’84 ਦੀ ਜੰਗ ‘ਚੋਂ ਸਿੱਖਾਂ ਨੇ ਕੀ ਖੱਟਿਆ
—
1984 ਦੀਆਂ ਘਟਨਾਵਾਂ ਦੀ ਮਾਰ-ਮਰਾਈ ਅਤੇ ਅਕਾਲ ਤਖ਼ਤ ਢਾਹੇ ਜਾਣ ਬਾਰੇ ਅਕਸਰ ਸਿੱਖਾਂ ਨੂੰ ਇਹ ਸਵਾਲ ਦਾ ਸਾਹਮਣਾ ਕਰਨਾ ਪੈਂਦਾ ਹੈ “ਸਿੱਖਾਂ ਨੇ ਕੀ ਖੱਟਿਆ”?। ਬੇਸ਼ੱਕ ਇਸ ਸਵਾਲ ਦੇ ਜਵਾਬ ਵਿਚ ਲੱਖ ਕਿਤਾਬਾਂ ਲਿਖ ਦੇਈਏ ਪਰ ਇਹ ਹੁੱਜਤੀ ਸਵਾਲ ਉਠਦੇ ਰਹਿਣਗੇ।
ਹੈਰਾਨੀ ਹੈ ਕਿ ਇਹ ਸਵਾਲ ਉਹ ਲੋਕ ਕਰਦੇ ਹਨ ਜੋ ਆਪਣਾ ਅਦਰਸ਼ ਭਗਤ ਸਿੰਘ, ਊਧਮ ਸਿੰਘ, ਕਰਤਾਰ ਸਿੰਘ ਸਰਾਭਾ ਅਤੇ ਗਦਰੀ ਬਾਬਿਆਂ ਨੂੰ ਮਨਦੇ ਹਨ। ਚਲੋ ਖੈਰ !
ਸਿੱਖਾਂ ਅਤੇ ਪੰਜਾਬ ਦੇ ਹੱਕਾਂ ਲਈ ਧਰਮਯੁੱਧ ਮੋਰਚੇ ਤੋਂ ਸ਼ੁਰੂ ਹੋਈ ਲੜਾਈ ਵਿਚ ਬੇਹਿਸਾਬਾ ਨੁਕਸਾਨ ਹੋਇਆ ਹੈ ਪਰ ਸਿੱਖ ਇਸ ਤੋਂ ਨਾ ਨਰਾਜ ਹਨ ਅਤੇ ਨਾ ਹੀ ਅਫਸੋਸ ਹੈ। ਸੰਘਰਸ਼ ਕਰ ਰਹੀਆਂ ਕੌਮਾਂ ਲਈ ਅਜਿਹੇ ਸਮੇਂ ਇਕ ਵਾਰ ਨਹੀਂ ਵਾਰ-ਵਾਰ ਆਉਂਦੇ ਹਨ।
ਅਸਲ ਵਿਚ ਇਹ ਸੰਘਰਸ਼ਸੀਲ ਕੌਮਾਂ ਵੱਲੋਂ ਸਥਾਪਤੀ ਵਿਰੁੱਧ ਜਿਉਂਦੇ ਹੋਣ ਦਾ ਐਲਾਨ ਹੁੰਦਾ ਹੈ। ਇਹ ਕੌਮਾਂ ਦੀ ਇਕ ਵੱਡੀ war practice (ਜੰਗੀ ਅਭਿਆਸ) ਹੁੰਦੀ ਹੈ ਕਿਹੜੀ ਕੌਮ ਆਪਣੀ ਗੁਲਾਮੀ ਸਮੇਂ ਇਹ ਪ੍ਰੈਕਟਸ ਨਹੀਂ ਕਰਦੀ ਉਹ ਆਪਣੀ ਹੋਂਦ ਖੋ ਬਹਿੰਦੀ ਹੈ।
ਅਜਿਹੀਆਂ ਜੰਗਾਂ ਵਿਚ ਇਹ ਗੱਲ ਮਾਇਨੇ ਨਹੀਂ ਰਖਦੀ ਕਿ ਸਰਕਾਰਾਂ ਨੇ ਉਸ ਦਾ ਕਿਨਾ ਵੱਡਾ ਅਤੇ ਕੀ ਨੁਕਸਾਨ ਕੀਤਾ ! ਸਰਕਾਰਾਂ ਨੇ ਵੱਧ ਤੋਂ ਵੱਧ ਨੁਕਸਾਨ ਕਰਨਾ ਹੁੰਦਾ ਹੈ ਤਾਂ ਕਿ ਉਸ ਦੇ ਹੌਸਲੇ ਡਿੱਗ ਪੈਣ ਅਤੇ ਅੱਗੇ ਤੋਂ ਉਨ੍ਹਾਂ ਦੀ ਉੱਠਣ ਦੀ ਹਿੰਮਤ ਨਾ ਰਹੇ।
