Breaking News

ਫਰਾਂਸ ਵਿੱਚ ਚੋਣਾਂ ਦੌਰਾਨ ਸੱਜੇ ਪੱਖੀਆਂ ਨੂੰ ਕਾਮਰੇਡਾਂ ਦਿੱਤੀ ਮਾਤ, ਇੱਕ ਪਾਸੇ ਜਸ਼ਨ ਦੂਜੇ ਪਾਸੇ ਹਿੰਸਾ

ਫਰਾਂਸ ਦੇ ਲੋਕਾਂ ਨੇ ਇੱਕ ਵਾਰ ਫਿਰ ਸੱਜੇ-ਪੱਖੀਆਂ ਨੂੰ ਨਕਾਰ ਦਿੱਤਾ ਹੈ। ਇਨ੍ਹਾਂ ਸੰਸਦੀ ਚੋਣਾਂ ਵਿੱਚ ਇੱਕ ਵੱਡੇ ਉਲਟਫੇਰ ਮਗਰੋਂ ਖੱਬੇ-ਪੱਖੀ ਗੱਠਜੋੜ ‘ਨਿਊ ਪਾਪੂਲਰ ਫਰੰਟ’ ਸਭ ਤੋਂ ਵੱਧ ਵੋਟਾਂ ਹਾਸਲ ਕਰਨ ਵਿੱਚ ਕਾਮਯਾਬ ਰਿਹਾ।

ਰਾਸ਼ਟਰਪਤੀ ਮੈਕਰੋਂ ਦੀ ‘ਸੈਂਟਰਿਸਟ ਐਨਸੈਂਬਲ’ ਪਾਰਟੀ ਦੂਜੇ ਥਾਂ ‘ਤੇ ਰਹੀ।

ਉਧਰ ਸੱਜੇ-ਪੱਖੀ ਨੈਸ਼ਨਲ ਰੈਲੀ ਪਾਰਟੀ, ਜਿਸ ਦੇ ਜਿੱਤਣ ਦੀਆਂ ਸੰਭਾਵਨਾਵਾਂ ਸਭ ਤੋਂ ਵੱਧ ਸਨ, ਤੀਜੇ ਥਾਂ ‘ਤੇ ਸਿਮਟ ਗਈ। ਹਾਲਾਂਕਿ ਪਹਿਲੇ ਦੌਰ ਦੀਆਂ ਚੋਣਾਂ ਵਿੱਚ ਇਸ ਦੀ ਤਸਵੀਰ ਬਹੁਤ ਵੱਖਰੀ ਸੀ।

ਇੱਕ ਹਫ਼ਤਾ ਪਹਿਲਾਂ ਨੈਸ਼ਨਲ ਰੈਲੀ ਪਾਰਟੀ ਜਿੱਤ ਦੇ ਰਾਹ ‘ਤੇ ਚਲਦੀ ਦਿਖ ਦੇ ਰਹੀ ਸੀ। ਰਨ-ਆਫ਼ ਵਿੱਚ ਵੀ ਨੈਸ਼ਨਲ ਰੈਲੀ ਦੀ ਜਿੱਤ ਦੀ ਭਵਿੱਖਬਾਣੀ ਕੀਤੀ ਗਈ ਸੀ।

ਫਰਾਂਸ ਦੀਆਂ ਸੰਸਦੀ ਚੋਣਾਂ ਦੇ ਇਨ੍ਹਾਂ ਹੈਰਾਨੀਜਨਕ ਨਤੀਜਿਆਂ ਮਗਰੋਂ ਵੀ ਕੋਈ ਪਾਰਟੀ ਬਹੁਮਤ ਨਹੀਂ ਹਾਸਲ ਕਰ ਸਕੀ।

ਖੱਬੇ-ਪੱਖੀ ਗੱਠਜੋੜ ਨਿਊ ਪਾਪੂਲਰ ਫਰੰਟ ਨੇ 182 ਸੀਟਾਂ ਨਾਲ ਜਿੱਤ ਦਰਜ ਕਰਵਾਈ।

ਰਾਸ਼ਟਰਪਤੀ ਇਮੈਨੁਅਲ ਮੈਕਰੋਂ ਦੀ ‘ਸੈਂਟਰਿਸਟ ਐਨਸੈਂਬਲ’ ਪਾਰਟੀ 168 ਸੀਟਾਂ ਨਾਲ ਦੂਜੇ ਸਥਾਨ ਅਤੇ ਸੱਜੇ-ਪੱਖੀ ਨੈਸ਼ਨਲ ਰੈਲੀ ਪਾਰਟੀ 143 ਸੀਟਾਂ ਨਾਲ ਤੀਜੇ ਸਥਾਨ ‘ਤੇ ਰਹੀ।

