ਭਾਈ ਅੰਮ੍ਰਿਤਪਾਲ ਸਿੰਘ ਦੀ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਲਈ ਭਰੀ ਨਾਮਜ਼ਦਗੀ ਭਾਰਤੀ ਚੋਣ ਕਮਿਸ਼ਨ ਨੇ ਸਵੀਕਾਰ ਕਰ ਲਈ ਹੈ।
ਦੂਜੇ ਪਾਸੇ ਇਸੇ ਹਲਕੇ ਤੋਂ ਅਮ੍ਰਿਤਪਾਲ ਸਿੰਘ ਨਾਮ ਦਾ ਇੱਕ ਹੋਰ ਆਜ਼ਾਦ ਉਮੀਦਵਾਰ ਖੜ੍ਹਾ ਕੀਤਾ ਗਿਆ ਹੈ, ਜੋ ਆਮ ਆਦਮੀ ਪਾਰਟੀ ਦਾ ਨਜ਼ਦੀਕੀ ਹੈ।
ਦੱਸਣਯੋਗ ਹੈ ਕਿ ਖਡੂਰ ਸਾਹਿਬ ਸੀਟ 2019 ਵਿੱਚ ਕਾਂਗਰਸ ਦੇ ਜਸਬੀਰ ਸਿੰਘ ਡਿੰਪਾ ਨੇ ਜਿੱਤੀ ਸੀ ਜਦਕਿ ਹੁਣ ਕਾਂਗਰਸ ਨੇ ਇਸ ਸੀਟ ਲਈ ਕੁਲਦੀਪ ਸਿੰਘ ਜ਼ੀਰਾ ਨੂੰ ਉਮੀਦਵਾਰ ਬਣਾਇਆ ਹੈ। ਭਾਜਪਾ ਨੇ ਇੱਥੋਂ ਮਨਜੀਤ ਸਿੰਘ ਮੰਨਾ ਨੂੰ, ‘ਆਪ’ ਨੇ ਲਾਲਜੀਤ ਸਿੰਘ ਭੁੱਲਰ ਨੂੰ ਅਤੇ ਅਕਾਲੀ ਦਲ ਨੇ ਵਿਰਸਾ ਸਿੰਘ ਵਲਟੋਹਾ ਨੂੰ ਟਿਕਟ ਦਿੱਤੀ ਹੈ।
ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 1 ਜੂਨ ਨੂੰ ਵੋਟਾਂ ਪੈਣੀਆਂ ਹਨ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ
ਖਡੂਰ ਸਾਹਿਬ ਤੋਂ ਆਪ ਵੱਲੋਂ ਇੱਕ ਹੋਰ ਅੰਮ੍ਰਿਤਪਾਲ ਸਿੰਘ ਖੜਾ ਕਰਨ ਤੋਂ ਸਪਸ਼ਟ ਹੋ ਗਿਆ ਹੈ ਕਿ ਡਿਬਰੂਗੜ੍ਹ ਵਾਲੇ ਅੰਮ੍ਰਿਤਪਾਲ ਸਿੰਘ ਤੋਂ ਸਭ ਤੋਂ ਵੱਧ ਖਤਰਾ “ਆਪ” ਨੂੰ ਹੈ।
ਇਸ ਖਤਰੇ ਦੇ ਦੋ ਪੱਧਰ ਹਨ, ਇੱਕ ਉਹ ਸੀਟ ਤੇ ਦੂਜੀ ਅੰਮ੍ਰਿਤਪਾਲ ਸਿੰਘ ਦੇ ਜਿੱਤਣ ਦਾ ਵੱਡਾ ਪ੍ਰਭਾਵ।
ਭਾਵੇਂ ਪਹਿਲੀ ਨਜ਼ਰ ‘ਚ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਅਤੇ ਹੋਰਾਂ ਨੂੰ ਇਹ ਜਾਪਦਾ ਹੈ ਕਿ ਉੱਥੇ ਸਭ ਤੋਂ ਵੱਧ ਵਿਰੋਧਤਾ ਉਸ ਵਿੱਚ ਅਤੇ ਬਾਦਲ ਦਲ ਵਿਚਾਲੇ ਹੈ ਪਰ “ਆਪ” ਨੇ ਇਹ ਵਿਖਾ ਦਿੱਤਾ ਹੈ ਕਿ ਸਭ ਤੋਂ ਜ਼ਿਆਦਾ ਡਰ ਕਿਸ ਨੂੰ ਹੈ। ਲੋਕ ਵਿਰਸਾ ਸਿੰਘ ਵਲਟੋਹੇ ਦੁਆਲੇ ਹੋਏ ਰਹੇ ਪਰ ਲਾਲਜੀਤ ਭੁੱਲਰ ਵਾਲੀ ਧਿਰ ਚੁੱਪ ਚੁਪੀਤੇ ਆਪਣੇ ਕੰਮ ‘ਚ ਲੱਗੀ ਰਹੀ। ਬਦਲ ਦਲ ਅਤੇ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਵਿਚਾਲੇ ਸਿਰੇ ਦੀ ਕੁੜੱਤਣ ਦਾ ਫ਼ਾਇਦਾ “ਆਪ” ਚੁੱਕ ਰਹੀ ਹੈ।
ਅਸਲ ਵਿੱਚ ਆਪ ਨੂੰ ਜਿਹੜੀਆਂ ਵੋਟਾਂ ਪਈਆਂ ਉਹ ਬਾਦਲ ਦਲ ਅਤੇ ਕਾਂਗਰਸ ਤੋਂ ਅੱਕੇ ਲੋਕਾਂ ਦੀਆਂ ਸਨ, ਜਿਨ੍ਹਾਂ ਵਿੱਚ ਸਭ ਤੋਂ ਵੱਧ ਗਿਣਤੀ ਸਿੱਖਾਂ ਦੀ ਸੀ।
ਹੁਣ ਖਡੂਰ ਸਾਹਿਬ ਵਿੱਚ ਉਹ ਤੀਸਰਾ ਬਦਲ ਅੰਮ੍ਰਿਤਪਾਲ ਸਿੰਘ ਬਣ ਰਿਹਾ ਹੈ। 2024 ਵਿੱਚ ਤੀਸਰਾ ਬਦਲ ਸਭ ਤੋਂ ਵੱਧ ਨੁਕਸਾਨ 2022 ਦੇ ਤੀਸਰੇ ਬਦਲ ਦੀ ਕਰਨ ਦੀ ਸਮਰੱਥਾ ਰੱਖਦਾ ਹੈ। ਇਹਨਾਂ ਤੱਥਾਂ ਨੂੰ ਮੱਦੇਨਜ਼ਰ ਰੱਖਦਿਆਂ ਜ਼ਿਆਦਾ ਸੰਭਾਵਨਾ ਇਹੀ ਹੈ ਕਿ ਅੰਮ੍ਰਿਤਪਾਲ ਸਿੰਘ ਸਭ ਤੋਂ ਪਹਿਲਾਂ ਨੁਕਸਾਨ “ਆਪ” ਦਾ ਕਰੇਗਾ ਉਸ ਤੋਂ ਬਾਅਦ ਬਾਦਲ ਦਲ ਅਤੇ ਕਾਂਗਰਸ ਦਾ।
ਜੇ ਉਹ ਬਾਦਲ ਦਲ ਦਾ ਸਭ ਤੋਂ ਜ਼ਿਆਦਾ ਨੁਕਸਾਨ ਕਰ ਰਿਹਾ ਹੁੰਦਾ ਤਾਂ ਫਿਰ “ਆਪ” ਨੂੰ ਇਹ ਕਰਤੂਤ ਕਰਨ ਦੀ ਲੋੜ ਨਾ ਪੈਂਦੀ। ਸਗੋਂ ਇਹ ਗੱਲ ਉਹਨਾਂ ਨੂੰ ਵਾਰਾ ਖਾਂਦੀ ਸੀ।। ਜ਼ਾਹਰਾ ਤੌਰ ‘ਤੇ ਉਹਨਾਂ ਕੋਲ ਸੂਹੀਆ ਤੰਤਰ ਜਾਂ ਹੋਰ ਕਿਸੇ ਸਰਵੇ ਦੀਆਂ ਰਿਪੋਰਟਾਂ ਰਾਹੀਂ ਇਹ ਗੱਲ ਪਹੁੰਚੀ ਹੈ ਕਿ ਉਹ ਸਭ ਤੋਂ ਜਿਆਦਾ ਨੁਕਸਾਨ ਕਿੱਧਰ ਕਰ ਰਿਹਾ ਹੈ। ਉਸੇ ਹਿਸਾਬ ਨਾਲ ਉਹਨਾਂ ਨੇ ਹੱਲ ਕੀਤਾ ਹੈ।
