Breaking News

ਆਪਣੇ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਡਟੇ ਹੋਏ ਹਾਂ: ਟਰੂਡੋ

ਹਰਦੀਪ ਸਿੰਘ ਨਿੱਝਰ ਮਾਮਲਾ – ਆਪਣੇ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਡਟੇ ਹੋਏ ਹਾਂ: ਟਰੂਡੋ

ਓਟਵਾ, 11 ਅਪਰੈਲ – ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਿਛਲੇ ਸਾਲ ਦੇਸ਼ ਦੀ ਧਰਤੀ ’ਤੇ ਇੱਕ ਖਾਲਿਸਤਾਨੀ ਸਿੱਖ ਆਗੂ ਦੀ ਹੱਤਿਆ ਦਾ ਮੁੱਦਾ ਚੁੱਕਿਆ ਅਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਾਰੇ ਕੈਨੇਡਿਆਈ ਲੋਕਾਂ ਦੇ ਅਧਿਕਾਰਾਂ ਤੇ ਆਜ਼ਾਦੀ ਦੀ ਰਾਖੀ ਲਈ ਖੜ੍ਹੀ ਹੈ।

ਟਰੂਡੋ ਜੋ ਬੀਤੇ ਦਿਨ ਕੈਨੇਡਾ ਦੀ ਚੋਣ ਪ੍ਰਕਿਰਿਆ ’ਚ ਵਿਦੇਸ਼ੀ ਦਖਲ ਦੀ ਜਾਂਚ ਕਰ ਰਹੀ ਇੱਕ ਉੱਚ ਪੱਧਰੀ ਜਨਤਕ ਜਾਂਚ ’ਚ ਗਵਾਹੀ ਦੇ ਰਹੇ ਸਨ, ਨੇ ਇਹ ਦੋਸ਼ ਵੀ ਲਾਇਆ ਕਿ ਪਿਛਲੀ ਸਰਕਾਰ ਦਾ ਭਾਰਤ ਸਰਕਾਰ ਨਾਲ ਰਵੱਈਆ ਨਰਮੀ ਵਾਲਾ ਸੀ।

ਸਥਾਨਕ ਮੀਡੀਆ ਵੱਲੋਂ ਸਾਂਝੀ ਕੀਤੀ ਗਈ ਵੀਡੀਓ ਅਨੁਸਾਰ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ 2019 ਤੇ 2021 ਦੀਆਂ ਚੋਣਾਂ ਦੌਰਾਨ ਵਿਦੇਸ਼ੀ ਸੂਚਨਾਵਾਂ ਬਾਰੇ ਖੁਫੀਆ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਨੇ ਕੀ ਕੀਤਾ ਤਾਂ ਉਨ੍ਹਾਂ ਇਹ ਟਿੱਪਣੀ ਕੀਤੀ। ਟਰੂਡੋ ਵੱਲੋਂ ਪਿਛਲੇ ਸਾਲ 18 ਜੂਨ ਨੂੰ ਸਰੀ ਸ਼ਹਿਰ ਦੇ ਇੱਕ ਗੁਰਦੁਆਰੇ ਦੇ ਬਾਹਰ ਹਰਦੀਪ ਸਿੰਘ ਨਿੱਝਰ ਦੀ ਹੱਤਿਆ ’ਚ ਭਾਰਤੀ ਏਜੰਟਾਂ ਦੀ ਸੰਭਾਵੀ ਸ਼ਮੂਲੀਅਤ ਦੇ ਦੋਸ਼ ਲਾਏ ਜਾਣ ਮਗਰੋਂ ਭਾਰਤ ਤੇ ਕੈਨੇਡਾ ਵਿਚਾਲੇ ਸਬੰਧ ਤਣਾਅਪੂਰਨ ਹੋ ਗਏ ਸਨ।

ਭਾਰਤ ਨੇ ਨਿੱਝਰ ਨੂੰ 2020 ’ਚ ਅਤਿਵਾਦੀ ਐਲਾਨਿਆ ਸੀ ਅਤੇ ਉਸ ਨੇ ਟਰੂਡੋ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਸੀ। ਆਪਣੀ ਗਵਾਹੀ ਦੌਰਾਨ ਟਰੂਡੋ ਨੇ ਕੌਮੀ ਸੁਰੱਖਿਆ ਤੇ ਖੁਫੀਆ ਸਲਾਹਕਾਰ ਦੀ ਭੂਮਿਕਾ ਬਾਰੇ ਗੱਲ ਕੀਤੀ।

ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਉਨ੍ਹਾਂ ਖੁਫੀਆ ਜਾਣਕਾਰੀ ਮਿਲੀ ਅਤੇ ਉਨ੍ਹਾਂ ਉਸ ’ਤੇ ਕਾਰਵਾਈ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਇਸ ਮਾਮਲੇ ’ਚ ਚੀਨ ਤੇ ਨਾਲ-ਨਾਲ ਚੀਨੀ-ਕੈਨੇਡਿਆਈ ਨਾਗਰਿਕਾਂ ਦੀ ਭੂਮਿਕਾ ਬਾਰੇ ਵੀ ਦੱਸਿਆ।

ਟਰੂਡੋ ਨੇ ਜਾਂਚ ਕਮੇਟੀ ਨੂੰ ਉਨ੍ਹਾਂ ਦੀ ਸਰਕਾਰ ਵੱਲੋਂ ਵਿਦੇਸ਼ੀ ਦਖਲ ਖ਼ਿਲਾਫ਼ ਚੁੱਕੇ ਗਏ ਕਦਮਾਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ, ‘ਅਸੀਂ ਕੈਨੇਡਾ ਦੇ ਲੋਕਾਂ ਲਈ ਹਮੇਸ਼ਾ ਖੜ੍ਹੇ ਹੋਏ ਹਾਂ ਜਿਸ ਵਿੱਚ ਨਿੱਝਰ ਦੀ ਹੱਤਿਆ ਦਾ ਬੇਹੱਦ ਗੰਭੀਰ ਮਾਮਲਾ ਵੀ ਸ਼ਾਮਲ ਹੈ। ਮੈਂ ਸੰਸਦ ’ਚ ਇਹ ਮੁੱਦਾ ਚੁੱਕਿਆ ਸੀ।

ਇਹ ਕੈਨੇਡਾ ਦੇ ਲੋਕਾਂ ਦੇ ਹੱਕਾਂ ਤੇ ਆਜ਼ਾਦੀ ਦੀ ਰਾਖੀ ਲਈ ਸਾਡੀ ਸਰਕਾਰ ਦੀ ਪ੍ਰਤੀਬੱਧਤਾ ਨੂੰ ਪ੍ਰਗਟਾਉਂਦਾ ਹੈ।’ ਵਿਦੇਸ਼ੀ ਦਖ਼ਲ ਸਬੰਧੀ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਇਹ ਸਵਾਲ ਸਾਬਕਾ ਕੰਜ਼ਰਵੇਟਿਵ ਸਰਕਾਰ ਤੋਂ ਪੁੱਛਿਆ ਜਾਣਾ ਚਾਹੀਦਾ ਹੈ ਜੋ ਭਾਰਤ ਦੀ ਮੌਜੂਦਾ ਸਰਕਾਰ ਨਾਲ ਆਪਣੇ ਬਹੁਤ ਹੀ ਨਿੱਘੇ ਸਬੰਧਾਂ ਲਈ ਜਾਣੀ ਜਾਂਦੀ ਸੀ।