ਪੰਜਾਬ ਅਤੇ ਸਿੱਖਾਂ ਦੇ ਇਨਸਾਫ ਦੇ ਮੁੱਦੇ ਇਵੇਂ ਗੁਆਚਦੇ ਨੇ। ਬੇਅਦਬੀ ਦਾ ਮੁੱਦਾ ਇਨ੍ਹਾਂ ਚੋਣਾਂ ਵਿੱਚ ਫਰੀਦਕੋਟ ਜ਼ਿਲ੍ਹੇ ਵਿੱਚੋਂ ਹੀ ਗਾਇਬ ਹੈ।
ਪਿਛਲੀਆਂ ਤਿੰਨ ਚੋਣਾਂ ਵਿੱਚ ਬੇਅਦਬੀ ਅਤੇ ਬਹਿਬਲ ਕਲਾਂ ਪੁਲਿਸ ਫਾਇਰਿੰਗ ਵੱਡਾ ਮੁੱਦਾ ਰਹੇ ਨੇ ਪਰ ਭਗਵੰਤ ਮਾਨ ਸਰਕਾਰ ਦੀ ਕਿਰਪਾ ਨਾਲ ਇਸ ਵਾਰ ਇਹ ਮੁੱਦਾ ਚੋਣਾਂ ਵਿੱਚੋਂ ਗਾਇਬ ਹੈ।
2021 ਦੇ ਇਹਨਾਂ ਦਿਨਾਂ ਵਿੱਚ ਹੀ ਬੇਅਦਬੀ ਦੇ ਮੁੱਦੇ ਨੂੰ ਵਰਤ ਕੇ ਹਵਾ “ਆਪ” ਦੇ ਹੱਕ ਵਿੱਚ ਬਣਾਉਣ ਦਾ ਮਾਹੌਲ ਪੈਦਾ ਕੀਤਾ ਗਿਆ ਸੀ। ਅਪ੍ਰੈਲ 2021 ਵਿੱਚ ਕੁੰਵਰ ਵਿਜੇ ਪ੍ਰਤਾਪ ਦੀ ਪੜਤਾਲ ਹਾਈਕੋਰਟ ਨੇ ਰੱਦ ਕੀਤੀ ਸੀ ਤੇ ਉਸਨੇ ਇਸ ਇਨਸਾਫ ਲਈ ਆਪਣੇ ਆਪ ਨੂੰ ਸਭ ਤੋਂ ਵੱਡੇ ਮਸੀਹੇ ਵਜੋਂ ਉਭਾਰ ਲਿਆ।
ਕੇਜਰੀਵਾਲ ਅਤੇ ਕੁੰਵਰ ਵਿਜੇ ਪ੍ਰਤਾਪ ਨੇ ਗੰਢ ਤੁੱਪ ਕਰਕੇ ਇਸ ਮੁੱਦੇ ਨੂੰ “ਆਪ” ਦੇ ਸਿਆਸੀ ਲਾਹੇ ਲਈ ਵੱਡੇ ਪੱਧਰ ‘ਤੇ ਵਰਤਿਆ। ਵਿਜੇ ਪ੍ਰਤਾਪ ਦੇ ਹੋਰਡਿੰਗ ਸਾਰੇ ਪੰਜਾਬ ਵਿੱਚ ਲਾਏ ਗਏ ਤੇ ਇਸੇ ਦੌਰਾਨ ਨਾਲੋ-ਨਾਲ ਇਸ ਮੁੱਦੇ ‘ਤੇ ਲਗਾਤਾਰ ਦਬਾਅ ਵਧਾਉਣ ਵਾਲੇ ਨਵਜੋਤ ਸਿੰਘ ਸਿੱਧੂ ਅਤੇ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਵਰਗੇ ਵੱਡੇ ਆਗੂਆਂ ਨੂੰ ਖੁੰਢੇ ਕਰਨ ਦਾ ਕੰਮ ਕੀਤਾ ਗਿਆ। ਇਸ ਕੰਮ ਲਈ ਵਰਤੇ ਵੀ ਸਿੱਖ ਹੀ ਗਏ।
ਜਨਵਰੀ 2022 ਵਿੱਚ ਕੇਜਰੀਵਾਲ ਨੇ ਕਹਿ ਦਿੱਤਾ ਸੀ ਕਿ ਬੇਅਦਬੀ ਸਿਰਫ ਮੀਡੀਏ ਵਿੱਚ ਹੀ ਮੁੱਦਾ ਹੈ ਤੇ ਜ਼ਮੀਨ ‘ਤੇ ਇਹ ਕੋਈ ਮੁੱਦਾ ਨਹੀਂ।