ਜੇ ਅੰਮ੍ਰਿਤਪਾਲ ਸਿੰਘ ਦੀ ਚੋਣ ਮੁਹਿੰਮ ਜ਼ਿਆਦਾ ਜ਼ੋਰ ਫੜਦੀ ਹੈ ਤਾਂ ਕਾਫੀ ਸੰਭਾਵਨਾ ਹੈ ਕਿ “ਆਪ” ਸਭ ਤੋਂ ਜ਼ਿਆਦਾ ਥੱਲੇ ਡਿੱਗੇ। 2019 ਵਿੱਚ ਖਡੂਰ ਸਾਹਿਬ ਹਲਕੇ ਤੋਂ ਇਹਨਾਂ ਵਿੱਚੋਂ ਵੱਡਾ ਹਿੱਸਾ ਬੀਬੀ ਖਾਲੜਾ ਨੂੰ ਪਿਆ ਸੀ। ਉਦੋਂ ਉਥੋਂ “ਆਪ” ਦੀ ਜ਼ਮਾਨਤ ਜਬਤ ਹੋਈ ਸੀ ਜਦ ਕਿ ਬਾਦਲ ਦਲ ਉਸ ਵੇਲੇ ਦੂਜੇ ਨੰਬਰ ‘ਤੇ ਸੀ।
ਭਗਵੰਤ ਮਾਨ ਸਰਕਾਰ ਲਈ ਦੂਜਾ ਵੱਡਾ ਖਤਰਾ ਇਹ ਹੈ ਕਿ ਜੇ ਅੰਮ੍ਰਿਤਪਾਲ ਸਿੰਘ ਉੱਥੋਂ ਜਿੱਤਦਾ ਹੈ ਤਾਂ ਉਸਦਾ ਸਰਕਾਰ ਦੇ ਅਕਸ ‘ਤੇ ਮਾੜਾ ਅਸਰ ਹੋਰ ਪੱਕਾ ਹੁੰਦਾ ਹੈ ਤੇ ਨਵੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ।
ਹਾਲਾਂਕਿ ਵੱਡੇ ਸਮਰਥਨ ਦੇ ਬਾਵਜੂਦ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀ, ਜਦੋਂ ਉਹ ਬਾਹਰ ਸੀ, ਵੱਡੀ ਸਿਆਸਤ ਖੜੀ ਕਰਨ ਵਾਲੇ ਪਾਸੇ ਨਹੀਂ ਤੁਰੇ ਤੇ ਇਸ ਚੋਣ ਵਿੱਚ ਵੀ ਗੱਲ ਖਡੂਰ ਸਾਹਿਬ ਤੋਂ ਬਹੁਤ ਅੱਗੇ ਨਹੀਂ ਗਈ ਪਰ ਪੰਜਾਬ ਦੀ ਸੱਤਾਧਾਰੀ ਧਿਰ ਨੂੰ ਖਡੂਰ ਸਾਹਿਬ ਤੋਂ ਪੈਦਾ ਹੋਣ ਵਾਲੀਆਂ ਸੰਭਾਵਨਾਵਾਂ ਬਾਰੇ ਪੂਰਾ ਤੌਖਲਾ ਹੈ।
ਹੁਣ ਵੀ ਲੋੜ “ਆਪ” ਵੱਲੋਂ ਖੜੇ ਕੀਤੇ ਦੂਜੇ ਅੰਮ੍ਰਿਤਪਾਲ ਸਿੰਘ ਨੂੰ ਦੁਸ਼ਮਣ ਬਣਾਉਣ ਦੀ ਨਹੀਂ, ਵੱਡੀ ਸਿਆਸਤ ਨੂੰ ਸਮਝ ਕੇ ਸਾਰੇ ਪੰਜਾਬ ਵਿੱਚ ਉਸ ਮੁਤਾਬਿਕ ਜਵਾਬ ਦੇਣਾ ਚਾਹੀਦਾ ਹੈ। ਮੋਹਰਿਆਂ ਨਾਲ ਉਲਝਣ ਦਾ ਕੋਈ ਫਾਇਦਾ ਨਹੀਂ ਹੁੰਦਾ। ਐਵੇਂ ਨਹੀਂ ਸਿਆਣਿਆ ਕਿਹਾ ਚੋਰ ਨੂੰ ਨਾ ਮਾਰੋ, ਚੋਰ ਦੀ ਮਾਂ ਨੂੰ ਮਾਰੋ।
