ਪੰਜਾਬ ਵੱਲ ਭਾਜਪਾ ਦੇ ਵਧਦੇ ਕਦਮ ਤੇ ਪੰਜਾਬ
ਦੀਪ ਸਿੱਧੂ ਕਹਿੰਦਾ ਹੁੰਦਾ ਸੀ ਕਿ ਇਹ ਸਾਡੀ ਹੋਂਦ ਦੀ ਲੜਾਈ ਹੈ। ਇਹਦੇ ਮਾਇਨੇ ਬਹੁਤ ਡੂੰਘੇ ਹਨ, ਇਹ ਕੇਵਲ ਇੱਕ ਬਿਆਨ ਜਾਂ ਨਾਅਰਾ ਨਹੀਂ।
ਮਤਲਬ ਇਹ ਕਿ ਰਾਜ ਤਾਂ ਕਰਾਂਗੇ, ਜੇ ਬਚਾਂਗੇ। ਪੰਜਾਬ ਵਿੱਚ ਸਰਵਾਈਵਲ ਬਹੁਤ ਜ਼ਰੂਰੀ ਹੈ। ਬਾਹਰ ਤਾਂ ਸਿੱਖ ਖੁੱਲ੍ਹ ਕੇ ਜੂਝਣ ਲੱਗੇ ਹੀ ਹੋਏ ਹਨ।
ਇਸ ਵੇਲੇ ਭਾਜਪਾ-ਸੰਘ ਨੈੱਟਵਰਕ ਪੰਜਾਬ ਦੀ ਸੱਭਿਅਤਾ ਦੇ ਖ਼ਾਤਮੇ ਲਈ ਪੂਰਾ ਜ਼ੋਰ ਲਾ ਰਿਹਾ ਹੈ। ਪੰਜਾਬ ਦੀ ਆਬਾਦੀ ਬਦਲ ਕੇ ਖਾਸਾ ਬਦਲਣ ਦੀ ਚਾਲ (ਡੈਮੋਗ੍ਰਾਫੀ ਹੀ ਬਦਲ ਦੇਣਾ) ਬੜੀ ਤੇਜ਼ੀ ਨਾਲ ਸਫਲ ਹੋ ਰਹੀ ਹੈ। ਜਮਨਾ ਪਾਰ ਵਾਲੀ ਰਹਿਣੀ-ਸਹਿਣੀ ਪੰਜਾਬ ‘ਤੇ ਭਾਰੂ ਪਾਈ ਜਾ ਰਹੀ ਹੈ।
ਇਹ ਸੰਘੀ ਨੈੱਟਵਰਕ ਸੋਸ਼ਲ ਮੀਡੀਏ, ਖਾਸਕਰ ਟਵਿਟਰ ‘ਤੇ ਖੁੱਲ੍ਹ ਕੇ ਆਪਣਾ ਅਸਲੀ ਰੂਪ ਦਿਖਾ ਰਿਹਾ ਕਿ ਸਿੱਖ ਕੌਣ ਹੁੰਦੇ, ਉਹ ਤੈਅ (ਪਰਿਭਾਸ਼ਤ) ਕਰਨਗੇ। ਖੁਦ ਨੂੰ ਪਰਿਭਾਸ਼ਤ ਕਰਨ ਵਾਲੇ ਸਿੱਖ, ਚਾਹੇ ਸ਼ਰੋਮਣੀ ਕਮੇਟੀ ਹੀ ਹੋਵੇ, ਦੇਸ਼ ਦੇ ਗਦਾਰ ਹਨ, ਅੱਤਵਾਦੀ ਹਨ। ਇਹ ਬਿਰਤਾਂਤ ਸਿਰਜਿਆ ਜਾ ਰਿਹਾ।
ਸਿੱਧੀਆਂ ਲੜਾਈਆਂ ‘ਚ ਅਸੀਂ ਜਿੱਤੇ ਵੀ ਹਾਂ ਤੇ ਹਾਰੇ ਵੀ ਹਾਂ ਪਰ ਇਸ ਵਾਰ ਦੁਸ਼ਮਣ ਨੇ ਜੜ੍ਹ ਹੀ ਵੱਢਣ ਦਾ ਤਹੱਈਆ ਕਰ ਲਿਆ ਹੈ। ਕਸ਼ਮੀਰ ਵਿੱਚ ਜਿਵੇਂ ਕਸ਼ਮੀਰੀ ਸਿਆਸਤ ਦਾ ਭੋਗ ਪਾਇਆ, ਉਸੇ ਤਰਾਂ ਪੰਜਾਬ ਵਿੱਚ ਪੰਜਾਬ-ਪ੍ਰਸਤ ਸਿਆਸਤ ਦਾ ਭੋਗ ਲਗਭਗ ਪੈਣ ਕੰਢੇ ਹੈ। ਉਸਤੋਂ ਬਾਅਦ ਆਬਾਦੀ ‘ਚ ਬਦਲਾਅ ਲਈ ਪੰਜਾਬ ਦੀ ਕਸ਼ਮੀਰ ਵਾਂਗ ਵੱਢ-ਟੁੱਕ ਅਤੇ ਸੂਬਾਈ ਰੁਤਬੇ ‘ਚ ਤਬਦੀਲੀ ਕਰ ਦੇਣਾ, ਉਨ੍ਹਾਂ ਲਈ ਕੋਈ ਵੱਡੀ ਗੱਲ ਨਹੀਂ ਹੋਵੇਗੀ। ਉਨ੍ਹਾਂ ਦਾ ਨਿਸ਼ਾਨਾ 2027 ਵਿੱਚ ਪੰਜਾਬ ਜਿੱਤ ਕੇ ਮੁਕੰਮਲ ਕਬਜ਼ਾ ਕਰਨਾ ਹੈ।
ਅਕਾਲੀ ਦਲ ਨੇ ਭਾਜਪਾ ਨਾਲੋਂ ਦੂਰੀ ਸੱਚੀਂ ਬਣਾ ਲਈ ਹੈ ਜਾਂ ਵਕਤੀ ਹੈ, ਇਹ ਸਮਾਂ ਦੱਸੇਗਾ ਪਰ ਅਕਾਲੀ ਸਮਰਥਕਾਂ ਨੂੰ ਹੁਣ ਤਾਂ ਇਹ ਸਮਝ ਲੱਗ ਹੀ ਜਾਣੀ ਚਾਹੀਦੀ ਕਿ ਬੇਅਦਬੀਆਂ ਰਾਹੀਂ ਕਿਵੇਂ ਭਾਜਪਾ ਨੇ ਉਨ੍ਹਾਂ ਨੂੰ ਸ਼ਿਕੰਜੇ ਵਿੱਚ ਫਸਾਇਆ ਅਤੇ ਫਿਰ ਬੇਅਦਬੀਆਂ ਰਾਹੀਂ ਪੰਜਾਬ ਵਿੱਚ ਅਕਾਲੀ ਦਲ ਦੀ ਹੋਂਦ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਹੁਣ ਤਾਂ ਸਾਰੇ ਮੋਹਰੇ ਨੰਗੇ ਹੋ ਚੁੱਕੇ ਹਨ।
ਕਾਂਗਰਸ ਦੇ ਬਹੁਤੇ ਆਗੂ, ਜੋ ਸਿੱਖ ਵਿਰੋਧੀ ਸਨ, ਭਾਜਪਾ ਨਾਲ ਜਾ ਰਲੇ ਹਨ। ਰਾਹੁਲ ਗਾਂਧੀ ਵਾਰ ਵਾਰ ਦਰਬਾਰ ਸਾਹਿਬ ਮੱਥਾ ਟੇਕਣ ਆ ਕੇ ਸਿੱਖਾਂ ਨੂੰ ਸੁਨੇਹਾ ਦੇ ਰਿਹਾ ਕਿ ਮੈਂ ਆਪਣੀ ਦਾਦੀ-ਪਿਓ ਵਰਗਾ ਨਹੀਂ ਪਰ ਖੁੱਲ੍ਹ ਕੇ ਇਹ ਗੱਲ ਕਹਿ ਨਹੀਂ ਰਿਹਾ ਕਿਉਂਕਿ ਜਾਣਦਾ ਕਿ ਬਹੁਗਿਣਤੀ ‘ਚੋਂ ਬਹੁਤਿਆਂ ਨੂੰ ਇਹ ਪੈਂਤੜਾ ਚੰਗਾ ਨਹੀਂ ਲੱਗੇਗਾ, ਉਹ ਤਾਂ ਸਿੱਖਾਂ ਦੇ ਜੂਤ ਫੇਰਨ ਵਾਲੀ ਕਾਂਗਰਸ ਨੂੰ ਹੀ ਪਸੰਦ ਕਰਦੇ ਹਨ।
