ਧਰਮ ਸਿੰਘ ਫੱਕਰ ਦਾ ਪਿਛੋਕੜ ਮਾਨਸਾ ਦੇ ਦਲੇਲਵਾਲਾ ਨਾਲ ਸੀ, ਉਨ੍ਹਾਂ ਦੇ ਪਰਿਵਾਰ ਵਿੱਚ ਅੱਤ ਦੀ ਗਰੀਬੀ ਸੀ, ਇਸੇ ਲਈ ਕਰੀਬ 13-14 ਸਾਲ ਉਮਰ ਵਿੱਚ ਉਹ ਰੋਜ਼ੀ-ਰੋਟੀ ਲਈ ਆਪਣੇ ਮਾਮਾ ਕੋਲ਼ ਇਰਾਕ ਚਲੇ ਗਏ।
ਪਰ ਜਦੋਂ 1919 ਵਿੱਚ ਜਲ੍ਹਿਆਂਵਾਲੇ ਬਾਗ ਦਾ ਸਾਕਾ ਹੋਇਆ ਤਾਂ ਉਹ ਸਭ ਕੁਝ ਛੱਡ ਛੁਡਾ ਕੇ ਵਾਪਸ ਪੰਜਾਬ ਆ ਗਏ, ਇੱਥੇ ਉਨ੍ਹਾਂ ਗੁਰਦੁਆਰਾ ਸੁਧਾਰ ਲਹਿਰ ਦੀਆਂ ਸਰਗਰਮੀਆਂ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ ਅਤੇ ਨਾਲ ਹੀ ਅਕਾਲੀ ਦਲ ਤੇ ਫੇਰ ਪਰਜਾ ਮੰਡਲ ਲਹਿਰ ਵਿੱਚ ਕੁੱਦ ਪਏ।
ਧਰਮ ਸਿੰਘ ਹੋਰਾਂ ਨੇ ਪੰਜਾਬ ਕਿਸਾਨ ਸਭਾ ਦੇ ਸੰਘਰਸ਼ਾਂ ਵਿੱਚ ਵੀ ਦ੍ਰਿੜ੍ਹਤਾ ਨਾਲ ਹਿੱਸਾ ਲਿਆ। ਉਹ ਕਈ ਵਾਰ ਜੇਲ੍ਹ ਗਏ।
1954 ਦੀਆਂ ਚੋਣਾਂ ਦੌਰਾਨ ਉਹ ਜੇਲ੍ਹ ਵਿੱਚ ਸਨ ਪਰ ਸੀਪੀਆਈ ਨੇ ਕਾਮਰੇਡ ਧਰਮ ਸਿੰਘ ਫੱਕਰ ਨੂੰ ਬੁਢਲਾਡਾ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਾਰਿਆਂ ਅਤੇ ਉਹ ਚੋਣ ਜਿੱਤ ਕੇ ਵਿਧਾਇਕ ਬਣੇ। 25 ਨਵੰਬਰ 1973 ਨੂੰ ਉਨ੍ਹਾਂ ਦੀ ਦਿਲ਼ ਦਾ ਦੌਰਾ ਪੈਣ ਨਾਲ ਮੌਤ ਹੋ ਗਈ।
ਬਲਜੀਤ ਬੱਲੀ ਕਹਿੰਦੇ ਹਨ, ਜੇਕਰ ਤੁਸੀਂ ਪੰਜਾਬ ਦੇ ਇਨ੍ਹਾਂ ਪੰਜਾਂ ਆਗੂਆਂ ਬਾਰੇ ਦੇਖੋ ਤਾਂ ਇਹ ਸਾਰੇ ਹੀ ਲਹਿਰਾਂ ਵਿੱਚੋਂ ਦੇ ਆਗੂ ਸਨ। ਭਾਵੇਂ ਕਿ ਇਨ੍ਹਾਂ ਦੀਆਂ ਵਿਚਾਰਧਾਰਾਵਾਂ, ਸਿਧਾਂਤ ਅਤੇ ਸਮੇਂ ਵੱਖੋ-ਵੱਖਰੇ ਸਨ।
