Breaking News

ਪੁਣੇ ਕਾਰ ਹਾਦਸਾ: ਖੂਨ ਦੇ ਨਮੂਨੇ ਬਦਲਣ ਦੇ ਮਾਮਲੇ ’ਚ ਨਾਬਾਲਗ ਮੁਲਜ਼ਮ ਦੀ ਮਾਂ ਗ੍ਰਿਫ਼ਤਾਰ

Pune porsche case: Police arrest juvenile’s mother in car accident case

ਇਥੋਂ ਦੀ ਪੁਲੀਸ ਨੇ ਪੋਰਸ਼ ਕਾਰ ਦੁਰਘਟਨਾ ਮਾਮਲੇ ਵਿਚ ਨਾਬਾਲਗ ਮੁਲਜ਼ਮ ਦੀ ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਲੜਕੇ ਦੇ ਖੂਨ ਦੇ ਨਮੂਨੇ ਉਸ ਦੀ ਮਾਂ ਦੇ ਖੂਨ ਦੇ ਨਮੂਨਿਆਂ ਨਾਲ ਬਦਲੇ ਗਏ ਸਨ। ਉਸ ਦੀ ਮਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ।

ਸਿਟੀ ਪੁਲੀਸ ਕਮਿਸ਼ਨਰ ਅਮਿਤੇਸ਼ ਕੁਮਾਰ ਨੇ ਕਿਹਾ ਕਿ ਹਾਦਸੇ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਲੜਕੇ ਦੇ ਖੂਨ ਦੇ ਨਮੂਨੇ ਉਸ ਦੀ ਮਾਂ ਦੇ ਨਾਲ ਬਦਲੇ ਗਏ ਸਨ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਹਾਦਸੇ ਵਿੱਚ ਦੋ ਮੌਤਾਂ ਹੋਈਆਂ ਸਨ।

ਟਾਈਮਜ਼ ਮੁਤਾਬਕ ਦੋਸ਼ੀ ਲੜਕਾ 18 ਮਈ ਨੂੰ ਰਾਤ ਕਰੀਬ 10:40 ਵਜੇ ਕੋਸੀ ਪੱਬ ਪਹੁੰਚਿਆ। ਇੱਥੇ ਉਸ ਨੇ 90 ਮਿੰਟਾਂ ਵਿੱਚ 48 ਹਜ਼ਾਰ ਰੁਪਏ ਦਾ ਬਿੱਲ ਅਦਾ ਕਰ ਦਿੱਤਾ। ਇਸ ਤੋਂ ਬਾਅਦ ਉਹ ਐਤਵਾਰ ਰਾਤ ਕਰੀਬ 12:10 ਵਜੇ ਬਲੈਕ ਮੈਰੀਅਟ ਗਿਆ। ਇੱਥੋਂ ਨਿਕਲਦੇ ਹੀ ਰਾਤ ਦੇ 2 ਵਜੇ ਉਸ ਨੇ ਦੋ ਆਈਟੀ ਇੰਜਨੀਅਰਾਂ ਨੂੰ ਪੋਰਸ਼ ਕਾਰ ਨਾਲ ਟੱਕਰ ਮਾਰ ਦਿੱਤੀ। ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਘਟਨਾ ਨੂੰ ਲੈ ਕੇ ਮੰਗਲਵਾਰ ਨੂੰ ਪੁਣੇ ‘ਚ ਪੁਲਸ ਅਧਿਕਾਰੀਆਂ ਨਾਲ ਬੈਠਕ ਕੀਤੀ। ਉਸ ਨੇ ਕਿਹਾ- ਜੁਵੇਨਾਈਲ ਬੋਰਡ ਨੂੰ ਦਿੱਤੀ ਅਰਜ਼ੀ ਵਿੱਚ ਪੁਲਿਸ ਨੇ ਦੋਸ਼ੀ ਦੀ ਉਮਰ 17 ਸਾਲ 8 ਮਹੀਨੇ ਦੱਸੀ ਹੈ ਅਤੇ ਉਸ ਨੂੰ ਬਾਲਗ ਮੰਨਣ ਦੀ ਬੇਨਤੀ ਕੀਤੀ ਹੈ। ਬੋਰਡ ਨੇ ਇਸ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਬੋਰਡ ਦਾ ਇਹ ਫੈਸਲਾ ਹੈਰਾਨੀਜਨਕ ਹੈ।