ਦਿਲਜੀਤ ਅਤੇ ਸਟੇਟ ਦਾ ਬਿਰਤਾਂਤ – ਪ੍ਰਭਜੋਤ ਕੌਰ (ਡਾ਼)
ਪਿਛਲੇ ਕੁੱਝ ਮਹੀਨਿਆਂ ਤੋਂ ਦਿਲਜੀਤ ਬੇਹੂਦਾ ਗਾਇਕ ਚਮਕੀਲੇ ਦੀ ਜ਼ਿੰਦਗੀ ਤੇ ਬਣ ਰਹੀ ਫ਼ਿਲਮ ਬਣਾਉਣ ਕਰਕੇ ਚਰਚਿਆਂ ਵਿੱਚ ਹੈ। ਇਸ ਫਿਲਮ ਨਾਲ ਜੋ ਬਿਰਤਾਂਤ ਸ਼ੋਸ਼ਲ ਮੀਡੀਏ ਤੇ ਚੱਲ ਰਿਹਾ ਉਹ ਇਹ ਹੈ ਕਿ ਚਮਕੀਲੇ ਨੂੰ ਛੋਟੀ ਜਾਤ ਕਰਕੇ ਜੱਟਾਂ ਨੇ ਮਾਰਿਆ।
ਸਭ ਨੂੰ ਪਤਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਸਿੱਖਾਂ ਦਾ ਨੁਕਸਾਨ ਕਰਾਉਣ ਲਈ ਭਾਰਤੀ ਸਰਕਾਰ ਨੇ ਇਹ ਬਿਰਤਾਂਤ ਪੰਜਾਬ ‘ਚ ਚਲਾਉਣ ‘ਚ ਜ਼ੋਰ ਲਗਾਇਆ ਹੋਇਆ ਹੈ ਕਿ ਜੱਟ ਅਖੌਤੀ ਨੀਵੀਆਂ ਜਾਤਾਂ ਨਾਲ ਬਹੁਤ ਧੱਕਾ ਕਰਦੇ ਹਨ, ਜੋ ਕਿ ਝੂਠ ਤੇ ਅਧਾਰਿਤ ਹੈ |
ਭਾਰਤ ਸਰਕਾਰ ਦੇ ਐਨ ਸੀ ਆਰ ਬੀ ਦੇ ਅੰਕੜਿਆਂ ਮੁਤਾਬਕ, ਭਾਰਤ ਵਿੱਚ ਅਨੁਸੂਚਿਤ ਜਾਤੀਆਂ ਦੇ ਨਾਲ ਜ਼ੁਰਮ ਦੀ ਦਰ ੨੩% ਹੈ, ਜੋ ਕਿ ਪੰਜਾਬ ਚ ੨% ਤੋਂ ਵੀ ਘੱਟ ਹਨ|
ਅੱਜ ਤੱਕ ਪੰਜਾਬ ਦੇ ਇਤਿਹਾਸ ਚ ਸਤਿਕਾਰ ਨਾਲ ਓਹਨਾ ਨੂੰ ਯਾਦ ਕੀਤਾ ਜਾਂਦਾ ਜੋ ਧੀਆਂ ਭੈਣਾਂ ਦੀਆਂ ਇੱਜਤਾਂ ਦੇ ਰਾਖੇ ਸੀ, ਬਹਾਦੁਰ, ਗੈਰਤਮੰਦ ਸੀ , ਜਾਂ ਫਿਰ ਕਿਸੇ ਉੱਚੇ ਅਕੀਦੇਲਈ ਜਾਨਾਂ ਵਾਰੀਆਂ| ਭਾਰਤੀ ਰਾਸ਼ਟਰਵਾਦ ਦਾ ਸੰਦ ਬਾਲੀਵੁੱਡ ਇੱਕ ਬੇਗੈਰਤ, ਧੀਆਂ ਭੈਣਾਂ ਲਈ ਅੱਤ ਦਰਜੇ ਦੀ ਘਟੀਆ ਸ਼ਬਦਾਵਲੀ ਵਰਤਣ ਵਾਲੇ ਨੂੰ ਦਿਲਜੀਤ ਰਾਹੀਂ ਸਾਡੇ ਸਿਰਾਂ ਤੇ ਥੋਪਣ ਦੀ ਕੋਸ਼ਿਸ਼ ਹੋ ਰਹੀ |
ਇਹ ਕਹਿਣਾ ਵੀ ਅਤਕਥਨੀ ਨਹੀਂ ਹੋਵੇਗੀ ਕਿ ਉਹ ਆਪਣੇ ਬੋਲਾਂ ਰਾਹੀਂ ਜਨਾਨੀਆਂ ਦਾ ਬਲਾਤਕਾਰ ਕਰਦਾ ਸੀ।
ਪੰਜਾਬ ਦੇ ਸਮਾਜਿਕ, ਰੂਹਾਨੀ ਇਤਿਹਾਸ ਦਾ ਇਕ ਵੀ ਅੰਸ਼ ਉਸ ਵਿੱਚ ਮੌਜੂਦ ਨਹੀਂ ਸੀ | ਇਹ ਸਿਰਫ ਇਕ ਫਿਲਮ ਬਣਾਉਣ ਤੱਕ ਸੀਮਤ ਨਹੀਂ ਬਲਕਿ ਸਾਡੀਆਂ ਅਗਲੀਆਂ ਪੀੜੀਆਂ ਦੇ ਮਨ ਅੰਦਰ ਘਟੀਆ ਤੇ ਹਲਕੇ ਆਦਰਸ਼ ਪੈਦਾ ਕਰਨ ਦੀ ਕੋਝੀ ਚਾਲ ਹੈ | ਤੇ ਦਿਲਜੀਤ ਇਸ ਚਾਲ ਦਾ ਹਿੱਸਾ ਬਣ ਕਿ ਸਾਹਮਣੇ ਆਇਆ ਹੈ |
ਚਮਕੀਲੇ ਦੇ ਗੀਤਾਂ ਵਿੱਚ ਵਰਤੇ ਲੱਚਰ, ਨਿਹਾਇਤ ਗੰਦੇ ਸ਼ਬਦਾਂ ਨੇ ਜਨਾਨੀ ਨੂੰ ਸਿਰਫ ਇਕ ਆਮ ਉਪਭੋਗਤਾ ਵਾਲੀ ਵਸਤੂ ਬਣਾ ਕੇ ਪੇਸ਼ ਕੀਤਾ। ਜੋ ਵੀ ਕਾਦਰ ਨੇ ਸਿਰਜਣਾ ਸ਼ਕਤੀ ਆਪਣੇ ਤੋਂ ਬਾਦ ਸਿਰਫ ਜਣਨੀ ਨੂੰ ਬਖ਼ਸ਼ੀ, ਜਨਾਨੀ ਦੀਆਂ ਇਹ ਸਭ ਪਵਿੱਤਰ ਵਸਤੂਆਂ ਨੂੰ ਉਹਲੇ ਕਰਕੇ ਸਿਰਫ਼ ਇਕ ਕਾਮ ਵਾਸ਼ਨਾ ਤੱਕ ਸੀਮਤ ਕਰ ਦਿੱਤਾ।
ਪੱਛਮ ਵਿੱਚ ਜਦੋਂ ਜ਼ਿੰਦਗੀ ਦੇ ਹਰ ਪਹਿਲੂ ਨੂੰ ਘਟਾ ਕੇ ਸਿਰਫ਼ ਉਪਭੋਗ ਕਰਨ ਵਾਲੀ ਵਸਤੂ ਵਾਂਗ ਪੇਸ਼ ਕੀਤਾ ਜਾਂਦਾ ਹੈ ਤੇ ਸਾਰਾ ਖੱਬੇਪੱਖੀ ਬਿਰਤਾਂਤ ਇਸ ਦੇ ਖਿਲਾਫ਼ ਖੜ੍ਹਦਾ ਹੈ। ਪਰ ਜਦੋਂ ਪੰਜਾਬ ਵਿਚ ਹੋ ਰਿਹਾ, ਉਦੋਂ ਖੱਬੇਪੱਖੀ ਇਸ ਨੂੰ ਇਕ ਜਿੱਤ ਵਜੋਂ ਮਨਾ ਰਿਹਾ ਕਿ ਪਤਾ ਨਹੀਂ ਚਮਕੀਲੇ ਦੇ ਗੰਦੇ ਗਾਣਿਆਂ ਤੋਂ ਬਿਨ੍ਹਾਂ ਕੋਈ ਵੱਡੀ ਕ੍ਰਾਂਤੀ ਆਉਣੋਂ ਰਹਿ ਜਾਣੀ।
