Breaking News

ਅਮਰੀਕੀ ’ਵਰਸਿਟੀ ਦਾ ਵਜ਼ੀਫ਼ਾ ਲੈਣ ਲਈ ਭਾਰਤੀ ਵਿਦਿਆਰਥੀ ਨੇ ‘ਪਿਓ ਨੂੰ ਦੇ ਦਿਤੀ ਕਾਗਜ਼ੀ ਮੌਤ’, ਕੀਤਾ ਡਿਪੋਰਟ

ਅਮਰੀਕੀ ’ਵਰਸਿਟੀ ਦਾ ਵਜ਼ੀਫ਼ਾ ਲੈਣ ਲਈ ਭਾਰਤੀ ਵਿਦਿਆਰਥੀ ਨੇ ‘ਪਿਓ ਨੂੰ ਦੇ ਦਿਤੀ ਕਾਗਜ਼ੀ ਮੌਤ’

ਅਮਰੀਕਾ ਤੋਂ ਕਢ ਕੇ ਭਾਰਤ ਵਾਪਸ ਭੇਜਿਆ

ਬੈਥਲੇਹਮ (ਪੈਨਸਿਲਵਾਨੀਆ, ਅਮਰੀਕਾ): ਇਥੋਂ ਦੀ ਲੀਹਾਈ ਯੂਨੀਵਰਸਿਟੀ ’ਚ ਪੜ੍ਹਦੇ ਇਕ ਭਾਰਤੀ ਵਿਦਿਆਰਥੀ ਨੂੰ ਗ੍ਰਿਫ਼ਤਾਰ ਕਰ ਕੇ ਭਾਰਤ ਵਾਪਸ ਭੇਜ ਦਿਤਾ ਗਿਆ ਹੈ। ਆਰੀਅਨ ਆਨੰਦ ਨਾਂਅ ਦੇ ਇਸ ਵਿਦਿਆਰਥੀ ’ਤੇ ਦੋਸ਼ ਸੀ ਕਿ ਉਸ ਨੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਯੂਨੀਵਰਸਿਟੀ ਦਾ ਵਜ਼ੀਫ਼ਾ ਲਿਆ।

ਆਨੰਦ ਨੇ ਇਸ ਯੂਨੀਵਰਸਿਟੀ ’ਚ ਦਾਖ਼ਲੇ ਤੋਂ ਲੈ ਕੇ ਵਜ਼ੀਫ਼ਾ ਲੈਣ ਤਕ ਹਰ ਮਾਮਲੇ ’ਚ ਜਾਅਲੀ ਦਸਤਾਵੇਜ਼ ਪੇਸ਼ ਕੀਤੇ। ਉਸ ਵਲੋਂ ਪੇਸ਼ ਕੀਤੀਆਂ ਗਈਆਂ ਹਥ-ਲਿਖਤਾਂ, ਲੇਖ ਤਾਂ ਨਕਲੀ ਸਨ ਹੀ; ਉਸ ਨੇ ਅਪਣੇ ਪਿਤਾ ਦੀ ਮੌਤ ਦਾ ਝੂਠਾ ਸਰਟੀਫ਼ਿਕੇਟ ਤਕ ਜਮ੍ਹਾ ਕਰਵਾ ਦਿਤਾ, ਜਦ ਕਿ ਉਸ ਦੇ ਪਿਤਾ ਹਾਲੇ ਚੰਗੇ-ਭਲੇ ਹਨ।

ਆਨੰਦ ਨੂੰ ਦੋ ਮਹੀਨੇ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ। ਜੇ ਉਸ ਦੇ ਜੇਲ ’ਚ ਹੁੰਦਿਆਂ ਮੁਕੱਦਮਾ ਚਲਦਾ, ਤਾਂ ਉਸ ਨੂੰ 20 ਵਰ੍ਹੇ ਕੈਦ ਦੀ ਸਜ਼ਾ ਹੋਣੀ ਸੀ ਪਰ ਉਸ ਨੂੰ ਅਧਿਕਾਰੀਆਂ ਦੀ ਬੇਨਤੀ ’ਤੇ ਪਹਿਲਾਂ ਤਾਂ ਯੂਨੀਵਰਸਿਟੀ ’ਚੋਂ ਕਢਿਆ ਗਿਆ ਤੇ ਫਿਰ ਉਸ ਨੂੰ ਭਾਰਤ ਵਾਪਸ ਭੇਜ (ਡੀਪੋਰਟ ਕਰ) ਦਿਤਾ ਗਿਆ।

ਨੌਰਥਐਂਪਟਨ ਕਾਊਂਟੀ ਦੇ ਅਸਿਸਟੈਂਟ ਡੀਏ ਮਾਈਕਲ ਵੀਨਰਟ ਨੇ ਯੂਨੀਵਰਸਿਟੀ ਦੇ ਅਧਿਕਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਨਿੱਠ ਕੇ ਕੀਤੀ ਗਈ ਜਾਂਚ ਸਦਕਾ ਹੀ ਧੋਖਾਧੜੀ ਫੜੀ ਗਈ।