ਬੱਲੀ ਕਹਿੰਦੇ ਹਨ, ‘‘ਜਗੀਰ ਸਿੰਘ ਜੋਗਾ, ਵਧਾਵਾ ਰਾਮ ਅਤੇ ਧਰਮ ਸਿੰਘ ਫੱਕਰ ਦਾ ਕਾਰਜਕਾਲ ਕਰੀਬ-ਕਰੀਬ ਇੱਕੋ ਹੀ ਸੀ, ਉਹ ਤਿੰਨੇ ਖੱਬੇਪੱਖੀ ਵਿਚਾਰਾਂ ਦੇ ਧਾਰਨੀ ਸਨ, ਦੇਸ ਦੀ ਆਜ਼ਾਦੀ , ਪੰਜਾਬ ਦੀਆਂ ਲਹਿਰਾਂ ਖਾਸਕਰ ਕਿਸਾਨੀ ਸੰਘਰਸ਼ ਦੇ ਵੱਡੇ ਨਾਂ ਸਨ।”
”ਉਹ ਲੋਕਾਂ ਦੇ ਦਿਲਾਂ ਉੱਤੇ ਰਾਜ ਕਰਨ ਵਾਲੇ ਆਗੂ ਸਨ। ਇਸ ਲਈ ਅਜਿਹੇ ਆਗੂਆਂ ਨੂੰ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਜੇਲ੍ਹ ਵਿੱਚ ਹਨ ਜਾਂ ਜੇਲ੍ਹ ਤੋਂ ਬਾਹਰ।’’
ਬੱਲੀ ਕਹਿੰਦੇ ਹਨ ਕਿ ਸਿਮਰਨਜੀਤ ਸਿੰਘ ਮਾਨ ਅਤੇ ਅਤਿੰਦਰਪਾਲ ਸਿੰਘ ਵੀ ਖਾਲਿਸਤਾਨ ਲਹਿਰ ਨਾਲ ਜੁੜੇ ਹੋਏ ਆਗੂ ਸਨ। ਉਦੋਂ 1984 ਦੇ ਆਪਰੇਸ਼ਨ ਬਲੂ ਸਟਾਰ ਅਤੇ ਸਿੱਖ ਵਿਰੋਧੀ ਕਤਲੇਆਮ ਕਾਰਨ ਪੰਜਾਬ ਦਾ ਮਾਹੌਲ ਸਰਕਾਰ ਵਿਰੋਧੀ ਸੀ।
‘‘ਮਾਨ ਤੇ ਅਤਿੰਦਰਪਾਲ ਦੋਵੇਂ ਸਟੇਟ ਵਿਰੋਧ ਦੇ ਚਿੰਨ੍ਹ ਵੀ ਸਨ ਅਤੇ ਪੀੜ੍ਹਤ ਵੀ, ਲੋਕ ਰੋਹ ਵਿੱਚ ਸਨ ਅਤੇ ਬਦਲ ਦੀ ਤਲਾਸ਼ ਵਿੱਚ ਵੀ, ਇਸੇ ਲਈ ਉਹ ਜੇਲ੍ਹ ਵਿੱਚੋਂ ਹੀ ਜਿੱਤ ਗਏ।’’
