Breaking News

ਕੈਨੇਡਾ: ਘਰੇਲੂ ਹਿੰ ਸਾ ਨੇ ਦੋ ਪੰਜਾਬਣਾਂ ਦੀ ਜਾਨ ਲਈ – ਸਰੀ ਅਤੇ ਕੈਲਗਰੀ ‘ਚ ਪਤਨੀਆਂ ਮਾਰਨ ਦੇ ਦੋਸ਼ ਹੇਠ ਦੋ ਪੰਜਾਬੀ ਗ੍ਰਿਫਤਾਰ

ਵੈਨਕੂਵਰ, 3 ਮਈ – ਕੈਨੇਡਾ ਵਿਚ ਦੋ ਪੰਜਾਬੀ ਔਰਤਾਂ ਘਰੇਲੂ ਹਿੰਸਾ ਦੀ ਭੇਟ ਚੜ੍ਹ ਗਈਆਂ। ਦੋਹਾਂ ਦੇ ਪਤੀਆਂ ਨੂੰ ਕਤਲ ਦੇ ਦੋਸ਼ਾਂ ਤਹਿਤ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਗਿਆ ਹੈ। ਪਹਿਲੀ ਘਟਨਾ ਸਰੀ ਸ਼ਹਿਰ ਦੀ ਹੈ ਜਿਥੇ 26 ਅਪਰੈਲ ਨੂੰ 146 ਸਟਰੀਟ ’ਤੇ 72 ਐਵੇਨਿਊ ਸਥਿੱਤ ਘਰ ਵਿਚ ਹਿੰਸਾ ਦੀ ਸੂਚਨਾ ਮਿਲਣ ’ਤੇ ਪੁਲੀਸ ਪਹੁੰਚੀ ਤਾਂ 33 ਸਾਲਾ ਪਵਿੱਤਰਪ੍ਰੀਤ ਕੌਰ ਸਿੱਧੂ ਗੰਭੀਰ ਜ਼ਖ਼ਮੀ ਹਾਲਤ ਵਿਚ ਸੀ, ਜੋ ਹਸਪਤਾਲ ਲਿਜਾਣ ਮੌਕੇ ਰਾਹ ’ਚ ਹੀ ਦਮ ਤੋੜ ਗਈ। ਘਟਨਾ ਤੋਂ ਬਾਅਦ ਉਸ ਦਾ ਪਤੀ ਹਰਦੀਪ ਸਿੰਘ ਸਿੱਧੂ (38) ਰੂਪੋਸ਼ ਹੋ ਗਿਆ ਸੀ।

ਪੁਲੀਸ ਨੇ ਜਾਂਚ ਦੌਰਾਨ ਉਸ ਵਿਰੁੱਧ ਕਤਲ ਦੇ ਠੋਸ ਸਬੂਤ ਇਕੱਠੇ ਕੀਤੇ ਤੇ ਬਾਰਡਰ ਸੁਰੱਖਿਆ ਏਜੰਸੀ (ਸੀਬੀਐਸਏ) ਦੀ ਮਦਦ ਨਾਲ ਉਸ ਨੂੰ ਅਮਰੀਕਾ ਭੱਜਣ ਦਾ ਯਤਨ ਕਰਦਿਆਂ ਗ੍ਰਿਫਤਾਰ ਕਰ ਲਿਆ। ਅਲਬਰਟਾ ਸੂਬੇ ਦੇ ਸ਼ਹਿਰ ਕੈਲਗਰੀ ’ਚ 30 ਅਪਰੈਲ ਨੂੰ ਇਸੇ ਘਰ੍ਹਾਂ ਇਕ ਹੋਰ ਵਾਪਰੀ ਘਟਨਾ ਵਿਚ 25 ਸਾਲਾ ਮਨਪ੍ਰੀਤ ਕੌਰ ਦੀ ਵੀ ਉਸ ਦੇ ਪਤੀ ਮਨਿੰਦਰਪ੍ਰੀਤ ਸਿੰਘ (22) ਹੱਥੋਂ ਕੁੱਟਮਾਰ ਦੀ ਸ਼ਿਕਾਰ ਹੋਈ ਤੇ ਬਾਅਦ ’ਚ ਉਸ ਦੀ ਮੌਤ ਹੋ ਗਈ। ਮਨਿੰਦਰਪ੍ਰੀਤ ਨੂੰ ਪੁਲੀਸ ਨੇ ਅੱਜ ਗ੍ਰਿਫਤਾਰ ਕਰ ਲਿਆ।

ਉੱਧਰ ਟੋਰਾਂਟੋ ਖੇਤਰ ਵਿਚ ਦੋ ਦਿਨ ਪਹਿਲਾਂ ਸ਼ਰਾਬ ਦਾ ਠੇਕਾ ਲੁੱਟ ਕੇ ਭੱਜਦਿਆਂ ਆਵਾਜਾਈ ਦੀ ਉਲਟ ਦਿਸ਼ਾ ਵੱਲ ਗੱਡੀ ਚਲਾਉਂਦਿਆਂ ਕਾਰਾਂ ’ਚ ਵੱਜਣ ਕਾਰਣ ਮਾਰੇ ਗਏ ਪਰਿਵਾਰ ਦੇ ਬਜ਼ੁਰਗ ਜੋੜੇ ਤੇ ਉਨ੍ਹਾਂ ਦੇ 6 ਮਹੀਨੇ ਦੇ ਪੋਤੇ ਦੀ ਮੌਤ ਬਾਰੇ ਪੁਲੀਸ ਨੇ ਚੁੱਪ ਤੋੜਦਿਆਂ ਦੱਸਿਆ ਹੈ ਉਸੇ ਕਾਰ ਵਿਚ ਬੱਚੇ ਦੇ ਮਾਪੇ ਵੀ ਸਨ, ਜੋ ਗੰਭੀਰ ਜ਼ਖ਼ਮੀ ਹੋਏ ਸੀ, ਪਰ ਅੱਜ ਉਨ੍ਹਾਂ ਦੀ ਜਾਨ ਨੂੰ ਖਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ।

ਪੁਲੀਸ ਨੇ ਮਰਨ ਵਾਲਿਆਂ ਤੇ ਜ਼ਖਮੀਆਂ ਦੇ ਨਾਂ ਨਹੀਂ ਦੱਸੇ, ਪਰ ਪੁਖਤਾ ਜਾਣਕਾਰੀ ਅਨੁਸਾਰ ਦੁਖਦਾਈ ਹਾਦਸਾ ਪੰਜਾਬੀ ਪਰਿਵਾਰ ਨਾਲ ਵਾਪਰਿਆ ਹੈ। ਆਵਾਜਾਈ ਦੇ ਉਲਟ ਦਿਸ਼ਾ ਵੱਲ ਜਾਣ ਵਾਲੇ ਲੁਟੇਰੇ ਦਾ ਪਿੱਛਾ ਕਰਨ ਉੱਤੇ ਲੋਕਾਂ ਨੇ ਪੁਲੀਸ ’ਤੇ ਸਵਾਲ ਚੁੱਕੇ ਹਨ ਤੇ ਸੂਬਾ ਸਰਕਾਰ ਨੂੰ ਇਸ ਬਾਰੇ ਸਪਸ਼ਟੀਕਰਣ ਦੇਣੇ ਪੈ ਰਹੇ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਹਾਦਸੇ ਨੂੰ ਮੰਦਭਾਗਾ ਕਿਹਾ ਹੈ।