ਇਮਤਿਆਜ ਅਲੀ ਦੀ ਇੱਕ ਇੰਟਰਵਿਊ ਦੇਖੀ ਜਿਸ ਵਿੱਚ ਉਹ ਕਹਿ ਰਿਹਾ ਕਿ ਕਿਸੇ “ਜੱਸੀ ਸੰਘਾ” ਨੇ ਉਸਨੂੰ ਚਮਕੀਲੇ ਦੇ (ਗੰਦੇ) ਗਾਣਿਆਂ ਦੇ ਅਰਥ ਸਮਝਾਏ| ਇਹ ਨਾਰੀਵਾਦੀ, ਉਦਾਰਵਾਦੀ, ਅਖੌਤੀ ਖੱਬੇਪੱਖੀ ਬੀਬੀਆਂ ਦੀ ਚੁੱਪ ਚਾਪ ਸਹਿਮਤੀ ਹੈ ਇਸ ਫਿਲਮ ਨਾਲ ਜਿਸ ਵਿੱਚ ਉਸ ਬੰਦੇ ਨੂੰ ਉਬਾਰਿਆ ਜਾ ਰਿਹਾ ਜਿਸਨੇ ਕਿ ਜ਼ਨਾਨੀਆਂ ਨੂੰ ਇਕ ਵਸਤੂ ਵਾਂਗੂ ਪੇਸ਼ ਕੀਤਾ | ਗੰਦੇ, ਘਟੀਆ, ਅਸ਼ਲੀਲ ਨਾ ਸਹਿਣ ਯੋਗ ਅਲਫਾਜ਼ ਵਰਤੇ |
ਭਾਈ ਅੰਮ੍ਰਿਤਪਾਲ ਸਿੰਘ ਨੇ ਇੱਕ ਬਹਿਸ ਲਈ ਇਹਨਾਂ ਨਾਰੀਵਾਦੀ, ਅਖੌਤੀ ਖੱਬੇਪੱਖੀ ਦੇ ਇਕ ਪੋਸਟਰ ਤੇ ਨਾਮ ਲਿਖ ਕੇ ਬਿਨ੍ਹਾਂ ਕੋਈ ਗਲਤ ਸ਼ਬਦ ਵਰਤੇ ਇਕ ਬਹਿਸ ਲਈ ਸੱਦਾ ਦਿੱਤਾ ਸੀ, ਉਦੋਂ ਸਿਰਫ ਨਾਮ ਲਿਖਣ ਨਾਲ ਹੀ ਇਹਨਾਂ ਦੇ ਨਿੱਜਤਾ ਤੇ ਬਹੁਤ ਵੱਡਾ ਹਮਲਾ ਹੋ ਗਿਆ ਸੀ|
ਕਈ ਦਿਨ ਇਹਨਾਂ ਨੇ ਹਾਹਾਕਾਰ ਮਚਾਈ ਸੀ | ਹੁਣ ਜਦੋਂ ਬਾਲੀਵੁੱਡ ਬੇਹੂਦਾ, ਬੇਸ਼ਰਮ ਤੇ ਜਨਾਨੀਆਂ ਲਈ ਅਸ਼ਲੀਲ ਸ਼ਬਦ ਵਰਤਣ ਵਾਲੇ ਨੂੰ ਇਕ ਆਦਰਸ਼ ਬਣਾ ਕੇ ਪੇਸ਼ ਕਰ ਰਿਹਾ ਹੈ| ਹੁਣ ਇਹਨਾਂ ਕੁੜੀਆਂ ਦੀ ਜਬਾਨ ਨੂੰ ਲਕਬਾ ਕਿਉਂ ਮਾਰ ਗਿਆ ? ਹੁਣ ਇਹਨਾਂ ਦੀ ਇੱਜ਼ਤ ਤੇ ਕੋਈ ਹਮਲਾ ਨੀ ਹੋ ਰਿਹਾ।
