Breaking News

ਰਣਜੀਤ ਅਜਨਾਲਾ ਬਨਾਮ ਮੱਟ ਸ਼ੇਰੋਂ ਵਾਲਾ

ਰਣਜੀਤ ਅਜਨਾਲਾ ਬਨਾਮ ਮੱਟ ਸ਼ੇਰੋਂ ਵਾਲਾ

ਜਿੱਥੋਂ ਤਕ ਮੈਨੂੰ ਯਾਦ ਹੈ, ਮੈਂ ਪਹਿਲੀ ਵਾਰ ਏਨੇ ਨਿਗੂਣੇ ਜਿਹੇ ਬੰਦਿਆਂ ਦੇ ਬਕਾਇਦਾ ਨਾਮ ਲੈ ਕੇ ਗੱਲ ਸ਼ੁਰੂ ਕਰ ਰਿਹਾ ਹਾਂ. ਪਿਛਲੇ ਕਈ ਦਿਨਾਂ ਤੋਂ ਸਾਡੇ ਬਹੁਤ ਸਾਰੇ ‘ਪੰਥਕ’ ਵਿਦਵਾਨਾਂ ਅਤੇ ‘ਆਗੂਆਂ’ ਦੇ ਇਸ ਕਰਕੇ ਹਿਰਦੇ ਵਲੂੰਧਰੇ ਪਏ ਸਨ ਕਿ ਕਿਸੇ ਤੀਜੇ ਦਰਜੇ ਦੇ ਗੀਤਕਾਰ ਨੇ ਚਮਤਕਾਰਾਂ ਦੇ ਸੰਬੰਧੀ ਕੋਈ ਗੱਲ ਲਿਖ ਕੇ ਸ਼ੋਸ਼ਲ ਮੀਡੀਆ ਤੇ ਸਾਂਝੀ ਕਰ ਦਿੱਤੀ ਸੀ ਤੇ ਸਥਿਤੀ ਇਹ ਬਣ ਗਈ ਕਿ ਸਿੱਖ ਆਪਣੇ ‘ਧਰਮ’ ਨੂੰ ਬਚਾਉਣ ਹਿਤ ਉਸ ਨੂੰ ਕੁੱਟਣ-ਮਾਰਨ ਦੀਆਂ ਗੱਲਾਂ ਤਕ ਪਹੁੰਚ ਗਏ। ਹਾਲਾਂਕਿ ਮੈਂ ਸਮਝਦਾ ਹਾਂ ਉਸ ਨੇ ਕੁਝ ਵੀ ਗਲਤ ਨਹੀਂ ਕਿਹਾ, ਬਲਕਿ ਇਹ ਕਿਸੇ ਸੰਕਲਪ ਜਾਂ ਵਰਤਾਰੇ ਨੂੰ ਦੇਖਣ ਦੀ ਉਸ ਦੀ ਸੀਮਾ ਸੀ. ਉਸ ਲਈ ਚਮਤਕਾਰ ਦੀ ਪਰਿਭਾਸ਼ਾ ਹੋਰ, ਸਿੱਖ ਲਈ ਹੋਰ ਹੈ. ਬਿਲਕੁਲ ਓਵੇਂ ਜਿਵੇਂ ਵੈਦਿਕ ਚਮਤਕਾਰ ਸਿੱਖਾਂ ਲਈ ਕੋਈ ਅਰਥ ਨਹੀਂ ਰੱਖਦੇ ਤੇ ਮਸੀਹੀ ਚਮਤਕਾਰ ਇਸਲਾਮ ਲਈ. ਬੇਸ਼ੱਕ ਦੋਵਾਂ ਦਾ ਧੁਰਾ ਇਕ ਹੈ. ਇਹ ਚਮਤਕਾਰ ਦੀ ਆਪਣੀ ਆਪਣੀ ਪਰਿਭਾਸ਼ਾ ਤੇ ਨਿਰਭਰ ਕਰਦਾ ਹੈ. ਪਰ ਖੈਰ ਜਿਨ੍ਹਾਂ ਦੇ ਸਿਰ ਤੇ ਪੂਰੀ ਸਿੱਖ ਕੌਮ ਦਾ ਭਾਰ ਹੈ, ਜਾਂ ਜੋ ਅਜਿਹਾ ਸਮਝਦੇ ਹਨ, ਉਹ ਕੁਝ ਵੀ ਕਰ ਸਕਦੇ ਹਨ. ਮੇਰਾ ਮਸਲਾ ਤਾਂ ਪੜ੍ਹਿਆਂ ਲਿਖਿਆਂ ਨਾਲ ਹੁੰਦਾ, ਤੇ ਉਨ੍ਹਾਂ ਨੂੰ ਪਤਾ ਹੈ ਕਿ ਕੋਈ ਵੀ ਸ਼ਬਦ ਜੋ ਅਰਥ ਤੁਹਾਡੇ ਲਈ ਰੱਖਦਾ ਹੈ, ਉਹ ਜਰੂਰੀ ਨਹੀਂ ਸਭ ਲਈ ਉਹੀ ਅਰਥ ਰੱਖਦਾ ਹੋਏ, ਇਸ ਬਾਰੇ ਪਿਛਲੇ ਦਿਨੀਂ ਆਪਾਂ ਗੱਲਬਾਤ ਕੀਤੀ ਸੀ. ਫਿਰ ਵੀ ਜੇਕਰ ਕਿਸੇ ਨੂੰ ਲੱਗਦਾ ਕਿ ਉਹ ਸਹੀ ਹੈ ਤਾਂ ਹੁਣ ਉਸ ਦੀ ਜਿੰਮੇਵਾਰੀ ਵਧ ਜਾਂਦੀ ਹੈ ਤੇ ਉਸ ਦਾ ਚੁੱਪ ਰਹਿਣਾ ਦੋਗਲਾਪਣ ਸਮਝਿਆ ਜਾਏਗਾ।