ਹਾਲਾਂਕਿ ਬਹੁਮਤ ਲਈ 577 ਸੀਟਾਂ ਵਿੱਚੋਂ 289 ਸੀਟਾਂ ਦੀ ਲੋੜ ਹੁੰਦੀ ਹੈ।

ਇੱਕ ਪਾਸੇ ਜਸ਼ਨ ਦੂਜੇ ਪਾਸੇ ਹਿੰਸਾ
ਇਨ੍ਹਾਂ ਚੋਣ ਨਤੀਜਿਆਂ ਦੇ ਐਲਾਨ ਮਗਰੋਂ ਜਿੱਥੇ ਫਰਾਂਸ ਵਿੱਚ ਵੱਡੀ ਗਿਣਤੀ ‘ਚ ਲੋਕ ਇਕੱਠੇ ਹੋ ਕੇ ਜਿਥੇ ਜਸ਼ਨ ਮਨਾ ਰਹੇ ਸਨ, ਉੱਥੇ ਹੀ ਹਿੰਸਾ ਦੀਆਂ ਤਸਵੀਰਾਂ ਵੀ ਦੇਖਣ ਨੂੰ ਮਿਲੀਆਂ।

ਫਰੈਂਚ ਚੋਣਾਂ ਦੇ ਰੁਝਾਨ ਆਉਣ ਮਗਰੋਂ ਲੋਕਾਂ ਵਿੱਚ ਖੁਸ਼ੀ ਦਾ ਮਾਹੌਲ ਦੇਖਿਆ ਜਾ ਸਕਦਾ ਹੈ। ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਲੋਕਾਂ ਦੀ ਵੱਡੀ ਭੀੜ ਝੰਡੇ ਲਹਿਰਾਉਂਦੇ ਹੋਏ ਦੇਖੀ ਗਈ।

ਉਨ੍ਹਾਂ ਵੱਲੋਂ ਆਤਿਸ਼ਬਾਜ਼ੀ ਕਰਕੇ ਇਸ ਜਿੱਤ ਨੂੰ ਮਨਾਇਆ ਗਿਆ।

ਪਰ ਇਸ ਦੇ ਨਾਲ ਹੀ ਇਨ੍ਹਾਂ ਸੰਸਦੀ ਚੋਣਾਂ ‘ਚ ਖੱਬੇਪੱਖੀ ਗਠਜੋੜ ਦੀ ਜਿੱਤ ਮਗਰੋਂ ਪੈਰਿਸ ਵਿੱਚ ਕੁਝ ਥਾਵਾਂ ‘ਤੇ ਹਿੰਸਾ ਵੀ ਭੜਕੀ। ਰਾਜਧਾਨੀ ਵਿੱਚ ਸੱਜੇ -ਪੱਖੀ ਸਮਰਥਕਾਂ ਵੱਲੋਂ ਕਈ ਥਾਵਾਂ ‘ਤੇ ਅੱਗਾਂ ਲਗਾ ਦਿੱਤੀਆਂ ਗਈਆਂ।

ਦੰਗਾਕਾਰੀਆਂ ਵੱਲੋਂ ਉਥੋਂ ਦੇ ਇੱਕ ਬੱਸ ਅੱਡੇ ਦੀ ਵੀ ਭੰਨਤੋੜ ਕੀਤੀ ਗਈ।

ਹਿੰਸਾ ਦੇ ਮੱਦੇਨਜ਼ਰ ਰਾਜਧਾਨੀ ਪੈਰਿਸ ਵਿੱਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ ਅਤੇ ਦੰਗਾ ਕੰਟਰੋਲ ਕਰਨ ਲਈ ਪੁਲਿਸ ਨੂੰ ਵੀ ਤਾਇਨਾਤ ਕਰ ਦਿੱਤਾ ਗਿਆ ਹੈ।