Breaking News

ਰਾਸ਼ਟਰਪਤੀ ਰਾਜ ਕੀ ਕਰੋ ਤਿਆਰੀ, ਆ ਗਏ ਹੈਂ ਸੱਤਾਧਾਰੀ

ਪੰਜਾਬ ਅਤੇ ਸਿੱਖਾਂ ਦੇ ਵੱਡੇ ਹਮਦਰਦ ਤੇ ਪ੍ਰਸੰਸਕ ਸੀਨੀਅਰ ਪੱਤਰਕਾਰ ਦਿਨੇਸ਼ ਵੋਹਰਾ, ਜਿਹੜੇ ਖੁਦ ਵੀ ਪੰਜਾਬੀ ਮੂਲ ਦੇ ਹਨ, ਨੇ ਟਿੱਪਣੀ ਕੀਤੀ ਹੈ ਕਿ ਕੇਂਦਰ ਸਰਕਾਰ ਨੇ ਪੰਜਾਬ ਤੇ ਸਿੱਖਾਂ ਨੂੰ ਸਬਕ ਸਿਖਾਉਣ ਦਾ ਫੈਸਲਾ ਕਰ ਲਿਆ ਹੈ। ਵੋਹਰਾ ਹਮੇਸ਼ਾਂ ਪੰਜਾਬ, ਸਿੱਖ ਅਤੇ ਕਿਸਾਨਾਂ ਦੇ ਹੱਕ ‘ਚ ਬੋਲਦੇ ਰਹੇ ਨੇ।

ਪੰਜਾਬ ‘ਚ ਜੋ ਕੁਝ ਹੋ ਰਿਹਾ ਹੈ, ਉਸਨੂੰ ਸਿਰਫ ਪੰਜਾਬ ਤੋਂ ਨਾ ਸਮਝੋ ਸਗੋਂ ਸਾਰੇ ਮੁਲਕ ਤੋਂ ਸਮਝਣ ਦਾ ਯਤਨ ਕਰੋ। ਮੋਦੀ ਸਰਕਾਰ ਨੰਗੀ ਚਿੱਟੀ ਹੋ ਕੇ ਕਿਸੇ ਛੋਟੀ ਜਿਹੀ ਨੈਤਿਕਤਾ ਦੀ ਪ੍ਰਵਾਹ ਵੀ ਨਹੀਂ ਕਰ ਰਹੀ ਤੇ ਵਿਰੋਧੀ ਪਾਰਟੀਆਂ ਨੂੰ ਚੋਣਾਂ ਤੋਂ ਵੀ ਪਹਿਲਾਂ ਚੋਣ ਮੈਦਾਨ ਵਿਚੋਂ ਬਾਹਰ ਕੱਢਣਾ ਚਾਹੁੰਦੀ ਹੈ ਜਾਂ ਉਨ੍ਹਾਂ ਦੇ ਵਿੱਤੀ ਸਾਧਨਾਂ ਨੂੰ ਜ਼ਬਤ ਕਰਾ ਰਹੀ ਹੈ।

ਇਹ ਚੋਣ ਭਾਜਪਾ ਤੇ ਵਿਰੋਧੀ ਧਿਰ ਲਈ ਜ਼ਿੰਦਗੀ ਮੌਤ ਦਾ ਸੁਆਲ ਹੈ। ਗਲਤੀਆਂ ਦੇ ਬਾਵਜੂਦ ਵਿਰੋਧੀ ਪਾਰਟੀਆਂ ਦੇ ਗਠਜੋੜ ਹੋ ਰਹੇ ਨੇ। ਕੱਲ੍ਹ ਹੀ ਯੂ ਪੀ ਤੇ ਸਮਾਜਵਾਦੀ ਪਾਰਟੀ ਤੇ ਕਾਂਗਰਸ ਵਿਚ ਹੋਇਆ ਹੈ, ਦਿੱਲੀ ਵਿਚ ਵੀ ਕਾਂਗਰਸ ਤੇ “ਆਪ” ਵਿਚ ਤਕਰੀਬਨ ਹੋ ਰਿਹਾ ਹੈ। ਕੁੜੱਤਣ ਦੇ ਬਾਵਜੂਦ ਪੱਛਮੀ ਬੰਗਾਲ ‘ਚ ਵੀ ਹੋਣ ਦੀ ਸੰਭਾਵਨਾ ਹੈ। ਮਹਾਂਰਾਸ਼ਟਰ ਵਿਚ ਵੀ ਸ਼ਿਵ ਸੈਨਾ, ਸ਼ਰਦ ਪਵਾਰ ਤੇ ਕਾਂਗਰਸ ਇਕੱਠੇ ਨੇ।

ਭਾਜਪਾ ਤੇ ਇਸ ਇਸ ਵੱਧ ਰਹੇ ਦਬਾਅ ਦਾ ਹੁਣ ਸਿੱਧਾ ਅਸਰ ਪੰਜਾਬ ‘ਤੇ ਪਏਗਾ। ਬਾਕੀ ਕਾਰਡ ਵਰਤੇ ਜਾ ਚੁੱਕੇ ਨੇ। ਤਰੁੱਪ ਦਾ ਪੱਤਾ ਰਾਮ ਮੰਦਰ ਵੀ ਵਰਤ ਲਿਆ ਹੈ। ਕਸ਼ਮੀਰ ਨੂੰ ਪਿਛਲੀ ਵਾਰ ਕੁੱਟ ਲਿਆ।

