Breaking News

ਕੈਨੇਡਾ: ਠੇਕਾ ਲੁੱਟ ਕੇ ਭਜਦੇ ਲੁਟੇਰੇ ਨੇ ਪਰਿਵਾਰ ਦੇ ਤਿੰਨ ਜੀਆਂ ਦੀ ਜਾਨ ਲਈ

ਵੈਨਕੂਵਰ, 1 ਮਈ – ਲੰਘੀ ਰਾਤ ਟਰਾਂਟੋ ਤੋਂ ਮੌਂਟਰੀਅਲ ਜਾਂਦੇ ਹਾਈਵੇਅ ਸਥਿੱਤ ਬੌਵਨਵਿਲੇ ਕਸਬੇ ’ਚ ਸ਼ਰਾਬ ਦਾ ਠੇਕਾ ਲੁੱਟਣ ਤੋਂ ਬਾਅਦ ਪੁਲੀਸ ਮੂਹਰੇ ਭੱਜਦੇ ਹੋਏ ਲੁਟੇਰੇ ਨੇ ਸੜਕ ਦੇ ਉਲਟੇ ਪਾਸੇ ਜਾਂਦਿਆਂ 6-7 ਵਾਹਨਾਂ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਸ ਨੇ ਬਜ਼ੁਰਗ ਜੋੜੇ ਤੇ ਉਨ੍ਹਾਂ ਦੇ ਪੋਤੇ ਦੀ ਜਾਨ ਲੈ ਲਈ ਤੇ ਖੁਦ ਵੀ ਜ਼ਖਮਾਂ ਦੀ ਤਾਬ ਨਾ ਸਹਾਰਦਿਆਂ ਦਮ ਤੋੜ ਗਿਆ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੁਰ੍ਹਾਮ ਪੁਲੀਸ ਨੇ ਕਿਹਾ ਕਿ ਸ਼ਰਾਬ ਸਟੋਰ ਨੇੜੇ ਖੜ੍ਹੇ ਔਫਡਿਊਟੀ ਪੁਲੀਸ ਅਫਸਰ ਨੇ ਲੁਟੇਰੇ ਦੀ ਕਾਰਵਾਈ ਬਾਰੇ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ ਤਾਂ ਪੁਲੀਸ ਉਸ ਦਾ ਪਿੱਛਾ ਕਰਨ ਲੱਗੀ। ਕਈ ਛੋਟੀਆਂ ਸੜਕਾਂ ’ਚੋਂ ਲੰਘਦੇ ਹੋਏ ਲੁਟੇਰਾ ਹਾਈਵੇਅ 401 ’ਤੇ ਪਹੁੰਚਿਆ ਤੇ ਪੂਰਬੀ ਪਾਸੇ ’ਚ ਵੜਕੇ ਕਾਰ ਨੂੰ ਪੱਛਮ ਵੱਲ ਮੋੜ ਕੇ ਤੇਜ਼ੀ ਨਾਲ ਚਲਾਉਣ ਲੱਗਾ।

ਪੁਲੀਸ ਨੇ ਉੱਥੇ ਵੀ ਉਸ ਦਾ ਪਿੱਛਾ ਜਾਰੀ ਰੱਖਿਆ ਤਾਂ ਜੋ ਮੂਹਰਿਓਂ ਆ ਰਹੀ ਆਵਾਜਾਈ ਨੂੰ ਉਸ ਤੋਂ ਬਚਾਇਆ ਜਾ ਸਕੇ, ਪਰ ਵਿੰਟਬੀ ਕੋਲ ਜਾ ਕੇ ਲੁਟੇਰੇ ਦੀ 170 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਜਾਂਦੀ ਕਾਰ 6-7 ਵਾਹਨਾਂ ਨਾਲ ਟਕਰਾਈ ਜਿਸ ਕਾਰਨ ਇਕ ਕਾਰ ਵਿਚ ਜਾਂਦੇ 60 ਤੇ 55 ਸਾਲਾ ਦੇ ਪਤੀ ਪਤਨੀ ਤੇ ਉਨ੍ਹਾਂ ਦੇ ਪੋਤੇ ਦੀ ਮੌਤ ਹੋ ਗਈ।

ਬਾਅਦ ਵਿਚ ਲੁਟੇਰੇ ਦੀ ਕਾਰ ਇਕ ਟਰੱਕ ਨਾਲ ਟਕਰਾ ਗਈ ਜਿਸ ਵਿਚ ਲੁਟੇਰੇ ਦੀ ਵੀ ਮੌਤ ਹੋ ਗਈ। ਓਂਟਾਰੀਓ ਦੇ ਪ੍ਰੀਮੀਅਰ (ਮੁੱਖ ਮੰਤਰੀ) ਡੱਗ ਫੋਰਡ ਵਲੋਂ ਬਜ਼ੁਰਗਾਂ ਤੇ ਉਨ੍ਹਾਂ ਦੇ ਪੋਤੇ ਦੀ ਮੌਤ ਨੂੰ ਮੰਗਭਾਗਾ ਦੱਸਿਆ। ਉਨ੍ਹਾਂ ਕਿਹਾ ਕਿ ਸਰਕਾਰ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਵਚਨਬਧ ਹੈ ਅਤੇ ਪੁਲੀਸ ਨੂੰ ਦੋਸ਼ੀਆਂ ਦਾ ਸੜਕੀ ਪਿੱਛਾ ਕਰਨ ਦੀ ਥਾਂ ਹਵਾਈ ਪਿੱਛਾ ਕਰਕੇ ਫੜਨ ਲਈ ਸਿੱਖਿਅਕ ਕੀਤਾ ਜਾਏਗਾ।