ਪਿਛਲੇ ਦੋ ਸਾਲ ਵਿੱਚ ਭਗਵੰਤ ਮਾਨ ਨੇ ਬਲਾਤਕਾਰੀ ਸਾਧ ਖਿਲਾਫ ਬੇਅਦਬੀ ਵਾਲਾ ਕੇਸ ਚਲਾਉਣ ਦੀ ਆਗਿਆ ਨਹੀਂ ਦਿੱਤੀ ਤੇ ਇਸੇ ਦੌਰਾਨ ਉਹ ਕੁਝ ਕੇਸ ਸੁਪਰੀਮ ਕੋਰਟ ਰਾਹੀਂ ਚੰਡੀਗੜ੍ਹ ਟਰਾਂਸਫਰ ਕਰਾ ਚੁੱਕੇ ਨੇ ਤੇ ਬਾਕੀ ਦੇ ਕੇਸਾਂ ਦੇ ਟਰਾਇਲ ‘ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰੋਕ ਲਾ ਦਿੱਤੀ। ਇਸ ਸਾਰੇ ਕੁਝ ਦੌਰਾਨ ਪੰਜਾਬ ਸਰਕਾਰ ਨੇ ਪੈਰਵਾਈ ਬੇਹੱਦ ਢਿੱਲੀ ਰੱਖੀ ਤੇ ਬਲਾਤਕਾਰੀ ਸਾਧ ਤੇ ਉਸ ਦੇ ਚੇਲਿਆਂ ਦੀ ਮੱਦਦ ਕੀਤੀ।
ਸਮੇਂ ਦੇ ਨਾਲ ਹੋਰ ਮੁੱਦੇ ਪੈਦਾ ਹੁੰਦੇ ਨੇ ਤੇ ਵੱਡੇ ਮੁੱਦੇ ਕੁਝ ਪਾਸੇ ਵੀ ਚਲੇ ਜਾਂਦੇ ਨੇ ਹਾਲਾਂਕਿ ਇਹ ਖਤਮ ਨਹੀਂ ਹੁੰਦੇ।
ਪਰ ਕੁਝ ਸਮੇਂ ਬਾਅਦ ਕਈ ਟਿੱਪਣੀਕਾਰ ਸਿੱਖਾਂ ਦਾ ਹੀ ਇਸ ਗੱਲ ‘ਤੇ ਤਵਾ ਲਾਉਣਗੇ ਕਿ ਬੇਅਦਬੀ ਕੋਈ ਵੱਡਾ ਮੁੱਦਾ ਨਹੀਂ ਰਹੀ। ਬਾਦਲ ਦਲ ਅਤੇ ਸ਼੍ਰੋਮਣੀ ਕਮੇਟੀ ਦਾ ਤਾਂ ਇਸ ਮਾਮਲੇ ਵਿੱਚ ਘਟੀਆ ਰੋਲ ਰਿਹਾ ਹੀ ਹੈ।
ਜਿਹੜੇ ਲੋਕ ਬੇਅਦਬੀ ਵਾਲੇ ਮਾਮਲੇ ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਭਗਵੰਤ ਮਾਨ ਨੂੰ ਇੱਕੋ ਜਿਹਾ ਕਹਿੰਦੇ ਨੇ, ਉਹ ਗਲਤ ਨੇ। ਕੈਪਟਨ ਨੇ ਬਥੇਰਾ ਕੁਝ ਗਲਤ ਕੀਤਾ, ਉਹ ਭਾਜਪਾ ਨਾਲ ਵੀ ਰਲਿਆ ਰਿਹਾ, ਅਸੀਂ ਵੀ ਬਥੇਰੇ ਮਾਮਲਿਆਂ ਵਿਚ ਉਸਦੀ ਤਿੱਖੇ ਆਲੋਚਨਾ ਕਰਦੇ ਰਹੇ ਹਾਂ ਪਰ ਬੇਅਦਬੀ ਦੇ ਮਾਮਲੇ ‘ਤੇ ਜਿੰਨੀ ਵੀ ਗੱਲ ਅੱਗੇ ਤੁਰੀ, ਇਹ ਉਸੇ ਦੇ ਰਾਜ ਵਿੱਚ ਹੋਈ ਸੀ ਤੇ ਪੰਜਾਬ ਦੇ ਕੁਝ ਕਾਂਗਰਸੀਆਂ ਨੇ ਇਸ ਮੁੱਦੇ ‘ਤੇ ਠੀਕ ਤਰੀਕੇ ਨਾਲ ਦਬਾਅ ਵਧਾਇਆ ਸੀ, ਸਭ ਤੋਂ ਵੱਧ ਨਵਜੋਤ ਸਿੱਧੂ ਨੇ। ਇਸ ਮਾਮਲੇ ਵਿੱਚ ਕੈਪਟਨ ਅਤੇ ਭਗਵੰਤ ਮਾਨ ਦੀ ਬਰਾਬਰੀ ਕਰਨਾ ਅਸਲ ਵਿੱਚ ਇਸ ਦੇ ਕੁਕਰਮ ਨੂੰ ਢਕਣ ਵਾਲਾ ਕੰਮ ਹੈ।
ਸਭ ਤੋਂ ਵੱਡਾ ਕੰਮ ਇਹ ਹੋਇਆ ਸੀ ਕਿ 2018 ਦੇ ਅੱਧ ਤੱਕ ਬਾਦਲ ਦਲ, ਕੇਂਦਰੀ ਏਜੰਸੀਆਂ ਮੁਤਾਬਿਕ ਕੰਮ ਕਰਨ ਵਾਲੇ ਟਿੱਪਣੀਕਾਰ ਅਤੇ ਚੌਂਕ ਮਹਿਤਾ ਟਕਸਾਲ ਵਾਲੇ ਬੇਅਦਬੀਆਂ ਲਈ ਸਿੱਖ ਕਾਰਕੁੰਨਾਂ ‘ਤੇ ਦੋਸ਼ ਲਾਉਂਦੇ ਰਹੇ ਨੇ ਪਰ ਉਨਾਂ ਦੀ ਇਹ ਸਿਰੇ ਦੀ ਕਮੀਨੀ ਅਤੇ ਖਤਰਨਾਕ ਮੁਹਿੰਮ ਉਦੋਂ ਬੰਦ ਹੋਈ, ਜਦੋਂ ਕੈਪਟਨ ਦੇ ਰਾਜ ਦੌਰਾਨ ਸੌਦਾ ਸਾਧ ਅਤੇ ਉਸਦੇ ਚੇਲਿਆਂ ਦਾ ਰੋਲ ਪੰਜਾਬ ਪੁਲਿਸ ਨੇ ਸਾਹਮਣੇ ਲਿਆਂਦਾ ਸੀ ਜਦਕਿ ਸੀਬੀਆਈ ਨੇ ਇਹ ਕੇਸ ਰੱਦ ਕਰਨ ਦੀ ਸਿਫਾਰਿਸ਼ ਕਰ ਦਿੱਤੀ ਸੀ।
ਮੌੜ ਧਮਾਕੇ ਦੇ ਮਾਮਲੇ ਵਿੱਚ ਵੀ ਐਲਾਨਵੰਤ ਦੀ ਸਰਕਾਰ ਬਿਲਕੁਲ ਚੁੱਪ ਹੈ। ਕੋਈ ਵੀ ਆਪ ਆਗੂ ਇਸ ਮਾਮਲੇ ‘ਤੇ ਨਹੀਂ ਬੋਲਦਾ।
ਜਿਹੜੇ ਜਿਹੜੇ ਮੁੱਦੇ ਨੂੰ ਵੀ ਕੇਜਰੀਵਾਲ ਅਤੇ ਭਗਵੰਤ ਮਾਨ ਨੇ 2022 ਤੋਂ ਪਹਿਲਾਂ ਵਰਤਿਆ, ਉਹ ਸਾਰੇ ਇਨ੍ਹਾਂ ਨੇ ਪਾਸੇ ਕਰ ਦਿੱਤੇ ਨੇ, ਭਾਵੇਂ ਉਹ ਡਰੱਗਜ਼ ਦਾ ਹੋਵੇ ਜਾਂ ਫਿਰ ਭ੍ਰਿਸ਼ਟਾਚਾਰ, ਗੈਰ ਕਾਨੂੰਨੀ ਮਾਈਨਿੰਗ ਅਤੇ ਬੇਅਦਬੀ ਦਾ।
#Unpopular_Opinions
#Unpopular_Ideas
#Unpopular_Facts