ਜਿਨ੍ਹਾਂ ਖਾਧੀਆਂ ਚੋਪੜੀਆਂ………!
ਜਿਨ੍ਹਾਂ ਲੋਕਾਂ ਨੇ ਆਮਦਨ ਦੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਕੈਨੇਡਾ ਵਿੱਚ ਮੌਰਗੇਜਾਂ ਲਈਆਂ ਹਨ ਜਾਂ ਲੈਣ ਦੀ ਸੋਚ ਰਹੇ ਹਨ, ਊਨ੍ਹਾਂ ਵਾਸਤੇ ਮਾੜੀ ਖਬਰ ਹੈ ਕਿ ਸਰਕਾਰ ਉਨ੍ਹਾਂ ‘ਤੇ ਸ਼ਿਕੰਜਾ ਕੱਸਣ ਵਾਸਤੇ ਲੈਂਡਰਜ਼ (ਬੈਂਕਾਂ, ਕਰੈਡਿਟ ਯੂਨੀਅਨਾਂ ਆਦਿ) ਨੂੰ ਕੈਨੇਡਾ ਰੈਵੇਨਿਊ ਏਜੰਸੀ (ਸੀਆਰਏ) ਨਾਲ ਜੋੜਨ ਜਾ ਰਹੀ ਹੈ।
ਬਹੁਤ ਸਾਰੇ ਲੋਕਾਂ ਤੋਂ 1 ਜਾਂ 2 ਫੀਸਦੀ ਫੀਸ ਲੈ ਕੇ ਕਈ ਜਾਅਲਸਾਜ਼ ਮੌਰਗੇਜ ਬਰੋਕਰਾਂ ਨੇ ਫੋਟੋਸ਼ਾਪ ਕਰਕੇ ਕੈਨੇਡਾ ਰੈਵੇਨਿਊ ਏਜੰਸੀ (ਸੀਆਰਏ) ਵਲੋਂ ਭੇਜੇ ਜਾਂਦੀ ਤੁਹਾਡੀ ਆਮਦਨ ਦੀ ਸਹੀ ਜਾਣਕਾਰੀ (ਨੋਟਿਸ ਆਫ ਅਸੈੱਸਮੈਂਟ, ਟੀ-1, ਟੀ-4 ਆਦਿ) ਬਦਲ ਕੇ ਵਧਾ ਦਿੱਤੀ ਅਤੇ ਮੌਰਗੇਜ ਦਵਾ ਦਿੱਤੀ।
ਭਵਿੱਖ ਵਿੱਚ ਲੈਂਡਰਜ਼ (ਬੈਂਕਾਂ, ਕਰੈਡਿਟ ਯੂਨੀਅਨਾਂ ਆਦਿ) ਕੈਨੇਡਾ ਰੈਵੇਨਿਊ ਏਜੰਸੀ (ਸੀਆਰਏ) ਤੋਂ ਸਿੱਧੇ ਹੀ ਤੁਹਾਡੀ ਆਮਦਨ ਦੇ ਸਬੂਤ ਲੈ ਲਿਆ ਕਰਨਗੇ। ਹੇਰਾ-ਫੇਰੀ ਦੇ ਮੌਕੇ ਘੱਟ ਮਿਲਣਗੇ।
ਜਿਨ੍ਹਾਂ ਨੇ ਪਹਿਲਾਂ ਹੀ ਜਾਅਲੀ ਦਸਤਾਵੇਜ਼ ਦੇ ਕੇ ਮੌਰਗੇਜ ਲਈ ਹੋਈ ਹੈ, ਉਨ੍ਹਾਂ ਦੀ ਜਾਂਚ ਕੀਤੀ ਜਾਵੇਗੀ। ਇਸ ਮਾਮਲੇ ‘ਚ ਕਈ ਤਾਂ ਅੜਿੱਕੇ ਆ ਵੀ ਚੁੱਕੇ ਹਨ। ਫੜ੍ਹੇ ਜਾਣ ‘ਤੇ ਉਨ੍ਹਾਂ ਨੂੰ 90 ਦਿਨਾਂ ਦੇ ਵਿੱਚ ਵਿੱਚ ਮੌਰਗੇਜ ਵਾਪਸ ਕਰਨ ਲਈ ਕਿਹਾ ਗਿਆ ਹੈ ਤੇ ਕਨੂੰਨੀ ਕਾਰਵਾਈ ਅੱਡ ਹੋਵੇਗੀ।