ਜੇ ਤੁਹਾਨੂੰ ਖੁਦ ਨਹੀਂ ਪਤਾ ਲੱਗਦਾ ਕਿ ਕੀ ਕਰਨਾ ਚਾਹੀਦਾ ਹੈ ਤਾਂ ਇਹ ਵੇਖ ਲਓ ਤੁਹਾਡੇ ਸਭ ਤੋਂ ਵੱਡੇ ਵਿਰੋਧੀ ਜਾਂ ਦੁਸ਼ਮਣ ਕੀ ਚਾਹੁੰਦੇ ਨੇ। ਉਨ੍ਹਾਂ ਦੀ ਇੱਛਾ ਵਾਲੇ ਰਾਹ ‘ਤੇ ਨਾ ਤੁਰੋ।
ਸਿਆਸੀ ਜਵਾਬ ਕਦੇ ਨਿਰੋਲ ਭਾਵੁਕਤਾ ਨਾਲ ਨਹੀਂ ਦਿੱਤੇ ਜਾਂਦੇ, ਉਹਨਾਂ ਮਗਰ ਗਿਣਤੀ ਮਿਣਤੀ ਹੁੰਦੀ ਹੈ। ਨਹੀਂ ਤਾਂ ਮੁੱਖ ਵਿਰੋਧੀ ਧਿਰ ਦਾ ਫਾਇਦਾ ਪੱਕਾ ਹੈ।
#Unpopular_Opinions
#Unpopular_Ideas
#Unpopular_Facts
ਭਾਰਤੀ ਚੋਣ ਕਮਿਸ਼ਨ (ਈਸੀਆਈ) ਨੇ ਖਾਲਿਸਤਾਨੀ ਸਮਰਥਕ ਵੱਖਵਾਦੀ ਅਤੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਲਈ ਨਾਮਜ਼ਦਗੀ ਨੂੰ ਸਵੀਕਾਰ ਕਰ ਲਿਆ ਹੈ। ਨਾਮਜ਼ਦਗੀ 10 ਮਈ ਨੂੰ ਦਾਖਲ ਕੀਤੀ ਗਈ ਸੀ।
ਅੰਮ੍ਰਿਤਪਾਲ ਸਿੰਘ ਇਸ ਸਮੇਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ। ਖਡੂਰ ਸਾਹਿਬ ਸੀਟ 2019 ਵਿੱਚ ਕਾਂਗਰਸ ਦੇ ਜਸਬੀਰ ਸਿੰਘ ਗਿੱਲ ਨੇ ਜਿੱਤੀ ਸੀ।
ਕਾਂਗਰਸ ਨੇ ਇਸ ਸੀਟ ਲਈ ਕੁਲਦੀਪ ਸਿੰਘ ਜ਼ੀਰਾ ਨੂੰ ਉਮੀਦਵਾਰ ਬਣਾਇਆ ਹੈ ਜਦਕਿ ਭਾਜਪਾ ਨੇ ਮਨਜੀਤ ਸਿੰਘ ਮੰਨਾ ਨੂੰ ਉਮੀਦਵਾਰ ਬਣਾਇਆ ਹੈ। ‘ਆਪ’ ਵੱਲੋਂ ਲਾਲਜੀਤ ਸਿੰਘ ਭੁੱਲਰ ਅਤੇ ਅਕਾਲੀ ਦਲ ਦੀ ਨੁਮਾਇੰਦਗੀ ਵਿਰਸਾ ਸਿੰਘ ਵਲਟੋਹਾ ਕਰਨਗੇ। ਲੋਕ ਸਭਾ ਚੋਣਾਂ ਦੇ ਸੱਤਵੇਂ ਪੜਾਅ ਤਹਿਤ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 1 ਜੂਨ ਨੂੰ ਵੋਟਾਂ ਪੈਣੀਆਂ ਹਨ।