ਕਿਉਂਕਿ ਇਕ ਸਾਬਕਾ ਟਕਸਾਲੀ ਸਿੱਖ ਅਤੇ ਤਾਜਾ ਤਾਜਾ ਬਿਪਰਵਾਦੀ ਬਣੇ ਰਣਜੀਤ ਅਜਨਾਲਾ ਨਾਮ ਦੇ ਸ਼ਖਸ ਦੀ ਇਕ ਟਿੱਪਣੀ ਹੇਠਾਂ ਫੋਟੋ ਵਿਚ ਸ਼ਾਮਲ ਹੈ, ਜਿਸ ਵਿਚ ਉਹ ਦਾਅਵਾ ਕਰ ਰਿਹਾ ਹੈ ਕਿ ਗੀਤਾ ਦੇ ਕੁਝ ਇਕ ਸ਼ਲੋਕ ਹੂਬਹੂ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ ਤੇ ਜੇਕਰ ਕਿਸੇ ਵਿਚ ਹਿੰਮਤ ਹੈ ਤਾਂ ਇਨ੍ਹਾਂ ਨੂੰ ਬਾਹਰ ਕੱਢੇ. ਉਹ ਸਾਫ ਕਹਿ ਰਿਹਾ ਕਿ ਗੀਤਾ ਤੇ ਉਪਨਿਸ਼ਦਾਂ ਸਮੇਤ ਵੇਦਾਂ ਦੀ ਨਕਲ ਹੀ ਗੁਰਬਾਣੀ ਹੈ. ਇਹ ਗੱਲ ਉਕਤ ਗੀਤਕਾਰ ਦੇ ਚਮਤਕਾਰਾਂ ਵਾਲੇ ਬਿਆਨ ਤੋਂ ਵਧੇਰੇ ਗੰਭੀਰ, ਸ਼ਾਜਿਸਾਨਾ ਅਤੇ ਕੁਫ਼ਰ ਦੀ ਹੱਦ ਤਕ ਝੂਠੀ ਹੈ, ਪਰ ਜਿਨ੍ਹਾਂ ਨੇ ਗੀਤਕਾਰ ਨੂੰ ਆੜੇ ਹੱਥੀਂ ਲਿਆ, ਉਹ ਲਗਭਗ ਇੱਥੇ ਚੁੱਪ ਹਨ. ਮੈਂ ਨਹੀਂ ਦੇਖਿਆ ਉਨ੍ਹਾਂ ਚੋਂ ਕਿਸੇ ਨੇ ਇਸ ਬਾਰੇ ਕੋਈ ਗੱਲ ਕੀਤੀ ਹੋਏ. ਇਸ ਦੇ ਵੀ ਸ਼ਾਇਦ ਉਨ੍ਹਾਂ ਕੋਲ ਕਾਰਨ ਹੋਣਗੇ. ਉਹ ਕਹਿ ਸਕਦੇ ਹਨ ਅਸੀਂ ਇਹ ਪੋਸਟ ਨਹੀਂ ਦੇਖੀ, ਜਾਂ ਕੁਝ ਹੋਰ. ਪਰ ਕੀ ਏਨਾ ਕਹਿਣਾ ਹੀ ਕਾਫੀ ਹੈ? ਹੁਣ ਤੇ ਦੇਖ ਲਈ ਹੋਵੇਗੀ? ਹੁਣ ਉਹ ਕੀ ਕਰਨਗੇ? ਕੀ ਉਨ੍ਹਾਂ ਕੋਲ ਉਕਤ ਗੀਤਕਾਰ ਨਾਲ ਨਜਿੱਠਣ ਦਾ ਜੋ ਤਰੀਕਾ ਸੀ, ਹੂਬਹੂ ਇੱਥੇ ਵੀ ਲਾਗੂ ਹੋਏਗਾ? ਕਿਉਂਕਿ ਬੰਦਾ ਤਾਂ ਵਿਦੇਸ਼ ਬੈਠਾ ਹੈ. ਸਾਫ ਕਹਿ ਰਿਹਾ ਕਿ ਮੈਂ ਕਿਸੇ ਦਾ ਜਵਾਬ ਵੀ ਨਹੀਂ ਦਵਾਂਗਾ. ਤੁਸੀਂ ਇਸ ਨੂੰ ਕਿਸ ਖਾਤੇ ਰੱਖੋਗੇ?