ਭਾਜਪਾ ਹਾਲੇ ਪੰਜਾਬ ਤੇ ਹਰਿਆਣੇ ਦੀ ਸਰਹੱਦ ‘ਤੇ ਤਸ਼ੱਦਦ ਕਰ ਰਹੀ ਹੈ। ਜੇ ਲੋੜ ਪਏਗੀ ਤਾਂ ਉਹ ਇਹ ਤਸ਼ੱਦਦ ਪੰਜਾਬ ਦੇ ਅੰਦਰ ਲਿਆਏਗੀ।

ਪੰਜਾਬ ਜਾਂ ਇਸਦੇ ਲੋਕਾਂ ਨਾਲ ਕਿਸੇ ਪਿਆਰ ਜਾਂ ਹਮਦਰਦੀ ਕਰਕੇ ਨਹੀਂ, ਭਗਵੰਤ ਮਾਨ ਰਾਜਨੀਤਕ ਮਜਬੂਰੀ ਕਾਰਨ ਪੰਜਾਬ ‘ਚ ਨੰਗਾ ਚਿੱਟਾ ਤਸ਼ੱਦਦ ਨਹੀਂ ਕਰ ਸਕਦਾ ਕਿਉਂਕਿ ਉਸ ਸੂਰਤ ਵਿਚ ਲੋਕ ਸਭ ਸੀਟਾਂ ਹਾਰੇਗਾ।

ਜੇਕਰ ਲੋੜ ਪਈ ਤਾਂ ਕੇਂਦਰ ਸਰਕਾਰ ਰਾਸ਼ਟਰਪਤੀ ਰਾਜ ਲਾਏਗੀ ਤੇ ਫਿਰ ਤਸ਼ੱਦਦ ਦਾ ਮੂੰਹ ਖੋਲਿਆ ਜਾਏਗਾ ਤੇ ਇਸਦਾ ਫਾਇਦਾ ਸਾਰੇ ਮੁਲਕ ‘ਚ ਲੈਣ ਦੀ ਕੋਸ਼ਿਸ਼ ਕੀਤੀ ਜਾਏਗੀ। ਇਸ ਸਾਰੇ ਕੁਝ ਤੋਂ ਬਚਣ ਦੀ ਲੋੜ ਹੈ ਨਾ ਕਿ ਕੇਂਦਰੀ ਜਾਲ ਵਿਚ ਸਿੱਧੇ ਫਸਣ ਦੀ। ਅਗਲੇ ਲਲਕਾਰੇ ਮਾਰ ਰਹੇ ਨੇ, ਭੜਕਾਹਟ ਪੈਦਾ ਕਰ ਰਹੇ ਨੇ ਤੇ ਸਾਡੇ ਲੋਕਾਂ ਦਾ ਜੁਆਬ ਦੇਣਾ ਮਜਬੂਰੀ ਬਣ ਰਹੀ ਹੈ ਪਰ ਇਹ ਜੁਆਬ ਉਨ੍ਹਾਂ ਨੂੰ ਸੂਤ ਬੈਠਦਾ ਹੈ।

ਕਿਸਾਨ ਅਤੇ ਸਿੱਖ ਜਥੇਬੰਦੀਆਂ ਆਪਣੀ ਸਾਰੀ ਨੀਤੀ ਤੇ ਰਣਨੀਤੀ ‘ਤੇ ਮੁੜ ਵਿਚਾਰ ਕਰਨ। ਟਕਰਾਅ ਬਿਲਕੁਲ ਨਾ ਵਧਾਉਣ ਤੇ ਪੰਜਾਬ ਅੰਦਰ ਇਹੋ ਜਿਹਾ ਮਾਹੌਲ ਨਾ ਬਣਾਉਣ, ਜਿਸ ਵਿਚ ਕੇਂਦਰੀ ਤੰਤਰ ਆਪਣੇ ਤੱਤਾਂ ਰਾਹੀਂ ਅਰਾਜਕਤਾ ਪੈਦਾ ਕਰ ਸਕੇ।

ਵੱਡੀਆਂ ਲੜਾਈਆਂ ਸਿਰਫ ਭਾਵਕਤਾ ਨਾਲ ਨਹੀਂ, ਨੀਤੀ ਨਾਲ ਜਿੱਤੀਆਂ ਜਾਂਦੀਆਂ ਨੇ। ਨੀਤੀ, ਰਣਨੀਤੀ ਬਿਨਾਂ ਭਾਵੁਕਤਾ ਕਿਤੇ ਨਹੀਂ ਲਿਜਾਂਦੀ। ਫਿਲਹਾਲ ਬਚਾਅ ਬਹੁਤ ਜ਼ਰੂਰੀ ਹੈ। ਜੇ ਕਿਸੇ ਨੂੰ ਸ਼ੱਕ ਹੋਵੇ ਤਾਂ 18ਵੀਂ ਸਦੀ ਦਾ ਇਤਿਹਾਸ ਪੜ੍ਹ ਲਓ, ਜਦੋਂ ਪੈਰ ਗੱਡ ਕੇ ਲੜਨ ਤੇ ਹਰਨ ਹੋਣਾ ਦੋਵੇਂ ਮੌਕੇ ਮੁਤਾਬਕ ਕੀਤੇ ਜਾਂਦੇ ਸਨ।

-ਵੋਹਰਾ ਸਾਹਿਬ ਦੀ ਵੀਡੀਓ ਦਾ ਲਿੰਕ
#Unpopular_Opinions