Breaking News

ਟ੍ਰਿਬਿਊਨ ਦੀ ਕਾਂਵਾਂ ਵਾਲੀ ਪੱਤਰਕਾਰੀ

ਪੰਜਾਬ ਦੇ ਬਹੁਤੇ ਲੋਕਾਂ ਨੂੰ ਪਤਾ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਕੈਂਸਰ ਨਾਲ ਸਖਤ ਬਿਮਾਰ ਹੈ। ਪਿੱਛੇ ਜਿਹੇ ਉਸ ਦਾ ਦੂਜੀ ਵਾਰੀ ਆਪਰੇਸ਼ਨ ਹੋਇਆ। ਇਹੋ ਜਿਹੀ ਬਿਮਾਰੀ ‘ਤੇ ਪੈਸਾ ਵੀ ਬਹੁਤ ਲੱਗਦਾ ਹੈ।

ਸਿੱਧੂ ਨੇ ਹੁਣ ਦੱਸਿਆ ਹੈ ਕਿ ਡਾ ਨਵਜੋਤ ਸਿੱਧੂ ਦੇ 70 ਟਾਂਕੇ ਖੁੱਲੇ ਨੇ, ਢਾਈ ਇੰਚ ਦਾ ਹਾਲੇ ਜ਼ਖਮ ਹੈ ਤੇ ਉਸ ਤੋਂ ਬਾਅਦ ਰੇਡੀਏਸ਼ਨ ਵਾਲਾ ਇਲਾਜ ਹੋਵੇਗਾ। ਵੈਸੇ ਵੀ ਉਸਦੀ ਫੋਟੋ ਵੇਖ ਕੇ ਪਤਾ ਲੱਗ ਜਾਂਦਾ ਹੈ ਕਿ ਉਹ ਕਿਸ ਹਾਲਾਤ ਵਿੱਚ ਹੈ।

ਪਿਛਲੇ ਕਈ ਸਾਲਾਂ ਤੋਂ ਨਵਜੋਤ ਸਿੰਘ ਸਿੱਧੂ ਦੇ ਆਮਦਨ ਦੇ ਸਾਧਨ ਬੰਦ ਨੇ ਤੇ ਉਹ ਇਹ ਵੀ ਖੁਲਾਸਾ ਕਰ ਚੁੱਕਾ ਹੈ ਕਿ ਰਾਜਨੀਤਿਕ ਬਦਲਾਖੋਰੀ ਵਰਤਦਿਆਂ ਉਸਦੇ ਬੈਂਕ ਖਾਤੇ ਵਗੈਰਾ ਵੀ ਕੇਂਦਰ ਸਰਕਾਰ ਨੇ ਇਨਕਮ ਟੈਕਸ ਡਿਪਾਰਟਮੈਂਟ ਰਾਹੀਂ ਜਾਮ ਕਰਵਾ ਦਿੱਤੇ। ਬਾਕੀ ਰਾਜਨੀਤਿਕ ਆਗੂਆਂ ਵਾਂਗ ਉਹ ਠੱਗੀਆਂ ਮਾਰ ਕੇ ਪੈਸੇ ਨਹੀਂ ਇਕੱਠੇ ਕਰਦਾ। ਸਗੋਂ ਉਸ ਨੇ ਕਈ ਵਾਰ ਲੋੜਵੰਦਾਂ ਨੂੰ ਜੇਬ ਚੋਂ ਪੈਸੇ ਦਿੱਤੇ ਨੇ।

ਪੁਰਾਣੇ ਕਾਂਗਰਸੀ ਠੱਗਾਂ ਦਾ ਤੰਗ ਕੀਤਾ ਹੋਇਆ ਤੇ ਪੈਸਿਆਂ ਦੀ ਵੀ ਤੰਗੀ ਝੱਲ ਰਿਹਾ ਨਵਜੋਤ ਸਿੰਘ ਸਿੱਧੂ ਆਈਪੀਐਲ ਦੇ ਇਸ ਸੀਜ਼ਨ ਦੌਰਾਨ ਪੈਸੇ ਕਮਾਉਣ ਲਈ ਕਮੈਂਟਰੀ ਕਰਨ ਲੱਗਿਆ।