ਇਹ ਦੋ ਉਦਾਹਰਨਾਂ ਦਰਅਸਲ ਸਾਡੇ ਸੁਭਾਅ ਦਾ ਪ੍ਰਗਟੀਕਰਨ ਹਨ. ਅਸੀਂ ਜਿਵੇਂ ਕਿ ਮੈਂ ਪਹਿਲਾਂ ਵੀ ਕਿਹਾ ਸੀ ਸਾਧਾਰਨ ਬਹਿਸਾਂ ਦੇ ਆਦੀ ਹੋ ਕੇ ਉਨ੍ਹਾਂ ਚੋਂ ਅਨੰਦ ਭਾਲਣ ਦਾ ਚਸਕਾ ਪਾਲ ਚੁੱਕੇ ਹਾਂ. ਸਾਨੂੰ ਨਾ ਮਸਲਿਆਂ ਦੀ ਸੰਜੀਦਗੀ ਦਾ ਪਤਾ, ਨਾ ਭਾਸ਼ਾ ਦਾ, ਨਾ ਤਹਿਜੀਬ ਦਾ ਤੇ ਨਾ ਹੀ ਨੈਤਿਕਤਾ ਦਾ. ਅਸੀਂ ਇਕ ਵੱਡੀ ਭੇਡ ਚਾਲ ਦੇ ਸ਼ਿਕਾਰ ਹਾਂ. ਜੇਕਰ ਅਜਿਹਾ ਨਾ ਹੁੰਦਾ ਤਾਂ ਰਣਜੀਤ ਅਜਨਾਲਾ ਨਾਮ ਦੇ ਸ਼ਖਸ ਦਾ ਵਿਰੋਧ ਉਸ ਤੋਂ ਕਿਤੇ ਵਧੇਰੇ ਹੋਣਾ ਸੀ, ਜੋ ਮੱਟ ਦਾ ਹੋਇਆ ਹੈ. ਮੱਟ ਨੂੰ ਤਾਂ ਘੜੀਸਦੇ ਹੋਏ ਅਸੀਂ ਇਸਲਾਮ ਦੇ ਚੀਰ-ਹਰਨ ਤਕ ਪੁੱਜ ਗਏ, ਪਰ ਅਜਨਾਲੇ ਵਰਗਿਆਂ ਦੇ ਉਸ ਤੋਂ ਕਿਤੇ ਵੱਡਾ ਕੁਫਰ ਕਰਨ ਦੇ ਬਾਵਜੂਦ ਬਿਲਕੁਲ ਗੂੰਗੇ ਬਣ ਗਏ ਹਾਂ, ਜਦ ਕਿ ਉਸ ਦੀ ਗੱਲ ਕਈ ਦਿਨਾਂ ਦੀ ਸ਼ੋਸਲ ਮੀਡੀਆ ਤੇ ਘੁੰਮ ਰਹੀ ਹੈ.


ਸਾਡਾ ਇਹ ਵਿਹਾਰ ਹੀ ਦੱਸ ਰਿਹਾ ਹੈ ਕਿ ਸਾਡੀ ਸਿੱਖੀ ਕਿੱਧਰ ਜਾ ਰਹੀ ਹੈ…
~ਪਰਮਿੰਦਰ ਸਿੰਘ ਸ਼ੌਂਕੀ