ਹੁਣ ਇਹਨਾਂ ਦੀਆਂ ਜਾਹਲੀ ਸਰਗਰਮੀਆਂ ਕਿਹੜੇ ਅੰਬਰੀ ਲੁਕ ਗਈਆਂ ਹਨ ਜਾਂ ਫਿਰ ਸਿਰਫ਼ ਸਿੱਖਾਂ ਖਿਲਾਫ ਬਿਨਾਂ ਸਿਰ ਪੈਰ ਤੋਂ ਮਸਲੇ ਬਣਾਉਣੇ ਹੀ ਇਹਨਾਂ ਦੀ ਸਰਗਰਮੀ ਦੀ ਹੱਦ ਹੈ ਤੇ ਅਸਲ ਮਸਲਿਆਂ ਨਾਲ ਉਹਨਾਂ ਦਾ ਕੋਈ ਵਾਹ-ਵਾਸਤਾ ਨਹੀਂ।
ਜੇਕਰ ਦਿਲਜੀਤ ਦੀਆਂ ਬਾਕੀ ਫਿਲਮਾਂ ਵੱਲ ਨਜ਼ਰ ਮਾਰੀਏ ਜਿਵੇਂ ਕਿ “ਪੰਜਾਬ 1984” ਫਿਲਮ ਜਿਸ ਵਿਚ ਕਿ ਦਿਲਜੀਤ ਨੇ ਮੁੱਖ ਕਿਰਦਾਰ ਨਿਭਾਇਆ ਤੇ ਉਸਨੇ ਇਹ ਸਾਬਿਤ ਕੀਤਾ ਕਿ ਸਿੱਖ ਸੰਘਰਸ਼ ਦੇ ਕੋਈ ਵੱਡੇ ਅਕੀਦੇ ਨਹੀਂ ਸੀ ਸਿਰਫ ਸ਼ਰੀਕੇਬਾਜੀ ਵਿਚੋਂ ਨਿਕਲਿਆ ਸੰਘਰਸ਼ ਸੀ ਇਹ। ਇਸ ਸੰਘਰਸ਼ ਦੇ ਵੱਡੇ ਨਿਸ਼ਾਨੇ ਤੇ ਸਭ ਰਾਜਨੀਤਕ-ਸਮਾਜਿਕ ਹਾਲਤ ਜੋ ਇਸ ਸੰਘਰਸ਼ ਦਾ ਕਾਰਨ ਸੀ, ਇਹ ਸਭ ਫਿਲਮ ਵਿੱਚੋਂ ਗਾਇਬ ਸੀ। ਜੋੜੀ ਫਿਲਮ ਨੇ ਵੀ ਸਿੱਖ ਨਸਲਕੁਸ਼ੀ ਨੂੰ ਨਜ਼ਰ ਅੰਦਾਜ ਕਰਕੇ ਇੱਕ-ਦੋ ਕਮਿਊਨਿਟੀਆਂ ਦੀ ਮਾਰ ਧਾੜ ਤੱਕ ਹੀ ਸੀਮਤ ਕਰ ਦਿੱਤਾ।
ਫਿਰ “ਉੱਡਤਾ ਪੰਜਾਬ” ਫਿਲਮ ਵਿਚ ਪੰਜਾਬੀਆਂ (ਸਿੱਖਾਂ) ਨੂੰ ਨਸ਼ੱਈ ਤੇ ਬਲਾਤਕਾਰੀ ਸਾਬਤ ਕਰਕੇ ਜੋ ਸਟੇਟ ਇਸ ਸਭ ਲਈ ਜਿੰਮੇਵਾਰ ਹੈ, ਉਸਨੂੰ ਬਰੀ ਕਰ ਦਿੱਤਾ। ਇਹੋ ਜਿਹੀਆਂ ਫਿਲਮਾਂ ਕਰਨੀਆਂ ਤੇ ਉਸ ਵਿਚ ਸਟੇਟ ਦੇ ਬਿਰਤਾਂਤ ਦੀ ਪ੍ਰੋੜਤਾ ਕਰਨੀ, ਉਹ ਬਿਰਤਾਂਤ ਲੰਮੇਂ ਸਮੇਂ ਵਿਚ ਸਿੱਖਾਂ ਦਾ ਵੱਡਾ ਨੁਕਸਾਨ ਕਰਨ ਲਈ ਘੜਿਆ ਜਾ ਰਿਹਾ ਹੈ। ਜੇਕਰ ਇਹ ਸਰਕਾਰੀ ਅਦਾਕਾਰੀ ਨਹੀਂ ਤਾਂ ਹੋਰ ਕੀ ਹੈ?-