ਇਸ ਸਾਰੇ ਕੁਝ ਬਾਰੇ ਪਤਾ ਹੁੰਦਿਆਂ ਹੋਇਆਂ ਵੀ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਚਰਨਜੀਤ ਭੁੱਲਰ ਨੇ ਨਵਜੋਤ ਸਿੱਧੂ ਤੇ ਉਸਦੀ ਚੋਣਾਂ ਦੌਰਾਨ ਗੈਰ ਹਾਜ਼ਰੀ ‘ਤੇ ਇੱਕ ਤਿੱਖਾ ਵਿਅੰਗ ਲਿਖਿਆ ਹੈ।

ਇਹ ਉਹੋ ਜਿਹੀ ਗੱਲ ਜਾਪਦੀ ਹੈ ਜਿਵੇਂ ਜੇ ਕੋਈ ਜਾਨਵਰ ਜਾਂ ਪੰਛੀ ਥੋੜਾ ਜਿਹਾ ਵੀ ਜ਼ਖਮੀ ਹੋਵੇ ਤਾਂ ਕਾਂ ਉਸੇ ਵੇਲੇ ਉਸਦੇ ਠੂੰਗੇ ਮਾਰਨ ਆ ਜਾਂਦੇ ਹਨ।

ਇਹੋ ਜਿਹੇ ਵੇਲੇ ਸਿੱਧੂ ਖਿਲਾਫ ਤਿੱਖਾ ਵਿਅੰਗ ਲਿਖ ਕੇ ਪੱਤਰਕਾਰ ਅਤੇ ਅਖਬਾਰ ਨੇ ਭਗਵੰਤ ਮਾਨ ਨੂੰ ਤੇ ਉਸਦੇ ਦਿੱਲੀ ਵਾਲੇ ਮਾਲਕਾਂ ਨੂੰ ਤਾਂ ਖੁਸ਼ ਕਰ ਲਿਆ ਹੋਵੇਗਾ, ਕਿਉਂਕਿ ਉਹ ਸਿੱਧੂ ਨੂੰ ਬਹੁਤ ਨਫਰਤ ਕਰਦੇ ਹਨ, ਪਰ ਉਨ੍ਹਾਂ ਨੇ ਆਪਣਾ ਖੁਦ ਦਾ ਹੌਲਾਪਣ ਵੀ ਦਿਖਾ ਦਿੱਤਾ ਹੈ। ਇਹ ਗੋਦੀ ਮੀਡੀਏ ਵਰਗੀ ਹੀ ਕਾਰਵਾਈ ਤੇ ਓਹੀ ਮਾਨਸਿਕਤਾ ਹੈ।

ਹੁਣ ਇਹ ਹਿੰਮਤ ਕਰਕੇ ਭਗਵੰਤ ਮਾਨ ਬਾਰੇ ਇਹੋ ਜਿਹਾ ਤਿੱਖਾ ਵਿਅੰਗ ਲਿਖਣ ਜਦ ਕਿ ਉਹ ਪਿਛਲੇ ਦੋ ਸਾਲਾਂ ਵਿੱਚ ਆਪਣੀ ਹਰ ਕਹੀ ਗੱਲ ਤੋਂ ਮੁੱਕਰ ਚੁੱਕਾ ਹੈ ਤੇ ਉਸਦੇ ਉਲਟ ਚੱਲ ਰਿਹਾ ਹੈ। ਉਹ ਹੁਣ ਤੱਕ ਦਾ ਸਭ ਤੋਂ ਵੱਧ ਝੂਠਾ, ਹੰਕਾਰੀ, ਹੈਂਕੜਬਾਜ ਅਤੇ ਉਜੱਡ ਮੁੱਖ ਮੰਤਰੀ ਹੈ।

ਪੱਤਰਕਾਰੀ ਸੱਤਾ ਨੂੰ ਸ਼ੀਸ਼ਾ ਵਿਖਾਣਾ ਹੁੰਦੀ ਹੈ ਨਾ ਕਿ ਵਿਰੋਧੀ ਧਿਰ ਦੇ ਬਾਕੀਆਂ ਨਾਲੋਂ ਬਿਹਤਰ ਆਗੂ ‘ਤੇ ਘਟੀਆ ਕਿਸਮ ਦਾ ਹਮਲਾ ਕਰਕੇ, ਉਹ ਵੀ ਉਦੋਂ ਜਦੋਂ ਉਹ ਕਿਸੇ ਵੱਡੀ ਨਿੱਜੀ ਸਮੱਸਿਆ ‘ਚ ਘਿਰਿਆ ਹੋਵੇ।

ਟ੍ਰਿਬਿਊਨ ਸਮੂਹ ਨੇ 2022 ਦੀਆਂ ਚੋਣਾਂ ਤੋਂ ਪਹਿਲਾਂ ਵੀ ਸਿੱਧੂ ਖਿਲਾਫ ਪੂਰਾ ਮੋਰਚਾ ਖੋਲੀ ਰੱਖਿਆ ਤੇ ਇਹ “ਯੂਨਾਈਟਡ ਫਰੰਟ ਅਗੇਂਸਟ ਸਿੱਧੂ” ਦਾ ਬਕਾਇਦਾ ਹਿੱਸਾ ਸਨ।

ਹਿੰਦੀ, ਪੰਜਾਬੀ ਦੇ ਗੋਦੀ ਮੀਡੀਆ ਨੂੰ ਸਿੱਧੂ ਸਰਗਰਮ ਹੋਇਆ ਵੀ ਭੈੜਾ ਲੱਗਦਾ ਸੀ ਤੇ ਹੁਣ ਜੇ ਉਹ ਦੋ ਕੁ ਮਹੀਨੇ ਲਈ ਪਾਸੇ ਹੋਇਆ ਹੈ ਤਾਂ ਠੂੰਗੇ ਮਾਰਨੇ ਸ਼ੁਰੂ ਕਰ ਦਿੱਤੇ।

ਸੁਖਪਾਲ ਸਿੰਘ ਖਹਿਰੇ ਦਾ ਵੀ ਵੱਸ ਲੱਗਦੇ ਇਹ ਨੁਕਸਾਨ ਹੀ ਕਰਦੇ ਨੇ। ਸਿਮਰਨਜੀਤ ਸਿੰਘ ਮਾਨ ਨੂੰ ਵੈਸੇ ਹੀ ਨਫਰਤ ਕਰਦੇ ਨੇ।

ਜਿਹੜੇ ਪੱਤਰਕਾਰ ਤੇ ਟਿੱਪਣੀਕਾਰ ਸਿੱਧੂ ਦੀ ਬੋਲ ਬਾਣੀ ਨੂੰ ਵੱਡਾ ਮੁੱਦਾ ਬਣਾਉਂਦੇ ਸਨ, ਇਹਨਾਂ ਚੋਂ ਕਿਸੇ ਨੇ ਵੀ ਭਗਵੰਤ ਮਾਨ ਦੇ ਉਜੱਡਪੁਣੇ ਦੀ ਕਦੇ ਗੱਲ ਕਰਨ ਦੀ ਹਿੰਮਤ ਨਹੀਂ ਕੀਤੀ।

#Unpopular_Opinions

ਘਰਵਾਲ਼ੀ ਨੂੰ ਕੈਂਸਰ ਹੋਗਿਆ… ਦਿਨਾਂ ਚ ਨੁੱਚੜਗੀ… 70 ਟਾਂਕੇ ਕੱਲ ਖੁੱਲੇ ਨੇ… 2.5 ਇੰਚ ਦੇ ਜਖਮ…ਕੀਮੋਥੈਰੇਪੀ… ਹੋਰ ਪਤਾ ਨੀ ਕੀ ਕੀ ਝੱਲਿਆ… ਲੱਖਾਂ ਰੁਪਏ ਖਰਚਾ ਹੋ ਗਿਆ…

