Breaking News

ਨੌਜਵਾਨ ਸ਼ੁਭਮ ਮਿਸ਼ਰਾ ਅੰਮ੍ਰਿਤ ਛਕ ਕੇ ਬਣਿਆਂ ਸ਼ੁਭਮਨ ਸਿੰਘ

ਬ੍ਰਾਹਮਣ ਨੌਜਵਾਨ ਸ਼ੁਭਮ ਮਿਸ਼ਰਾ ਅੰਮ੍ਰਿਤ ਛਕ ਕੇ ਬਣਿਆਂ ਸ਼ੁਭਮਨ ਸਿੰਘ ।

ਸ਼ੁਭਮ ਮਿਸ਼ਰਾ ੨ ਮਹੀਨਿਆਂ ਦਾ ਸੀ ਜਦੋਂ ਉਹਦਾ ਪਿਤਾ ਪੰਡਿਤ ਓਮ ਪ੍ਰਕਾਸ਼ ਮਿਸ਼ਰਾ ਆਪਣੇ ਪਰਿਵਾਰ ਸਮੇਤ ਲਖਨਊ ਤੋਂ ਪੰਜਾਬ ਆ ਕੇ ਵੱਸ ਗਿਆ ਸੀ । ਪੰਡਿਤ ਓਮਪ੍ਰਕਾਸ਼ ਲੰਬਾ ਸਮਾਂ ਕਪੂਰਥਲਾ ਦੇ ਪਿੰਡ ਢਿੱਲਵਾਂ ਵਿਚ ਇਕ ਮੰਦਰ ਦੇ ਪੁਜਾਰੀ ਰਹੇ ਤੇ ਉੱਥੇ ਹੀ ਉਨ੍ਹਾਂ ਆਪਣਾ ਘਰ ਬਣਾ ਲਿਆ ।

ਸਾਲ ੨੦੨੧ ਦੇ ਫਰਵਰੀ ਮਹੀਨੇ ਫਿਲੌਰ ਪੁਲਿਸ ਨੇ ਸ਼ੁਭਮ ਮਿਸ਼ਰਾ ਨੂੰ ਇਕ ਪ੍ਰਵਾਸੀ ਪੰਡਤ ਦੀ ਹੱਤਿਆ ਦੇ ਮਾਮਲੇ ਵਿਚ ਮੁੱਖ ਮੁਲਜ਼ਮ ਬਣਾ ਕੇ ਕਪੂਰਥਲਾ ਦੀ ਮਾਡਰਨ ਜੇਲ ਭੇਜ ਦਿੱਤਾ । ਸ਼ੁਭਮ ਦੀ ਉਮਰ ਉਦੋਂ ਉੱਨੀਂ ਸਾਲ ਦੀ ਸੀ । ਮੈਂ ਤੇ ਸ਼ੁਭਮ ਇਤਫ਼ਾਕਨ ਇੱਕੋ ਦਿਨ ਤੇ ਇੱਕੋ ਸਮੇਂ ਕਪੂਰਥਲਾ ਜੇਲ ਗਏ ਸੀ ਤੇ ਅੱਠ ਮਹੀਨੇ ਅਸੀਂ ਦੋਵੇਂ ਇਕੱਠੇ ਹੀ ਰਹੇ । ਅੱਠ ਮਹੀਨਿਆਂ ਬਾਅਦ ਮੈਨੂੰ ਅਗਲੇ ਪੰਦਰਾਂ ਮਹੀਨਿਆਂ ਲਈ ਕਰਨਾਲ ਜੇਲ ਭੇਜ ਦਿੱਤਾ ਗਿਆ ਅਤੇ ਸ਼ੁਭਮ ਦੀ ਡੇਢ ਸਾਲ ਬਾਅਦ ਜ਼ਮਾਨਤ ਹੋ ਗਈ ।

ਜ਼ਮਾਨਤ ਉੱਤੇ ਰਿਹਾਅ ਹੋ ਕੇ ਸ਼ੁਭਮ ਮਿਸ਼ਰਾ ਗੁਜਰਾਤ ਦੇ ਪ੍ਰਸਿੱਧ ਸੁਆਮੀ ਨਰਾਇਣ ਮੰਦਰ ਚਲਾ ਗਿਆ ਜਿੱਥੇ ਉਹ ਪਹਿਲਾਂ ਵੀ ਕਈ ਵਾਰ ਜਾ ਚੁੱਕਾ ਸੀ । ਦਰਅਸਲ ਉਹ ਬਚਪਨ ਤੋਂ ਸੁਆਮੀ ਨਰਾਇਣ ਸੰਸਥਾ ਨਾਲ ਜੁੜਿਆ ਹੋਇਆ ਸੀ । ਜ਼ਿਕਰਯੋਗ ਹੈ ਕਿ ਸ਼ੁਭਮ ਮਿਸ਼ਰਾ ਨੇ ਅਠਾਰਾਂ ਸਾਲ ਦੀ ਉਮਰ ਤਕ ਆਪਣੇ ਪਿਤਾ ਦੇ ਨਾਲ ਨੇਪਾਲ ਤੇ ਭਾਰਤੀ ਸਟੇਟ ਦੇ ਪ੍ਰਸਿੱਧ ਹਿੰਦੂ ਤੀਰਥਾਂ ਦਾ ਭਰਮਣ ਕਰ ਲਿਆ ਸੀ ।


ਮਿਟਿਓ ਅੰਧੇਰੁ ਮਿਲਤ ਹਰਿ ਨਾਨਕ ਜਨਮ ਜਨਮ ਕੀ ਸੋਈ ਜਾਗੀ ॥

ਸ੍ਰੀ ਗੁਰੂ ਅਰਜਨ ਦੇਵ ਜੀ ।

ਕੁਝ ਮਹੀਨੇ ਪਹਿਲਾਂ ਸ਼ੁਭਮ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਰਨ ਗਿਆ । ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਰ ਕੇ ਸ਼ੁਭਮ ਨੂੰ ਇਕ ਵੱਖਰਾ ਹੀ ਅਨੁਭਵ ਹਾਸਲ ਹੋਇਆ । ਉਹਦੇ ਮਨ ਨੂੰ ਜੋ ਟਿਕਾਅ, ਸ਼ਾਂਤੀ ਤੇ ਆਨੰਦ ਸ੍ਰੀ ਦਰਬਾਰ ਸਾਹਿਬ ਵਿੱਚੋਂ ਪ੍ਰਾਪਤ ਹੋਇਆ ਉਹ ਪਹਿਲਾਂ ਕਦੇ ਵੀ ਮਹਿਸੂਸ ਨਹੀਂ ਹੋਇਆ ਸੀ । ਸ਼ੁਭਮ ਆਪਣੇ ਧੁਰ ਅੰਦਰ ‘ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ’ ਦਾ ਅਨੁਭਵ ਲੈ ਕੇ ਵਾਪਸ ਪਿੰਡ ਮੁੜ ਗਿਆ ।

ਅੱਜ ਤੋਂ ਦੋ ਮਹੀਨੇ ਪਹਿਲਾਂ ਸ਼ੁਭਮ ਨੇ ਮੈਨੂੰ ਫੋਨ ਕੀਤਾ ਕਿ ਭਾਜੀ ਮੈਂ ਅੰਮ੍ਰਿਤ ਛਕਣਾ ਹੈ, ਮੈਂ ਹੈਰਾਨ ਹੁੰਦਿਆਂ ਪੁੱਛਿਆ, ਤੈਨੂੰ ਕੀਹਨੇ ਅੰਮ੍ਰਿਤ ਛਕਣ ਲਈ ਕਿਹਾ, ਜਾਂ ਪ੍ਰੇਰਿਤ ਕੀਤਾ ਹੈ ? ਮੈਨੂੰ ਕਿਸੇ ਨਹੀਂ ਕਿਹਾ ਤੇ ਨਾ ਕਿਸੇ ਨੇ ਪ੍ਰੇਰਿਤ ਕੀਤਾ ਹੈ ਬਸ ਮੇਰਾ ਮਨ ਕਹਿੰਦਾ ਹੈ, ਤੇ ਮੈਂ ਅੰਮ੍ਰਿਤਪਾਨ ਤੋਂ ਬਿਨਾ ਖ਼ੁਦ ਨੂੰ ਅਧੂਰਾ ਜਿਹਾ ਸਮਝਦਾ ਹਾਂ ਤੇ ਮੈਂ ੩-੪ ਮਹੀਨਿਆਂ ਤੋਂ ਕੇਸ ਕਟਾਉਣੇ ਛੱਡ ਦਿੱਤੇ ਹਨ” ਇਹ ਸ਼ੁਭਮ ਦਾ ਜਵਾਬ ਸੀ ।

ਸਨਾਤਨ ਦੇ ਗੂੜ੍ਹੇ ਰੰਗ ਵਿਚ ਰੰਗਿਆ ਰਹਿਣ ਕਰ ਕੇ ਮੈਂ ਉਹਨੂੰ ਕੁਝ ਮਹੀਨੇ ਹੋਰ ਰੁਕਣ ਲਈ ਅਤੇ ਚੰਗੀ ਤਰਾਂ ਵਿਚਾਰ ਕਰਨ ਲਈ ਕਿਹਾ । ਲੇਕਿਨ ਸ਼ੁਭਮ ਨੇ ੧੬ ਮਾਰਚ ਨੂੰ ਅੰਮ੍ਰਿਤਪਾਨ ਕਰ ਲਿਆ ਤੇ ਸ਼ੁਭਮਨ ਸਿੰਘ ਬਣਕੇ ਦੱਸਿਆ ਕਿ ਉਹਨੇ ਸਨਾਤਨ ਨੂੰ ਸਦਾ ਲਈ ਅਲਵਿਦਾ ਕਹਿ ਕੇ ਗੁਰਮਤਿ ਧਾਰਨ ਕਰ ਲਈ ਹੈ ।

ਹੁਣ ਉਹ ਅੰਮ੍ਰਿਤ ਵੇਲੇ ਉੱਠਦਾ ਹੈ ਅਤੇ ਗੁਰਬਾਣੀ ਪੜ੍ਹਣੀ ਸਿੱਖਦਾ ਹੈ । ਹੁਣ ਉਹਦੇ ਇੰਸਟਾ ‘ਤੇ ਸੰਤ ਭਿੰਡਰਾਂਵਾਲ਼ਿਆਂ ਦੇ ਗੀਤ ਚਲਦੇ ਹਨ ।
✒️Hari Singh Jhamke