ਪੰਜਾਬ ਵਿੱਚ ਦਲਿਤਾਂ ਦੀ ਵੱਡੀ ਵੋਟ ਬੈਂਕ ਹੈ ਪਰ ਸਿੱਖਾਂ ਵਾਂਗ ਦਲਿਤ ਸਿਆਸਤ ਵੀ ਖੜ੍ਹੀ ਨਹੀਂ ਹੋ ਸਕੀ, ਉਲਟਾ ਦਲਿਤਾਂ ਦੀ ਸਿਧਾਂਤਕ ਦੁਸ਼ਮਣ ਮਨੂੰਵਾਦੀ ਭਾਜਪਾਈ-ਸੰਘੀ ਸੋਚ ਕੁਝ ਦਲਿਤ ਲੀਡਰਾਂ ਨੂੰ ਅੱਗੇ ਲਾ ਕੇ ਉਨ੍ਹਾਂ ਦੀ ਅੱਧ-ਪਚੱਧ ਵੋਟ ਭੰਨ੍ਹਣ ਦੀ ਤਾਕ ਵਿੱਚ ਹੈ। ਸੋਸ਼ਲ ਮੀਡੀਏ ਅਤੇ ਜ਼ਮੀਨ ‘ਤੇ ਜੱਟ ਸਿੱਖਾਂ ਅਤੇ ਦਲਿਤਾਂ ਵਿਚਾਲੇ ਟਕਰਾਅ ਕਰਾਉਣ ਵਾਸਤੇ ਕੋਈ ਨਾ ਕੋਈ ਚੁਆਤੀ ਸੁੱਟੀ ਜਾਣਾ, ਇਸੇ ਚਾਲ ਦਾ ਹਿੱਸਾ ਹੈ।
ਸਮੇਂ ਦਾ ਗੇੜ ਕਹਿ ਲਓ, ਅਜਿਹੇ ਸਮੇਂ ਪੰਜਾਬ ਵਿੱਚ ਅਕਾਲੀ ਤੇ ਕਾਂਗਰਸੀ ਹੀ ਬਚੇ ਹਨ, ਜੋ ਪੰਜਾਬ ਵਿੱਚ ਭਾਜਪਾ ਦੇ ਪੈਰ ਲੱਗਣੋਂ ਰੋਕ ਸਕਦੇ ਹਨ, 2024 ਦੀਆਂ ਲੋਕ ਸਭਾ ਚੋਣਾਂ ‘ਚ ਵੀ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ। ਪੰਥਕ ਧਿਰਾਂ ਆਪਣੀ ਕੋਈ ਸਿਆਸਤ ਸਿਰਜ ਨਹੀਂ ਸਕੀਆਂ ਤੇ ਆਪ ਵਾਲੇ ਸ਼ਰੇਆਮ ਭਾਜਪਾ ਰਾਹੀਂ ਹੀ ਚੱਲ ਰਹੇ ਹਨ।
ਇਸ ਗੱਲ ਦੀ ਵੀ ਕੋਈ ਗਰੰਟੀ ਨਹੀਂ ਕਿ ਪੰਜਾਬ ਵਿੱਚ ਅਕਾਲੀ ਅਤੇ ਕਾਂਗਰਸੀ ਜਿੱਤ ਕੇ ਗਲਤੀਆਂ ਨਹੀਂ ਕਰਨਗੇ ਪਰ ਮੌਕੇ ਦਾ ਸੱਚ ਇਹੀ ਹੈ ਪੰਜਾਬ ਵਿੱਚ ਭਾਜਪਾ ਨੂੰ ਰੋਕਣ ਲਈ ਉੱਪਰੋਂ ਉੱਪਰੋਂ ਇਹੀ ਦੋ ਪਾਰਟੀਆਂ ਨਜਰ ਆ ਰਹੀਆਂ। ਬਾਅਦ ਵਿੱਚ ਇਹ ਵੀ ਭਾਜਪਾ ਨਾਲ ਰਲ ਜਾਣ, ਕੋਈ ਵੱਡੀ ਗੱਲ ਨਹੀਂ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