ਬੀਜੇਪੀ ਚੋੰ ਗਿਆ.. ਉਹਨਾਂ ਕਪਿਲ ਦੇ ਸ਼ੋਅ ਚੋਂ ਕਢਵਾਤਾ… ਜਿੰਨੇ ਖਾਤੇ ਸੀ.. ਜਿੰਨੇ ਪੈਸੇ ਸੀ.. ਸਾਰੇ ਸੀਜ ਕਰਤੇ… ਜਾਂ ਕਹਿਲੋ ਦੱਬਲੇ… ਆਪਣੇ ਈ ਖਾਤੇ ਚੋਂ ਪੈਸੇ ਨੀ ਕਢਵਾ ਸਕਿਆ… ਘਰੇ ਇਨਕਮ ਟੈਕਸ ਦੀਆਂ ਰੇਡਾਂ.. ਤੇ ਹੋਰ ਬੜਾ ਕੁਜ ਹੋਇਆ.. ਨਕਦੀ ਸੋਨਾ ਤੇ ਹੋਰ ਜੋ ਕੀਮਤੀ ਚੀਜ ਹੋਣੀ.. ਸ਼ੈਦ ਉਹ ਚੱਕ ਲੈਗੇ ਹੋਣੇ…

ਆਮਦਨ ਬੰਦ ਹੋਗੀ… ਲੀਡਰੀ ਚੋਂ ਘਪਲ਼ੇ ਕਰਕੇ ਕਰੋੜਾਂ ਨੀ ਕਮਾਏ.. ਨਾਂ ਆਸਟਰੇਲੀਆ ਮਰੀਕਾ ਚ ਸੱਬਵੇਅ ਜਾਂ ਪੰਪ ਖਰੀਦੇ ਨੇ…ਜੋ ਸੀ ਉਹਤੇ ਸੈਂਟਰ ਕਬਜਾ ਕਰਕੇ ਖੜਗਿਆ…ਹਾਰ ਕੇ ਕਮੈਂਟਰੀ ਕਰਨ ਮੁੜ ਪਿਆ… ਬੀ ਖਰਚਾ ਚੱਲੇ ਘਰ ਦਾ..ਤੇ ਹੁਣ ਪੰਜਾਬੀ ਟ੍ਰਬਿਊਨ ਵਰਗੇ ਖਚਰੇ ਖਬਾਰ ਟਿੱਚਰਾਂ ਕਰਦੇ ਨੇ… ਬੀ ਸਿੱਧੂ ਪੰਜਾਬ ਛੱਡ ਕੇ ਰਪੱਈਏ ਕਮੌਣ ਤੁਰ ਪਿਆ…

ਨਾਂ ਮੇਰੀ ਕਾਂਗਰਸ ਕੁਜ ਲੱਗੇ ਨਾਂ ਲੱਗੇ ਸਿੱਧੂ.. ਪਰ ਜੀਹਦੇ ਟੱਬਰ ਦਾ ਜੀਅ ਹਸਪਤਾਲ਼ ਪਿਆ ਹੁੰਦਾ ਪਤਾ ਉਹਨੂੰ ਈ ਲੱਗਦਾ… ਜਿਹੜੇ ਪਿੰਡੇ ਤੇ ਤਕਲੀਫਾਂ ਝੱਲਦੇ ਨੇ ਬੱਸ ਓਹੀ ਜਾਣਦੇ ਨੇ…ਦੁਨੀਆਂ ਬੱਸ ਸਵਾਦ ਲੈਣ ਜੋਗੀ ਆ… ਐਹਜੇ ਟੈਮ ਹੌਂਸਲੇ ਦਈਦੇ ਨੇ…

ਸਿੱਧੂ ਚ ਸੌ ਨੁਕਸ ਹੋਣਗੇ… ਪਰ ਬੰਦਾ ਕਈ ਥਾਂ ਬੜੀ ਜੁਰਤ ਆਲ਼ਾ… ਕਿੰਨੀ ਵਾਰ ਕਿੰਨੀ ਥਾਂ ਪੈਸੇ ਨੂੰ.. ਕੁਰਸੀਆਂ ਨੂੰ ਠੋਕਰਾਂ ਮਾਰੀਆਂ ਨੇ… ਮਾਲਕ ਟੱਬਰ ਨੂੰ ਚੜਦੀ ਕਲਾ ਚ ਰੱਖੇ… ਤੰਦਰੁਸਤੀ ਬਕਸ਼ੇ…!!!
– ਬਾਗੀ ਸੁਖਦੀਪ