ਜੰਗੀ ਸੂਰਮੇ ਵੀ ਇਸ ਗੱਲ ਤੋਂ ਅਣਜਾਣ ਨਹੀਂ ਹੁੰਦੇ। 1984 ਦੇ ਸਾਕੇ ਵਿਚੋਂ ਬਚੇ ਹੋਏ ਯੋਧੇ ਅੱਜ ਵੀ ਉਸ ਜੰਗ ਦੀਆਂ ਕਹਾਣੀਆਂ ਸੁਣਾਉਣ ਸਮੇਂ ਖ਼ੁਸ਼ੀਂ ਵਿਚ ਲਾਲ ਹੋ ਜਾਂਦੇ ਹਨ ਉਹ ਚਾਅ ਨਾਲ ਦਸਦੇ ਹਨ ਕਿ ਅਸੀਂ ਕਿਵੇਂ ਚੜ੍ਹਦੀ ਕਲਾ ਵਿਚ ਜੰਗ ਲੜੀ ਸੀ।
5 ਜੂਨ ਨੂੰ ਜੰਗੀ ਮੋਰਚਿਆਂ ਦਾ ਜਾਇਜਾ ਲੈ ਰਹੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਇਕ ਮੋਰਚੇ ਵਿਚੋਂ ਗੋਲ਼ੀਆਂ ਚਲਾ ਰਹੇ ਸਿੰਘ ਨੇ ਹੱਸ ਕੇ ਪੁੱਛਿਆ “ਬਾਬਾ ਜੀ ਕੋਈ ਖਾਣ ਦਾ ਇੰਤਜ਼ਾਮ ਹੀ ਕਰ ਦਿਓ ?” ਪਤਾ ਦੋਵਾਂ ਨੂੰ ਹੀ ਸੀ ਕਿ ਇਸ ਹਾਲਤ ਵਿਚ ਖਾਣ ਤਾਂ ਕੀ ਪੀਣ ਲਈ ਪਾਣੀ ਦੀ ਘੁੱਟ ਵੀ ਨਹੀਂ।
ਸੰਤਾਂ ਨੇ ਹੱਸ ਕੇ ਕਿਹਾ “ਦੱਬੀ ਚੱਲੋ ਕੰਮ ਪ੍ਰਸ਼ਾਦੇ ਉੱਪਰ ਜਾ ਕੇ ਹੀ ਛਕਾਂਗੇ” ਫਿਰ ਦੋਵੇਂ ਉੱਚੀ ਉੱਚੀ ਹੱਸ ਪਏ , ਸਿੰਘ ਨੇ ਆਪਣੀ ਬੰਦੂਕ ਦੀ ਨਾਲੀ ਹਸਦੇ ਹੋਏ ਫਿਰ ਦੁਸ਼ਮਣ ਵੱਲ ਸੇਧ ਲਈ। ਅਜਿਹੀਆਂ ਜਾਂਬਾਜ਼ ਕਹਾਣੀਆਂ “ਜੰਗ ‘ਚੋਂ ਸਿੱਖਾਂ ਨੇ ਕੀ ਖੱਟਿਆ?” ਜਿਹੇ ਸਵਾਲ ਕਰਨ ਵਾਲੇ ਨਹੀਂ ਸਿਰਜਦੇ।
ਬੁਜਦਿਲ ਬੰਦੇ ਕੌਮਾਂ ਦੇ ਜੁਝਾਰੂਆਂ ਨੂੰ ਮੇਹਣੇ ਮਾਰਦੇ ਹਨ ਕਿ ਤੁਹਾਡੀ ਵਜ੍ਹਾ ਨਾਲ ਆਹ ਨੁਕਸਾਨ ਹੋ ਗਿਆ, ਇਵੇ ਹੀ ਕੌਮ ਖਿਲਾਫ ਸੋਚ ਰੱਖਣ ਵਾਲੇ ਲੋਕ ਜੁਝਾਰੂ ਲੋਕਾਂ ਦਾ ਮਨੋਬਲ ਕਮਜੋਰ ਕਰਨ ਲਈ ਜਿੱਤ ਨੂੰ ਹਾਰ ਵਾਂਗ ਦਿਖਾਉਂਦੇ ਹਨ ਪਰ ਜੰਗ ਦੇ ਮੈਦਾਨ ਵਿਚ ਜਾਨ ਹੂਲ ਕੇ ਲੜੇ ਯੋਧਿਆਂ , ਸ਼ਹੀਦਾਂ ਦੇ ਪਰਿਵਾਰਾਂ ਨੂੰ ਇਸ ਤੇ ਮਾਣ ਹੁੰਦਾ ਹੈ। ਉਨ੍ਹਾਂ ਨੂੰ ਖ਼ੁਸ਼ੀ ਹੁੰਦੀ ਹੈ ਕਿ ਉਹ ਦੇ ਕੰਮ ਆਏ ਹਨ।
ਸਿੱਖਾਂ ਨੇ ਇਕ ਵੱਡੀ ਜੰਗੀ ਪ੍ਰੈਕਟਸ ਕੀਤੀ ਹੈ ਸਭ ਤੋਂ ਵੱਡਾ ਫਾਇਦਾ ਇਹ ਹੋਇਆ ਕਿ ਅਸੀਂ ਸਾਰੀ ਦੁਨੀਆਂ ਨੂੰ ਦੱਸ ਸਕੇ ਹਾਂ ਕਿ ਭਾਰਤ ਵਿਚ ਹਿੰਦੂਆਂ ਤੋਂ ਇਲਾਵਾ ਕੋਈ ਹੋਰ ਕੌਮ ਵੀ ਵਸਦੀ ਹੈ।
ਇਸ ਜੰਗ ਨਾਲ ਦੁਨੀਆਂ ਨੂੰ ਪਹਿਲੀ ਵਾਰ ਪਤਾ ਲੱਗਿਆ ਕਿ ਸਿੱਖ, ਹਿੰਦੂਆਂ ਤੋਂ ਵੱਖਰੀ ਕੌਮ ਹੈ ਜਿਹੜੀ ਆਪਣਾ ਰਾਜ-ਭਾਗ ਮੁੜ ਪ੍ਰਾਪਤ ਕਰਨ ਲਈ ਯਤਨਸੀਲ ਹੈ। ’84 ਵਾਲੀ ਜੰਗ ਦਾ ਹੀ ਫਲ਼ ਹੈ ਜਿਹੜਾ ਹੁਣ ਵੀ ਵੱਡੇ ਮੁਲਕ ਭਾਰਤ ਦੀ ਨਰਾਜਗੀ ਸਹੇੜ ਕੇ ਸਿੱਖਾਂ ਦੀ ਗੱਲ ਕਰ ਰਹੇ ਹਨ।
ਨੋਟ: ਵੀਡੀਓ ਤਿੰਨ ਜਾਂ ਚਾਰ ਜੂਨ ਦੀ ਹੈ ਜਦੋਂ ਦੋਵੇਂ ਪਾਸਿਆਂ ਤੋਂ ਜੰਗ ਦੀਆਂ ਤਿਆਰੀਆਂ ਹੋ ਚੁੱਕੀਆਂ ਸਨ ਸਿਰਫ ਹੁਕਮ ਦੀ ਉਡੀਕ ਸੀ।
ਗੁਰਸੇਵਕ ਸਿੰਘ ਧੌਲਾ
ਇਹ ਵੀਡੀਓ 24 ਮਈ 1984 ਦੀ ਹੈ ਅੰਮ੍ਰਿਤਸਰ ਵਿਚ ਹਿੰਦੂ ਸੁਰੱਖਿਆ ਸੰਮਤੀ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਦਾ ਦੈਂਤ ਦੇ ਦੂਪ ਵਿਚ ਪੁਤਲਾ ਫੂਕਿਆ ਗਿਆ ਇਸ ਜਲੂਸ ਦੀ ਅਗਵਾਈ ਸੰਮਤੀ ਦੇ ਜਨਰਲ ਸਕੱਤਰ ਦਿਨੇਸ਼ ਸ਼ਰਮਾ ਨੇ ਕੀਤੀ ਅਤੇ ਜ਼ਹਿਰੀਲੇ ਨਾਅਰੇ “ਗੋਲ਼ੀ ਮਾਰੋ ਸਾਲ਼ੇ ਕੋ” ਆਦਿ ਲਾਏ ਗਏ। ਸੰਤਾਂ ਨੂੰ ਫਸ਼ਕੇ ਫਾਂਸੀ ਦੇਣ ਦੀ ਗੱਲ ਕੀਤੀ ਗਈ। ਅੰਮ੍ਰਿਤਸਰ ਵਿਚ ਅਜਿਹੇ ਜਲੂਸ ਨਿੱਤ ਦਾ ਕੰਮ ਸਨ। ਸਰਕਾਰ ਇਨ੍ਹਾਂ ਨੂੰ ਸਹਿ ਸੀ ਤਾਂ ਕਿ ਮਾਹੌਲ ਖਰਾਬ ਕਰਕੇ ਦਰਬਾਰ ਸਾਹਿਬ ਤੇ ਕੀਤੇ ਜਾਣ ਵਾਲੇ ਹਮਲੇ ਨੂੰ ਜਾਇਜ ਠਹਿਰਾਇਆ ਜਾ ਸਕੇ।
ਉਸ ਸਮੇਂ ਸੰਤ ਜਰਨੈਲ ਸਿੰਘ ਇਕ ਪਾਸੇ ਅਜਿਹੇ ਲੋਕਾਂ ਨਾਲ ਸਿੰਝ ਰਹੇ ਸਨ, ਦੂਜੇ ਪਾਸੇ ਬੱਬਰਾਂ ਨਾਲ ਤੀਜੇ ਪਾਸੇ ਸੰਤ ਲੌਂਗੋਵਾਲ, ਚੌਥੇ ਪਾਸੇ ਪੰਜਾਬ ਸਰਕਾਰ ਪੰਜਵੇਂ ਪਾਸੇ ਕੇਂਦਰ ਸਰਕਾਰ ਸੰਤਾਂ ਨੂੰ ਹਰ ਰੋਜ ਬਦਨਾਮ ਕਰਨ ਲੱਗੇ ਹੋਏ ਸਨ। ਫੌਜ ਆਪਣੇ ਮੋਰਚੇ ਬਣਾ ਚੁੱਕੀ ਸੀ। ਸਭ ਤੋਂ ਵੱਡੀ ਮੁਸ਼ਕਲ ਸਿੱਖ ਵੀ ਸੰਤਾਂ ਨੂੰ ਟਰੋਲ ਕਰ ਰਹੇ ਸਨ। ਧੰਨ ਸਨ ਸੰਤ ਜਰਨੈਲ ਸਿੰਘ ਜਿਹੜੇ ਅਜਿਹੇ ਸਮੇਂ ਵਿਚ ਵੀ ਅਡੋਲ ਸਨ
ਮੈਂ ਪਿਛਲੇ ਕਈ ਸਾਲਾਂ ਤੋਂ ਨੋਟ ਕਰ ਰਿਹਾ ਹਾਂ ਕਿ ਜਦੋਂ ‘ਜੂਨ -ਨਵੰਬਰ 1984’ ਸਾਕੇ ਦੇ ਦਿਨ ਨੇੜੇ ਆਉਂਦੇ ਹਨ ਤਾਂ ਸਰਕਾਰ ਅਜਿਹੇ ਪ੍ਰੋਗ੍ਰਾਮ ਵਿੱਢ ਦਿੰਦੀ ਹੈ ਜਿਸ ਨਾਲ ਸਿੱਖਾਂ ਦਾ ਧਿਆਨ ਇਨ੍ਹਾਂ ਨਸਲਕੁਸ਼ੀ ਘਟਨਾਵਾਂ ਵੱਲ ਜਾਣ ਦੀ ਹੋਰ ਪਾਸੇ ਲਾਇਆ ਜਾ ਸਕੇ। ਇਸੇ ਤਰਾਂ ਇਸ ਵਾਰ ਵੀ ਇਨ੍ਹਾਂ ਦਿਨਾਂ ਵਿਚ ਵੋਟਾਂ ਦਾ ਮਾਹੌਲ ਹੋਵੇਗਾ ਅਤੇ ਵੋਟਾਂ ਦੇ ਨਤੀਜੇ ਆਏ ਹੋਣਗੇ ਜਿੱਤ ਵਾਲੇ ਭੰਗੜੇ ਪਾਉਣਗੇ ਅਤੇ ਲੱਗੂ ਵੰਡੇ ਜਾ ਰਹੇ ਹੋਣਗੇ। ਸਿੰਘੋ ! ਵੋਟਾਂ ਵੱਲ ਵੀ ਧਿਆਨ ਰੱਖਿਆ ਅਤੇ ਜੂਨ 1984 ਦੇ ਦਰਬਾਰ ਸਾਹਿਬ ਤੇ ਫੌਜੀ ਹਮਲੇ ਨੂੰ ਯਾਦ ਰੱਖਿਓ।
ਗੁਰਸੇਵਕ ਸਿੰਘ ਧੌਲਾ