ਇਨ੍ਹਾਂ ਪੰਜਾਂ ਆਗੂਆਂ ਦੀਆਂ ਪਾਰਟੀਆਂ ਅਤੇ ਵਿਚਾਰਧਾਰਾਂ ਦੇ ਹੁਣ ਪੰਜਾਬ ਦੀ ਸਿਆਸੀ ਫਿਜਾ ਵਿੱਚੋਂ ਕਿਨਾਰੇ ਉੱਤੇ ਚਲੇ ਜਾਣ ਦੇ ਕਾਰਨ ਦੱਸਦਿਆਂ ਬੱਲੀ ਕਹਿੰਦੇ ਹਨ ਕਿ ਨਾ ਕਾਮਰੇਡਾਂ ਨੇ ਆਪਣੇ ਆਪ ਨੂੰ ਸਮੇਂ ਮੁਤਾਬਕ ਬਦਲਿਆਂ ਨਾ, ਖਾਲਿਸਤਾਨੀਆਂ ਨੇ, ਇਹੀ ਕਾਰਨ ਹੈ ਕਿ ਇਹ ਪੰਜਾਬ ਦੀ ਚੋਣ ਸਿਆਸਤ ਵਿੱਚ ਹੁਣ ਹੋਂਦ ਦੀ ਲੜਾਈ ਲੜ ਰਹੇ ਹਨ।
ਭਾਵੇਂ ਕਿ ਕਈ ਸੂਬਿਆਂ ਵਿੱਚ ਬਾਹੂਬਲੀ ਜੇਲ੍ਹ ਵਿੱਚੋਂ ਚੋਣ ਲੜਦੇ ਅਤੇ ਜਿੱਤਦੇ ਰਹੇ ਹਨ, ਪਰ ਇੱਥੇ ਕੁਝ ਮਿਸਾਲਾਂ ਦੇ ਰਹੇ ਹਨ, ਜੋ ਨਿਰੋਲ ਸਿਆਸੀ ਆਗੂ ਹੋ ਕੇ ਜੇਲ੍ਹ ਵਿੱਚੋਂ ਚੋਣਾਂ ਲੜੇ।
ਸਮਾਜਵਾਦੀ ਆਗੂ ਜੌਰਜ ਫਰਨਾਜੇਡ 1977 ਵਿੱਚ ਬਿਹਾਰ ਦੀ ਮੁੱਜਫਰਨਗਰ ਸੀਟ ਤੋਂ 3 ਲੱਖ ਵੋਟਾਂ ਦੇ ਫਰਕ ਨਾਲ ਲੋਕ ਸਭਾ ਚੋਣ ਜਿੱਤੇ ਸਨ।
ਸੀਏਏ ਵਿਰੋਧੀ ਕਾਰਕੁਨ ਅਖਿਲ ਗਗੋਈ ਪਹਿਲੇ ਅਸਾਮ ਤੋਂ ਆਗੂ ਹਨ, ਜੋ 2021 ਨੂੰ ਵਿਧਾਨ ਸਭਾ ਚੋਣ ਆਜ਼ਾਦ ਉਮੀਦਵਾਰ ਵਜੋਂ ਜਿੱਤੇ
ਯੂਪੀ ਤੋਂ ਸਮਾਜਵਾਦੀ ਪਾਰਟੀ ਦੇ ਆਗੂ ਆਜ਼ਮ ਖਾਨ ਅਤੇ ਨਾਹਿਦ ਹਸਨ ,ਦੋਵਾਂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਜੇਲ੍ਹ ਵਿੱਚੋਂ ਲੜੀਆਂ ਤੇ ਜਿੱਤੀਆਂ।
ਜੰਮੂ ਕਸ਼ਮੀਰ ਦੀ ਅਵਾਮੀ ਇਤਿਹਾਦ ਪਾਰਟੀ ਦੀ ਤਰਫੋਂ ਐੱਨਐੱਸਏ ਤਹਿਤ ਜੇਲ੍ਹ ਵਿੱਚ ਬੰਦ ਅਬਦੁਲ ਰਾਸ਼ਿਦ, ਬਾਰਾਮੁੱਲਾ ਲੋਕ ਸਭਾ ਸੀਟ ਤੋਂ ਉਮੀਦਵਾਰ ਹੋ ਸਕਦੇ ਹਨ।
Source BBC Punjabi