ਜਿਹੜੇ ਲੋਕ ਆਪਣੀ ਆਮਦਨ ਮੁਤਾਬਕ ਘਰ ਚਲਾਉਣ ਦੀ ਸਮਰੱਥਾ ਨਹੀਂ ਰੱਖਦੇ ਸਨ, ਉਹ ਗਲਤ ਦਸਤਾਵੇਜ਼ ਬਣਾ ਕੇ ਘਰ ਲੈ ਗਏ। ਜਦੋਂ ਤਾਂ ਕੀਮਤਾਂ ਉਤਾਂਹ ਨੂੰ ਜਾ ਰਹੀਆਂ ਸਨ, ਤਾਂ ਬਹੁਤ ਖੁਸ਼ ਸਨ, ਪਰ ਹੁਣ ਕੀਮਤਾਂ ਲਗਭਗ ਉੱਥੇ ਆ ਗਈਆਂ ਹਨ, ਜਿੰਨੇ ਕੁ ਦੇ ਇਨ੍ਹਾਂ ਨੇ ਲਏ ਸਨ। ਉੱਤੋਂ ਗਲਤ ਕੰਮ ਕੀਤਾ ਹੋਣ ਕਾਰਨ ਫੜੇ ਜਾਣ ਦੀ ਤਲਵਾਰ ਸਿਰ ‘ਤੇ ਦਿਨ-ਰਾਤ ਲਟਕ ਰਹੀ ਹੈ।
ਦੱਸ ਦੇਈਏ ਕਿ ਇਸ ਮਾਮਲੇ ‘ਚ ਜਾਅਲਸਾਜ਼ੀ ਕਰਨ ਵਾਲੇ ਬਰੋਕਰ ਨੇ ਨਾਲੇ ਤਾਂ ਤੁਹਾਡੇ ਤੋਂ ਫੀਸ ਲੈ ਕੇ ਪੈਸੇ ਬਣਾ ਲਏ (ਜਦਕਿ ਕਮਿਸ਼ਨ ਉਸਨੂੰ ਲੈਂਡਰ ਦਿੰਦਾ) ਤੇ ਨਾਲੇ ਖੁਦ ਬਚ ਗਿਆ ਕਿਉਂਕਿ ਉਸਨੇ ਮੌਰਗੈਜ ਲੈਣ ਵਾਲੇ ਕੋਲੋਂ ਦਸਤਖਤ ਕਰਵਾਏ ਹੁੰਦੇ ਹਨ ਕਿ ਇਹ ਸਾਰੇ ਦਸਤਾਵੇਜ਼ ਮੈਨੂੰ ਇਸਨੇ ਹੀ ਲਿਆ ਕੇ ਦਿੱਤੇ ਹਨ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ
-ਕੈਨੇਡਾ ਸਰਕਾਰ ਘਰਾਂ ਲਈ ਸਰਕਾਰੀ ਜ਼ਮੀਨ ਲੰਮੇ ਕਿਰਾਏ ‘ਤੇ ਦੇਵੇਗੀ
-ਜਾਅਲੀ ਦਸਤਾਵੇਜ਼ਾਂ ਨਾਲ ਮੌਰਗੇਜ ਲੈਣ ਵਾਲਿਆਂ ‘ਤੇ ਸਖਤੀ ਹੋਣ ਲੱਗੀ
-ਵੈਨਕੂਵਰ ‘ਚ ਚੱਲੀ ਗੋਲੀ ਨਾਲ ਜ਼ਖਮੀ ਹੋਇਆ ਬੇਕਸੂਰ ਡਾਕਟਰ
ਅਕਾਲੀ ਦਲ ਨੇ ਸਿਕੰਦਰ ਸਿੰਘ ਮਲੂਕਾ ਦੇ ਪਰ ਕੁਤਰ ਦਿੱਤੇ